ਸੰਘਰਸ਼ਾਂ ਭਰੇ ਇਤਿਹਾਸ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖਤਰੇ ਵਿਚ ਕਿਉਂ? 

ਸੰਘਰਸ਼ਾਂ ਭਰੇ ਇਤਿਹਾਸ ਦਾ ਵਾਰਿਸ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖਤਰੇ ਵਿਚ ਕਿਉਂ? 

ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ, ਜੋੜੇ ਤੇ ਬਰਤਨ ਸਾਫ ਕਰਨ ਦੀ ਕੀਤੀ ਸੇਵਾ

*ਆਖਿਰ ਪੰਥਕ ਪਾਰਟੀ ਦੀ ਹੋਂਦ ਬਚਾਉਣੀ ਕਿਉਂ ਜ਼ਰੂਰੀ

 ਸ਼੍ਰੋਮਣੀ ਅਕਾਲੀ ਦਲ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਹੋਰ ਆਗੂ ਬੀਤੇ ਦਿਨੀਂ ਸਵੇਰੇ ਦਰਬਾਰ ਸਾਹਿਬ ਨਤਮਸਤਕ ਹੋਏ। ਇੱਥੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਜੋੜੇ ਤੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। 

ਕੀ ਹੈ ਅਕਾਲੀ ਦਲ ਦਾ ਜੁਝਾਰੂ ਇਤਿਹਾਸ

14 ਦਸੰਬਰ, 1920 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਥਕ ਹਸਤੀਆਂ ਦਾ ਇੱਕ ਵਿਸ਼ਾਲ ਇਕੱਠ ਹੋਇਆ,ਜਿਸ ਦਾ ਮੰਤਵ ਸੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਮਹੰਤਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕਰਨਾ। ਅੱਗੇ ਇਸੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੁੰਦਾ ਹੈ ।

ਕਾਂਗਰਸ ਤੋਂ ਬਾਅਦ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜਿਸ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਭਾਰਤ ਦੀ ਆਜ਼ਾਦੀ ਲਹਿਰ ‘ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਣਾ ਦੀ ਮਹੱਤਵਪੂਰਨ ਭੂਮਿਕਾ ਰਹੀ। ਆਜ਼ਾਦੀ ਲਹਿਰ ਵਿੱਚੋਂ ਇਕੱਲੀ ਅਕਾਲੀ ਲਹਿਰ ‘ਚ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸੀ।

ਇਤਿਹਾਸ ਦੱਸਦਾ ਹੈ ਕਿ 1920 ਦੇ ਦਹਾਕੇ ‘ਚ ਬਹੁਤਾਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਇਨ੍ਹਾਂ ਨੇ ਆਪਣੀ ਐਸ਼ੋ ਇਸ਼ਰਤ ਦਾ ਸਥਾਨ ਬਣਾ ਲਿਆ ਸੀ। ਦਰਸ਼ਨਾਂ ਲਈ ਆਈ ਸੰਗਤ ਨਾਲ ਬਹੁਤ ਵੀ ਦੁਰਵਿਵਹਾਰ ਕਰਦੇ ਸਨ। ਅਜਿਹੇ ਵਿੱਚ ਇਨ੍ਹਾਂ ਪਾਸੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਇੱਕ ਸੁਧਾਰਵਾਦੀ ਲਹਿਰ ਦੀ ਸ਼ੁਰੂਆਤ ਸਮੇਂ ਦੀ ਲੋੜ ਸੀ ਜੋ ਉਸ ਸਮੇਂ ਅਕਾਲੀਆਂ ਨੇ ਸ਼ੁਰੂ ਕੀਤੀ।ਮਹੰਤਾ ਦੀ ਪਿੱਠ ਪਿੱਛੇ ਅੰਗਰੇਜ਼ਾਂ ਤੇ ਉਸ ਵੇਲੇ ਦੇ ਪੰਜਾਬ ਪ੍ਰਸ਼ਾਸ਼ਨ ਦਾ ਪੂਰਾ ਹੱਥ ਸੀ ਜਿਵੇਂ ਕਿ ਹੁਣ ਡੇਰਿਆਂ ਦੀ ਹੋਂਦ ਪਿਛੇ ਸਰਕਾਰਾਂ ਹਨ। ਅਜਿਹੇ ਵਿੱਚ ਅਕਾਲੀ ਦਲ ਨੇ ਲੰਮੇ ਸਮੇਂ ਤੱਕ ਸ਼ਾਂਤਮਈ ਸੰਘਰਸ਼ ਲੜਿਆ ਤੇ ਗੁਰਦੁਆਰਾ ਸਾਹਿਬਾਨ ਦੀ ਆਜ਼ਾਦੀ ਲਈ ਅਨੇਕਾਂ ਸੰਘਰਸ਼ ਕੀਤੇ ਜਿਨ੍ਹਾਂ ਦੀ ਪ੍ਰਤੱਖ ਮਿਸਾਲ ਗੁਰੂ ਕੇ ਬਾਗ ਦਾ ਮੋਰਚਾ ਤੇ ਚਾਬੀਆਂ ਦਾ ਮੋਰਚਾ ਸੀ।

ਅਕਾਲੀ ਦਲ ਦੇ ਮੋਹਰੀ ਆਗੂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਵੱਲੋਂ ਕਈ ਮੋਰਚਿਆਂ ਦੀ ਅਗਵਾਈ ਕੀਤੀ ਗਈ ਤੇ ਜਿੱਤ ਹਾਸਲ ਕੀਤੀ ਗਈ। ਉਹ ਇੱਕ ਅਜਿਹੇ ਅਕਾਲੀ ਆਗੂ ਸਨ ਜੋ 15 ਤੋਂ ਵੱਧ ਵਾਰ ਜੇਲ੍ਹ ਗਏ। ਮਾਸਟਰ ਤਾਰਾ ਸਿੰਘ ਜਿਨ੍ਹਾਂ ਭਾਰਤ ਦੀ ਅਜ਼ਾਦੀ ‘ਚ ਵਧ-ਚੜ੍ਹ ਕੇ ਯੋਗਦਾਨ ਪਾਇਆ, ਦੇਸ਼ ਦੀ ਵੰਡ ਸਮੇਂ ਸਿੱਖਾਂ ਦੀ ਸੰਵਿਧਾਨਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਤੇ 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ ਤੇ ਮੋਰਚਾ ਲਾਇਆ। 

ਇਸ ਮੋਰਚੇ ਦੀ ਚੜ੍ਹਤ ਦੇਖ ਕਾਂਗਰਸ ਸਰਕਾਰ ਨੇ ਅਕਾਲੀ ਦਲ ‘ਚ ਫੁੱਟ ਪਾ ਸਿੱਖ ਲਹਿਰ ਨੂੰ ਖੇਰੂੰ ਖੇਰੂੰ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਫਤਿਹ ਸਿੰਘ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਚੌਥੇ ਤਖ਼ਤ ਵਜੋਂ 1962 ਵਿਚ ਮਾਨਤਾ ਦਿਵਾਈ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਮੰਨਵਾਉਣ ਲਈ ਮਰਨ ਵਰਤ ਰੱਖੇ। ਇਹ ਇੱਕ ਅਜਿਹਾ ਸਮਾਂ ਸੀ ਜਦੋਂ ਅਕਾਲੀ ਦਲ ਬਾਬਾ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੋ ਧੜਿਆਂ ਵਿਚ ਵੰਡਿਆ ਗਿਆ।

ਸੰਤ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ 1980 ਦੌਰਾਨ ਪੰਜਾਬ ਦੇ ਸੰਤਾਪ ਦੇ ਦਿਨਾਂ ‘ਚ ਅਕਾਲੀ ਦਲ ਨੂੰ ਇਤਿਹਾਸਕ ਅਗਵਾਈ ਦਿੱਤੀ ਤੇ ਅਕਾਲੀ ਦਲ ਦੇ ਹਰ ਸੰਘਰਸ਼ ‘ਚ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਉਹ ਆਗੂ ਸਨ, ਜਿਨ੍ਹਾ 1980 ਦੇ ਸੰਕਟ ਤੋਂ ਬਾਅਦ ਅਕਾਲੀ ਦਲ ਤੇ ਪੂਰਨ ਤੌਰ ਤੇ ਕਬਜ਼ਾ ਕਰ ਲਿਆ ਤੇ ਅਕਾਲੀ ਦਲ ਦੇ ਰਾਜਾਂ ਦੀ ਖੁਦਮੁਖਤਿਆਰੀ ਸਿਧਾਂਤ ਦਾ ਭੋਗ ਪਾਕੇ ਮਨੋਰਥ ਸਤਾ ਪ੍ਰਾਪਤੀ ਤਕ ਰਖਿਆ।ਸਿਖ ਪੰਥ ਦੇ ਵਾਜੂਦ ਨੂੰ ਨਕਾਰੀ ਰਖਿਆ ਤੇ ਗੁਰੂ ਡੰਮੀ ਬਾਬਿਆਂ ਨੂੰ ਪ੍ਰਮੋਟ ਕੀਤਾ ਤੇ ਸਿਖ ਨੌਜਵਾਨਾਂ ਦੇ ਕਾਤਲ ਬੁਚੜ ਪੁਲਿਸ ਅਫਸਰਾਂ ਇਜਹਾਰ ਆਲਮ,ਸੁਮੇਧ ਸੈਣੀ ਨੂੰ ਅਹਿਮ ਅਹੁਦੇ ਦਿਤੇ।

ਭਾਰਤ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ 9 ਵਾਰ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਆਇਆ ਪਰ 2012 ਤੋਂ ਲੈ ਕੇ 2022 ਤੱਕ ਅਕਾਲੀ ਦਲ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ। ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਵਰਗੇ ਪੰਥਪ੍ਰਸਤ ਅਕਾਲੀ ਆਗੂਆਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਲਹੂ ਪਸੀਨੇ ਨਾਲ ਸਿੰਜਿਆ ਤੇ ਇਸ ਸ਼ਹੀਦਾਂ ਦੀ ਪਾਰਟੀ ਨੂੰ ਪਰਿਵਾਰਵਾਦ ਤੋਂ ਕੋਹਾਂ ਦੂਰ ਰੱਖਿਆ। ਅੱਜ ਉਹੀ ਪਾਰਟੀ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ।