ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਸ਼ਰ੍ਹੇਆਮ ਖਿੱਲੀ ਉਡਾਈ ਜਾਣ ਤੇ ਪੰਥ ਵਲੋਂ ਪ੍ਰਤੀਕਰਮ ਨਾ ਮਿਲਣਾ ਹੈਰਾਨੀਜਨਕ: ਹਰਸਿਮਰਤ ਬਾਦਲ

ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਸ਼ਰ੍ਹੇਆਮ ਖਿੱਲੀ ਉਡਾਈ ਜਾਣ ਤੇ ਪੰਥ ਵਲੋਂ ਪ੍ਰਤੀਕਰਮ ਨਾ ਮਿਲਣਾ ਹੈਰਾਨੀਜਨਕ: ਹਰਸਿਮਰਤ ਬਾਦਲ

ਨਾਸਤਿਕ ਹੰਕਾਰੀ ਹੁਕਮਰਾਨ ਦੁਨੀਆ ਸਾਹਮਣੇ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਸਿੱਖ ਧਾਰਮਿਕ ਜਥੇਬੰਦੀਆਂ/ ਸਖਸ਼ੀਅਤਾਂ ਕਹਾਉਣ ਵਾਲੇ ਮਹਾਂ ਪੁਰਸ਼ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠੇ ਹਨ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 22 ਜੂਨ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਇਜਲਾਸ ਵਿਚ ਕੀਤੀ ਗਈ ਤਕਰੀਰ ਦੌਰਾਨ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਾਹੜੇ ਉੱਪਰ ਕੀਤੀ ਗਈ ਭੱਦੀ ਟਿੱਪਣੀ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ । ਜਿਸ ਦੇ ਜੁਆਬ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਨੂੰ ਯਕੀਨ ਹੀ ਨਹੀ ਆ ਰਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆ ਸਾਹਮਣੇ ਚਿੱਟੇ ਦਿਨ ਇਸ ਤਰਾਂ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਖਾਲਸਾ ਪੰਥ ਵਿਸ਼ੇਸ਼ ਕਰਕੇ ਆਪਣੇ ਆਪ ਨੂੰ ਸਿੱਖ ਧਾਰਮਿਕ ਜਥੇਬੰਦੀਆਂ/ ਸਖਸ਼ੀਅਤਾਂ ਕਹਾਉਣ ਵਾਲੇ ਮਹਾਂ ਪੁਰਸ਼ ਮੂੰਹ ਵਿੱਚ ਘੁੰਗਣੀਆ ਪਾ ਕੇ ਬੈਠੇ ਰਹਿਣ.? ਕੀ ਇਹ ਹੈ ਗੁਰੂ ਵੱਲੋ ਬਖਸ਼ੇ ਪਾਵਨ ਕਕਾਰ ਉਤੇ ਖਾਲਸਾਈ ਅਣਖ ਜਿਸ ਦੀ ਰਾਖੀ ਲਈ ਸਿੰਘ ਪੁੱਠੀਆਂ ਖੱਲਾਂ ਤੱਕ ਲਹਾ ਗਏ.? ਕੀ ਦਸਮੇਸ਼ ਪਿਤਾ ਦੀ ਨਿਸ਼ਾਨੀ ਦੀ ਖੁੱਲੇ ਆਮ ਬੇਅਦਬੀ ਉਤੇ ਭੀ ਕੌਮ ਦਾ ਖੂਨ ਨਹੀ ਖੌਲਦਾ.? ਜਾਂ ਫਿਰ ਹੁਣ ਇਹ ਖੂਨ ਸਿਰਫ਼ ਆਪਣੇ ਸਿਆਸੀ ਪੂਰਨ ਗੁਰਸਿੱਖ ਵਿਰੋਧੀਆਂ ਖਿਲਾਫ਼ ਕੂੜ ਪ੍ਰਚਾਰ ਕਰਨ ਲਈ ਹੀ ਖੌਲਦਾ ਹੈ? ਇਕ ਅਜਿਹਾ ਮੁੱਖ ਮੰਤਰੀ ਜੋ ਗੁਰੂ ਵੱਲੋਂ ਬਖਸ਼ਿਸ਼ ਕੀਤੇ ਕਕਾਰਾਂ ਵਿਚ ਯਕੀਨ ਹੀ ਨਾ ਰੱਖਦਾ ਹੋਏ, ਕੇਸਾਂ ਨੂੰ ਕਤਲ ਕਰਦਾ ਹੋਏ ਤੇ ਆਪਣੀ ਦਾਹੜੀ ਰੰਗ ਕੇ ਮੂੰਹ ਕਾਲਾ ਕਰਦਾ ਹੋਏ, ਆਪਣੇ ਨਾਮ ਨਾਲ ਸਿੰਘ ਲਾਉਣ ਵਿੱਚ ਭੀ ਸ਼ਰਮ ਮਹਿਸੂਸ ਕਰਦਾ ਹੋਏ, ਉਹ ਹੰਕਾਰੀ ਮੁੱਖ ਮੰਤਰੀ ਉਸ ਪੰਜਾਬ ਦੀ ਧਰਤੀ ਤੇ ਖਲੋ ਕੇ ਨਿਧੜਕ ਹੋ ਕੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਦਾਹੜਾ ਸਾਹਿਬ ਦਾ ਨਿਰਾਦਰ ਕਰ ਜਾਏ ਜਿਹੜਾ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਮ ਤੇ ਹੈ - ਜੇ ਇਹ ਸਭ ਕੁਝ ਬਰਦਾਸ਼ਤ ਕਰਕੇ ਭੀ ਕੌਮ ਤੇ ਇਸ ਦੇ ਆਗੂ ਕਾਇਰਾਨਾ ਚੁੱਪ ਧਾਰੀ ਬੈਠੇ ਹਨ ਤਾਂ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਦਾ ਸਿੱਖ ਭੀ ਅਖਵਾਉਦੇ ਹਨ। ਜਿਸ ਦਾਹੜਾ ਸਾਹਿਬ ਦੀ ਭਗਵੰਤ ਮਾਨ ਨੇ ਖਿੱਲੀ ਉਡਾਈ ਹੈ ਉਹ ਗੁਰੂ ਦੇ ਚਰਨਾਂ ਦੀ ਧੂੜ ਸਾਫ ਕਰੇ ਤਾਂ ਭੀ ਉਸ ਦਾ ਮਾਣ ਵਧਦਾ ਹੈ “ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍‍॥”। ਪਰ ਖੁਦ ਆਪਣੀ ਅਣਖ ਨੂੰ ਕਤਲ ਕਰਵਾਕੇ ਲਲਾਰੀ ਕੋਲੋ ਰੰਗਵਾਉਣ ਵਾਲੇ ਕਿਸੇ ਕਲਮੂੰਹੇੰ ਖੋਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋਹੜੇ ਕਰ ਸਕਦਾ ਹੈ।