ਕੀ ਹਰਮਿੰਦਰ ਸਿੰਘ ਸੰਧੂ ਦਾ ਮੁਲਾਂਕਣ ਹੋਣਾ ਜਾਇਜ਼ ਨਹੀਂ ? — ਰਣਜੀਤ ਸਿੰਘ

ਕੀ ਹਰਮਿੰਦਰ ਸਿੰਘ ਸੰਧੂ ਦਾ ਮੁਲਾਂਕਣ ਹੋਣਾ ਜਾਇਜ਼ ਨਹੀਂ ?  — ਰਣਜੀਤ ਸਿੰਘ

ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਤੋਂ ਲੈ ਕੇ ਹੁਣ ਤੱਕ ਖਾੜਕੂ ਧਿਰਾਂ ਵਿੱਚ ਇਹ ਵਿਚਾਰ ਚਰਚਾ ਰਹੀ ਹੈ ਕਿ ਇਸ ‘ਰਾਜਸੀ ਕਤਲ’ ਬਾਰੇ ਕੀ ਪਹੁੰਚ ਅਪਣਾਈ ਜਾਵੇ। ਇਹ ਗੱਲ ਤਕਰੀਬਨ ਤਹਿ ਹੋ ਚੁੱਕੀ ਸੀ ਕਿ ਅਜਿਹੇ 9-10 ਰਾਜਸੀ ਕਤਲਾਂ ਬਾਰੇ ਚੁੱਪ ਰਿਹਾ ਜਾਵੇ ਅਤੇ ਉਹਨਾਂ ਦੇ ਨੇੜਲੇ ਸੂਤਰਾਂ ਨੂੰ ਇਹਨਾਂ ਕਤਲਾਂ ਦੇ ਕਾਰਣ ਵੀ ਸ਼ਾਇਦ ਖਾੜਕੂ ਧਿਰਾਂ ਵੱਲੋਂ ਦੱਸੇ ਗਏ ਸਨ। ਪਰ ਸੰਘਰਸ਼ ਦੇ ਕਮਜ਼ੋਰ ਹੋਣ ਨਾਲ ਅਤੇ ਸ਼ੋਸ਼ਲ ਮੀਡੀਏ ਦੇ ਪਸਾਰ ਨਾਲ ਹੁਣ ਹਰ ਕੋਈ ਵਿਅਕਤੀ ਆਪਣੀ ਰਾਏ ਦੇ ਸਕਦਾ ਹੈ। ਥੋੜੇ ਸਮੇਂ ਤੋਂ ਇੱਕ ਰਿਵਾਜ ਜਿਹਾ ਵੀ ਪੈ ਗਿਆ ਕਿ ਜਿਸਨੂੰ ਸਿੱਖ ਇਤਿਹਾਸ ਅਤੇ ਸੰਘਰਸ਼ ਦੀ ਕੋਈ ਜਾਣਕਾਰੀ ਨਹੀਂ ਉਹ ਵੀ ਰਾਜਸੀ ਮਾਹਰ ਬਣਕੇ ਟਿੱਪਣੀਆਂ ਕਰਦਾ ਹੈ ਅਤੇ ਕਦੇ ਕਦੇ ਤਾਂ ਇਹ ਸਥਿਤੀ ਦੋਸ਼ ਲਾਉਣ ਤੱਕ ਪਹੁੰਚ ਜਾਂਦੀ ਹੈ।

ਪਿੱਛਲੇ ਕੁੱਝ ਸਾਲਾਂ ਤੋਂ ਮੌਜੂਦਾ ਸਿੱਖ ਸੰਘਰਸ਼ ਦਾ ਧੁਰਾ ਸਮਝੇ ਜਾਂਦੇ ਭਾਈ ਦਲਜੀਤ ਸਿੰਘ ਵਿਰੁੱਧ ਬਹੁਤ ਨੀਚ ਭਾਸ਼ਾ ਅਤੇ ਬੇਬੁਨਿਆਦ ਦੋਸ਼ਾਂ ਦੀ ਲੜੀ ਲਗਾਤਾਰ ਚੱਲ ਰਹੀ ਹੈ। ਪਰ ਭਾਈ ਦਲਜੀਤ ਸਿੰਘ ਨੇ ਕਿਸੇ ਵੀ ਦੋਸ਼ ਦਾ ਮੋੜਵਾਂ ਜੁਆਬ ਜਾਂ ਸ਼ਪੱਸ਼ਟੀਕਰਣ ਨਹੀਂ ਦਿੱਤਾ। ਇਹ ਕੰਮ ਪਿੱਛਲੇ ਦੋ ਕੁ ਸਾਲ ਘਟਿਆ ਸੀ ਪਰ ਹੁਣ ਕਈ ਮਹੀਨਿਆਂ ਤੋਂ ਫੇਰ ਤੇਜ਼ ਹੋ ਗਿਆ ਹੈ। ਇਸ ਵਾਰ ਕੁੱਝ ਹਰਮਿੰਦਰ ਸਿੰਘ ਸੰਧੂ ਦੇ ਨੇੜਲੇ ਸਾਥੀਆਂ ਨੇ ਇਹ ਬੀੜਾ ਚੁੱਕ ਲਿਆ ਅਤੇ ਇਹ ਪੁੱਛਣ ਲੱਗੇ ਕਿ ਸੰਧੂ ਕਿਉਂ ਮਾਰਿਆ ਗਿਆ ਹੈ। ਉਸ ਸੰਬੰਧ ਵਿੱਚ ਭਾਈ ਅਜਮੇਰ ਸਿੰਘ ਨੇ ਸੰਧੂ ਦੇ ਰਾਜਸੀ ਕਤਲ ਦੇ ਕਾਰਣਾਂ ਦਾ ਆਪਣੇ ਵੱਲੋਂ ਇੱਕ ਵਿਸ਼ਲੇਸ਼ਣ ਕੀਤਾ ਹੈ ਜਿਹੜਾ ਸੰਧੂ ਦੇ ਨੇੜਲਿਆਂ ਨੂੰ ਪਸੰਦ ਨਹੀਂ ਆਇਆ।

ਉਸ ਵਿੱਚ ਭਾਈ ਅਜਮੇਰ ਸਿੰਘ ਨੇ ਸ਼ਪੱਸ਼ਟ ਕੀਤਾ ਕਿ ਉਹ ਏਜੰਸੀਆਂ ਦਾ ਬੰਦਾ ਨਹੀ ਸੀ ਪਰ ਉਹਦੀ ਪਹੁੰਚ ਖਾਲਿਸਤਾਨ ਵਿਰੋਧੀ, ਇੱਕ ਸੂਬੇ ਦੀ ਰਾਜਸੀ ਸਤਾ ਲੈਣੀ ਹੀ ਬਣ ਚੁੱਕੀ ਸੀ। ਇਸ ਪ੍ਰਾਪਤੀ ਲਈ ਉਹ ਖਾੜਕੂਆਂ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਹੀ ਭਾਰਤੀ ਸਰਕਾਰ ਨਾਲ ਭਾਈਵਾਲੀ ਪਾ ਰਿਹਾ ਸੀ। ਜਿਹੜੇ ਉਸਦੇ ਨਾਲ ਇਸ ਵਿੱਚ ਸ਼ਾਮਿਲ ਸਨ ਉਹਨਾਂ ਬਾਰੇ ਸੱਭ ਨੂੰ ਪਤਾ ਹੈ ਕਿ ਉਹ ਅਕਾਲੀ ਦਲ, ਕਾਂਗਰਸ ਅਤੇ ਬੀ ਜੇ ਪੀ ਵਿੱਚ ਚੱਲੇ ਗਏ ਹਨ ਤਾਂ ਸੰਧੂ ਨੇ ਕੀ ਖ਼ਾਸ ਮਾਰ੍ਹਕਾ ਮਾਰ ਦੇਣਾ ਸੀ ? ਇਸ ਗੱਲ ਵਿੱਚ ਕਿਹੜੀ ਗੱਲ ਗਲਤ ਹੈ ਜਿਹੜੀ ਭਾਈ ਅਜਮੇਰ ਸਿੰਘ ਨੇ ਕੀਤੀ ਹੈ?

ਹਰਮਿੰਦਰ ਸਿੰਘ ਸੰਧੂ ਦੇ ਨੇੜਲੇ ਸਾਥੀ ਦੂਜਿਆਂ ਤੇ ਨਰਾਜ਼ਗੀ ਪ੍ਰਗਟ ਕਰਨ ਦੀ ਬਜਾਏ ਉਹ ਸੁਆਲਾਂ ਦੇ ਜੁਆਬ ਦੇਣ ਜਿਹੜੇ ਹਲੇ ਤੱਕ ਹਵਾ ਵਿੱਚ ਲਟਕੇ ਹੋਏ ਹਨ। ਉਹਨਾਂ ਵਿੱਚੋਂ ਵਿਸ਼ੇਸ਼ ਇਹ ਹਨ;

1. ਦਰਬਾਰ ਸਾਹਿਬ ਦੇ ਹਮਲੇ ਵੇਲੇ ਸੰਤ ਭਿੰਡਰਾਵਾਲਿਆਂ ਨੇ ਹਰਮਿੰਦਰ ਸਿੰਘ ਸੰਧੂ ਨੂੰ ਅਕਾਲ ਤਖ਼ਤ ਤੇ ਆਪਣੇ ਨਾਲ ਕਿਉਂ ਨਹੀਂ ਰੱਖਿਆ ?

2. ਹਰਮਿੰਦਰ ਸਿੰਘ ਸੰਧੂ ਅਕਾਲੀਆਂ ਦੀ ਸ਼ਰਨ ਲੈ ਕੇ ਹੱਥ ਖੜੇ ਕਰਕੇ ਬਾਹਰ ਕਿਉਂ ਆਇਆ ?

3. ਸੰਤਾ ਦਾ ਬਚਨ ਸੀ ਕਿ ਜਿਸ ਦਿਨ ਪੁਲਿਸ ਜਾਂ ਫੌਜ ਦਾ ਪੈਰ ਦਰਬਾਰ ਸਾਹਿਬ ਅੰਦਰ ਪੈ ਜਾਂਦਾ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਖਾੜਕੂ ਸੰਤਾਂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਖਾਲਿਸਤਾਨ ਦੀ ਜੰਗ ਲੜ ਰਹੇ ਸਨ ਤਾਂ ਸੰਧੂ ਨੇ ਅਨੰਦਪੁਰ ਸਾਹਿਬ ਦੇ ਮਤੇ ਤੇ ਸਰਕਾਰ ਨਾਲ ਬਾਤ-ਚੀਤ ਕਿਉਂ ਸ਼ੁਰੂ ਕੀਤੀ ?

4. ਉਸਨੇ ਸਰਕਾਰ ਨਾਲ ਕੋਈ 12-15 ਮੀਟਿੰਗਾਂ ਅਰਜਨ ਸਿੰਘ ਗਵਰਨਰ ਅਤੇ ਕੇ ਪੀ ਐਸ ਗਿੱਲ ਦੀ ਵਿਚੋਲਗੀ ਨਾਲ ਕੀਤੀਆਂ, ਕੀ ਉਸਨੇ ਕਿਸੇ ਖਾੜਕੂ ਧਿਰ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਕੇ ਸਹਿਮਤੀ ਲਈ ?

5. ਜੇ ਸਿੱਖ ਲੋਂਗੋਵਾਲ ਨੂੰ ਗ਼ਦਾਰ ਸਮਝਦੇ ਹਨ ਤਾਂ ਸੰਧੂ ਨੇ ਉਸ ਨਾਲ਼ੋਂ ਕੀ ਵੱਖਰਾ ਕੀਤਾ ਸੀ? ਜਿਸ ਦਿਨ ਸਰਕਾਰ ਨਾਲ ਲੋਂਗੋਵਾਲ ਸਮਝੌਤਾ ਕਰਦਾ ਹੈ ਉਸੇ ਦਿਨ ਉਸੇ ਸ਼ਹਿਰ (ਦਿੱਲੀ) ਵਿੱਚ ਸੰਧੂ ਵੀ ਸਮਝੌਤੇ ਤੇ ਦਸਤਖ਼ਤ ਕਰਨ ਨੂੰ ਬੈਠਾ ਸੀ। ਫਰਕ ਸਿਰਫ ਏਨਾ ਹੈ ਕਿ ਸਰਕਾਰ ਨੇ ਲੋਂਗੋਵਾਲ ਨੂੰ ਤਰਜ਼ੀਹ ਦਿੱਤੀ ਤੇ ਉਸ ਨਾਲ ਸਮਝੌਤਾ ਕੀਤਾ ਪਰ ਸੰਧੂ ਨਾਲ ਨਹੀਂ। ਫੇਰ ਲੋਂਗੋਵਾਲ ਗ਼ਦਾਰ ਤੇ ਸੰਧੂ ਪੰਥਕ ਕਿਵੇਂ ਹੋਇਆ ?

6. ਸੰਧੂ ਵੱਲੋਂ ਜਿਹੜੀਆਂ ਖਾੜਕੂ ਧਿਰਾਂ ਨੂੰ ਸੰਪਰਕ ਕੀਤਾ ਗਿਆ ਅਤੇ ਉਹਨਾਂ ਵੱਲੋਂ ਸੰਧੂ ਨੂੰ ਜਿਹੜੀਆਂ ਗੱਲਾਂ ਤੋਂ ਵਰਜਿਆ ਗਿਆ ਉਹਨਾਂ ਨੂੰ ਨਸ਼ਰ ਕੀਤਾ ਜਾਵੇ। ਖਾੜਕੂਆਂ ਨਾਲ ਚਿੱਠੀਆਂ ਰਾਹੀਂ ਚੱਲੀ ਗੱਲ-ਬਾਤ ਦੇ ਵੇਰਵੇ ਦਿੱਤੇ ਜਾਣ ਅਤੇ ਜੇ ਖਾੜਕੂਆਂ ਨੇ ਕੋਈ ਸਹਿਮਤੀ ਦਿੱਤੀ ਹੈ ਤਾਂ ਉਹ ਚਿੱਠੀ ਵੀ ਨਸ਼ਰ ਕੀਤੀ ਜਾਵੇ।

ਹਰਮਿੰਦਰ ਸਿੰਘ ਸੰਧੂ ਦੇ ਸਾਥੀ ਉਹਨੂੰ ਸੰਤ ਭਿੰਡਰਾਵਾਲਿਆਂ ਦਾ ਨੇੜਲਾ ਸਾਥੀ ਅਤੇ ਬਹੁਤ ਰੋਸ਼ਨ ਦਿਮਾਗ ਬਣਾ ਕੇ ਸ਼ਾਇਦ ਇਸਲਈ ਪੇਸ਼ ਕਰ ਰਹੇ ਹਨ ਤਾਂ ਕਿ ਉਹ ਹੁਣ ਵੀ ਰਾਜਸੀ ਸਤਾ ਹਥਿਆ ਸਕਣ। ਕਈ ਉਸ ਨਾਲ ਨੇੜਤਾ ਹੋਣ ਕਰਕੇ ਉਸਦੇ ਹਰ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦੇ ਹਨ।

ਕੀ ਉਸਦਾ ਕਤਲ ਜਾਇਜ਼ ਹੈ ਜਾਂ ਨਹੀਂ ਇਸ ਸਵਾਲ ਦਾ ਜਵਾਬ ‘ਹਾਂ’ ਜਾਂ ‘ਨਾਂਹ’ ਵਿੱਚ ਨਹੀਂ ਦਿੱਤਾ ਜਾ ਸਕਦਾ। ਇਹ ਸਵਾਲ ਗੁੰਝਲਦਾਰ ਹੈ ਤੇ ਉਸ ਦੇ ਸ਼ੁਭਿਚੰਤਕਾਂ ਲਈ ਅਸੁਖਾਵਾਂ ਵੀ। ਇਸ ਕਰਕੇ ਇਸ ਬਾਰੇ ਤਹੱਮਲ ਵਿੱਚ ਰਹਿੰਦਿਆਂ ਤਰਕ ਤੇ ਦਲੀਲ ਨਾਲ ਗੱਲ ਹੋਣੀ ਚਾਹੀਦੀ ਹੈ ਜਿਵੇਂ ਭਾਈ ਅਜਮੇਰ ਸਿੰਘ ਨੇ ਕੀਤੀ ਹੈ। ਜੇਕਰ ਦਲੀਲ ਤੇ ਤਹਿਜ਼ੀਬ ਦੀ ਥਾਂ ਧਮਕੀਆਂ ਤੇ ਬੇਬੁਨਿਆਦ ਦੂਸ਼ਣਬਾਜੀ ਕਰਨ ਦਾ ਤਰੀਕਾ ਅਖਤਿਆਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਨਿਸਚਤ ਤੌਰ ਤੇ ਆਪਸੀ ਵਿਰੋਧ ਤੇ ਦੁਸ਼ਮਣੀ ਦਾ ਮਾਹੌਲ ਪੈਦਾ ਹੋਵੇਗਾ ਜਿਸਦਾ ਕੌਮ ਨੂੰ ਨੁਕਸਾਨ ਤੇ ਦੁਸ਼ਮਣਾਂ ਨੂੰ ਫ਼ਾਇਦਾ ਹੋਵੇਗਾ।

ਰੋਸ ਨਾ ਕੀਜੈ ਉਤਰ ਦੀਜੈ