ਸਿਖ ਵਿਚਾਰਧਾਰਾ ਨੂੰ ਸਮਝਣ-ਸਮਝਾਉਣ ਵਾਸਤੇ ਸੰਵਾਦ ਤੇ ਸਾਖੀ ਦੀ ਭੂਮਿਕਾ

ਸਿਖ ਵਿਚਾਰਧਾਰਾ ਨੂੰ ਸਮਝਣ-ਸਮਝਾਉਣ ਵਾਸਤੇ ਸੰਵਾਦ ਤੇ ਸਾਖੀ ਦੀ ਭੂਮਿਕਾ

ਸਿਧਾਂਤ, ਸੰਵਾਦ ਤੇ ਸਾਖੀ ਸ਼ਬਦ ਸਾਡੇ ਆਮ ਬੋਲ-ਚਾਲ ਦੇ ਸ਼ਬਦ ਹਨ।

ਇਹ ਸ਼ਬਦ ਬਹੁਤ ਮਹੱਤਵਪੂਰਨ ਤੇ ਆਪਸ ਵਿਚ ਸੰਬੰਧਿਤ ਹਨ। ਇਹ ਤਿੰਨੇ ਸ਼ਬਦ ਆਤਮ-ਨਿਰਭਰ, ਸੁਤੰਤਰ ਵੀ ਹਨ ਅਤੇ ਤਿੰਨਾਂ 'ਚ ਆਪਸੀ ਸੁਮੇਲ ਤੇ ਸਾਂਝ ਵੀ ਸਿਰੇ ਦੀ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਧਾਰਮਿਕ, ਸਮਾਜਿਕ, ਦਾਰਸ਼ਨਿਕ ਪੱਖ ਤੋਂ ਸਮਝਣ ਦਾ ਯਤਨ ਕਰਦੇ ਹਾਂ। ਸਿਧਾਂਤ ਧਰਮ, ਸਮਾਜ-ਸੰਸਾਰ ਦਾ ਮੂਲ ਹਨ। ਇਹ ਬਹੁਤ ਹੀ ਸੰਖੇਪ ਤੇ ਸੂਖਮ ਹੁੰਦੇ ਹਨ। ਇਹ ਸਮੇਂ-ਸਥਾਨ ਭਾਵ ਦੇਸ਼ ਕਾਲ, ਭਾਸ਼ਾ, ਸੱਭਿਆਚਾਰ ਦਾ ਪ੍ਰਭਾਵ ਨਹੀਂ ਕਬੂਲਦੇ। ਸਿਧਾਂਤ ਸਰਬ-ਵਿਆਪੀ ਭਾਵ ਸਮੇਂ-ਸਥਾਨ ਦੇ ਪ੍ਰਭਾਵ ਤੋਂ ਸੁਤੰਤਰ ਹੁੰਦੇ ਹਨ। ਸਿਧਾਂਤ ਦਾ ਅਰਥ ਹੈ, ਤੱਤਸਾਰ, ਅੰਤ ਨੂੰ ਸਿੱਧ ਹੋਈ ਬਾਤ, ਸਹੀ ਨਤੀਜਾ, ਸਮੇਂ ਦਾ ਸੱਚ, ਕਿਸੇ ਤਰਕ/ਵਿਚਾਰ ਦਾ ਨਿਚੋੜ/ਸਾਰ ਆਦਿ, ਜਿਵੇਂ ਨਿਊਟਨ ਦੇ ਗਤੀ ਦੇ ਨਿਯਮ। ਸਿਧਾਂਤ ਨੂੰ ਜਾਣਨ ਵਾਲੇ ਨੂੰ ਸਿਧਾਂਤੀ ਜਾਂ ਸਿਧਾਂਤਵੇਤਾ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਇਹ ਸ਼ਬਦ ਕੇਵਲ ਇਕ ਵਾਰ ਆਇਆ ਹੈ :

ਅਚਿੰਤ ਹਮ੍ਰਾ ਕਉ ਸਗਲ ਸਿਧਾਂਤੁ॥

ਅਚਿੰਤ ਹਮ ਕਉ ਗੁਰਿ ਦੀਨੋ ਮੰਤੁ॥ (ਅੰਗ-1157)

ਅਰਥ ਸਪੱਸ਼ਟ ਹਨ-ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ। ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦਾ ਨਾਮ-ਮੰਤਰ ਮੈਨੂੰ ਗੁਰੂ ਨੇ ਦਿੱਤਾ ਹੈ। ਸਿੱਖ ਧਰਮ ਦੇ ਮੂਲ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਸਥਾਪਤ ਕੀਤੇ। ਸਿਧਾਂਤ ਨੂੰ ਸਮਝਣ ਵਾਲੇ ਵਿਰਲੇ ਹੀ ਹੁੰਦੇ ਹਨ। ਸਿਧਾਂਤ ਸੰਬੰਧੀ ਵਿਚਾਰ-ਚਰਚਾ ਵੀ ਸਿਧਾਂਤ ਨੂੰ ਸਮਝਣ ਵਾਲੇ ਨਾਲ ਹੀ ਹੋ ਸਕਦੀ ਹੈ, ਹਰ ਆਮ ਆਦਮੀ ਨਾਲ ਨਹੀਂ। ਇਹੀ ਕਾਰਨ ਹੈ ਕਿ ਗੁਰੁੂ ਨਾਨਕ ਦੇਵ ਜੀ ਧਰਤ ਲੋਕਾਈ ਨੂੰ ਸੋਧਣ ਵਾਸਤੇ ਲੰਬੀਆਂ ਉਦਾਸੀਆਂ ਕਰਦੇ ਸਨ ਅਤੇ ਸਮੇ-ਸਮੇਂ, ਵੱਖ-ਵੱਖ ਧਰਮਾਂ ਦੇ ਕੇਵਲ ਮੁਖੀਆਂ ਨਾਲ ਹੀ ਵਿਚਾਰ-ਚਰਚਾ ਕਰਦੇ ਸਨ। ਮੂਲ ਸਿਧਾਂਤ ਨੂੰ ਸਮਝਣ ਲਈ 'ਸੰਵਾਦ ਵਿਧੀ' ਸਭ ਤੋਂ ਸਾਰਥਕ ਹੈ। ਸੰਵਾਦ (ਸੰਬਾਦ) ਦਾ ਅਰਥ ਹੈ ਚਰਚਾ, ਪ੍ਰਸ਼ਨ-ਉੱਤਰ, ਖ਼ਬਰ, ਸਮਾਚਾਰ ਆਦਿ। ਸੰਵਾਦ ਕਰਨ ਵਾਲੇ ਨੂੰ 'ਸੰਵਾਦੀ' ਕਿਹਾ ਗਿਆ ਹੈ। ਭਾਵ ਜੋ ਵਿਚਾਰ-ਚਰਚਾ ਕਰ ਸਕੇ, ਰਾਇ ਦੇ ਸਕੇ, ਰਾਇ ਨਾਲ ਸਹਿਮਤ ਹੋ ਸਕੇ। ਸੰਵਾਦ ਨਾਲ ਹੀ ਮਿਲਦਾ-ਜੁਲਦਾ ਸ਼ਬਦ ਬਿਬਾਦ-ਵਿਵਾਦ ਹੈ, ਪਰ ਅਰਥ ਭਾਵ ਵਿਚ ਬਹੁਤ ਅੰਤਰ ਹੈ। ਵਿਵਾਦ ਕਰਨਾ, ਵਿਰੋਧ ਕਰਨਾ, ਝਗੜਾ ਕਲਾ ਆਦਿ ਹਨ। ਗੁਰਬਾਣੀ ਸੰਵਾਦ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ ਅਤੇ ਵਿਵਾਦ ਕਰਨ ਤੋਂ ਸਖ਼ਤੀ ਨਾਲ ਵਰਜਦੀ ਹੈ:

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ॥ (ਅੰਗ-1164)

ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ॥ (ਅੰਗ-1343)

ਸੰਵਾਦ ਲਈ ਗੁਰਮਤਿ ਸ਼ਬਦਾਵਲੀ ਸ਼ਬਦ 'ਗੋਸਟ-ਗੋਸਟਿ' ਵੀ ਆਇਆ ਹੈ ਜਿਸ ਦਾ ਅਰਥ ਹੈ, ਵਿਚਾਰ-ਵਿਟਾਂਦਰਾ, ਗੱਲਬਾਤ, ਸਭਾ, ਮਜਲਿਸ ਇਕੱਠ ਆਦਿ, ਭਾਵ ਸਭਾ ਵਿਚ ਵਾਰਤਾਲਾਪ, ਚਰਚਾ ਹੈ। ਸਿੱਧਾਂ ਨਾਲ ਹੋਈ ਵਿਚਾਰ-ਚਰਚਾ ਆਧਾਰਿਤ ਗੁਰੂ ਨਾਨਕ ਸਾਹਿਬ ਦੀ ਪ੍ਰਸਿੱਧ ਬਾਣੀ 'ਸਿਧ ਗੋਸਿਟ' ਇਸ ਦੀ ਪ੍ਰਤੱਖ ਉਦਾਹਰਨ ਹੈ।

ਸਿੱਧ ਲੋਕ ਮਨ ਦੀ ਖਿੰਨਤਾ, ਕ੍ਰੋਧ ਕਰਕੇ ਆਏ ਸਨ ਪਰ ਗੁਰੂ ਬਾਬੇ ਨਾਲ ਸੰਵਾਦ ਕਰਕੇ ਉਨ੍ਹਾਂ ਨੂੰ ਸ਼ਾਂਤੀ ਤੇ ਸੰਤੁਸ਼ਟੀ ਮਿਲੀ। ਉਨ੍ਹਾਂ ਨੂੰ ਇਹ ਕਹਿਣਾ ਪਿਆ, 'ਧਨੁ ਨਾਨਕ ਤੇਰੀ ਵਡੀ ਕਮਾਈ'। ਗੁਰੂ ਨਾਨਕ ਦੇਵ ਜੀ, ਧਰਮ ਚਰਚਾ ਕਰਨ, ਸਿਧਾਂਤ ਦੀ ਸਥਾਪਤੀ ਵਾਸਤੇ ਵੱਖ-ਵੱਖ ਥਾਵਾਂ 'ਤੇ ਸਮਰੱਥ 'ਸਿੱਧ' ਪੁਰਸ਼ਾਂ ਦੀ ਭਾਲ ਕਰਨ ਲਈ ਪਹਿਲਾਂ ਕੌਤਕ ਰਚਦੇ ਹਨ। ਕੌਤਕ ਦੌਰਾਨ ਹੀ ਵਿਚਾਰ-ਚਰਚਾ ਕਰਨ ਲਈ ਵਿਸ਼ੇਸ਼ ਸ਼ਖ਼ਸੀਅਤਾਂ ਸਨਮੁੱਖ ਹੁੰਦੀਆਂ ਹਨ। ਇਹ ਕੌਤਕ ਭਾਵੇਂ ਉਨ੍ਹਾਂ ਹਰਿਦੁਆਰ 'ਚ ਉਲਟ ਦਿਸ਼ਾ ਵਿਚ ਪਾਣੀ ਦੇ ਕੇ, ਕਾਬੇ ਵਿਚ ਕਾਬੇ ਵੱਲ ਲੱਤਾਂ ਪਸਾਰ ਕੇ, ਸੁਲਤਾਨਪੁਰ ਲੋਧੀ ਵਿਚ ਨਮਾਜ਼ ਅਦਾ ਕਰਕੇ, ਜਗਨਨਾਥਪੁਰੀ ਵਿਚ ਬ੍ਰਹਿਮੰਡੀ ਆਰਤੀ ਉੁਚਾਰ ਕੇ ਕੀਤੇ। ਵਿਸ਼ੇਸ਼ ਦੇਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ 'ਸੰਵਾਦ' ਧਰਮ ਮੁਖੀਆਂ-ਰਾਜ ਮੁਖੀਆਂ, ਸਮਰੱਥ ਸ਼ਖ਼ਸੀਅਤਾਂ ਨਾਲ ਹੀ ਕਰਦੇ ਹਨ।

ਸਿਧਾਂਤ ਸੰਬੰਧੀ ਸੰਵਾਦ, ਸਿਧਾਂਤੀ ਲੋਕਾਂ ਨਾਲ ਭਾਵ ਸਿਧਾਂਤ ਨੂੰ ਸਮਝਣ ਵਾਲਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਵਿਚਾਰ ਦੀ ਪ੍ਰਤੱਖ ਉਦਾਹਰਨ, ਗੁਰੂ ਨਾਨਕ ਦੇਵ ਜੀ ਦੇ ਜੀਵਨ-ਦਰਸ਼ਨ 'ਚੋਂ ਦੇਖੀ ਜਾ ਸਕਦੀ ਹੈ। ਇਸ ਦੀ ਪੁਸ਼ਟੀ ਪਾਵਨ ਗੁਰਬਾਣੀ ਅਤੇ ਇਤਿਹਾਸਕ ਪੱਖ ਤੋਂ ਉਦਾਸੀਆਂ ਸਮੇਂ ਵੀ ਹੁੰਦੀ ਹੈ। ਜਪੁ ਜੀ ਸਾਹਿਬ, ਸਿਧ ਗੋਸਿਟ, ਓਅੰਕਾਰ ਅਤੇ ਮਲਾਰ ਦੀ ਵਾਰ ਆਦਿ ਬਾਣੀਆਂ ਇਸ ਦੀ ਸ਼ਾਹਦੀ ਭਰਦੀਆਂ ਹਨ। ਕਿੱਧਰੇ ਵੀ ਸੰਸਾਰਕ ਰਿਸ਼ਤੇਦਾਰੀ, ਘਰ-ਪਰਿਵਾਰ ਨਾਲ ਸੰਬੰਧਿਤ ਸੁਆਲ-ਜੁਆਬ ਨਹੀਂ। ਹਰ ਵਿਚਾਰ ਗੋਸ਼ਟੀ ਸਮੇਂ ਪ੍ਰਮਾਰਥ ਦੀ ਪ੍ਰਮੁੱਖਤਾ-ਪ੍ਰਦਾਨਤਾ ਹੈ। ਅਸਲ ਵਿਚ ਧਰਮ ਬਾਨੀ ਆਮ ਸੰਸਾਰਕ ਸ਼ਖ਼ਸੀਅਤ ਨਹੀਂ, ਸਗੋਂ ਨਿਰੰਕਾਰੀ ਰੂਹਾਨੀ ਹੁੰਦੀਆਂ ਹੋਈਆਂ, ਰੂਹਾਨੀਅਤ ਦਾ ਉਪਦੇਸ਼ ਦ੍ਰਿੜ ਕਰਾਉਂਦੀਆਂ ਹਨ। ਜੋਤਿ ਸਿਧਾਂਤ ਦੇ ਰਹੱਸ ਨੂੰ ਸਮਝਿਆ, ਅਨੁਭਵ ਕੀਤਾ ਜਾ ਸਕਦਾ ਪਰ ਕਿਸੇ ਨੂੰ ਅਨੁਭਵ ਕਰਾਉਣਾ ਅਸੰਭਵ ਹੈ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਣ 'ਤੇ ਉਨ੍ਹਾਂ ਦਾ ਸਾਥੀ (ਪ੍ਰਮੁੱਖ ਚੇਲਾ) ਅਨੰਦ ਪੁੱਛਦਾ ਹੈ, ਪ੍ਰਾਪਤ ਹੋਏ ਗਿਆਨ ਬਾਰੇ ਸਾਨੂੰ ਵੀ ਚਾਨਣਾ ਪਾਓ? ਤਾਂ ਮਹਾਤਮਾ ਬੁੱਧ ਕਹਿੰਦੇ ਹਨ, 'ਇਹ ਅਨੁਭਵ ਦਾ ਵਿਸ਼ਾ ਹੈ, ਮਹਿਸੂਸ ਤਾਂ ਕੀਤਾ ਜਾ ਸਕਦਾ ਹੈ, ਦਰਸਾਇਆ ਨਹੀਂ ਜਾ ਸਕਦਾ'। ਭਗਤ ਕਬੀਰ ਜੀ ਗੁਰਬਾਣੀ ਵਿਚ ਇਸ ਰਹੱਸ ਨੂੰ ਸਪੱਸ਼ਟ ਕਰਦੇ ਹਨ:

ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥ (ਅੰਗ-334)

ਅਸੀਂ ਕਹਿ ਸਕਦੇ ਹਾਂ ਕਿ ਸਿਧਾਂਤ ਨੂੰ ਸਮਝਣ-ਸਮਝਾਉਣ ਵਾਸਤੇ ਸਿਧਾਂਤੀ ਲੋਕ ਹੀ ਸੰਵਾਦ ਰਚਦੇ ਹਨ। ਇਹ ਸੰਵਾਦ ਵੀ ਸੰਬੰਧਿਤ ਸਿਧਾਂਤ ਨੂੰ ਸਮਝਣ ਵਾਲਿਆਂ ਵਿਚ ਹੀ ਹੋ ਸਕਦਾ, ਆਮ ਲੋਕਾਂ ਵਿਚ ਨਹੀਂ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਸਿਧਾਂਤ ਆਮ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ? ਇਸ ਕਾਰਜ ਵਾਸਤੇ ਸਾਖੀ ਵਿਧੀ ਸਭ ਤੋਂ ਵੱਧ ਸਫਲ ਤੇ ਸਾਰਥਿਕ ਹੈ। ਅਸੀਂ ਸੰਸਾਰਕ ਲੋਕ, ਸਰਬ-ਹਿਤਕਾਰੀ ਸਿਧਾਂਤਾਂ ਨੂੰ ਸੰਸਾਰਕ ਭਾਸ਼ਾ, ਸ਼ੈਲੀ-ਸ਼ਬਦਾਵਲੀ ਵਿਚ ਹੀ ਸਮਝ ਸਕਦੇ ਹਾਂ। ਸਾਖੀ ਦਾ ਅਰਥ ਹੈ; ਇਤਿਹਾਸ ਜਾਂ ਕਥਾ, ਜੋ ਅੱਖੀ ਡਿੱਠੀ ਕਹੀ ਗਈ ਹੋਵੇ। ਸਾਖੀ ਦਾ ਭਾਵ ਸਿੱਖਿਆ, ਨਸੀਹਤ ਵੀ ਹੈ। ਸਾਖੀ ਦਾ ਅਰਥ ਸਾਕਸ਼ੀ, ਗਵਾਹ, ਸ਼ਹਾਦਤ ਤੋਂ ਵੀ ਹਨ।

ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਸੰਸਾਰਕ ਜੀਵਨ-ਕਾਲ ਨਾਲ ਸੰਬੰਧਿਤ ਸਾਖੀਆਂ ਸਾਨੂੰ 'ਸਿਧਾਂਤ' ਸਮਝਾਉਣ ਵਿਚ ਸਾਰਥਿਕ ਤੇ ਸਹਾਇਕ ਹਨ। ਭੁੱਖੇ 'ਵਿਦਿਵਾਨ' ਸਾਧੂਆਂ ਨੂੰ ਭੋਜਨ ਛਕਾਉਣਾ, ਮੌਲਵੀ ਨਾਲ ਨਮਾਜ਼ ਅਦਾ ਕਰਨੀ, ਕਾਬੇ ਵਲ ਪੈਰ, ਕੁਰੂਕਸ਼ੇਤਰ 'ਚ ਸੂਰਜ ਗ੍ਰਹਿਣ ਸਮੇਂ ਮੀਟ ਰਿੰਨਣਾ, ਜਗਨ ਨਾਥ ਪੁਰੀ ਵਿਚ ਆਰਤੀ ਆਦਿ ਸਾਰੀਆਂ ਸਾਖੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ। ਧਰਮ ਦਾ ਪ੍ਰਚਾਰ-ਪ੍ਰਸਾਰ ਸਾਖੀ ਸਹਿਤ ਦੇ ਸਰਲ ਢੰਗ ਨਾਲ ਹੀ ਸੌਖਾ ਤੇ ਸੰਸਾਰ ਪੱਧਰ 'ਤੇ ਕੀਤਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਮੇਂ ਸਾਈਂ ਭੀਖਣ ਸ਼ਾਹ ਵਲੋਂ ਪੁਰਬ ਨੂੰ ਮੂੰਹ ਕਰਕੇ ਨਿਮਾਜ਼ ਅਦਾ ਕਰਨਾ ਅਤੇ ਗੁਰਦੇਵ ਵਲੋਂ ਦੋਨਾਂ ਕੁੱਜੀਆਂ 'ਤੇ ਹੱਥ ਰੱਖਣਾ ਆਦਿ ਵੀ ਰਹੱਸਵਾਦੀ ਸਿਧਾਂਤਾਂ ਨੂੰ ਸਮਝਾਉਣ ਦੇ ਹੀ ਸਾਰਥਿਕ ਸੰਕੇਤ ਸਨ।

ਸਿਧਾਂਤ ਨੂੰ ਸਮਝਣ ਲਈ ਸੰਵਾਦ ਵਿਧੀ ਹੀ ਸਾਰਥਿਕ ਹੈ ਪਰ ਸਰੋਤੇ ਦੀ ਘਾਟ ਕਰਕੇ ਇਸ ਦਾ ਦਾਇਰਾ ਸੀਮਤ ਹੋ ਜਾਂਦਾ ਹੈ। ਸਿਧਾਂਤ ਨੂੰ ਸੰਗਤੀ ਰੂਪ ਵਿਚ ਸਮਝਾਉਣ ਲਈ 'ਸਾਖੀ' ਵਿਧੀ ਹੀ ਸਾਰਥਿਕ ਤੇ ਸਹਾਇਕ ਹੈ। ਆਮ ਕਰ ਕੇ ਸਿਧਾਂਤਕ ਵਿਆਖਿਆ ਨੂੰ ਖੁਸ਼ਕ ਮੰਨਿਆ ਗਿਆ ਹੈ ਪਰ ਸਮਝਦਾਰ ਦਾਰਸ਼ਨਿਕ ਬੁਲਾਰੇ-ਵਿਆਖਿਆਕਾਰ ਸਿਧਾਂਤਕ ਸ਼ਬਦਾਵਲੀ ਨੂੰ ਸਾਖੀ ਰੂਪ ਵਿਚ ਸੁਆਦਲੀ ਤੇ ਰਸਦਾਇਕ ਬਣਾ ਕੇ, ਸਰੋਤਿਆਂ ਨੂੰ ਉਪਦੇਸ਼ ਦ੍ਰਿੜ੍ਹ ਕਰਾਉਂਦੇ ਹੋਏ, ਮੰਤਰ ਮੁਗਧ ਕਰ ਲੈਂਦੇ ਹਨ।

ਧਾਰਮਿਕ ਤੇ ਵਿਗਿਆਨਕ ਤੌਰ 'ਤੇ ਇਹ ਸੱਚ ਸਥਾਪਿਤ ਹੋ ਚੁੱਕਾ ਹੈ ਕਿ, 'ਸਰਬ-ਸ਼ਕਤੀਮਾਨ' ਭਾਵ ਸਿਖਰਲੀ ਸ਼ਕਤੀ, 'ਸਿਖਰਲੀ ਸੂਖਮਤਾ' ਵਿਚ ਵਿਦਮਾਨ ਹੈ। 'ਸਿਖਰਲੀ ਸੂਖਮਤਾ' ਸ਼ਕਤੀ ਹੀ ਸ੍ਰਿਸ਼ਟੀ ਸਿਰਜਣਾ ਤੇ ਸਰਬ-ਨਾਸ਼ ਦੇ ਸਮਰੱਥ ਹੈ। ਧਰਮ ਦੀ ਦੁਨੀਆ ਵਿਚ, 'ਸ਼ਬਦ-ਗੁਰੂ' ਦਾ ਸਿਧਾਂਤ 'ਸੂਖਮਤਾ ਦੀ ਸਿਖਰ' ਹੈ, ਜੋ ਸੰਸਾਰ ਲਈ ਅਦੁੱਤੀ ਤੇ ਵਿਲੱਖਣ ਹੈ। 'ਨਾਨਕ ਨਿਰਮਲ ਪੰਥ' ਦੇ 'ਸ਼ਬਦ-ਗੁਰੂ' ਦੇ ਨਿਰਮਲ ਸਿਧਾਂਤ ਨੂੰ ਵਿਰਲੇ ਹੀ ਸਮਝ ਸਕਦੇ ਹਨ ਪਰ ਸਾਖੀ ਸਹਿਤ ਦੀ ਸਿੱਖਿਆ ਸਦਕਾ 'ਸ਼ਬਦ-ਗੁਰੂ' ਸ੍ਰੀ ਗੁਰੂ ਗ੍ਰੰਥ ਪ੍ਰਤੀ ਸ਼ਰਧਾ, ਸਤਿਕਾਰ ਤੇ ਸੰਪੂਰਨ ਸਮਰਪਿਤ ਦੀ ਭਾਵਨਾ ਪ੍ਰਚਲਿਤ ਹੋ ਸਕੀ। ਅਸੀਂ ਕਹਿ ਸਕਦੇ ਹਾਂ ਕਿ, 'ਸ਼ਬਦ-ਗੁਰੂ' ਸੂਖਮਤਾ ਦੇ ਸਿਖਰਲੇ ਸਿਧਾਂਤ ਨੂੰ ਸਮਝਣ-ਸਮਝਾਉਣ ਅਤੇ ਅਪਣਾਉਣ ਲਈ ਸੰਵਾਦ ਵਿਧੀ ਹੈ ਅਤੇ ਸੰਗਤੀ ਰੂਪ ਵਿਚ ਪ੍ਰਚਾਰ-ਪ੍ਰਸਾਰ ਕਰਨ ਲਈ ਸਾਖੀ ਸਾਹਿਤ ਸਾਰਥਿਕ ਹੈ। ਸੰਵਾਦ ਤੇ ਸਾਖੀ ਦਾ ਮਕਸਦ ਸਤਿ ਨਾਲ ਜੋੜਨਾ ਹੈ, ਸਾਧਨ ਅਲੱਗ-ਅਲੱਗ ਹਨ ਪਰ ਮਕਸਦ ਇਕ ਹੀ ਹੈ। ਸਿਧਾਂਤਾਂ ਨੂੰ ਸਮਝਣ ਲਈ ਸੰਵਾਦ ਤੇ ਸਾਖੀ ਵਿਧੀ ਵਿਚ ਸਾਂਝ ਹੈ, ਅੰਤਰ ਵਿਰੋਧ ਦੀ ਕੋਈ ਗੁਜਾਇਸ਼ ਨਹੀਂ। ਸਿਧਾਂਤ ਸੂਖ਼ਮ ਹੋਣ ਕਾਰਨ ਸਮੇਂ ਸਥਾਨ ਦੇ ਪ੍ਰਭਾਵ ਤੋਂ ਸੁਤੰਤਰ, ਸਰੂਪ-ਆਕਾਰ ਰਹਿਤ ਹਨ ਪਰ ਸਿਧਾਂਤਕ ਬਿਰਤਾਂਤ-ਸੰਵਾਦ, ਸਿਧਾਂਤਕ ਸ਼ਖ਼ਸੀਅਤਾਂ 'ਸ਼ਖ਼ਸੀ' ਰੂਪ ਵਿਚ ਹੀ ਕਰ ਸਕਦੀਆਂ ਹਨ। ਸਿਧਾਂਤਕ-ਬਿਰਤਾਂਤ ਨੂੰ ਸਾਖੀ ਰੂਪ ਵਿਚ ਸੋਖਿਆ ਸਮਝਿਆ-ਸਮਝਾਇਆ, ਪ੍ਰਚਾਰਿਆ-ਪ੍ਰਸਾਰਿਆ ਜਾ ਸਕਦਾ ਹੈ। ਸਿਧਾਂਤਕ ਬਿਰਤਾਂਤ ਸਿਰਜਣ ਵਾਲਿਆਂ ਨੂੰ ਕੱਟੜ-ਸੰਕੀਰਨ ਨਹੀਂ ਹੋਣਾ ਚਾਹੀਦਾ ਅਤੇ ਸਰੋਤਿਆਂ ਨੂੰ ਸਾਖੀ ਸਹਿਤ ਨੂੰ ਕੇਵਲ ਕੰਨ ਰਸ-ਸੁਆਦ ਵਾਸਤੇ ਹੀ ਪੜ੍ਹਨਾ-ਸੁਣਨਾ ਨਹੀਂ ਚਾਹੀਦਾ, ਸਗੋਂ ਸਾਖੀਆਂ ਦੇ ਰਹੱਸ ਨੂੰ ਸਮਝਣ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਮੂਲ ਸਿਧਾਂਤ ਅਨੁਸਾਰ 'ਨਿਰੰਕਾਰੀ-ਕਰਤਾਰੀ' ਸ਼ਕਤੀ ਆਦਿ, ਅੰਤ ਤੇ ਆਕਾਰ ਰਹਿਤ ਅਤੇ ਅਤਿ ਸੂਖਮਤ ਰੂਪ ਵਿਚ ਸਰਵਵਿਆਪਕ ਹੈ। 'ਨਾਨਕ ਨਿਰਮਲ ਪੰਥ' ਦੀ ਸਮੁੱਚੀ ਵਿਚਾਰਧਾਰਾ ਇਸ ਸਿਧਾਂਤ 'ਤੇ ਖੜ੍ਹੀ ਹੈ। 'ਨਿਰੰਕਾਰੀ-ਕਰਤਾਰੀ' ਜੋਤਿ ਨੂੰ ਮੂਲਮੰਤਰ ਵਿਚ ਪਰਿਭਾਸ਼ਿਤ ਕਰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਸ ਸਿਧਾਂਤਕ ਵਿਚਾਰਧਾਰਾ ਨੂੰ ਸਮਝਣ-ਸਮਝਾਉਣ ਵਾਸਤੇ ਸੰਵਾਦ ਤੇ ਸਾਖੀ ਵਿਧੀ ਪ੍ਰਚੱਲਿਤ ਹੋਈ। ਸਿਧਾਂਤਕ ਸਮਝ ਦੀ ਅਣਹੋਂਦ ਕਾਰਨ ਅਸੀਂ 'ਜਿੰਦ-ਨਿਰਜਿੰਦ' ਸਥੂਲ-ਸਰੂਪ ਨਾਲ ਜੁੜ, ਉਪਾਸਕ ਬਣ ਸਿੱਖੀ ਤੋਂ ਦੂਰ ਹੋ ਰਹੇ ਹਾਂ।

ਡਾਕਟਰ ਰੂਪ ਸਿੰਘ