ਗੁਰਦਾਸ ਮਾਨ ਸਿਖਾਂ ਵਿਰੁੱਧ ਗੁੰਡਾਗਰਦੀ ਦੇ ਰਾਹ ਉਪਰ

 ਗੁਰਦਾਸ ਮਾਨ ਸਿਖਾਂ ਵਿਰੁੱਧ ਗੁੰਡਾਗਰਦੀ ਦੇ ਰਾਹ ਉਪਰ

 *ਮਾਨ ਦੇ ਸਮਰਥਕਾਂ ਨੇ ਡੀਐਸਪੀ ਨੂੰ ਸੌਂਪੀ ਸ਼ਿਕਾਇਤ, ਸਿੱਖ ਆਗੂ 'ਤੇ ਪਰਚਾ ਦਰਜ ਕਰਨ ਦੀ ਮੰਗ  

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਕੋਦਰ - ਪੰਜਾਬੀ ਗਾਇਕ ਗੁਰਦਾਸ ਮਾਨ ਹੰਕਾਰਿਆ ਗਿਆ ਹੈ ਤੇ ਉਹ ਸਿਖਾਂ ਵਿਰੁਧ ਗੁੰਡਾਗਰਦੀ ਦੇ ਰਾਹ ਪੈ ਗਿਆ ਹੈ।ਪਹਿਲਾਂ ਉਸਨੇ ਮੁਰਾਦਸ਼ਾਹ ਦੀ ਤੁਲਨਾ ਗੁਰੂ ਅਮਰਦਾਸ ਜੀ ਨਾਲ ਕੀਤੀ। ਹੁਣ ਉਸਨੇ ਸਿਖਾਂ ਨਾਲ ਵਿਵਾਦ ਵਧਾਉਣ ਲਈ  ਵਿਧਾਇਕ ਰਵਨੀਤ ਬਿਟੂ ਕਾਂਗਰਸੀ ਦੀ ਸ਼ਹਿ ਉਪਰ ਸੰਘਰਸ਼ ਕਰਨ ਵਾਲੇ ਸਿਖਾਂ ਉਪਰ ਕੇਸ ਦਰਜ ਕਰਵਾਉਣ ਲਈ ਆਪਣੇ ਚੇਲੇ ਸਰਗਰਮ ਕਰ ਦਿਤੇ ਹਨ।ਗੁਰਦਾਸ ਮਾਨ ਦੇ ਸਮਰਥਕਾਂ ਨੇ ਮੰਗ ਕੀਤੀ ਕਿ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ, ਜਿਨ੍ਹਾਂ ਨੇ ਗੁਰਦਾਸ ਮਾਨ ਵਿਰੁੱਧ ਕੇਸ ਦਾਇਰ ਕੀਤਾ ਸੀ, ਉਸ ਦੇ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। 

ਗੁਰਦਾਸ ਮਾਨ ਦੇ ਸਮਰਥਕਾਂ ਨੇ ਡੀ. ਐੱਸ. ਪੀ. ਨੂੰ ਸੌਂਪੀ ਆਪਣੀ ਸ਼ਿਕਾਇਤ 

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਡੇਰੇ ਦੇ ਲਾਡੀ ਸ਼ਾਹ ਜੀ ਲਈ ਗਲ਼ਤ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣੀ ਸ਼ਿਕਾਇਤ ਡੀ. ਐੱਸ. ਪੀ. ਨੂੰ ਸੌਂਪੀ ਹੈ। ਪੁਲਸ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ। ਜੇਕਰ ਕੇਸ ਦਰਜ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ.

ਕੀ ਹੈ ਮਾਮਲਾ

ਦੱਸ ਦਈਏ ਕਿ ਕੁਝ ਹਫ਼ਤੇ ਪਹਿਲਾਂ ਹੀ ਗੁਰਦਾਸ ਮਾਨ ਨੇ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ 'ਚ ਸਟੇਜ 'ਤੇ ਭਾਸ਼ਣ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਿੱਖ ਜੱਥੇਬੰਦੀਆਂ ਭੜਕ ਗਈਆਂ। ਉਨ੍ਹਾਂ ਨੇ ਨਕੋਦਰ ਥਾਣੇ ਅਤੇ ਐੱਸ. ਐੱਸ. ਪੀ. ਦਫ਼ਤਰ ਵਿਖੇ 4 ਦਿਨਾਂ ਤੱਕ ਧਰਨਾ ਦਿੱਤਾ। ਇਸ ਤੋਂ ਬਾਅਦ ਵੀ ਜਦੋਂ ਮਾਮਲੇ ਦੀ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਜਲੰਧਰ-ਦਿੱਲੀ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਗੁਰਦਾਸ ਮਾਨ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 

ਰਵਨੀਤ ਬਿੱਟੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਸਿੱਖ ਜੱਥੇਬੰਦੀਆਂ ਦਾ ਵਿਰੋਧ 

ਸਿੱਖ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਗੁਰਦਾਸ ਮਾਨ ਨੇ ਹੱਥ ਜੋੜ ਕੇ ਅਤੇ ਕੰਨ ਫੜ੍ਹ ਕੇ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ ਸੀ ਕਿ ਉਹ ਗੁਰੂਆਂ ਦਾ ਅਪਮਾਨ ਕਰਨ ਬਾਰੇ ਕਦੇ ਵੀ ਸੋਚ ਨਹੀਂ ਸਕਦਾ। ਹਾਲਾਂਕਿ, ਸਿੱਖ ਸੰਗਠਨ ਉਸ ਦੀ ਮੁਆਫ਼ੀ ਤੋਂ ਸੰਤੁਸ਼ਟ ਨਹੀਂ ਸਨ। ਗੁਰਦਾਸ ਮਾਨ 'ਤੇ ਪਰਚਾ ਦਰਜ ਹੋਣ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਗੁਰਦਾਸ ਮਾਨ ਨੇ ਮੁਆਫ਼ੀ ਮੰਗੀ ਤਾਂ ਮਾਮਲੇ ਨੂੰ ਅੱਗੇ ਨਹੀਂ ਵਧਾਇਆ ਜਾਣਾ ਚਾਹੀਦਾ ਸੀ ਅਤੇ ਕੇਸ ਦਰਜ ਕਰਨਾ ਗਲ਼ਤ ਹੈ। ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੇਸ ਨੂੰ ਰੱਦ ਕਰਨ ਬਾਰੇ ਗੱਲ ਕੀਤੀ।

ਡੇਰਾ ਬਾਬਾ ਮੁਰਾਦ ਸ਼ਾਹ ਦੇ ਸ਼ਰਧਾਲੂਆਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ

ਗੁਰਦਾਸ ਮਾਨ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਪੀਲ ਕੀਤੀ ਗਈ ਕਿ ਡੇਰਾ ਬਾਬਾ ਮੁਰਾਦ ਸ਼ਾਹ ਦੇ ਸ਼ਰਧਾਲੂ ਇਕੱਠੇ ਹੋਣ। ਹਾਲਾਂਕਿ ਇਸ ਤੋਂ ਬਾਅਦ ਡੇਰਾ ਪ੍ਰਬੰਧਕ ਅੱਗੇ ਆਏ। ਉਨ੍ਹਾਂ ਕਿਹਾ ਕਿ ਡੇਰੇ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਦਿੱਤਾ ਗਿਆ ਹੈ। ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਡੇਰੇ ਦੇ ਨਾਂ 'ਤੇ ਕੀਤੇ ਜਾ ਰਹੇ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜਿਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਡੇਰੇ ਦੇ ਸ਼ਰਧਾਲੂ ਹਨ ਅਤੇ ਉਨ੍ਹਾਂ ਦੀ ਭਾਵਨਾਵਾਂ ਨੂੰ ਪਰਮਜੀਤ ਅਕਾਲੀ ਵੱਲੋਂ ਲਾਡੀ ਸ਼ਾਹ ਜੀ ਬਾਰੇ ਕੀਤੀ ਗਈ ਟਿੱਪਣੀ ਨਾਲ ਠੇਸ ਪਹੁੰਚੀ ਹੈ। ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੈ, ਇਸ ਲਈ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਪਰਮਜੀਤ 'ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ।