ਪੰਜਾਬ ਵਿਚ ਭਾਜਪਾਈਆਂ ਦੀ ਦੁਰਗਤੀ; ਭੱਜਦਿਆਂ ਨੂੰ ਨਹੀਂ ਮਿਲ ਰਿਹਾ ਰਾਹ

ਪੰਜਾਬ ਵਿਚ ਭਾਜਪਾਈਆਂ ਦੀ ਦੁਰਗਤੀ; ਭੱਜਦਿਆਂ ਨੂੰ ਨਹੀਂ ਮਿਲ ਰਿਹਾ ਰਾਹ
ਕਿਸਾਨਾਂ ਦੇ ਆਉਣ ਤੋਂ ਕੰਧ ਟੱਪ ਕੇ ਭੱਜਦਾ ਹੋਇਆ ਭਾਜਪਾ ਦਾ ਵਰਕਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੀ ਭਾਰਤ ਦੀ ਭਾਜਪਾ ਸਰਕਾਰ ਦੇ ਪੰਜਾਬ ਵਿਚਲੇ ਆਗੂਆਂ ਖਿਲਾਫ ਲੋਕਾਂ 'ਚ ਰੋਹ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐਮ-ਕਿਸਾਨ ਸਕੀਮ ਦੀ ਕਿਸ਼ਤ ਜਾਰੀ ਕਰਨ ਸਬੰਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਰੱਖੇ ਸਮਾਗਮਾਂ ਵਿਚੋਂ ਭਾਜਪਾ ਦੇ ਆਗੂ ਭੱਜਦੇ ਨਜ਼ਰ ਆਏ। ਹਰ ਥਾਂ 'ਤੇ ਕਿਸਾਨ ਕਾਲੇ ਝੰਡੇ ਲੈ ਕੇ ਭਾਜਪਾ ਦੇ ਇਹਨਾਂ ਪ੍ਰੋਗਰਾਮਾਂ ਦਾ ਵਿਰੋਧ ਕਰਨ ਪਹੁੰਚੇ ਅਤੇ ਕਈ ਥਾਂ 'ਤੇ ਕਿਸਾਨਾਂ ਦੀ ਪੁਲਸ ਨਾਲ ਝੜਪ ਵੀ ਹੋਈ। 

ਪੰਜਾਬ ਪੁਲੀਸ ਵੱਲੋਂ ਕੀਤੀ ਗਈ ਸਖ਼ਤ ਨਾਕਾਬੰਦੀ ਵੀ ਕਿਸਾਨਾਂ ਨੂੰ ਵਿਰੋਧ ਕਰਨ ਤੋਂ ਰੋਕ ਨਾ ਸਕੀ। ਬਠਿੰਡਾ ਵਿੱਚ ਕਿਸਾਨਾਂ ਨੇ ਭਾਜਪਾ ਆਗੂਆਂ ਵੱਲੋਂ ਲਾਈ ਸਟੇਜ ’ਤੇ ਹੀ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਜਲੰਧਰ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਪੁਲੀਸ ਅਤੇ ਕਿਸਾਨਾਂ ਵਿਚਾਲੇ ਹੋਈਆਂ ਝੜੱਪਾਂ ਦੌਰਾਨ ਕਈ ਕਿਸਾਨਾਂ ਦੀਆਂ ਦਸਤਾਰਾਂ ਲੱਥ ਗਈਆਂ। ਰੋਹ ਵਿੱਚ ਆਏ ਕਿਸਾਨਾਂ ਨੇ ਭਾਜਪਾ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲਿਆ। ਪੁਲੀਸ ਕਾਰਵਾਈ ਖ਼ਿਲਾਫ਼ ਕਿਸਾਨਾਂ ਨੇ ਭਾਜਪਾ ਦੇ ਦਫ਼ਤਰ ਮੂਹਰੇ ਹੀ ਧਰਨਾ ਦੇ ਦਿੱਤਾ। ਹੁਸ਼ਿਆਰਪੁਰ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਫਗਵਾੜਾ, ਮੁਕੇਰੀਆਂ ਅਤੇ ਕਈ ਹੋਰਨਾਂ ਸ਼ਹਿਰਾਂ ਵਿੱਚ ਤਾਂ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਦਾ ਰੁਖ਼ ਦੇਖ ਕੇ ਸਮਾਗਮ ਵਿੱਚੋਂ ਜਾਣਾ ਹੀ ਬਿਹਤਰ ਸਮਝਿਆ।

ਮੁਕੇਰੀਆਂ ਸ਼ਹਿਰ ਦੇ ਇਕ ਪੈਲੇਸ ’ਚ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਦੌਰਾਨ ਖੇਤੀ ਕਾਨੂੰਨਾਂ ਦੇ ਫਾਇਦੇ ਸੁਣਨ ਆਏ ਭਾਜਪਾ ਕਾਰਕੁਨਾਂ ਨੂੰ ਕਿਸਾਨੀ ਰੋਹ ਕਾਰਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜਣਾ ਪਿਆ। ਇਸ ਦੌਰਾਨ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਗੱਡੀ ’ਚ ਚੁੱਪ-ਚੁਪੀਤੇ ਖਿਸਕ ਗਏ।