ਨਾਮਧਾਰੀ ਫਰੂਟ ਤੇ ਬੀਜ ਫਾਰਮ ਤੋਂ ਤਿਆਰ ਕੀਤੇ ਫਰੂਟ ਤੇ ਸ਼ਬਜੀਆਂ ਵਿਦੇਸ਼ਾਂ ਵਿਚ ਹੁੰਦੀਆਂ ਨੇ ਸਪਲਾਈ

ਨਾਮਧਾਰੀ ਫਰੂਟ ਤੇ ਬੀਜ ਫਾਰਮ ਤੋਂ ਤਿਆਰ ਕੀਤੇ ਫਰੂਟ ਤੇ ਸ਼ਬਜੀਆਂ ਵਿਦੇਸ਼ਾਂ ਵਿਚ ਹੁੰਦੀਆਂ ਨੇ ਸਪਲਾਈ

*ਆਰਗੈਨਿਕ ਸਬਜ਼ੀਆਂ ਤੇ ਫਲਾਂ ਤੋਂ ਹੁੰਦਾ ਏ 10 ਗੁਣਾਂ ਲਾਭ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਕੋਹਾੜਾ: ਨਾਮਧਾਰੀ ਸੰਪਰਦਾਇ ਦੇ ਪਿੰਡ ਰਾਈਆਂ ਵਿੱਚ ਬਣਾਏ ਗਏ ਫਰੂਟ ਤੇ ਸਬਜੀਆਂ ਦਾ ਫਾਰਮ ਹੈ। ਇਸ ਫਾਰਮ ਤੋਂ ਤਿਆਰ ਕੀਤੀਆਂ ਜਾ ਰਹੀਆਂ ਆਰਗੈਨਿਕ ਸਬਜ਼ੀਆਂ ਤੇ ਫਰੂਟ ਦੀ ਵਿਦੇਸ਼ ’ਚ ਭਾਰੀ ਮੰਗ ਹੈ।ਨਾਮਧਾਰੀ ਫਾਰਮ ਚਲਾਉਣ ਵਾਲੇ ਸਾਹਿਬ ਸਿੰਘ ਨਾਮਧਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਦੇ ਜੀਐਮ ਗੁਰਚਰਨ ਸਿੰਘ ਹਨ ਅਤੇ ਪਲਵਿੰਦਰ ਸਿੰਘ ਇਸ ਦੀ ਦੇਖ-ਰੇਖ ਕਰਦੇ ਹਨ। ਇਹ ਫਾਰਮ 24 ਏਕੜ ਵਿੱਚ ਹੈ। ਫਾਰਮ ਵਿੱਚ ਤਿਆਰ ਬੇਬੀ ਕੌਰਨ ਦੀ ਇੰਗਲੈਂਡ ਵਿੱਚ ਬਹੁਤ ਮੰਗ ਹੈ। ਆਈਸ ਬਰਗ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਪਾਲਕ ਵਿਦੇਸ਼ ਵਿੱਚ ਜਾਂਦੀ ਹੈ। ਇਨ੍ਹਾਂ ਸਬਜ਼ੀਆਂ ਤੇ ਫਰੂਟ ਵਿੱਚ ਜੋ ਵੀ ਦਵਾਈ ਜਾਂ ਖਾਦ ਪਾਈ ਜਾਂਦੀ ਹੈ, ਉਹ ਸਿਰਫ ਫਸਲ ਨੂੰ ਫਾਇਦਾ ਦਿੰਦੀ ਹੈ ਜਿਸ ਦਾ ਖਾਣ ਵਾਲੇ ਲਈ ਕੋਈ ਨੁਕਸਾਨ ਨਹੀਂ ਹੁੰਦਾ।

ਪੰਜਾਬ ਦੀ ਖੇਤੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਿਸਾਨ ਜ਼ਿਆਦਾ ਕਰਕੇ ਕਣਕ ਤੇ ਜ਼ੀਰੀ ਦੀ ਫਸਲ ਪੈਦਾ ਕਰਦੇ ਹਨ। ਜ਼ੀਰੀ ਦੀ ਫਸਲ ਇੱਕ ਏਕੜ ਵਿੱਚ 30 ਕੁਵਿੰਟਲ ਦੇ ਕਰੀਬ ਪੈਦਾ ਹੁੰਦੀ ਹੈ ਜਿਸ ਦੀ ਆਮਦਨ 60 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਇਸ ਨੂੰ ਪੈਦਾ ਕਰਨ ਲਈ ਕਿਸਾਨ ਦੇ ਜੇ ਖਰਚੇ ਦੀ ਗੱਲ ਕਰੀਏ ਤਾਂ ਇੱਕ ਏਕੜ ਵਿੱਚ ਝੋਨਾ ਲਗਾਉਣ ਦਾ ਖਰਚਾ 3000 ਹਜ਼ਾਰ ਰੁਪਏ ਪ੍ਰਤੀ ਏਕੜ ਹੁੰਦਾ ਹੈ ਜਿਸ ਵਿੱਚ ਟਰੈਕਟਰ ਤੇਲ ਖਰਚਾ 2000 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਡਾਈ ਖਾਦ ਅਤੇ ਦਵਾਈਆਂ ਦੀ ਸਪਰੇਅ ਵਿੱਚ 3000 ਹਜ਼ਾਰ ਰੁਪਏ ਫਸਲ ਤਿਆਰ ਹੋਣ ਤੋਂ ਬਾਅਦ 1800 ਪ੍ਰਤੀ ਏਕੜ ਕੰਬਾਈਨ ਦਾ ਖਰਚਾ ਹੈ। ਇਸ ਤੋਂ ਇਲਾਵਾ ਕਿਸਾਨ ਦਾ 12000 ਹਜ਼ਾਰ ਰੁਪਏ ਖਰਚਾ ਹੁੰਦਾ ਹੈ। ਕਿਸਾਨ ਨੂੰ ਇਸ ਫਸਲ ਦਾ 48 ਹਜ਼ਾਰ ਰਪਏ ਪ੍ਰਤੀ ਏਕੜ ਬਣਦਾ ਹੈ। ਜੇਕਰ ਕਣਕ ਦੀ ਫਸਲ ਦੀ ਗੱਲ ਕਰੀਏ ਤਾਂ ਕਣਕ ਪ੍ਰਤੀ ਏਕੜ 20 ਕੁਵਿੰਟਲ ਪੈਦਾ ਹੁੰਦੀ ਹੈ ਜਿਸ ਦੀ ਕੀਮਤ 45 ਹਜਾਰ ਦੇ ਕਰੀਬ ਬਣਦੀ ਹੈ ਜਿਸ ਵਿੱਚ ਖਰਚਾ ਕੱਢ ਕੇ ਕਿਸਾਨ ਨੂੰ 30 ਹਜ਼ਾਰ ਪ੍ਰਤੀ ਏਕੜ ਬਣਦਾ ਹੈ। ਪੂਰੇ ਸਾਲ ਦੀ ਕਮਾਈ 78 ਹਜ਼ਾਰ ਬਣਦੀ ਹੈ।

ਨਾਮਧਾਰੀ ਫਾਰਮ ਵਿੱਚ ਅਕਤੂਬਰ ਵਿਚ ਸਟ੍ਰਾਅਬੇਰੀ ਲਾਈ ਗਈ ਹੈ। ਇਹ ਫਸਲ 60 ਦਿਨਾਂ ਵਿੱਚ ਤਿਆਰ ਹੁੰਦੀ ਹੈ। ਇੱਕ ਏਕੜ ਜ਼ਮੀਨ ਵਿੱਚੋਂ 6 ਟਨ ਪੈਦਾਵਾਰ ਹੁੰਦੀ ਹੈ ਜਿਸ ਦੀ ਕੀਮਤ 6 ਲੱਖ ਰੁਪਏ ਬਣਦੀ ਹੈ। ਇਸ ਨੂੰ ਪੈਦਾ ਕਰਨ ਵਿੱਚ 2 ਲੱਖ ਰੁਪਏ ਖਰਚ ਆਉਂਦਾ ਹੈ। 60 ਦਿਨਾਂ ਵਿੱਚ ਏਕੜ ਵਿੱਚੋ 4 ਲੱਖ ਰੁਪਏ ਦੀ ਆਮਦਨ ਕੀਤੀ ਗਈ ਹੈ। ਫਾਰਮ ਵਿੱਚ ਤਿਆਰ ਕੀਤੀ ਜਾਣ ਵਾਲੀ ਬਰੋਕਲੀ ਜਿਸ ਦੀ ਪੰਜਾਬ ਵਿੱਚ ਭਾਰੀ ਮੰਗ ਹੈ। ਬਰੋਕਲੀ ਅਕਤੂਬਰ ਵਿੱਚ ਲਗਾਈ ਜਾਂਦੀ ਹੈ। ਇਹ ਫਸਲ ਵੀ 60 ਦਿਨਾਂ ਵਿੱਚ ਤਿਆਰ ਹੁੰਦੀ ਹੈ, ਇਸ ਨੂੰ ਤਿਆਰ ਕਰਨ ਲਈ ਪ੍ਰਤੀ ਏਕੜ 65 ਹਜ਼ਾਰ ਰੁਪਏ ਖਰਚ ਹੁੰਦਾ ਹੈ ਅਤੇ ਬਰੋਕਲੀ 2 ਲੱਖ ਰੁਪਏ ਦੀ ਕਰੀਬ ਵਿਕ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਵਲੋਂ ਮੌਸਮ ਦੇ ਹਿਸਾਬ ਨਾਲ ਫਲ ਅਤੇ ਸਬਜ਼ੀਆਂ ਲਗਾਈਆਂ ਜਾਦੀਆਂ ਹਨ। ਕਈ ਫਲ ਤੇ ਸਬਜ਼ੀਆਂ ਵਿਦੇਸ਼ਾਂ ਵਿੱਚ ਜਾਂਦੀਆਂ ਹਨ ਅਤੇ ਕਈ ਸਬਜ਼ੀਆਂ ਫਲ ਪੰਜਾਬ ਅਤੇ ਦੂਸਰੇ ਰਾਜਾਂ ਵਿੱਚ ਜਾਂਦੀਆਂ ਹਨ। ਇਸ ਤਰਾਂ ਇਸ 24 ਏਕੜ ਦੇ ਫਾਰਮ ਵਿੱਚ ਸੇਬ, ਕੀਵੀ ਫਲ, ਨਾਸ਼ਪਾਤੀ ਆਵਲਾ , ਅੰਬ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਮੌਸਮੀ ਫਲ ਲਗਾਏ ਗਏ ਹਨ। ਇਸ ਤਰ੍ਹਾਂ ਨਾਮਧਾਰੀ ਫਾਰਮ ਪੰਜਾਬ ਦੇ ਕਿਸਾਨਾ ਨੂੰ ਪੇ੍ਰਰਿਤ ਕਰਨ ਲਈ ਮੋਹਰੀ ਰੋਲ ਨਿਭਾ ਰਿਹਾ ਹੈ।

ਆਰਗੈਨਿਕ ਖੇਤੀ ਵਧੇਰੇ ਲਾਹੇਵੰਦ : ਡਾ. ਜਸਪ੍ਰੀਤ ਕੌਰ

ਬਾਗਬਾਨੀ ਵਿਭਾਗ ਦੇ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਬਜ਼ੀਆਂ ਤੇ ਫਲਾਂ ਦੇ ਖੇਤੀ ’ਚ ਲੱਖਾਂ ਰੁਪਏ ਜ਼ਿਆਦਾ ਆਮਦਨ ਹੈ। ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਆਰਗੈਨਿਕ ਸਬਜ਼ੀਆਂ ਤੇ ਫੱਲਾਂ ਦੀ ਖੇਤੀ ਕਰਨ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਸਬਜ਼ੀ ਤੇ ਫਲਾਂ ਦੀ ਖੇਤੀ ਕਰਨ ਨਾਲ ਲੱਖਾਂ ਰੁਪਏ ਆਮਦਨ ਹੁੰਦੀ ਹੈ, ਉਥੇ ਹੀ ਸਬਜ਼ੀ ਦੇ ਖੇਤੀ ਨਾਲ ਪਾਣੀ ਦੀ ਬਚੱਤ ਹੁੰਦੀ ਹੈ। ਅੱਜ ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਦੀ ਚਿੰਤਾ ਕਰਦਿਆਂ ਉਨ੍ਹਾਂ ਕਿਹਾ ਕਿ ਸਬਜ਼ੀ ਜਾਂ ਫੱਲਾਂ ਦੀ ਖੇਤੀ ਨੂੰ ਪਾਣੀ ਡਿ੍ਰਪ ਨਾਲ ਦਿੱਤਾ ਜਾਂਦਾ ਹੈ। ਇਸ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਸਬਜ਼ੀ ਤੇ ਫਲਾਂ ਦੀ ਖੇਤੀ ਕਰਨ ਲਈ ਮਸ਼ੀਨੀਰੀ ਅਤੇ ਕੋਲਡ ਸਟੋਰ ਲਈ ਸਬਸਿਡੀ ਦਿਤੀ ਜਾ ਰਹੀ ਹੈ। ਆਰਗੈਨਿਕ ਖੇਤੀ ਲਈ ਕਿਸਾਨਾਂ ਨੂੰ ਪੇ੍ਰਿਤ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।

ਸਬਜ਼ੀਆਂ ਤੇ ਫਲਾਂ ਦੀ ਖੇਤੀ ਲਾਹੇਬੰਦ : ਸੁਖਵਿੰਦਰ ਸਿੰਘ ਝੱਜ

ਹਰ ਤਰ੍ਹਾਂ ਦੀ ਖੇਤੀ ਦੀ ਸਮਝ ਰੱਖਣ ਵਾਲੇ ਪੰਜਾਬ ਦੇ ਸਫ਼ਲ ਕਿਸਾਨ ਸੁਖਵਿੰਦਰ ਸਿੰਘ ਝੱਜ ਨੇ ਕਿਹਾ ਕਿ ਜ਼ੀਰੀ ਦੀ ਫਸਲ ਨਾਲੋਂ ਸਬਜ਼ੀਆਂ ਤੇ ਫਲਾਂ ਦੀ ਖੇਤੀ ਲਾਹੇਬੰਦ ਹੈ, ਪਰ ਪੰਜਾਬ ਦੇ ਕਿਸਾਨ ਦੀ ਮਜਬੂਰੀ ਹੈ ਕਿ ਸਬਜ਼ੀਆਂ ਤੇ ਫਲਾਂ ਦੀ ਖੇਤੀ ਲਈ ਮੰਡੀਆਂ ਵਿੱਚ ਕੋਈ ਭਾਅ ਨਹੀਂ ਹੁੰਦਾ, ਜਦੋਂ ਕਿ ਜ਼ੀਰੀ ਦੀ ਫਸਲ ਵਿੱਚ ਹਰ ਕਿਸਾਨ ਮੰਡੀ ਵਿੱਚ ਜ਼ੀਰੀ ਵੇਚ ਕੇ ਅਪਣੇ ਕਾਰੋਬਾਰ ਘਰ ਦੇ ਖਰਚੇ ਪੂਰੇ ਕਰਦਾ ਹੈ। ਜੇਕਰ ਸਰਕਾਰ ਫਲਾਂ ਤੇ ਸਬਜ਼ੀਆਂ ਦੀ ਖੇਤੀ ਲਈ ਕੋਈ ਪੈਮਾਨਾ ਤੈਅ ਕਰੇ ਤਾਂ ਹਰ ਕਿਸਾਨ ਸਬਜ਼ੀ ਤੇ ਫੱਲਾਂ ਦੀ ਖੇਤੀ ਕਰੇਗਾ।