ਵੱਖ ਵੱਖ ਦੇਸਾਂ ਵਿਚ ਸਰਕਾਰਾਂ ਵਲੋਂ ਬਣਾਈਆਂ ਜਾ ਚੁਕੀਆਂ ਨੇ ਪ੍ਰਾਈਵੇਟ ਆਰਮੀਆਂ

ਵੱਖ ਵੱਖ ਦੇਸਾਂ ਵਿਚ ਸਰਕਾਰਾਂ ਵਲੋਂ ਬਣਾਈਆਂ ਜਾ ਚੁਕੀਆਂ ਨੇ ਪ੍ਰਾਈਵੇਟ ਆਰਮੀਆਂ

ਖਤਰਨਾਕ ਅਪਰਾਧੀ ,ਗੈਗਸਟਰ ,ਫੌਜੀ ਕੀਤੇ ਜਾਂਦੇ ਨੇ ਭਰਤੀ

*ਡਰੱਗ ਸਪਲਾਇਰਾਂ ਵਲੋਂ ਬਣਾਈ ਗਈ ਹੈ ਨਿੱਜੀ ਫੌਜ

*ਖਾੜਕੂ ਲਹਿਰ ਖਤਮ ਕਰਨ ਲਈ ਪੰਜਾਬ ਵਿਚ ਬਣਾਈ ਗਈ ਸੀ ,ਕੈਟਾਂ ਦੇ ਰੂਪ ਵਿਚ ਨਿੱਜੀ ਆਰਮੀ

ਹੁਣੇ ਜਿਹੇ ਨਿੱਜੀ ਤੇ ਗੁਪਤ ਆਰਮੀ ਦੁਆਰਾ ਗਾਇਕ ਸਿਧੂ ਮੂਸੇਵਾਲ,ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ,ਹਰਦੀਪ ਸਿੰਘ ਨਿਝਰ ਆਦਿ ਨੂੰ ਕਤਲ ਕੀਤਾ ਜਾ ਚੁਕਾ ਹੈ।ਇਹ ਨਿਜੀ ਆਰਮੀਆਂ ਸਰਕਾਰ ਵਲੋਂ ਬਣਾਈਆਂ ਜਾਂਦੀਆਂ ਹਨ।ਬੀਤੇ ਸਮੇਂ ਦੌਰਾਨ ਖਾੜਕੂਵਾਦ ਨੂੰ ਖਤਮ ਕਰਨ ਲਈ ਕੈਟਾਂ ਦੀ ਨਿੱਜੀ ਆਰਮੀ ਦੀ ਸਰਕਾਰ ਵਲੋਂ ਵਰਤੋਂ ਕੀਤੀ ਗਈ।ਉਸ ਸਮੇਂ ਆਲਮ ,ਵਿਰਕ ,ਸੈਣੀ ਸੈਨਾ ਵਰਗੇ ਅਨੇਕਾਂ ਗਰੁਪ ਸਰਗਰਮ ਸਨ ,ਜਿਹਨਾਂ ਪੰਜਾਬ ਵਿਚ ਲੁਟਾਂ ਖੋਹਾਂ, ਨਾਜਾਇਜ਼ ਕਤਲ ਕੀਤੇ।

ਇਸ ਸਾਲ ਜੂਨ ਵਿਚ ਜਦੋਂ ਯੂਕਰੇਨ ਦੀ ਜੰਗ 'ਚ ਪੁਤਿਨ ਦਾ ਸਾਥ ਦੇਣ ਵਾਲੀ ਨਿਜੀ ਫੌਜ ਵੈਗਨਰ ਗਰੁੱਪ ਨੇ ਖੁਦ ਰੂਸ ਖਿਲਾਫ ਬਗਾਵਤ ਕਰ ਦਿੱਤੀ ਸੀ ਤਾਂ ਇਹ ਨਿੱਜੀ ਫੌਜ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ। ਕਿਹਾ ਜਾਂਦਾ ਹੈ ਕਿ ਵੈਗਨਰ ਆਰਮੀ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਦੁਆਰਾ ਖੁਦ, ਇੱਕ ਰੂਸੀ ਅਧਿਕਾਰੀ ਦਮਿੱਤਰੀ ਉਟਕਿਨ ਅਤੇ 61 ਸਾਲਾ ਫਾਈਨਾਂਸਰ ਯੇਵਗੇਨੀ ਪ੍ਰਿਗੋਜਿਨ ਦੇ ਨਾਲ ਮਿਲਕੇ ਬਣਾਇਆ ਸੀ।ਇਸ ਦੇ ਬਾਨੀ ਯੇਵਨੀ ਬਾਰੇ ਦਸਿਆ ਜਾਂਦਾ ਹੈ ਕਿ ਇਸ ਨੂੰ ਸੋਵੀਅਤ ਕਾਲ ਵਿੱਚ ਕੁੱਟਮਾਰ, ਕਤਲ ਅਤੇ ਬਲਾਤਕਾਰ ਦੇ ਦੋਸ਼ ਵਿੱਚ ਨੌਂ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸਨੇ ਸੇਂਟ ਪੀਟਰਸਬਰਗ ਵਿੱਚ ਆਪਣੀ ਮਾਂ ਅਤੇ ਮਤਰੇਏ ਪਿਤਾ ਨਾਲ ਢਾਬਾ ਖੋਲ੍ਹਿਆ। ਬਾਅਦ ਵਿੱਚ ਉਸਨੂੰ ਅਣਜਾਣ ਸਰੋਤਾਂ ਤੋਂ ਇੰਨੇ ਪੈਸੇ ਮਿਲੇ ਕਿ ਉਸਨੇ ਪੂਰੇ ਰੂਸ ਵਿੱਚ ਰੈਸਟੋਰੈਂਟਾਂ ਦੀ ਇੱਕ ਲੜੀ ਖੋਲ੍ਹ ਦਿੱਤੀ। ਕੁਝ ਹੀ ਦੇਰ ਵਿਚ ਉਸ ਦਾ ਨਾਂ ਰੂਸ ਦੇ ਅਰਬਪਤੀਆਂ ਦੀ ਸੂਚੀ ਵਿਚ ਆ ਗਿਆ ।ਬਾਅਦ ਵਿਚ ਉਸ ਨੇ ਪੁਤਿਨ ਨਾਲ ਆਪਣੇ ਇਕ ਰੈਸਟੋਰੈਂਟ ਵਿਚ ਮੁਲਾਕਾਤ ਕੀਤੀ। ਉਸ ਨੂੰ ਫੌਜ ਵਿਚ ਭੋਜਨ ਸਪਲਾਈ ਕਰਨ ਦਾ ਠੇਕਾ ਮਿਲ ਗਿਆ।ਇੱਥੋਂ ਹੀ ਉਸਨੇ 2014 ਵਿੱਚ ਵੈਗਨਰ ਗਰੁੱਪ ਦੀ ਸਥਾਪਨਾ ਕੀਤੀ।ਜਦੋਂ ਰੂਸ ਨੇ ਕ੍ਰੀਮੀਆ ਉਪਰ ਕਬਜ਼ਾ ਕਰ ਲਿਆ, ਤਾਂ ਇਸ ਮੁਹਿੰਮ ਵਿਚ ਪਹਿਲੀ ਵਾਰ ਰੂਸੀ ਫੌਜ ਵਿਚ ਵੈਗਨਰ ਗਰੁੱਪ ਸ਼ਾਮਲ ਸੀ। ਇਸ ਦੇ ਬਹੁਤੇ ਸਿਪਾਹੀ ਜੇਲ੍ਹ ਵਿੱਚ ਬੰਦ ਖਤਰਨਾਕ ਅਪਰਾਧੀ ਤੇ ਗੈਂਗਸਟਰ ਸਨ, ਜਿਨ੍ਹਾਂ ਨੂੰ ਇਸ ਸ਼ਰਤ 'ਤੇ ਇਸ ਨਿੱਜੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਕਿ ਜੇਕਰ ਉਹ 6 ਮਹੀਨੇ ਫੌਜ ਵਿੱਚ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਸ਼ੁਰੂ ਵਿਚ ਇਹ ਇਕ ਗੁਪਤ ਸੰਗਠਨ ਸੀ ਅਤੇ ਇਸ ਵਿਚ ਲਗਭਗ 5 ਹਜ਼ਾਰ ਲੜਾਕੂ ਸਨ। ਇਨ੍ਹਾਂ ਵਿਚ ਜ਼ਿਆਦਾਤਰ ਰੂਸੀ ਰੈਜੀਮੈਂਟਾਂ ਅਤੇ ਵਿਸ਼ੇਸ਼ ਬਲਾਂ ਦੇ ਸਿਪਾਹੀ ਸ਼ਾਮਲ ਸਨ।

ਸਿਰਫ ਰੂਸ ਵਿੱਚ ਹੀ ਨਹੀਂ, ਲਗਭਗ 18 ਅਫਰੀਕੀ ਦੇਸ਼ਾਂ ਵਿੱਚ ਵੈਗਨਰ ਗਰੁੱਪ ਦਾ ਨੈੱਟਵਰਕ ਫੈਲਿਆ ਹੋਇਆ ਹੈ। 2015 ਤੋਂ, ਵੈਗਨਰ ਗਰੁੱਪ ਸੀਰੀਆ, ਲੀਬੀਆ, ਅਫਰੀਕਾ ਅਤੇ ਮੱਧ ਪੂਰਬ ਵਿੱਚ ਸਰਗਰਮ ਹੈ। ਇਸ ਤੋਂ ਇਲਾਵਾ, ਸੈਂਟਰਲ ਅਫਰੀਕਨ ਰੀਪਬਲਿਕ (ਸੀਏਆਰ) ਨੇ ਹੀਰੇ ਦੀਆਂ ਖਾਣਾਂ ਦੀ ਰਾਖੀ ਲਈ ਵੈਗਨਰ ਗਰੁੱਪ ਨੂੰ ਤਾਇਨਾਤ ਕੀਤਾ ਹੋਇਆ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਸੁਡਾਨ ਵਿੱਚ ਸੋਨੇ ਦੀਆਂ ਖਾਣਾਂ ਦੀ ਰਾਖੀ ਕਰਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੂਰਬੀ ਯੂਕਰੇਨ ਦੇ ਬਖਮੁਤ ਸ਼ਹਿਰ 'ਤੇ ਰੂਸ ਦਾ ਕਬਜ਼ਾ ਕਰਵਾਉਣ ਵਿਚ ਵੈਗਨਰ ਗਰੁੱਪ ਦੀ ਵੱਡੀ ਭੂਮਿਕਾ ਸੀ। ਵੈਗਨਰ ਦੇ ਲੜਾਕਿਆਂ ਨੂੰ ਇੱਥੇ ਵੱਡੀ ਗਿਣਤੀ ਵਿੱਚ ਹਮਲਾ ਕਰਨ ਲਈ ਭੇਜਿਆ ਗਿਆ ਸੀ, ਨਤੀਜੇ ਵਜੋਂ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਬਖਮੁਤ ਸ਼ਹਿਰ ਰੂਸੀਆਂ ਦੇ ਹੱਥਾਂ ਵਿੱਚ ਨਿਕਲ ਗਿਆ ਸੀ। ਇਸ ਤੋਂ ਬਾਅਦ, ਵੈਗਨਰ ਸੰਗਠਨ ਨੇ 2022 ਵਿੱਚ ਵੱਡੇ ਪੱਧਰ 'ਤੇ ਭਰਤੀ ਵੀ ਸ਼ੁਰੂ ਕੀਤੀ, ਕਿਉਂਕਿ ਰੂਸ ਨੂੰ ਨਿਯਮਤ ਫੌਜ ਲਈ ਫੌਜੀ ਲੱਭਣ ਵਿੱਚ ਮੁਸ਼ਕਲ ਆ ਰਹੀ ਸੀ। ਕਿਹਾ ਜਾਂਦਾ ਹੈ ਕਿ ਵੈਗਨਰ ਗਰੁੱਪ ਦੇ ਲੜਾਕੇ ਬਹੁਤ ਜ਼ਾਲਮ ਹਨ। ਇਸ ਸਮੇਂ ਗਰੁੱਪ ਵਿੱਚ ਕਰੀਬ 50,000 ਲੜਾਕੇ ਹਨ, ਜਿਨ੍ਹਾਂ ਵਿੱਚੋਂ 80 ਫੀਸਦੀ ਅਪਰਾਧੀ ਹਨ।

ਹਾਲਾਂਕਿ ਕਈ ਦੇਸ਼ਾਂ ਵਿੱਚ ਨਿੱਜੀ ਫੌਜਾਂ ਸਰਗਰਮ ਹਨ, ਪਰ ਆਮ ਤੌਰ 'ਤੇ ਰੂਸ ਦਾ ਵੈਗਨਰ ਗਰੁੱਪ ਅਤੇ ਅਮਰੀਕਾ ਦੀ ਅਕੈਡਮੀ ਦਾ ਪੁਰਾਣਾ ਨਾਂ ਬਲੈਂਕ ਵਾਟਰ ਮੁੱਖ ਦੋ ਅਜਿਹੀਆਂ ਨਿੱਜੀ ਫੌਜਾਂ ਹਨ, ਜੋ ਬੀਤੇ ਸਾਲਾਂ ਦੌਰਾਨ ਕਾਫੀ ਵਿਵਾਦਤ ਰਹੀਆਂ ਹਨ। ਵੈਸੇ ਤਾਂ ਇਸ ਦੀ ਸ਼ੁਰੂਆਤ ਨੱਬੇ ਦੇ ਦਹਾਕੇ ਤੋਂ ਮੰਨੀ ਜਾਂਦੀ ਹੈ ਪਰ ਜੇਕਰ ਦੁਨੀਆ ਦੇ ਪੁਰਾਤਨ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਅਜਿਹੇ ਭਾੜੇ ਦੇ ਸਿਪਾਹੀ ਅਤੇ ਫੌਜਾਂ ਦੁਨੀਆ ਭਰ ਤੋਂ ਪੈਸੇ ਲੈ ਕੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ 'ਚ ਆਪਣੇ ਮਾਲਕਾਂ ਲਈ ਲੜਦੇ ਰਹੇ ਹਨ।

ਪ੍ਰਾਈਵੇਟ ਫੌਜ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਹਮੇਸ਼ਾ ਵਿਵਾਦਗ੍ਰਸਿਤ ਰਹੀਆਂ ਹਨ, ਜਿਵੇਂ ਕਿ ਸਤੰਬਰ 2007 ਵਿੱਚ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਕਤਲੇਆਮ, ਜਿਸ ਵਿੱਚ ਅਮਰੀਕੀ ਨਿੱਜੀ ਸੁਰੱਖਿਆ ਕੰਪਨੀ ਬਲੈਕ ਵਾਟਰ ਵਰਡ ਵ੍ਹਾਈਟ ਦੇ ਸਿਪਾਹੀ ਸ਼ਾਮਲ ਸਨ। ਇਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਇਰਾਕ ਵਿੱਚ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਠੇਕਾ ਦਿੱਤਾ ਗਿਆ ਸੀ।

ਇਹ ਦੋਸ਼ ਲਗਾਇਆ ਗਿਆ ਹੈ ਕਿ ਬਲੈਕ ਵਾਟਰ ਦੇ ਕਰਮਚਾਰੀਆਂ ਨੇ ਇੱਕ ਆ ਰਹੇ ਵਾਹਨ ਤੋਂ ਖਤਰਾ ਮਹਿਸੂਸ ਕੀਤਾ ਅਤੇ ਭੀੜ ਵਾਲੇ ਚੌਰਾਹੇ 'ਤੇ ਗੋਲੀਬਾਰੀ ਕੀਤੀ, ਜਿਸ ਨਾਲ 17 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਜਿਸ ਵਿੱਚ ਸਾਰੇ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਬਾਅਦ ਵਿਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਇਸ ਕਾਫਲੇ ਤੋਂ ਕੋਈ ਪ੍ਰਤੱਖ ਖ਼ਤਰਾ ਨਹੀਂ ਸੀ। ਇਸ ਘਟਨਾ ਦੀ ਪੂਰੀ ਦੁਨੀਆ ਵਿਚ ਨਿੰਦਾ ਹੋਈ ਸੀ। ਇਸ ਘਟਨਾ ਤੋਂ ਬਾਅਦ ਜੰਗ ਦੇ ਮੈਦਾਨ ਵਿੱਚ ਨਿੱਜੀ ਫੌਜੀ ਕੰਪਨੀਆਂ ਦੀ ਨਿਗਰਾਔਨੀ ਨੂੰ ਲੈ ਕੇ ਵਿਆਪਕ ਬਹਿਸ ਛਿੜ ਗਈ ਸੀ, ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਉੱਠੀ ਸੀ ਪਰ ਅਜਿਹਾ ਨਹੀਂ ਹੋਇਆ।

ਅਮਰੀਕਾ, ਰੂਸ ਤੋਂ ਇਲਾਵਾ ਆਸਟ੍ਰੇਲੀਆ ਵਿਚ ਯੂਨਿਟੀ ਰਿਸੋਰਸ ਗਰੁੱਪ ਨਾਂ ਦੀ ਇਕ ਪ੍ਰਾਈਵੇਟ ਫੌਜ ਹੈ, ਜਿਸ ਵਿਚ ਦੁਨੀਆ ਭਰ ਦੇ 1200 ਤੋਂ ਵੱਧ ਫੌਜੀ ਸ਼ਾਮਲ ਹਨ, ਇਸ ਦੀ ਪੂਰੀ ਜ਼ਿੰਮੇਵਾਰੀ ਅਮਰੀਕਾ, ਆਸਟ੍ਰੇਲੀਆ ਅਤੇ ਗ੍ਰੇਟ ਬ੍ਰਿਟੇਨ ਦੇ ਸੇਵਾਮੁਕਤ ਅਫਸਰਾਂ ਨੂੰ ਦਿੱਤੀ ਜਾਂਦੀ ਹੈ। ਆਸਟ੍ਰੇਲੀਆ ਦੇ ਨਾਲ-ਨਾਲ ਇਹ ਗਰੁੱਪ ਅਫਰੀਕਾ, ਅਮਰੀਕਾ, ਯੂਰਪ ਅਤੇ ਮੱਧ ਏਸ਼ੀਆ ਵਿਚ ਵੀ ਕੰਮ ਕਰਦਾ ਹੈ।

ਏਜੀਸ ਡਿਫੈਂਸ ਸਰਵਿਸਿਜ਼ ਇੱਕ ਬ੍ਰਿਟਿਸ਼ ਨਿੱਜੀ ਫੌਜੀ ਅਤੇ ਨਿਜੀ ਸੁਰੱਖਿਆ ਕੰਪਨੀ ਹੈ ਜਿਸਦੇ ਅਫਗਾਨਿਸਤਾਨ, ਸੰਯੁਕਤ ਅਰਬ ਅਮੀਰਾਤ, ਇਰਾਕ, ਸਾਊਦੀ ਅਰਬ, ਲੀਬੀਆ, ਸੋਮਾਲੀਆ ਅਤੇ ਮੋਜ਼ਾਮਬੀਕ ਵਿੱਚ ਵਿਦੇਸ਼ੀ ਦਫਤਰ ਹਨ। ਇਹ ਫੌਜ ਸਾਲ 2002 ਦੌਰਾਨ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਦਫਤਰ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਸਥਿਤ ਹੈ। ਮੌਜੂਦਾ ਸਮੇਂ ਵਿਚ ਇਸ ਫੌਜ ਵਿਚ ਲਗਭਗ 5000 ਸੈਨਿਕ ਹਨ, ਜੋ ਪੂਰੇ ਅਫਗਾਨਿਸਤਾਨ ਅਤੇ ਬਹਿਰੀਨ ਵਿਚ ਫੈਲੇ ਹੋਏ ਹਨ।

ਬਰਤਾਨੀਆ ਵਿੱਚ ਅਜਿਹੀਆਂ ਕਈ ਨਿੱਜੀ ਫ਼ੌਜਾਂ ਹਨ। ਯੂਕੇ ਦੀ ਇੱਕ ਹੋਰ ਪ੍ਰਾਈਵੇਟ ਆਰਮੀ ਅਰਿਨੀ ਇੰਟਰਨੈਸ਼ਨਲ ਹੈ, ਜਿਸਦਾ ਹੈੱਡਕੁਆਰਟਰ ਦੁਬਈ ਵਿੱਚ ਸਥਿਤ ਹੈ। ਇਸ ਫੌਜ ਵਿੱਚ 16 ਹਜ਼ਾਰ ਸੈਨਿਕ ਹਨ। ਇਹ ਫੌਜ ਦੁਨੀਆ ਭਰ 'ਚ 282 ਥਾਵਾਂ 'ਤੇ ਤਾਇਨਾਤ ਹੈ ਪਰ ਇਨ੍ਹਾਂ ਦੀ ਸਭ ਤੋਂ ਵੱਡੀ ਟੁਕੜੀ ਅਫਰੀਕਾ ਵਿਚ ਤਾਇਨਾਤ ਹੈ। ਇਸ ਫੌਜ ਦੀ ਵਰਤੋਂ ਕਾਂਗੋ ਗਣਰਾਜ ਵਿੱਚ ਲੋਹੇ, ਤੇਲ ਅਤੇ ਗੈਸ ਪ੍ਰੋਜੈਕਟਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

ਯੂਐਸ ਆਰਮੀ ਵਰਜੀਨੀਆ ਦੀ ਪ੍ਰਾਈਵੇਟ ਡਾਇਨਾਕੋਰਪ 1946 ਵਿੱਚ ਬਣਾਇਆ ਗਿਆ ਸੀ। ਇਸਦਾ ਮੁੱਖ ਦਫਤਰ ਵਰਜੀਨੀਆ ਵਿੱਚ ਸਥਿਤ ਹੈ। ਇਹ 10,000 ਸੈਨਿਕਾਂ ਵਾਲੀ ਇੱਕ ਫੌਜ ਹੈ, ਜੋ ਅਫਰੀਕਾ, ਪੂਰਬੀ ਯੂਰਪ ਅਤੇ ਲਾਤੀਨੀ ਅਮਰੀਕਾ ਵਿੱਚ ਸਰਗਰਮ ਹੈ। ਇਸ ਨਿਜੀ ਫੌਜ ਨੇ ਪੇਰੂ ਦੇ ਨਸ਼ਾ ਵਿਰੋਧੀ ਮਿਸ਼ਨ ਸਮੇਤ ਸੋਮਾਲੀਆ ਅਤੇ ਸੂਡਾਨ ਵਿੱਚ ਕਈ ਵੱਡੇ ਮਿਸ਼ਨ ਵੀ ਕੀਤੇ ਹਨ। ਇਹ ਫੌਜ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਇਹ ਕੋਲੰਬੀਆ ਦੇ ਬਾਗੀਆਂ ਨਾਲ ਜੰਗ ਲੜੀ ਜਾ ਰਹੀ ਸੀ।

ਅਮਰੀਕਾ ਦੇ ਕੋਲ ਚਾਰ ਹੋਰ ਪ੍ਰਾਈਵੇਟ ਆਰਮੀ ਗਰੁੱਪ ਹਨ, ਜਿਨ੍ਹਾਂ ਕੋਲ 83 ਹਜ਼ਾਰ ਲੜਾਕੂ ਹਨ। ਅਫਗਾਨਿਸਤਾਨ ਦੀ ਆਪਣੀ ਨਿੱਜੀ ਫੌਜ ਵੀ ਹੈ, ਜਿਸ ਦਾ ਨਾਂ ਏਸ਼ੀਆ ਸੁਰੱਖਿਆ ਗਰੁੱਪ ਹੈ। ਇਸ ਦਾ ਮੁੱਖ ਦਫ਼ਤਰ ਕਾਬੁਲ ਵਿੱਚ ਬਣਾਇਆ ਗਿਆ ਹੈ। ਇਸ ਫੌਜ ਵਿੱਚ 600 ਜਵਾਨ ਸ਼ਾਮਲ ਕੀਤੇ ਗਏ ਹਨ। ਅਮਰੀਕਾ ਨੇ ਆਪਣੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਕਈ ਵਾਰ ਇਸ ਫੌਜ ਨੂੰ ਸ਼ਾਮਲ ਕੀਤਾ ਸੀ। ਅਮਰੀਕੀ ਫੌਜ ਨੇ ਏਸ਼ੀਆ ਸੁਰੱਖਿਆ ਸਮੂਹ ਨਾਲ ਕਰੋੜਾਂ ਡਾਲਰ ਦਾ ਇਕਰਾਰਨਾਮਾ ਕੀਤਾ ਹੈ। ਇਸ ਸਮੂਹ ਵਿੱਚ ਭਾੜੇ ਦੇ ਸੈਨਿਕਾਂ ਨੂੰ ਅਮਰੀਕਾ ਦੀ ਨਿੱਜੀ ਫੌਜ ਡਾਇਨਾਕੋਰਪ ਦੁਆਰਾ ਭਰਤੀ ਕੀਤਾ ਜਾਂਦਾ ਹੈ।

ਇਸ ਸਭ ਤੋਂ ਇਲਾਵਾ ਦੁਨੀਆ ਭਰ ਵਿੱਚ ਗੈਰ-ਕਾਨੂੰਨੀ ਨਸ਼ਿਆਂ ਦਾ ਵਪਾਰ ਕਰਨ ਵਾਲੇ ਮਾਫੀਆ ਗਰੋਹਾਂ ਦੀਆਂ ਆਪਣੀਆਂ ਵੱਡੀਆਂ ਨਿੱਜੀ ਫੌਜਾਂ ਵੀ ਹਨ, ਜਿਨ੍ਹਾਂ ਵਿੱਚ ਕੋਲੰਬੀਆ, ਮੈਕਸੀਕੋ ਅਤੇ ਬ੍ਰਾਜ਼ੀਲ ਵਰਗੇ ਲਾਤੀਨੀ ਅਮਰੀਕੀ ਦੇਸ਼ ਪ੍ਰਮੁੱਖ ਹਨ। ਕੋਲੰਬੀਆ ਦੇ ਇੱਕ ਡਰੱਗ ਮਾਫੀਆ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਕੋਲ ਅਤਿ ਆਧੁਨਿਕ ਫੌਜੀ ਸਾਜ਼ੋ-ਸਾਮਾਨ ਦੇ ਨਾਲ-ਨਾਲ ਆਪਣਾ ਹੈਲੀਕਾਪਟਰ ਵੀ ਹੈ। ਅਮਰੀਕਾ ਨੇ ਆਪਣੀਆਂ ਵਿਰੋਧੀ ਸਰਕਾਰਾਂ ਨੂੰ ਅਸਥਿਰ ਕਰਨ ਜਾਂ ਡੇਗਣ ਲਈ ਕਈ ਵਾਰ ਇਹਨਾਂ ਨਿੱਜੀ ਫੌਜਾਂ ਦੀ ਵਰਤੋਂ ਕੀਤੀ ਹੈ। ਉਸਨੇ ਇਹ ਪ੍ਰਯੋਗ ਨਿਕਾਰਾਗੁਆ, ਕਿਊਬਾ, ਬੇਨੇਜ਼ੁਲਾ ਵਰਗੇ ਦੇਸ਼ਾਂ ਵਿੱਚ ਕੀਤਾ ਸੀ।

ਇਨ੍ਹਾਂ ਦੇਸ਼ਾਂ ਵਿਚ ਸਰਕਾਰ ਵਿਰੁੱਧ ਲੜ ਰਹੇ ਕਥਿਤ ਬਾਗੀ

 ਅਸਲ ਵਿੱਚ, ਉਹ ਭਾੜੇ ਦੇ ਫੌਜੀ ਸਨ, ਜਿਨ੍ਹਾਂ ਨੂੰ ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਨੇ ਹਰ ਤਰ੍ਹਾਂ ਦੀ ਫੌਜੀ ਅਤੇ ਵਿੱਤੀ ਸਹਾਇਤਾ ਦਿੱਤੀ ਸੀ। ਪ੍ਰੋਫੈਸਰ ਸ਼ਾਨ ਮੈਕਫੈਟ ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਪ੍ਰਾਈਵੇਟ ਆਰਮੀ ਦਾ ਹਿੱਸਾ ਰਿਹਾ ਹੈ। ਉਹ ਕਹਿੰਦੇ ਹਨ- “ਇਨ੍ਹਾਂ ਸੈਨਿਕਾਂ ਦੀ ਕੋਈ ਜਵਾਬਦੇਹੀ ਨਹੀਂ ਹੈ, ਇਸ ਲਈ ਸਰਕਾਰਾਂ ਇਨ੍ਹਾਂ ਦੀ ਵਰਤੋਂ ਕਰਦੀਆਂ ਹਨ। 

ਹਾਲਾਂਕਿ ਇਨ੍ਹਾਂ ਨਿੱਜੀ ਫੌਜੀ ਕੰਪਨੀਆਂ ਨੂੰ ਨਿਯਮਤ ਕਰਨ ਲਈ ਸੰਯੁਕਤ ਰਾਸ਼ਟਰ ਸਮੇਤ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ 'ਚ ਸਖਤ ਕਾਨੂੰਨ ਹਨ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਖੁਦ ਇਸ ਦੀ ਪਾਲਣਾ ਨਹੀਂ ਕਰਦੇ। ਹੁਣ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਦੇ ਨਾਗਰਿਕਾਂ ਵਿੱਚ ਜਮਹੂਰੀ ਚੇਤਨਾ ਵੱਧ ਰਹੀ ਹੈ। ਉਹ ਦੁਨੀਆ ਭਰ ਵਿੱਚ ਫੌਜੀ ਦਖਲਅੰਦਾਜ਼ੀ ਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਲੋਕ ਫੌਜ ਵਿੱਚ ਭਰਤੀ ਹੋਣ ਦੀ ਰੁਚੀ ਘਟ ਰਹੀ ਹੈ।ਪਹਿਲਾਂ ਅਮਰੀਕਾ ਵਿਚ ਕਾਲੇ ਲੋਕ ਵੱਡੀ ਪੱਧਰ 'ਤੇ ਫੌਜ ਵਿਚ ਜਾਂਦੇ ਸਨ ਪਰ ਹੁਣ ਉਨ੍ਹਾਂ ਦੀ ਇਸ ਵਿਚ ਦਿਲਚਸਪੀ ਵੀ ਘਟਦੀ ਜਾ ਰਹੀ ਹੈ। ਵਿਦੇਸ਼ਾਂ ਵਿਚ ਗਏ ਫੌਜੀ ਜਵਾਨਾਂ ਦੇ ਮਾਰੇ ਜਾਣ 'ਤੇ ਇਨ੍ਹਾਂ ਦੇਸ਼ਾਂ ਵਿਚ ਵੱਡੇ-ਵੱਡੇ ਵਿਰੋਧ ਪ੍ਰਦਰਸ਼ਨ ਹੁੰਦੇ ਹਨ, ਪਰ ਜਦੋਂ ਭਾੜੇ ਦੇ ਫੌਜੀ ਮਾਰੇ ਜਾਂਦੇ ਹਨ ਤਾਂ ਅਜਿਹਾ ਕੁਝ ਨਹੀਂ ਹੁੰਦਾ। ਇਹ ਉਨ੍ਹਾਂ ਫੌਜੀ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੇ ਉਹ ਕਰਮਚਾਰੀ ਹਨ।ਪੈਨਸ਼ਨ ਆਦਿ ਦੇਣ 'ਚ ਕੋਈ ਦਿੱਕਤ ਨਹੀਂ ਹੈ, ਇਹੀ ਕਾਰਨ ਹੈ ਕਿ ਪੂਰੇ ਯੂਰਪ-ਅਮਰੀਕਾ 'ਚ ਇਨ੍ਹਾਂ ਕਰਿੰਦਿਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ, ਹਾਲਾਂਕਿ ਰੂਸ 'ਚ ਵਾਪਰੀ ਘਟਨਾ ਤੋਂ ਬਾਅਦ ਕਈ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਰੂਸ ਵਾਂਗ ਇਹ ਰੁਝਾਨ ਉਨ੍ਹਾਂ ਦੇ ਖਿਲਾਫ ਹੈ। ਇਹ ਆਪਣੇ ਦੇਸ਼ ਆਪਣੀਆਂ ਸਰਕਾਰਾਂ ਲਈ ਵੀ ਘਾਤਕ ਹੋ ਸਕਦੇ ਹਨ।