ਫ਼ੀਸ ਅੰਦੋਲਨ : ਪੁਲੀਸ ਕੇਸ ਮਗਰੋਂ ਮਾਪੇ ਹੋਏ ਰੂਪੋਸ਼

ਫ਼ੀਸ ਅੰਦੋਲਨ : ਪੁਲੀਸ ਕੇਸ ਮਗਰੋਂ ਮਾਪੇ ਹੋਏ ਰੂਪੋਸ਼

ਕੈਪਟਨ ਸਰਕਾਰ ‘ਤੇ ‘ਸਕੂਲ ਮਾਫ਼ੀਏ’ ਨਾਲ ਮੀਟਿੰਗ ਕਰਕੇ ਕਾਰਵਾਈ ਕਰਨ ਦਾ ਲਾਇਆ ਦੋਸ਼
ਜਲੰਧਰ/ਬਿਊਰੋ ਨਿਊਜ਼ :
ਨਿੱਜੀ ਸਕੂਲਾਂ ਦੀ ਮਨਮਾਨੀ ਵਿਰੁੱਧ ਸੰਘਰਸ਼ ਕਰ ਰਹੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ‘ਸਕੂਲ ਮਾਫੀਆ’ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੀਟਿੰਗ ਤੋਂ ਬਾਅਦ ਹੀ ਪੁਲੀਸ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਕੇਸ ਦਰਜ ਕਰਨ ਤੋਂ ਪ੍ਰੇਸ਼ਾਨ ਮਾਪੇ ਰੂਪੋਸ਼ ਹੋ ਗਏ ਹਨ ਤੇ ਉਹ ਆਪਣੇ ਬੱਚਿਆਂ ਨੂੰ ਘਰੇ ਇਕੱਲਿਆਂ ਛੱਡ ਕੇ ਆਪਣੀਆਂ ਜ਼ਮਾਨਤਾਂ ਕਰਾਉਣ ਲਈ ਭੱਜ-ਦੌੜ ਕਰ ਰਹੇ ਹਨ। ਕੇਸ ਵਿੱਚ ਨਾਮਜ਼ਦ ਕਈ ਵਿਅਕਤੀਆਂ ਨੇ ਘਰਾਂ ਨੂੰ ਜਿੰਦਰੇ ਮਾਰ ਦਿੱਤੇ ਹਨ।
ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਸਕੂਲ ਮਾਲਕਾਂ ਦੇ ਦਬਾਅ ਹੇਠ ਆ ਕੇ ਸਾਰੀ ਕਾਰਵਾਈ ਕਰਵਾਈ ਹੈ। ਇਸ ਮੀਟਿੰਗ ਵਿੱਚ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵੀ ਹਾਜ਼ਰ ਸਨ। ਮਾਪਿਆਂ ਵਿਰੁੱਧ ਕੇਸ ਦਰਜ ਹੋਣ ‘ਤੇ ਇਲਾਕੇ ਭਰ ਵਿੱਚ ਰੋਸ ਹੈ ਕਿ ਵਿਧਾਇਕ ਨੇ ਵਾਅਦਾ ਨਹੀਂ ਨਿਭਾਇਆ। ‘ਦਿ ਪੰਜਾਬ ਪੇਰੈਂਟਸ ਐਸੋਸੀਏਸ਼ਨ’ ਦੇ ਪ੍ਰਧਾਨ ਕਮਲਦੀਪ ਸਿੰਘ ਨੇ ਦੱਸਿਆ ਕਿ ਨਿੱਜੀ ਸਕੂਲਾਂ ਦੇ ਮਾਲਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਤੇ ਇਸ ਮੀਟਿੰਗ ਵਿੱਚ ਜਲੰਧਰ ਕੇਂਦਰੀ ਦੇ ਵਿਧਾਇਕ ਰਾਜਿੰਦਰ ਬੇਰੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਸੰਘਰਸ਼ ਨੂੰ ਦਬਾਉਣ ਲਈ ਸਾਰੀ ਰਣਨੀਤੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਬਣਾਈ ਗਈ ਹੈ ਤੇ ਮੀਟਿੰਗ ਤੋਂ ਤੁਰੰਤ ਬਾਅਦ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰ ਲਏ ਗਏ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਈ ਇਕ ਦਿਨ ਮਿੱਥ ਕੇ ਆਪਣੇ ਬੱਚੇ ਸਕੂਲ ਨਾ ਭੇਜਣ ਤਾਂ ਜੋ ਪ੍ਰਸ਼ਾਸ਼ਨ ਨੂੰ ਸੰਕੇਤਕ ਚਿਤਾਵਨੀ ਦਿੱਤੀ ਜਾਵੇ। ਕਮਲਦੀਪ ਸਿੰਘ ਨੇ ਹਰਿਆਣਾ, ਦਿੱਲੀ ਅਤੇ ਮਹਾਰਾਸ਼ਟਰ ਦੀਆਂ ਪੇਰੈਂਟਸ ਐਸੋਸੀਏਸ਼ਨਾਂ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਦਾਅਵਾ ਕੀਤਾ ਹੈ।
ਜਥੇਬੰਦੀ ਦੇ ਉਪ ਪ੍ਰਧਾਨ ਰਜਨੀਸ਼ ਕਪਾਹੀ ਨੇ ਕਿਹਾ ਕਿ ਮਾਪਿਆਂ ਵੱਲੋਂ ਅਦਾਲਤ ਵਿਚ ਕੁਝ ਸਬੂਤ ਪੇਸ਼ ਕੀਤੇ ਜਾਣੇ ਸਨ ਪਰ ਤਕਨੀਕੀ ਕਾਰਨਾਂ ਕਰਕੇ ਉਹ ਆਪਣੀ ਅਰਜ਼ੀ ਨਹੀਂ ਲਗਾ ਸਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਨਿੱਜੀ ਸਕੂਲਾਂ ਦੀ ਮਿਲੀਭੁਗਤ ਖ਼ਿਲਾਫ਼ ਮਾਪੇ ਲਾਮਬੰਦ ਹੋ ਰਹੇ ਹਨ।
ਵਿਧਾਇਕ ਵਲੋਂ ਸਮਝੌਤੇ ਦੀਆਂ ਕੋਸ਼ਿਸ਼ਾਂ :
ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ਕੇਸ ਕੈਪਟਨ ਦੇ ਕਹਿਣ ‘ਤੇ ਦਰਜ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਮਾਲਕਾਂ ਨਾਲ ਮੀਟਿੰਗ ਜ਼ਰੂਰ ਕੀਤੀ ਹੈ, ਜਿਸ ਵਿੱਚ ਉਹ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਸਕੂਲ ਤੇ ਮਾਪਿਆਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਥਾਣਾ ਰਾਮਾਮੰਡੀ ਦੇ ਮੁਖੀ ਬਿਮਲਕਾਂਤ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਉਹ ਕੋਸ਼ਿਸ਼ ਕਰ ਰਹੇ ਹਨ ਕਿ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਛੇਤੀ ਕੀਤੀ ਜਾ ਸਕੇ।