ਲਾਗਣ

ਲਾਗਣ

ਕਹਾਣੀ

ਅੱਜ ਉਸ ਨੂੰ ਭੋਰਾ ਨੀਂਦ ਨਹੀਂ ਸੀ ਆ ਰਹੀ। ਉਹ ਕਦੇ ਛੱਤ ’ਤੇ ਲੱਗੇ ਹੌਲੀ ਹੌਲੀ ਘੁੰਮਦੇ ਪੱਖੇ ਵੱਲ ਵੇਖਦੀ ਤੇ ਕਦੇ ਸਾਹਮਣੇ ਕੰਧ ਵੱਲ ਟਿਕਟਿਕੀ ਲਗਾ ਕੇ ਵੇਖਣ ਲੱਗਦੀ ਜਿਹਦੀ ਅੱਧੀ ਕੁ ਸਫ਼ੈਦੀ ਲਹਿ ਗਈ ਸੀ ਸਲ੍ਹਾਬ ਆਉਣ ਕਾਰਨ। ਕਦੇ ਉਹ ਆਪਣੇ ਆਪ ਨੂੰ ਧੋਖਾ ਦੇਣ ਲਈ ਅੱਖਾਂ ਬੰਦ ਕਰ ਲੈਂਦੀ, ਖੌਰੇ ਅੱਖਾਂ ਬੰਦ ਕੀਤਿਆਂ ਹੀ ਨੀਂਦ ਆ ਜਾਵੇ। ਉਹ ਕਰਵਟ ਲੈਣਾ ਚਾਹੁੰਦੀ ਸੀ, ਪਰ ਲੈ ਨਹੀਂ ਸੀ ਰਹੀ ਇਹ ਸੋਚ ਕੇ ਕਿਧਰੇ ਉਹਦੀ ਧੀ ਨਾ ਜਾਗ ਜਾਵੇ। ਉਂਜ ਵੀ ਆਪਣੇ ਫ਼ਿਕਰਾਂ ਦੀ ਪੰਡ ਆਪਣੀ ਧੀ ਦੇ ਸਿਰ ਕਾਹਨੂੰ ਧਰਨੀ। ਇਹ ਸੋਚ ਕੇ ਉਹ ਉਂਜ ਹੀ ਪਈ ਰਹੀ। ਮਨ ਵਿੱਚ ਕਿਧਰੇ ਇਹ ਵੀ ਸੀ ਕਿ ‘ਮੇਰੀ ਧੀ ਵੀ ਹਾਲੇ ਸੁੱਤੀ ਨਹੀਂ, ਉਹ ਵੀ ਮੇਰੇ ਵਾਂਗੂੰ ਅੱਖਾਂ ਮੀਚ ਸੌਣ ਦੀ ਜੱਦੋਜਹਿਦ ਤਾਂ ਨਹੀਂ ਕਰ ਰਹੀ?’ ਫਿਰ ਉਹ ਆਪਣੀ ਮਾਂ ਬਾਰੇ ਸੋਚਣ ਲੱਗੀ: ‘ਜਦੋਂ ਮੈਂ ਜਾਗਦੀ ਹੁੰਦੀ ਸਾਂ ਤਾਂ ਮੇਰੀ ਮਾਂ ਦੀ ਨੀਂਦ ਵੀ ਆਪਣੇ ਆਪ ਕਿਧਰੇ ਗਵਾਚ ਜਾਂਦੀ ਸੀ’। ਅੱਜ ਉਹਨੂੰ ਮੁੜ ਮੁੜ ਉਹ ਦਿਨ ਚੇਤੇ ਆ ਰਹੇ ਸਨ ਜਦੋਂ ਉਹ ਤੀਹਾਂ ਨੂੰ ਢੁੱਕ ਗਈ ਸੀ, ਪਰ ਰਿਸ਼ਤਾ ਕਿਧਰੇ ਨਹੀਂ ਸੀ ਜੁੜਦਾ। ਜਿੱਥੇ ਵੀ ਗੱਲ ਤੁਰਦੀ ਝੱਟ ਜਵਾਬ ਮਿਲ ਜਾਂਦਾ। ਕਿੰਨੀ ਥਾਂ ਦੇਖ ਦਿਖਾਈ ਹੋਈ। ਇੱਕ ਦਿਨ ਅਜਿਹਾ ਵੀ ਆਇਆ ਕਿ ਦੇਖ ਦਿਖਾਈ ਦੇ ਨਾਂ ’ਤੇ ਮਨ ਮਸੋਸ ਕੇ ਰਹਿ ਜਾਂਦਾ। ਭੋਰਾ ਚਿੱਤ ਨਾ ਕਰਦਾ ਤਿਆਰ ਹੋਣ ਲਈ, ਪਰ ਪਿਓ ਦੀ ਘੂਰ ਵੇਖ ਤਿਆਰ ਹੋ ਕੇ ਬੈਠ ਜਾਂਦੀ। ਉਂਜ, ਸਰਬਜੀਤ ਸ਼ਕਲ ਸੂਰਤੋਂ ਇੰਨੀ ਮਾੜੀ ਵੀ ਨਹੀਂ ਸੀ। ਮੰਨਿਆ ਕਿ ਪਰੀਆਂ ਵਰਗੀ ਸੋਹਣੀ ਤਾਂ ਨਹੀਂ ਸੀ। ਫਿਰ ਵੀ ਜਦੋਂ ਪਹਿਨ ਪੱਚਰ ਕੇ ਨਿਕਲਦੀ ਤਾਂ ਬਥੇਰੀ ਜੱਚਦੀ। ਉਂਝ ਵੀ ਦਸਵੀਂ ਕਰ ਲਈ ਸੀ ਜਦੋਂਕਿ ਉਨ੍ਹਾਂ ਦੀ ਰਿਸ਼ਤੇਦਾਰੀ ’ਚ ਤਾਂ ਕੋਈ ਕੁੜੀ ਅੱਠ ਨਹੀਂ ਸੀ ਟੱਪੀ।ਜਿਹੜਾ ਕੋਈ ਵੇਖਣ ਆਉਂਦਾ ਪਸੰਦ ਪਤਾ ਨਹੀਂ ਕਿਉਂ ਨ੍ਹੀਂ ਸੀ ਕਰਕੇ ਜਾਂਦਾ, ਉਹ ਹਮੇਸ਼ਾਂ ਸੋਚਦੀ। ਇੱਕ ਦੋ ਮੁੰਡਿਆਂ ਨੇ ਆਪ ਮੂਹਰੇ ਹੋ ਕੇ ਰਿਸ਼ਤੇ ਘੱਲੇ, ਪਰ ਉੱਥੇ ਰਿਸ਼ਤਾ ਕਰਨਾ ਉਹਦੇ ਪਿਓ ਨੂੰ ਗਵਾਰਾ ਨਹੀਂ ਸੀ। ਉਹਦਾ ਪਿਉ ਕੱਬੇ ਸੁਭਾਅ ਦਾ ਬੰਦਾ ਸੀ। ਕਹਿੰਦਾ ਸੀ ਕਿ ਲੋਕਾਂ ਨੇ ਕਹਿਣਾ ਕੁੜੀ ਨੇ ਮੁੰਡਾ ਆਪੇ ਪਸੰਦ ਕਰ ਲਿਆ। ਮਾਪੇ ਮਰ ਗਏ ਸੀ ਭਲਾ? ਨਾਲੇ ਸਾਡੇ ਘਰਾਂ ’ਚ ਆਪੇ ਪਸੰਦ ਕਰਨ ਵਾਲੇ ਸਾਕ ਨ੍ਹੀਂ ਪੁੱਗਦੇ। ਅਸੀਂ ਇੱਜ਼ਤਦਾਰ ਬੰਦੇ ਹਾਂ। ਸਰਬਜੀਤ ਨੂੰ ਯਾਦ ਹੈ ਕਿ ਉਹਦੇ ਨਾਲ ਪੜ੍ਹਦੀ ਸੁਖਜੀਤ ਜਦੋਂ ਚਾਈਂ ਚਾਈਂ ਆਪਣੇ ਮਾਮੇ ਦੇ ਮੁੰਡੇ ਦਾ ਸਾਕ ਲਿਆਈ, ਉਹਦੀ ਮਾਂ ਨੇ ਸੁਖਜੀਤ ਨੂੰ ਸਾਫ਼ ਨਾਂਹ ਕਰਦਿਆਂ ਕਿਹਾ ਸੀ, ‘‘ਧੀਏ! ਮੇਰੀ ਕਿਸੇ ਨੇ ਨਹੀਂ ਮੰਨਣੀ। ਤੈਨੂੰ ਇਹਦੇ ਪਿਓ ਦਾ ਤਾਂ ਪਤਾ ਈ ਐ। ਜੇ ਕਿਧਰੇ ਉਹਦੇ ਕੰਨੀਂ ਇਹ ਗੱਲ ਪੈ ਗਈ ਤਾਂ ਉਹਨੇ ਸਰਬਜੀਤ ਤੇ ਮੇਰੇ ਹੱਡ ਗੋਡੇ ਭੰਨ ਦੇਣੇ। ਉਹਨੇ ਸਾਡਾ ਜਿਉਣਾ ਦੁੱਭਰ ਕਰ ਦੇਣੈ। ਆਪੇ ਵੇਖੂ ਇਹਦਾ ਪਿਉ ਜਿੱਥੇ ਰਿਸ਼ਤਾ ਕਰਨਾ ਹੋਊ।’’ ਸੁਖਜੀਤ ਨੇ ਚੁੱਪੀ ਵੱਟ ਲਈ। ਮੁੜ ਕਦੇ ਵੀ ਸਰਬਜੀਤ ਲਈ ਰਿਸ਼ਤੇ ਦੀ ਗੱਲ ਨਾ ਤੋਰੀ।

ਸਰਬਜੀਤ ਦੇ ਪਿਓ ਨੇ ਉਹਨੂੰ ਤੇ ਉਹਦੀ ਮਾਂ ਨੂੰ ਕਹਿ ਰੱਖਿਆ ਸੀ ਕਿ ‘ਜੇ ਕਿਧਰੇ ਬਾਹਰੋਂ ਕੋਈ ਅਜਿਹੀ ਗੱਲ ਸੁਣਨ ਨੂੰ ਮਿਲੀ ਜਿਸ ਨਾਲ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ ਤਾਂ ਮੈਂ ਤੁਹਾਡੇ ਦੋਵਾਂ ਮਾਵਾਂ ਧੀਆਂ ਦੇ ਡੱਕਰੇ ਕਰ ਆਪ ਫਾਹਾ ਲੈ ਕੇ ਮਰਨਾ ਪਸੰਦ ਕਰੂੰ, ਪਰ ਕਿਸੇ ਅੱਗੇ ਅੱਖਾਂ ਨੀਵੀਆਂ ਕਰਕੇ ਨਈ ਜਿਉਣਾ’। ਪਿਉ ਦੇ ਮੂੰਹੋਂ ਨਿਕਲੀਆਂ ਇਹ ਗੱਲਾਂ ਸਰਬਜੀਤ ਲਈ ਪੱਥਰ ’ਤੇ ਲਕੀਰ ਸਨ। ਉਹਨੇ ਇਹ ਇਸ ਤਰ੍ਹਾਂ ਆਪਣੀ ਰੂਹ ਨਾਲ ਗੁੰਦ ਲਈਆਂ ਕਿ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਵੇਖਣਾ ਤਾਂ ਦੂਰ ਦੀ ਗੱਲ, ਕੋਲੋਂ ਲੰਘਦੀ ਹੋਈ ਵੀ ਕੰਬ ਜਾਂਦੀ ਸੀ। ਜੇ ਕੋਈ ਮੁੰਡਾ ਉਹਦੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਘਬਰਾ ਕੇ ਪਾਸਾ ਵੱਟ ਲੈਂਦੀ।ਖ਼ੈਰ! ਜਦੋਂ ਉਹਦੀ ਸਹੇਲੀ ਸੁਖਜੀਤ ਵਿਆਹ ਤੋਂ ਬਾਅਦ ਪਹਿਲੀ ਵਾਰ ਉਹਨੂੰ ਮਿਲਣ ਆਈ ਤਾਂ ਸਿਲਕ ਦੇ ਗੁਲਾਬੀ ਰੰਗ ਦੇ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਵਿੱਚ ਸੁਖਜੀਤ ਉਹਨੂੰ ਐਨੀ ਸੋਹਣੀ ਲੱਗੀ ਕਿ ਉਹ ਉਹਦੇ ਵੱਲ ਨੀਝ ਲਾ ਕੇ ਵੇਖਦੀ ਰਹਿ ਗਈ। ਸੁਖਜੀਤ ਹੱਸ ਕੇ ਆਖਣ ਲੱਗੀ, ‘‘ਮੇਰਾ ਸੂਟ ਤੇ ਜੁੱਤੀ ਨਾ ਵੇਖ। ਵੇਖੀਂ ਜਦੋਂ ਤੂੰ ਮੁਕਲਾਵੇ ਜਾਣਾ ਤੈਨੂੰ ਵੀ ਸਿਲਕ ਦਾ ਸੂਟ ਤੇ ਤਿੱਲੇ ਦੀ ਕੱਢੀ ਹੋਈ ਜੁੱਤੀ ਮਿਲਣੀ ਸ਼ਗਨਾਂ ’ਚ।’’ ਸਰਬਜੀਤ ਦੇ ਮਨ ਵਿੱਚ ਵੀ ਤਿੱਲੇਦਾਰ ਪੰਜਾਬੀ ਜੁੱਤੀ ਤੇ ਸਿਲਕ ਦੇ ਸੂਟ ਦੀ ਰੀਝ ਕਰਵਟ ਲੈਣ ਲੱਗੀ। ਉਹਦੀਆਂ ਸੋਚਾਂ ਦੀਆਂ ਤੰਦਾਂ ਹੁਣ ਵਿਆਹ ਦੇ ਨਾਲ ਨਾਲ ਸਿਲਕ ਦੇ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਦੇ ਆਲੇ-ਦੁਆਲੇ ਲਿਪਟਣ ਲੱਗੀਆਂ।ਜਦੋਂ ਰਿਸ਼ਤੇ ਦੀ ਗੱਲ ਸਿਰੇ ਨਾ ਚੜ੍ਹਦੀ ਤਾਂ ਉਹ ਖਿੱਝ ਜਾਂਦੀ। ਇੱਕ ਦਿਨ ਇੱਕ ਮੁੰਡਾ ਉਹਨੂੰ ਵੇਖਣ ਆਇਆ ਤੇ ਝੱਟ ਨਾਂਹ ਵਿੱਚ ਸਿਰ ਮਾਰ ਗਿਆ। ਸਰਬਜੀਤ ਸੋਚਾਂ ਵਿੱਚ ਪੈ ਗਈ ਕਿ ਆਪ ਕਿੰਨਾ ਕੁ ਸੋਹਣਾ ਸੁਨੱਖਾ ਸੀ? ਪੱਕਾ ਰੰਗ, ਮੋਟੇ ਨੈਣ ਨਕਸ਼ ਤੇ ਆਵਾਜ਼ ਗਲੇ ’ਚੋਂ ਜ਼ੋਰ ਲਾਇਆਂ ਮਸਾਂ ਹੀ ਨਿਕਲਦੀ ਸੀ। ਕਈ ਵਾਰ ਉਹਨੂੰ ਆਪਣੇ ਪਿਓ ’ਤੇ ਵੀ ਗੁੱਸਾ ਆਉਂਦਾ ਕਿ ਕਿਹੋ ਜਿਹੇ ਨਾਲ ਉਹਦਾ ਸਾਕ ਕਰਨ ਲੱਗਿਆ ਸੀ? ਪਰ ਪਿਓ ਦੀਆਂ ਅੱਖਾਂ ਵੇਖ ਡਰ ਜਾਂਦੀ ਅਤੇ ਚੁੱਪਚਾਪ ਸਿਰ ’ਤੇ ਚੁੰਨੀ ਲੈ ਨੀਵੀਂ ਪਾ ਬੈਠ ਜਾਂਦੀ। ਫਿਰ ਉਹ ਆਪਣੇ ਮਨ ਨੂੰ ਸਮਝਾਉਣ ਲਈ ਸਿਲਕ ਦੇ ਸੂਟ ਅਤੇ ਤਿੱਲੇਦਾਰ ਜੁੱਤੀ ਬਾਰੇ ਹੀ ਸੋਚਣ ਲੱਗਦੀ।ਪਤਾ ਨਹੀਂ ਕਿੰਨੇ ਕੁ ਮੁੰਡੇ ਸਰਬਜੀਤ ਦੇ ਪਿਓ ਨੇ ਪਸੰਦ ਕੀਤੇ, ਪਰ ਦੇਖ ਦਿਖਾਈ ਤੋਂ ਅੱਗੇ ਗੱਲ ਨਾ ਤੁਰਦੀ। ਹੁਣ ਇੱਕ ਮੁੰਡਾ ਹੋਰ ਉਹਦੇ ਪਿਉ ਨੂੰ ਜਚ ਗਿਆ ਸੀ ਤਿੱਖੇ ਨੈਣ ਨਕਸ਼, ਸੋਹਣਾ ਸੁਨੱਖਾ, ਪਰ ਗੱਲ ਮੁੰਡੇ ਦੀ ਪਸੰਦ ਨਾਪਸੰਦ ’ਤੇ ਖੜ੍ਹੀ ਸੀ। ਸਰਬਜੀਤ ਤੇ ਉਹਦੀ ਮਾਂ ਘਬਰਾਈਆਂ ਹੋਈਆਂ ਸਨ। ਮੁੰਡਾ ਤੇ ਉਸ ਦੀ ਭਰਜਾਈ ਮੋਗੇ ਤੋਂ ਸਰਬਜੀਤ ਨੂੰ ਵੇਖਣ ਆਏ। ਸਰਬਜੀਤ ਹਮੇਸ਼ਾ ਦੀ ਤਰ੍ਹਾਂ ਨੀਵੀਂ ਪਾਈ ਬੈਠੀ ਰਹੀ। ਜੋ ਕੁਝ ਪੁੱਛਿਆ ਉਹਦਾ ਜਵਾਬ ਸਲੀਕੇ ਨਾਲ ਦੇ ਰਹੀ ਸੀ। ਹਮੇਸ਼ਾਂ ਵਾਂਗ ਉਸ ਦੀ ਦੀ ਹਿੰਮਤ ਨਾ ਪਈ ਮੁੰਡੇ ਵੱਲ ਵੇਖਣ ਦੀ। ਉਨ੍ਹਾਂ ਚਾਹ ਪਾਣੀ ਪੀਤਾ ਅਤੇ ਘਰ ਜਾ ਕੇ ਸਲਾਹ ਕਰਕੇ ਸੁਨੇਹਾ ਘੱਲਣ ਦੀ ਗੱਲ ਆਖ ਤੁਰ ਗਏ। ਸਰਬਜੀਤ ਦਾ ਪਿਓ ਹਮੇਸ਼ਾਂ ਵਾਂਗ ਸਰਬਜੀਤ ਨੂੰ ਹੀ ਅੱਖਾਂ ਨਾਲ ਤਾੜਦਾ ਰਿਹਾ ਤੇ ਸਰਬਜੀਤ ਡਰ ਗਈ ਕਿ ਇਸ ਵਾਰ ਵੀ ਪੱਕਾ ਜਵਾਬ ਹੀ ਮਿਲਣਾ। ਉਹ ਸਾਰੀ ਰਾਤ ਜਾਗਦੀ ਰਹੀ ਤੇ ਉਹਦੀਆਂ ਅੱਖਾਂ ’ਚੋਂ ਹੰਝੂ ਸਿੰਮਦੇ ਰਹੇ। ਉਹ ਰੱਬ ਕੋਲੋਂ ਪੁੱਛ ਰਹੀ ਸੀ ਕਿ ਉਹਨੇ ਕੀ ਗੁਨਾਹ ਕੀਤਾ? ਕੀ ਉਹ ਸਾਰੀ ਉਮਰ ਕੁਆਰੀ ਹੀ ਰਹੇਗੀ, ਆਪਣੇ ਮਾਂ ਬਾਪ ’ਤੇ ਬੋਝ ਬਣੀ ਹੋਈ? ਉਹਦੇ ਹਾਣ ਦੀਆਂ ਸਭ ਵਿਆਹੀਆਂ ਗਈਆਂ ਸਨ। ਹੁਣ ਤਾਂ ਗੁਆਂਢ ਦੀਆਂ ਔਰਤਾਂ ਵੀ ਗੱਲਾਂ ਗੱਲਾਂ ’ਚ ਪੁੱਛਦੀਆਂ ਰਹਿੰਦੀਆਂ ਸਨ ਕਿ ਵੇਖਿਆ ਕੋਈ ਰਿਸ਼ਤਾ? ਬਣੀ ਕੋਈ ਗੱਲ? ਕਿਸੇ ਪੰਡਤ ਨੂੰ ਟੇਵਾ ਵਿਖਾ ਲੈਂਦੇ। ਉਨ੍ਹਾਂ ਦੀ ਗੁਆਂਢਣ ਬਾਂਸੋ ਤਾਂ ਟੋਟਕੇ ਵੀ ਦੱਸ ਜਾਂਦੀ। ਸਰਬਜੀਤ ਦੀ ਮਾਂ ਨੇ ਵੀ ਪਤਾ ਨਹੀਂ ਕਿੰਨੇ ਟੋਟਕੇ ਵਰਤ ਕੇ ਵੇਖ ਲਏ। ਉਹ ਆਪਣੀ ਧੀ ਬਾਰੇ ਸੋਚ ਕੇ ਦਿਨ ਰਾਤ ਫ਼ਿਕਰਾਂ ਨਾਲ ਘੁਲਦੀ ਰਹਿੰਦੀ।

ਇੱਕ ਦਿਨ ਸਰਬਜੀਤ ਦੀ ਚਾਚੀ ਮੋਗੇ ਵਾਲਾ ਰਿਸ਼ਤਾ ਸਿਰੇ ਨਾ ਚੜ੍ਹਦਾ ਵੇਖ ਗੁਆਂਢਣ ਨੂੰ ਆਖਣ ਲੱਗੀ, ‘‘ਇਹ ਰਿਸ਼ਤਾ ਵੀ ਸਿਰੇ ਨਈਂ ਲੱਗਦਾ। ਇਹਦਾ ਨ੍ਹੀਂ ਛੇਤੀ ਛੇਤੀ ਸਾਕ ਹੋਣਾ ਕਿੱਧਰੇ। ਅੱਜਕੱਲ੍ਹ ਤਾਂ ਚੰਗੀਆਂ ਭਲੀਆਂ ਦੇ ਰਿਸ਼ਤੇ ਨਈਂ ਛੇਤੀ ਹੁੰਦੇ... ਅਗਲੇ ਸੌ ਨੱਕ ਬੁੱਲ ਕੱਢਦੇ ਨੇ... ਇਹ ਤਾਂ ਉਂਜ ਵੀ ਬਹੁਤੀ ਸੋਹਣੀ ਨਹੀਂ। ਮੇਰੀ ਕੁੜੀ ਵੱਲ ਵੇਖੋ ਪਰੀਆਂ ਵਰਗੀ ਐ... ਚਾਹੇ ਅੱਜ ਵਿਆਹ ਬਾਰੇ ਸੋਚਾਂ ਕੱਲ੍ਹ ਨੂੰ ਛੱਤੀ ਰਿਸ਼ਤੇ ਆ ਜਾਣ, ਪਰ ਮੈਂ ਸੋਚਦੀ ਆਂ ਪਹਿਲਾਂ ਇਹਦਾ ਰਿਸ਼ਤਾ ਨਿੱਬੜੇ... ਨਹੀਂ ਤਾਂ ਐਵੇਂ ਮਾਵਾਂ ਧੀਆਂ ਹਉਕਾ ਲੈਣਗੀਆਂ ਮੇਰੀ ਧੀ ’ਤੇ।’’ ਜਦੋਂ ਸਰਬਜੀਤ ਤੇ ਉਹਦੀ ਮਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਈਆਂ ਤਾਂ ਦੋਵੇਂ ਸੁੰਨ ਰਹਿ ਗਈਆਂ। ਪਰ ਉਹ ਇਹ ਸੋਚ ਕੇ ਚੁੱਪ ਕਰ ਗਈਆਂ ਕਿ ਘਰ ਵਿੱਚ ਕਲੇਸ਼ ਕਾਹਨੂੰ ਕਰਨਾ?ਮੋਗੇ ਵਾਲੇ ਮੁੰਡੇ ਬਾਰੇ ਦੋ ਚਾਰ ਦਿਨ ਘਰ ਵਿੱਚ ਚਰਚਾ ਹੁੰਦੀ ਰਹੀ, ਪਰ ਉੱਥੋਂ ਕੋਈ ਸੁੱਖ ਸੁਨੇਹਾ ਨਾ ਆਉਣ ਕਾਰਨ ਉਨ੍ਹਾਂ ਨੂੰ ਇਹ ਰਿਸ਼ਤਾ ਵੀ ਹੱਥੋਂ ਨਿਕਲਦਾ ਜਾਪਿਆ, ਪਰ ਇੱਕ ਦਿਨ ਵਿਚੋਲੇ ਦਾ ਫ਼ੋਨ ਆ ਗਿਆ ਕਿ ਮੁੰਡੇ ਨੂੰ ਤੁਹਾਡੀ ਧੀ ਪਸੰਦ ਹੈ। ਸਹਿਮਤੀ ਨਾਲ ਵਿਆਹ ਦਾ ਦਿਨ ਪੱਕਾ ਕਰ ਲਓ। ਮੁੰਡੇ ਵਾਲੇ ਤਾਂ ਝੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਕਰ ਰਹੇ ਨੇ। ਬਾਕੀ ਤੁਸੀਂ ਦੱਸੋ। ਸਰਬਜੀਤ ਦੇ ਪਿਉ ਨੇ ਹਾਮੀ ਭਰਨ ਲੱਗਿਆਂ ਦੇਰ ਨਾ ਲਾਈ। ਘਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਮੁੰਡੇ ਵੱਲੋਂ ‘ਹਾਂ’ ਦੀ ਗੱਲ ਸੁਣ ਕੇ ਸਰਬਜੀਤ ਦੀਆਂ ਅੱਖਾਂ ਮੂਹਰੇ ਸਿਲਕ ਦਾ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਘੁੰਮਣ ਲੱਗੀ। ਉਹ ਅੱਜ ਵਾਰ ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰ ਰਹੀ ਸੀ। ਭਾਵੇਂ ਉਹ ਆਪਣੇ ਮਾਂ ਪਿਓ ਕੋਲੋਂ ਤਿੱਲੇਦਾਰ ਜੁੱਤੀ ਤੇ ਸਿਲਕ ਦਾ ਸੂਟ ਲੈ ਸਕਦੀ ਸੀ। ਉਨ੍ਹਾਂ ਕਿਹੜਾ ਮਨ੍ਹਾ ਕਰਨਾ ਸੀ, ਚਾਈਂ ਚਾਈਂ ਲੈ ਕੇ ਦੇਣਾ ਸੀ, ਪਰ ਉਹਨੂੰ ਤਾਂ ਆਪਣੇ ਸਹੁਰਿਆਂ ਵੱਲੋਂ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇਦਾਰ ਜੁੱਤੀ ਚਾਹੀਦੀ ਸੀ ਤਾਂ ਕਿ ਉਹ ਵੀ ਆਪਣੀਆਂ ਸਹੇਲੀਆਂ ਨੂੰ ਚਾਵਾਂ ਨਾਲ ਵਿਖਾ ਸਕੇ। ਸਰਬਜੀਤ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੀ ਸੋਚਿਆ ਜਿਵੇਂ ਆਮ ਕੁੜੀਆਂ ਆਪਣੇ ਜੀਵਨ ਸਾਥੀ ਬਾਰੇ ਸੋਚਦੀਆਂ ਹਨ ਕਿ ਉਹ ਬਹੁਤ ਪਿਆਰ ਕਰੇਗਾ, ਹਰ ਰੀਝ ਪੁਗਾਏਗਾ। ਉਹ ਤਾਂ ਇਹੋ ਸੋਚਦੀ ਸੀ ਕਿ ਉਹ ਕਦੇ ਆਪਣੇ ਪਤੀ ਨੂੰ ਦੁਖੀ ਨਹੀਂ ਹੋਣ ਦੇਵੇਗੀ। ਉਸ ਦੀ ਖ਼ੂਬ ਸੇਵਾ ਕਰੇਗੀ। ਉਸ ਦੀ ਚੰਗੀ ਮਾੜੀ ਗੱਲ ਮੰਨੇਗੀ। ਜੇ ਮੈਂ ਉਸ ਨਾਲ ਚੰਗਾ ਨਿਭਾਂਗੀ ਤਾਂ ਭਲਾ ਉਹ ਮੇਰੇ ਨਾਲ ਕਿਵੇਂ ਮਾੜਾ ਹੋ ਸਕਦਾ ਹੈ? ਜਾਂ ਫਿਰ ਉਹ ਸੋਚਦੀ ਕਿ ਮੇਰੇ ਮਾਂ ਪਿਓ ਜਦੋਂ ਇਸ ਰਿਸ਼ਤੇ ਤੋਂ ਖ਼ੁਸ਼ ਹਨ ਤਾਂ ਮੈਂ ਵੀ ਖ਼ੁਸ਼ ਹੀ ਰਹਾਂਗੀ। ਮੇਰੀ ਖ਼ੁਸ਼ੀ ਮੇਰੇ ਘਰਦਿਆਂ ਨਾਲ ਹੀ ਬੱਝੀ ਹੋਈ ਹੈ।ਉਹ ਆਪਣੇ ਮਾਂ ਪਿਓ ਨੂੰ ਖ਼ੁਸ਼ ਵੇਖ ਕੇ ਖ਼ੁਸ਼ ਸੀ ਤੇ ਉਹਦੀ ਮਾਂ ਆਪਣੀ ਧੀ ਦੇ ਚਿਹਰੇ ’ਤੇ ਰੀਝਾਂ ਤੇ ਚਾਵਾਂ ਦੇ ਰੰਗ ਵੇਖ ਕੇ। ਗਲੀ ਗੁਆਂਢ ਵਿੱਚ ਵੀ ਬਹੁਤ ਚਾਅ ਕੀਤਾ ਗਿਆ ਕਿ ਚਲੋ ਧੀ ਧਿਆਣੀ ਆਪਣਾ ਘਰ ਸਾਂਭੇ। ਚਾਵਾਂ ਨਾਲ ਹਲਦੀ ਦੇ ਟਿੱਕੇ ਲਾ ਚਿੱਠੀ ਤੋਰੀ ਗਈ। ਸੁੱਖੀ ਸਾਂਦੀ ਵਿਆਹ ਦਾ ਦਿਨ ਆ ਗਿਆ। ਸਾਰੇ ਸ਼ਗਨ ਮਨਾਏ ਗਏ। ਉਹ ਚੂੜੇ ਤੇ ਮਹਿੰਦੀ ਨਾਲ ਗੱਲਾਂ ਕਰਦੀ ਕਲੀਰਿਆਂ ਨਾਲ ਸਾਂਝ ਪਾ, ਸੂਹੇ ਸੂਟ ’ਚ ਸਜੀ ਡੋਲੀ ਜਾ ਬੈਠੀ।ਉਹ ਸਾਰੇ ਰਾਹ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਬਾਰੇ ਸੋਚਦੀ ਰਹੀ। ਗੱਡੀ ’ਚ ਬੈਠੀ ਉਹ ਆਪਣੇ ਆਪ ਗੱਲਾਂ ਕਰਦੀ ਰਹੀ ਕਿ ਹੁਣ ਤਾਂ ਮੇਰੇ ਘਰ ਦੇ ਸਾਰੇ ਖ਼ੁਸ਼ ਨੇ। ਹੁਣ ਕਦੇ ਮੇਰੀ ਮਾਂ ਨੂੰ ਮੇਰੀ ਚਾਚੀ ਦੀਆਂ ਦਿਲ ਚੀਰਵੀਆਂ ਗੱਲਾਂ ਨਹੀਂ ਸੁਣਨੀਆਂ ਪੈਣੀਆਂ। ਜਦੋਂ ਡੋਲੀ ਵਾਲੀ ਗੱਡੀ ਨੇ ਉਹਦੇ ਸਹੁਰੇ ਘਰ ਮੂਹਰੇ ਬਰੇਕ ਲਾਏ ਉਦੋਂ ਉਹਦੀ ਸੁਰਤ ਖੁੱਲ੍ਹੀ। ਸ਼ਗਨਾਂ ਨਾਲ ਉਹਨੂੰ ਡੋਲੀ ’ਚੋਂ ਬਾਹਰ ਕੱਢਿਆ ਗਿਆ। ਫਿਰ ਪਾਣੀ ਵਾਰ ਕੇ ਉਹਦੀ ਚਾਚੀ ਸੱਸ ਨੇ ਉਹਦਾ ਗ੍ਰਹਿ ਪ੍ਰਵੇਸ਼ ਕਰਵਾਇਆ। ਆਪਣੇ ਲਈ ਹੁੰਦੇ ਸ਼ਗਨਾਂ ਨੂੰ ਵੇਖ ਉਹ ਫੁੱਲੀ ਨਹੀਂ ਸੀ ਸਮਾ ਰਹੀ। ਪਰ ਉਹ ਆਪਣੇ ਸ਼ਗਨਾਂ ਦਾ ਸਾਮਾਨ ਦੇਖ ਕੇ ਉਦਾਸ ਵੀ ਹੋਈ ਕਿਉਂਕਿ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਵਰੀ ਵਿੱਚ ਕਿਧਰੇ ਨਜ਼ਰ ਨਹੀਂ ਆਏ।

ਦਿਨ ਬੀਤਣ ਲੱਗੇ। ਜ਼ਿੰਦਗੀ ਨਵੀਂਆਂ ਲੀਹਾਂ ’ਤੇ ਤੁਰ ਪਈ। ਇਉਂ ਦਸ ਸਾਲ ਬੀਤ ਗਏ। ਉਹ ਹਮੇਸ਼ਾ ਆਪਣੇ ਪਤੀ ਕੋਲ ਹਿਰਖ ਕਰਦੀ ਕਿ ਉਹਨੇ ਉਹਨੂੰ ਸ਼ਗਨਾਂ ’ਚ ਗੁਲਾਬੀ ਸਿਲਕ ਦਾ ਸੂਟ ਤੇ ਤਿੱਲੇਦਾਰ ਪੰਜਾਬੀ ਜੁੱਤੀ ਕਿਉਂ ਨਹੀਂ ਦਿੱਤੇ? ਸ਼ੁਰੂ ਸ਼ੁਰੂ ’ਚ ਤਾਂ ਉਹ ਹੱਸ ਕੇ ਸਾਰ ਦਿੰਦਾ ਸੀ ਤੇ ਹੁਣ ਕਈ ਕਈ ਵਾਰ ਤਾਂ ਖਿੱਝ ਕੇ ਆਖਦਾ, ‘‘ਤੂੰ ਨੀ ਰੱਜਣਾ ਕਦੇ ਸੂਟਾਂ ਨਾਲ।’’ ਜਦੋਂ ਉਹ ਇੰਝ ਆਖਦਾ ਤਾਂ ਉਹ ਸੋਚੀ ਪੈ ਜਾਂਦੀ ਕਿ ਐਨੇ ਸਾਲਾਂ ਵਿੱਚ ਉਹਦੇ ਪਤੀ ਨੇ ਉਹਨੂੰ ਕਿੰਨੇ ਕੁ ਸੂਟ ਖਰੀਦ ਕੇ ਦਿੱਤੇ ਤੇ ਉਨ੍ਹਾਂ ਦੀ ਗਿਣਤੀ ਉਹ ਉਂਗਲਾਂ ’ਤੇ ਕਰ ਲੈਂਦੀ। ਉਹ ਤਾਂ ਹੁਣ ਤੱਕ ਤਕਰੀਬਨ ਆਏ ਗਏ ਕੱਪੜਿਆਂ ਜਾਂ ਫਿਰ ਆਪਣੇ ਪੇਕਿਆਂ ਤੋਂ ਕਿਸੇ ਤਿੱਥ ਤਿਓਹਾਰ ’ਤੇ ਮਿਲੇ ਕੱਪੜੇ ਹੀ ਹੰਢਾਉਂਦੀ ਆਈ ਸੀ।ਇਨ੍ਹਾਂ ਦਸਾਂ ਸਾਲਾਂ ਵਿੱਚ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਨਾ ਜੁੜੀ। ਉਹ ਹਮੇਸ਼ਾ ਆਪਣੇ ਪਤੀ ਨੂੰ ਆਖਦੀ ਕਿ ਉਹਨੂੰ ਇਨ੍ਹਾਂ ਦੋ ਚੀਜ਼ਾਂ ਦੀ ਬੜੀ ਰੀਝ ਸੀ। ਉਹ ਪਤੀ ਦੀ ਖ਼ੁਸ਼ੀ ’ਚ ਖ਼ੁਸ਼ ਹੁੰਦੀ ਤੇ ਉਹਦੇ ਦੁੱਖ ’ਚ ਦੁਖੀ। ਪਤੀ ਦੇ ਕੱਬੇ ਸੁਭਾਅ ਨੂੰ ਹੱਸ ਕੇ ਜਰ ਲੈਂਦੀ। ਭਾਵੇਂ ਉਹ ਉਸ ਦੀ ਲਾਹ ਪਾਹ ਕਰਨ ਲੱਗਿਆਂ ਦੇਰ ਨਾ ਲਾਉਂਦਾ, ਪਰ ਉਹ ਹੱਸ ਕੇ ਸਾਰ ਦਿੰਦੀ। ਕਦੇ ਮੋੜਵਾਂ ਜਵਾਬ ਨਾ ਦਿੰਦੀ। ਪੇਕਿਆਂ ’ਚ ਵੀ ਪਿਓ ਦੇ ਗੁੱਸੇ ਤੋਂ ਡਰਦੀ ਸੀ ਕਿ ਉਹਨੇ ਵੀ ਪੇਕੇ ਵੜਨ ਨਹੀਂ ਦੇਣਾ। ਉਹਦਾ ਪਤੀ ਪਿੰਡੋਂ ਦੂਰ ਸ਼ਹਿਰ ਵਿੱਚ ਆਪਣੇ ਵੱਡੇ ਭਰਾ ਦੀ ਦੁਕਾਨ ’ਤੇ ਉਹਦਾ ਹੱਥ ਵਟਾਉਂਦਾ ਸੀ। ਭਰਾ ਮਹੀਨੇ ਦਾ ਰਾਸ਼ਨ ਪਾਣੀ ਦੇ ਦਿੰਦਾ ਤੇ ਘਰ ਦਾ ਮਾੜਾ ਮੋਟਾ ਹੋਰ ਖ਼ਰਚਾ। ਦੁੱਧ ਲਈ ਉਹਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ। ਘਰ ਦੁੱਧ ਵਰਤ ਕੇ ਬਚਦਾ ਦੁੱਧ ਡੇਅਰੀ ਪਾ ਦਿੰਦੀ। ਸਰਬਜੀਤ ਲਾਡਾਂ ਚਾਵਾਂ ਨਾਲ ਉਪਰੋ-ਥਲੀ ਹੋਏ ਦੋਵਾਂ ਬੱਚਿਆਂ ਨੂੰ ਪਾਲਣ ਲੱਗੀ। ਜਦੋਂ ਵਾਢੀ ਹੁੰਦੀ ਤਾਂ ਨਾ ਧੁੱਪ ਵੇਖਦੀ ਨਾ ਛਾਂ, ਖਾਣ ਜੋਗੇ ਦਾਣੇ ਇਕੱਠੇ ਕਰ ਲੈਂਦੀ। ਸੋਹਣੀ ਦਿਨ ਕਟੀ ਹੋ ਰਹੀ ਸੀ।ਕਦੇ ਕਦਾਈਂ ਜੇਠ ਜੇਠਾਣੀ ਵੀ ਪਿੰਡ ਗੇੜਾ ਮਾਰ ਜਾਂਦੇ। ਜਦੋਂ ਉਹ ਪਿੰਡ ਆਉਂਦੇ ਤਾਂ ਸਰਬਜੀਤ ਦੇ ਚਾਅ ਸਾਂਭੇ ਨਾ ਜਾਂਦੇ। ਉਸ ਦਾ ਪਤੀ ਜ਼ਿਆਦਾਤਰ ਆਪਣੇ ਭਰਾ ਦੇ ਘਰ ਹੀ ਰਹਿੰਦਾ ਸੀ। ਉਹ ਹਫ਼ਤੇ ਕੁ ਬਾਅਦ ਪਿੰਡ ਸੌਦਾ ਪੱਤਾ ਦੇਣ ਆਉਂਦਾ ਤੇ ਇੱਕ ਅੱਧਾ ਦਿਨ ਘਰ ਗੁਜ਼ਾਰ ਕੇ ਚਲਿਆ ਜਾਂਦਾ। ਜੁਆਕ ਵੱਡੇ ਹੋ ਰਹੇ ਸਨ। ਸਿਆਣੇ ਕਹਿੰਦੇ ਹਨ, ਜਦੋਂ ਜੁਆਕ ਵੱਡੇ ਹੋਣ ਲੱਗਣ ਤਾਂ ਮਾਂ ਦੇ ਲਾਡ ਦੇ ਨਾਲ ਨਾਲ ਪਿਓ ਦੀ ਘੂਰ ਵੀ ਜ਼ਰੂਰੀ ਹੁੰਦੀ ਹੈ। ਵੇਖਿਆ ਜਾਵੇ ਤਾਂ ਸਰਬਜੀਤ ਜੁਆਕਾਂ ਨੂੰ ਇਕੱਲੀ ਹੀ ਪਾਲ ਰਹੀ ਸੀ, ਉਹ ਵੀ ਆਪਣੇ ਪਤੀ ਨੂੰ ਕਦੇ ਕੋਈ ਸ਼ਿਕਾਇਤ ਕੀਤਿਆਂ ਬਗੈਰ।ਪਿਛਲੇ ਮਹੀਨੇ ਉਹਦਾ ਪਤੀ ਤੜਕੇ ਹੀ ਉਹਦੇ ਜੇਠ ਜੇਠਾਣੀ ਦੇ ਆਉਣ ਦਾ ਸੁਨੇਹਾ ਲੈ ਆਇਆ। ਉਨ੍ਹਾਂ ਦੇ ਘਰ ਆਉਣ ਦੀ ਗੱਲ ਸੁਣ ਸਰਬਜੀਤ ਨੂੰ ਚਾਅ ਚੜ੍ਹ ਗਿਆ ਕਿਉਂਕਿ ਉਹਦੀ ਜੇਠਾਣੀ ਕਿਸੇ ਖ਼ਾਸ ਮੌਕੇ ’ਤੇ ਹੀ ਪਿੰਡ ਆਉਂਦੀ ਸੀ। ਉਹ ਸੋਚਾਂ ’ਚ ਪੈ ਗਈ ਕਿ ਅਜਿਹਾ ਕਿਹੜਾ ਖ਼ਾਸ ਮੌਕਾ ਆਉਣ ਵਾਲਾ ਹੈ? ਫਿਰ ਅਚਨਚੇਤ ਉਹਦਾ ਧਿਆਨ ਰਸੋਈ ਵੱਲ ਦੌੜਿਆ ਤੇ ਉਹ ਆਪਣੇ ਪਤੀ ਨੂੰ ਸੌਦਿਆਂ ਬਾਰੇ ਪੁੱਛਣ ਲੱਗੀ ਕਿ ਇਸ ਵਾਰੀ ਖਾਲੀ ਹੱਥ ਹੀ ਆ ਗਏ? ਉਸ ਦਾ ਪਤੀ ਆਖਣ ਲੱਗਿਆ, ‘‘ਵੀਰੇ ਨੇ ਹਾਲੇ ਪੈਸੇ ਨਈ ਦਿੱਤੇ। ਖਾਲੀ ਹੱਥ ਤੜਕੇ ਤੜਕੇ ਕਿਹੜੀ ਦੁਕਾਨ ’ਤੇ ਜਾ ਕੇ ਖੜ੍ਹ ਜਾਂਦਾ?’’ ਪਤੀ ਦੇ ਮੂੰਹੋਂ ਇਹ ਗੱਲਾਂ ਸੁਣ ਉਹ ਰਸੋਈ ਵੱਲ ਤੁਰ ਪਈ ਤੇ ਚਾਹ ਧਰਨ ਲੱਗੀ। ਜਦੋਂ ਚਾਹ ਪੱਤੀ ਵਾਲੇ ਡੱਬੇ ’ਚ ਹੱਥ ਮਾਰਿਆ ਤਾਂ ਖਾਲੀ ਵੇਖ ਝੱਟ ਆਪਣੀ ਗੁਆਂਢਣ ਹਰਨਾਮੋ ਦਾ ਬੂਹਾ ਜਾ ਖੜਕਾਇਆ। ਚਾਹ ਬਣਾਉਂਦਿਆਂ ਉਹ ਆਪਣੇ ਘਰ ਦੀ ਖਸਤਾ ਹਾਲਤ ਬਾਰੇ ਸੋਚਣ ਲੱਗੀ। ਉਹ ਸੋਚਣ ਲੱਗੀ ਕਿ ‘ਮੇਰਾ ਪਤੀ ਤੇ ਜੇਠ ਇੱਕੋ ਪਿਓ ਦੇ ਪੁੱਤ ਹਨ, ਪਰ ਕਿੰਨਾ ਫ਼ਰਕ ਐ? ਭਾਵੇਂ ਮੇਰਾ ਪਤੀ ਮੇਰੇ ਜੇਠ ਕੋਲ ਦਿਨ ਰਾਤ ਕੰਮ ਕਰਦਾ ਹੈ, ਪਰ ਫੇਰ ਵੀ ਸਾਨੂੰ ਦੋ ਵਕਤ ਦੀ ਰੋਟੀ ਚੱਜ ਨਾਲ ਨਹੀਂ ਜੁੜਦੀ। ਚਲੋ ਕਰਮ ਆਪੋ ਆਪਣੇ’। ਫੇਰ ਸੋਚਿਆ ਬਈ ਅਗਲੇ ਨੂੰ ਵੀ ਸੋਚਣਾ ਚਾਹੀਦੈ ਕਿ ਸਭ ਦੇ ਢਿੱਡ ਲੱਗੇ ਨੇ ਤੇ ਢਿੱਡ ਰੋਟੀ ਮੰਗਦਾ...। ਫੇਰ ਅਚਨਚੇਤ ਉਹਦੀ ਸੋਚਾਂ ਦੀ ਤੰਦ ਜੇਠਾਣੀ ਨਾਲ ਜਾ ਜੁੜੀ ਕਿ ਨਾਂ ਵੀ ਰਾਣੀ ਤੇ ਉਂਝ ਵੀ ਰਾਣੀ। ਕਦੇ ਹਲਕਾ ਕੱਪੜਾ ਨਹੀਂ ਪਾਇਆ ਦੇਖਿਆ। ਨਿੱਤ ਨਵੇਂ ਤੋਂ ਨਵਾਂ ਕੱਪੜਾ ਹੰਢਾਉਂਦੀ ਹੈ। ਪਤੀ ਨੂੰ ਚਾਹ ਦਾ ਗਿਲਾਸ ਫੜਾ, ਰੋਟੀ ਨਾਲ ਨੂੰ ਕੀ ਧਰੇ? ਸੋਚਣ ਲੱਗੀ। ਅੱਜ ਤਾਂ ਘਰ ’ਚ ਦਾਲ ਵੀ ਨਹੀਂ। ਗ਼ਰੀਬ ਦਾ ਕੀ ਐ? ਉਹ ਤਾਂ ਅਚਾਰ ਨਾਲ ਵੀ ਰੋਟੀ ਦੀ ਬੁਰਕੀ ਖਾ ਲੈਂਦੈ। ਉਹ ਰਸੋਈ ’ਚ ਬਾਰੀ ’ਤੇ ਅਖ਼ਬਾਰ ਹੇਠਾਂ ਹੱਥ ਮਾਰ ਲੱਭਣ ਲੱਗੀ, ਜੇ ਕੋਈ ਰੁਪਿਆ ਲੱਭ ਜਾਵੇ। ਉਹ ਕਦੇ ਕਦਾਈਂ ਉੱਥੇ ਪੈਸਾ ਧੇਲਾ ਰੱਖ ਦਿੰਦੀ ਸੀ ਜਿਹੜਾ ਅੜਦੇ ਥੁੜ੍ਹਦੇ ਕੰਮ ਆ ਜਾਂਦਾ ਸੀ ਤੇ ਅੱਜ ਵੀ ਸਰ ਗਿਆ। ਬਾਰੀ ਤੋਂ ਪੰਜਾਹ ਰੁਪਏ ਦਾ ਨੋਟ ਚੁੱਕ ਉਹਨੇ ਆਪਣੇ ਪੁੱਤ ਕਰਮੇ ਨੂੰ ਹਾਕ ਮਾਰੀ ਕਿ ਹੱਟੀ ਤੋਂ ਜਾ ਕੇ ਪੰਜਾਹਾਂ ਦੀ ਮਾਂਹ ਦੀ ਦਾਲ ਲੈ ਆਵੇ ਤਾਂ ਜੋ ਜੇਠ ਜੇਠਾਣੀ ਲਈ ਦਾਲ ਚੁੱਲੇ ’ਤੇ ਧਰ ਦੇਵੇ।

ਇਸ ਵਾਰ ਸਰਬਜੀਤ ਦੀ ਜੇਠਾਣੀ ਪਿੰਡ ਆਈ ਤਾਂ ਉਹਨੂੰ ਵੇਖ ਕੇ ਸਰਬਜੀਤ ਨੂੰ ਆਪਣੀ ਪੁਰਾਣੀ ਅਧੂਰੀ ਸਹਿਕਦੀ ਰੀਝ ਚੇਤੇ ਆ ਗਈ। ਆਪਣੀ ਜੇਠਾਣੀ ਰਾਣੀ ਦੇ ਸਿਲਕ ਦਾ ਸੂਟ ਪਾਇਆ ਵੇਖ ਉਹਦੀ ਨਿਗਾਹ ਨਾਲ ਹੀ ਉਹਦੇ ਪੈਰਾਂ ’ਤੇ ਜਾ ਪਈ। ਉਹਦੇ ਪੰਜਾਬੀ ਤਿੱਲੇ ਦੀ ਕੱਢੀ ਜੁੱਤੀ ਖ਼ੂਬ ਜਚ ਰਹੀ ਸੀ। ਸਰਬਜੀਤ ਦੇ ਮਨ ਨੂੰ ਅਧੂਰੀ ਰੀਝ ਦੇ ਪਰਛਾਵੇਂ ਦੇ ਸੇਕ ਨੇ ਘੇਰ ਲਿਆ। ਉਹ ਆਪਣੇ ਪੈਰਾਂ ਵਿੱਚ ਪਾਈ ਹੋਈ ਘਸੀ, ਗੋਹੇ ਨਾਲ ਲਿਬੜੀ ਕੈਂਚੀ ਚੱਪਲ ਨੂੰ ਘੂਰਨ ਲੱਗੀ। ਉਹਦੀ ਜੇਠਾਣੀ ਅੱਜ ਆਪਣੀ ਧੀ ਦੇ ਪੱਕੇ ਹੋਏ ਸਾਕ ਦੀ ਖ਼ੁਸ਼ੀ ਸਾਂਝੀ ਕਰਨ ਆਈ ਸੀ। ਜਦੋਂ ਜੇਠਾਣੀ ਨੇ ਉਹਨੂੰ ਅਗਲੇ ਮਹੀਨੇ ਵਿਆਹ ਬਾਰੇ ਦੱਸਿਆ ਤਾਂ ਸਰਬਜੀਤ ਨੂੰ ਚਾਅ ਚੜ੍ਹ ਗਿਆ। ਉਹ ਆਖਣ ਲੱਗੀ, ‘‘ਚਲੋ ਚੰਗਾ! ਧੀਆਂ ਦੇ ਸਾਕ ਤਾਂ ਜਿੰਨੀ ਛੇਤੀ ਹੋ ਜਾਣ ਓਨਾ ਚੰਗਾ। ਉਮਰ ਸਿਰ ਸਾਕ ਵਧੀਆ ਰਹਿੰਦੇ ਨੇ।’’ ਰਾਣੀ ਉਹਦੀ ਗੱਲ ਸੁਣ ਕੇ ਆਖਣ ਲੱਗੀ, ‘‘ਤਾਈਆਂ ਚਾਚੀਆਂ ਵੀ ਮਾਵਾਂ ਬਰਾਬਰ ਹੁੰਦੀਆਂ ਨੇ। ਮੈਥੋਂ ’ਕੱਲੀ ਤੋਂ ਵਿਆਹ ਦਾ ਚੱਕਣ ਨਹੀਂ ਸਾਂਭ ਹੋਣਾ। ਤੂੰ ਹਫ਼ਤਾ ਪਹਿਲਾਂ ਆ ਜਾਵੀਂ।’’ ਜੇਠਾਣੀ ਦੀਆਂ ਗੱਲਾਂ ਸੁਣ ਸਰਬਜੀਤ ਆਖਣ ਲੱਗੀ, ‘‘ਆਉਣ ਨੂੰ ਤਾਂ ਮੈਂ ਭਲਾ ਦਸ ਦਿਨ ਪਹਿਲਾਂ ਆ ਜਾਵਾਂ, ਪਰ ਮੇਰੀਆਂ ਦੋ ਮੱਝਾਂ ਕਿਹਨੇ ਸਾਂਭਣੀਆਂ? ਸੁੱਖ ਨਾਲ ਸੋਹਣਾ ਦੁੱਧ ਦਿੰਦੀਆਂ ਨੇ। ਮੈਂ ਡੇਅਰੀ ਵੀ ਦੁੱਧ ਪਾ ਆਉਂਦੀ ਆਂ। ਮੱਝਾਂ ਦੇ ਕੱਖ ਕੰਡੇ ਦੀ ਖੇਚਲ ਕੌਣ ਕਰੂ?’’ ਸਰਬਜੀਤ ਦੀ ਗੱਲ ਸੁਣ ਰਾਣੀ ਆਖਣ ਲੱਗੀ, ‘‘ਇਹ ਮੈਨੂੰ ਨਹੀਂ ਪਤਾ... ਜੇ ਤੇਰੀ ਆਪਣੀ ਧੀ ਦਾ ਵਿਆਹ ਹੁੰਦਾ ਫੇਰ ਵੀ ਭਲਾ ਤੂੰ ਐਦਾਂ ਈ ਕਹਿੰਦੀ? ਮਰਜ਼ੀ ਤੇਰੀ... ਮੇਰਾ ਭਲਾ ਕੀ ਜ਼ੋਰ ਤੇਰੇ ’ਤੇ?’’ ਉਸ ਦੀਆਂ ਏਨੇ ਮਾਣ ਅਤੇ ਹੱਕ ਭਰੀਆਂ ਗੱਲਾਂ ਸੁਣ ਸਰਬਜੀਤ ਨੇ ਉਹਨੂੰ ਜ਼ੁਬਾਨ ਦੇ ਦਿੱਤੀ ਕਿ ਉਹ ਹਫ਼ਤਾ ਪਹਿਲਾਂ ਆ ਜਾਵੇਗੀ।ਥੋੜ੍ਹੇ ਦਿਨ ਇੰਜ ਹੀ ਬੀਤ ਗਏ। ਵਿਆਹ ਤੋਂ ਪੰਦਰਾਂ ਕੁ ਦਿਨ ਪਹਿਲਾਂ ਸਰਬਜੀਤ ਦਾ ਪਤੀ ਘਰ ਆਇਆ ਤਾਂ ਉਹਦੇ ਹੱਥਾਂ ਵਿੱਚ ਨਵੇਂ ਨਕੋਰ ਕੱਪੜਿਆਂ ਵਾਲੇ ਲਿਫ਼ਾਫ਼ੇ ਵੇਖ ਜੁਆਕ ਚਾਈਂ ਚਾਈਂ ਉਹਦੇ ਦੁਆਲੇ ਘੁੰਮਣ ਲੱਗੇ। ਉਹ ਸਮਝ ਗਏ ਕਿ ਇਸ ਵਾਰ ਉਨ੍ਹਾਂ ਦੇ ਪਿਉ ਦੇ ਹੱਥ ਵਿੱਚ ਉਨ੍ਹਾਂ ਲਈ ਵਿਆਹ ’ਤੇ ਪਾਉਣ ਵਾਲੇ ਕੱਪੜੇ ਹਨ। ਸਰਬਜੀਤ ਦੇ ਮਨ ਅੰਦਰ ਵੀ ਰੀਝ ਉੱਠ ਖੜ੍ਹੀ ਹੋਈ ਲਿਫ਼ਾਫੇ ਵਿਚਲੇ ਕੱਪੜੇ ਵੇਖਣ ਦੀ। ਜਦੋਂ ਉਹਦਾ ਪਤੀ ਬੱਚਿਆਂ ਨੂੰ ਵਿਆਹ ’ਤੇ ਪਾਉਣ ਲਈ ਲਿਆਂਦੇ ਕੱਪੜੇ ਵਿਖਾਉਣ ਲੱਗਿਆ, ਉਹਨੇ ਇੱਕ ਲਿਫ਼ਾਫ਼ਾ ਪੇਟੀ ’ਤੇ ਰੱਖ ਦਿੱਤਾ ਅਤੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇਸ ਵਿੱਚ ਉਸ ਦਾ ਜ਼ਰੂਰੀ ਸਾਮਾਨ ਹੈ, ਇਸ ਨੂੰ ਕੋਈ ਨਹੀਂ ਛੇੜੇਗਾ। ਦੋਵੇਂ ਬੱਚੇ ਆਪਣੇ ਆਪੋ ਆਪਣੇ ਕੱਪੜੇ ਲੈ ਕੇ ਚਾਈਂ ਚਾਈਂ ਪਾ ਕੇ ਵੇਖਣ ਲੱਗੇ। ਸਰਬਜੀਤ ਦੇ ਮਨ ‘ਚੋਂ ਇੱਕ ਅਜੀਬ ਜਿਹੀ ਚੀਸ ਨਿਕਲੀ ਕਿ ਇਸ ਵਾਰ ਵੀ ਮੇਰੇ ਲਈ ਕੁਝ ਨਹੀਂ ਲੈ ਕੇ ਆਏ। ਪਰ ਛੇਤੀ ਹੀ ਬੱਚਿਆਂ ਦੇ ਚਿਹਰੇ ਦੀ ਰੌਣਕ ਹੇਠ ਉਹ ਚੀਸ ਦੱਬ ਗਈ। ਉਹਨੇ ਪੇਟੀ ਤੋਂ ਲਿਫ਼ਾਫ਼ਾ ਚੁੱਕ ਪਰ੍ਹੇ ਰੱਖ ਦਿੱਤਾ ਅਤੇ ਪੇਟੀ ’ਚੋਂ ਉਹਦੀ ਭਾਬੀ ਦਾ ਦਿੱਤਾ ਹੋਇਆ ਸੂਟ ਵੇਖਣ ਲੱਗੀ ਜਿਹੜਾ ਇਸ ਵਾਰ ਰੱਖੜੀਆਂ ’ਤੇ ਉਹਨੂੰ ਦਿੱਤਾ ਸੀ। ਉਂਜ ਤਾਂ ਸੂਟ ਸੋਹਣਾ ਸੀ, ਪਰ ਸਰਬਜੀਤ ਨੂੰ ਉਹਦਾ ਰੰਗ ਭੋਰਾ ਪਸੰਦ ਨਹੀਂ ਸੀ। ਇਸ ਲਈ ਉਹਨੇ ਇਹ ਸੋਚਕੇ ਪੇਟੀ ਵਿੱਚ ਰੱਖ ਦਿੱਤਾ ਸੀ ਕਿ ਕਿਤੇ ਦੇਣ ਲੈਣ ਦੇ ਕੰਮ ਆ ਜਾਵੇਗਾ। ਪਰ ਹੁਣ ਸੋਚਿਆ ਕਿ ਚਲੋ ਉਹਦੇ ਨਾਲ ਹੀ ਵਿਆਹ ਦਾ ਕੰਮ ਸਾਰ ਲਵਾਂਗੀ। ਉਹ ਸੂਟ ਪੇਟੀ ’ਤੇ ਰੱਖ ਆਪ ਰਸੋਈ ਵਿੱਚ ਭਾਂਡੇ ਧੋਣ ਲੱਗੀ। ਉਹਨੇ ਸੋਚਿਆ ਕਿ ਆਪਣੀ ਗੁਆਂਢਣ ਹਰਨਾਮ ਕੌਰ ਦੀ ਨੂੰਹ ਨੂੰ ਸੂਟ ਸਿਊਣ ਲਈ ਦੇ ਆਵੇ। ਜਦੋਂ ਉਹ ਭਾਂਡੇ ਧੋ ਕਮਰੇ ਵਿੱਚ ਵਾਪਸ ਆਈ ਤਾਂ ਪੇਟੀ ’ਤੇ ਗੁਲਾਬੀ ਰੰਗ ਦਾ ਸਿਲਕ ਦਾ ਸੂਟ ਅਤੇ ਪੰਜਾਬੀ ਤਿੱਲੇਦਾਰ ਜੁੱਤੀ ਵੇਖ ਉਹਦੀਆਂ ਅੱਖਾਂ ਭਰ ਆਈਆਂ। ਉਹ ਆਪਣੇ ਪਤੀ ਦੇ ਮੁਸਕਰਾਉਂਦੇ ਹੋਏ ਚਿਹਰੇ ਵੱਲ ਵੇਖ ਕੇ ਮੁਸਕਰਾ ਪਈ। ਅੱਜ ਉਹਨੂੰ ਬਹੁਤ ਚੰਗਾ ਲੱਗ ਰਿਹਾ ਸੀ ਕਿ ਉਹਦੇ ਪਤੀ ਨੇ ਉਹਦੀ ਐਨੇ ਸਾਲਾਂ ਦੀ ਰੀਝ ਪੁਗਾ ਦਿੱਤੀ। ਉਹ ਭੱਜੀ ਭੱਜੀ ਆਪਣੀ ਗੁਆਂਢਣ ਕੋਲ ਸਿਲਕ ਦਾ ਗੁਲਾਬੀ ਸੂਟ ਸਿਉਣ ਲਈ ਦੇ ਆਈ। ਉਹਨੇ ਗੱਲਾਂ ਗੱਲਾਂ ਵਿੱਚ ਹਰਨਾਮ ਕੌਰ ਨੂੰ ਮਨਾ ਲਿਆ ਕਿ ਉਹ ਇੱਕ ਹਫ਼ਤੇ ਲਈ ਉਹਦੀਆਂ ਮੱਝਾਂ ਨੂੰ ਸਾਂਭੇਗੀ। ਇਸ ਬਦਲੇ ਉਹ ਹਫ਼ਤੇ ਭਰ ਦਾ ਦੁੱਧ ਭਾਵੇਂ ਵਰਤੇ ਭਾਵੇਂ ਡੇਅਰੀ ਪਾਵੇ ਉਹਦੀ ਮਰਜ਼ੀ। ਰਿਸ਼ਤਿਆਂ ਲਈ ਉਹ ਸਭ ਨਫ਼ੇ ਨੁਕਸਾਨ ਝੱਲਣ ਲਈ ਤਿਆਰ ਸੀ।ਆਪਣੀ ਜੇਠਾਣੀ ਨੂੰ ਦਿੱਤੀ ਹੋਈ ਆਪਣੀ ਜ਼ੁਬਾਨ ਦਾ ਮਾਣ ਰੱਖਦਿਆਂ ਉਹ ਹਫ਼ਤਾ ਪਹਿਲਾਂ ਉਸ ਦੇ ਘਰ ਪਹੁੰਚ ਗਈ। ਉਹ ਇੰਜ ਨੱਠ-ਭੱਜ ਕੇ ਕੰਮ ਕਰ ਰਹੀ ਸੀ ਜਿਵੇਂ ਸੱਚਮੁਚ ਉਹਦੀ ਧੀ ਦਾ ਹੀ ਵਿਆਹ ਹੋਵੇ। ਵਿਆਹ ਵਾਲੇ ਦਿਨ ਉਹ ਬਹੁਤ ਜਚ ਰਹੀ ਸੀ। ਉਹ ਆਪਣੇ ਗੁਲਾਬੀ ਸਿਲਕ ਦੇ ਸੂਟ ਅਤੇ ਜੁੱਤੀ ਨੂੰ ਵਾਰ ਵਾਰ ਨਿਹਾਰ ਰਹੀ ਸੀ। ਨਿਹਾਰਦੀ ਵੀ ਕਿਉਂ ਨਾ, ਵਿਆਹ ਦੇ ਐਨੇ ਵਰ੍ਹਿਆਂ ਪਿੱਛੋਂ ਤਾਂ ਉਹਦੀ ਰੀਝ ਪੂਰੀ ਹੋਈ ਸੀ। ਹੁਣ ਤਕ ਤਾਂ ਉਹ ਆਏ ਗਏ ਕੱਪੜਿਆਂ ਨਾਲ ਹੀ ਤਨ ਢੱਕਦੀ ਆ ਰਹੀ ਸੀ ਜਾਂ ਫਿਰ ਕਿਸੇ ਤਿੱਥ ਤਿਉਹਾਰ ’ਤੇ ਆਪਣੇ ਮਾਪਿਆਂ ਵੱਲੋਂ ਆਏ ਕੱਪੜੇ ਚਾਈਂ ਚਾਈਂ ਹੰਢਾ ਲੈਂਦੀ। ਵਿਆਹ ਸੁੱਖੀ ਸਾਂਦੀ ਹੋ ਗਿਆ। ਕੁੜੀ ਸ਼ਗਨਾਂ ਨਾਲ ਆਪਣੇ ਸਹੁਰੇ ਘਰ ਤੁਰ ਗਈ। ਵਿਆਹ ਤੋਂ ਅਗਲੇ ਦਿਨ ਉਹ ਘਰ ਦੀ ਸਾਫ਼ ਸਫ਼ਾਈ ਵਿੱਚ ਰੁੱਝ ਗਈ। ਐਨੇ ਨੂੰ ਉਹਦੀ ਜੇਠਾਣੀ ਦੀ ਇੱਕ ਗੁਆਂਢਣ ਉਨ੍ਹਾਂ ਦੇ ਘਰ ਆ ਬੈਠੀ। ਸਰਬਜੀਤ ਚਾਈਂ ਚਾਈਂ ਉਹਦੇ ਲਈ ਚਾਹ ਬਣਾ ਤੇ ਇੱਕ ਪਲੇਟ ਵਿੱਚ ਸੀਰਨੀ ਪਾ ਕੇ ਲੈ ਆਈ। ਜੇਠਾਣੀ ਦਾ ਸਿਰ ਦੁਖਦਾ ਸੀ ਤੇ ਉਹ ਚੁੱਪਚਾਪ ਬੈੱਡ ’ਤੇ ਬੈਠੀ ਸੀ ਕਿ ਅਚਾਨਕ ਗੁਆਂਢਣ ਨੇ ਗੱਲ ਸ਼ੁਰੂ ਕੀਤੀ, ‘‘ਧੀਏ! ਨਾਂ ਕੀ ਐ ਤੇਰਾ?’’

ਉਹ ਬੜੇ ਮੋਹ ਨਾਲ ਪੁੱਛ ਰਹੀ ਸੀ ਤੇ ਉਸ ਦਾ ਧੀਏ ਕਹਿ ਕੇ ਬੁਲਾਉਣਾ ਉਸ ਦੇ ਮਨ ਨੂੰ ਟੁੰਬ ਗਿਆ। ਉਹ ਬੜੀ ਹਲੀਮੀ ਨਾਲ ਆਖਣ ਲੱਗੀ, ‘‘ਜੀ! ਸਰਬਜੀਤ।’’

ਗੁਆਂਢਣ ਉਸ ਦੀ ਜੇਠਾਣੀ ਤੇ ਉਸ ਦੇ ਵੱਲ ਵੇਖਦੀ ਹੋਈ ਕਹਿਣ ਲੱਗੀ, ‘‘ਧੀਏ! ਮੇਰੀ ਪੋਤੀ ਦਾ ਵਿਆਹ ਹੈ ਅਗਲੇ ਹਫ਼ਤੇ। ਹੁਣ ਤੂੰ ਕਿਤੇ ਨਾ ਜਾਈਂ। ਥੋੜ੍ਹੇ ਦਿਨ ਹੋਰ ਰੁਕ ਜਾ।’’

ਸਰਬਜੀਤ ਨੂੰ ਉਹਦੇ ਹੱਕ ਤੇ ਲਾਡ ਨਾਲ ਕਹੇ ਬੋਲ ਸੁਣ ਕੇ ਬਹੁਤ ਚੰਗਾ ਲੱਗਾ। ਉਹ ਉਸੇ ਲਾਡ ਨਾਲ ਆਖਣ ਲੱਗੀ, ‘‘ਮਾਂ ਜੀ! ਹੋਰ ਤਾਂ ਕੁਝ ਨਈਂ... ਬੱਚਿਆਂ ਦੇ ਪੇਪਰ ਨੇ... ਨਾਲੇ ਮੈਂ ਆਪਣਾ ਘਰ ਵੀ ਵੇਖਣਾ ਜਾ ਕੇ... ਕਿੰਨੇ ਦਿਨ ਹੋ ਗਏ! ਗੁਆਂਢੀਆਂ ਨੂੰ ਕਹਿ ਕੇ ਆਈ ਸੀ ਪਸ਼ੂ ਸਾਂਭਣ ਲਈ। ਹੋਰ ਰਹਿ ਕੇ ਨਹੀਂ ਸਰਨਾ ਮੇਰਾ।’’

ਉਹ ਬਜ਼ੁਰਗ ਮਾਣ ਨਾਲ ਆਖਣ ਲੱਗੀ, ‘‘ਤੇਰਾ ਹੱਕ ਨਹੀਂ ਰੱਖਦੀ ਮੈਂ। ਤੈਨੂੰ ਤੇਰੇ ਕੰਮ ਦਾ ਪੂਰਾ ਲਾਗ ਦੇਊਂਗੀ। ਉਂਝ ਵੀ ਤੂੰ ਸੋਹਣੀ ਸੁਨੱਖੀ ਤੇ ਸਾਫ਼ ਸੁਥਰੀ ਐਂ। ਕੰਮ ਨੂੰ ਵੀ ਸੋਹਣਾ ਹੱਥ ਪਾਉਂਦੀ ਐਂ ਜਿਵੇਂ ਘਰ ਦਾ ਵਿਆਹ ਹੋਵੇ। ਜਿੱਦਾਂ ਦਾ ਸਿਲਕ ਦਾ ਸੂਟ ਤੇ ਤਿੱਲੇਦਾਰ ਪੰਜਾਬੀ ਜੁੱਤੀ ਰਾਣੀ ਨੇ ਦਿੱਤੀ, ਤੈਨੂੰ ਉਹਦੇ ਨਾਲੋਂ ਵੀ ਵਧੀਆ ਦੇਊਂਗੀ।’’ ਗੁਆਂਢਣ ਦੀਆਂ ਗੱਲਾਂ ਸੁਣ ਕੇ ਸਰਬਜੀਤ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਆਪਣੀ ਜੇਠਾਣੀ ਦੇ ਮੂੰਹ ਵੱਲ ਵੇਖਣ ਲੱਗੀ ਜਿਹੜੀ ਸਰਬਜੀਤ ਤੋਂ ਨਜ਼ਰਾਂ ਚੁਰਾ ਰਹੀ ਸੀ। ਸਰਬਜੀਤ ਚੁੱਪਚਾਪ ਬਿਨਾਂ ਕੁਝ ਆਖਿਆ ਉੱਥੋਂ ਉੱਠ ਅੰਦਰ ਗਈ ਤੇ ਆਪਣਾ ਸਾਮਾਨ ਪੈਕ ਕਰ ਤੁਰਨ ਲੱਗੀ ਤਾਂ ਆਪਣੇ ਪਤੀ ਨੂੰ ਸਿਲਕ ਦਾ ਸੂਟ ਤੇ ਜੁੱਤੀ ਫੜਾਉਂਦਿਆਂ ਆਖਣ ਲੱਗੀ, ‘‘ਕੁਝ ਰੀਝਾਂ ਅਧੂਰੀਆਂ ਹੀ ਚੰਗੀਆਂ ਉਨ੍ਹਾਂ ਪੂਰੀਆਂ ਰੀਝਾਂ ਨਾਲੋਂ ਜਿਹੜੀਆਂ ਰੂਹ ’ਤੇ ਕੰਡਿਆਂ ਵਾਂਗੂੰ ਜ਼ਿੰਦਗੀ ਭਰ ਚੁੱਭਦੀਆਂ ਰਹਿਣ ਤੇ ਅਜਿਹੀਆਂ ਰੀਝਾਂ ਦੀ ਕੀਮਤ ਲਾਉਣੀ ਆਪਣੇ ਵੱਸ ਵਿੱਚ ਨਹੀਂ ਹੁੰਦੀ।’’ ਉਹ ਆਪਣੇ ਦੋਵਾਂ ਜੁਆਕਾਂ ਨਾਲ ਬੱਸ ਅੱਡੇ ਵੱਲ ਤੁਰ ਪਈ।

ਮਨਦੀਪ ਰਿੰਪੀ

ਸੰਪਰਕ: 98143-85918