ਕੀ ਨਿਤਿਸ਼ "ਭਟਕਦਾ ਦਾਨਿਸ਼ਵਰ ਸਿਆਸਤਦਾਨ"  ਹੈ?

ਕੀ ਨਿਤਿਸ਼

•ਉਸ ਦੀ ਰਾਜਨੀਤਿਕ ਪਲਟੀ ਦਾ ਕੀ ਰਾਜ਼ ਹੈ?

•ਅਮੀਰੀ ਨੂੰ ਨਫਰਤ ਕਰਦੈ ਪਰ ਹਰ ਹਾਲਤ ਵਿੱਚ ਸੱਤਾ ਵਿੱਚ ਰਹਿਣਾ ਸ਼ੌਕ ਹੈ।

2024 ਵਿੱਚ ਮੋਦੀ ਨਾਲ ਟੱਕਰ ਲਊ?

ਚਲੋ,ਅੱਜ ਪੰਜਾਬ ਦੀਆਂ ਹੱਦਾਂ ਨੂੰ ਪਾਰ ਕਰਕੇ ਬੁੱਧ ਧਰਮ ਤੇ ਜੈਨ ਧਰਮ ਦੀ ਸਰ ਜ਼ਮੀਨ ਨਾਲ ਜੁੜੇ 2600ਸਾਲ ਪੁਰਾਣੇ ਸ਼ਹਿਰ ਪਾਟਲੀਪੁੱਤਰ (ਪਟਨਾ)ਇਲਾਕੇ ਦੀ ਸੈਰ ਕਰਦੇ  ਹਾਂ ਜਿੱਥੇ ਕੁਰਮੀ ਭਾਈਚਾਰੇ ਨਾਲ ਜੁੜੇ ਬਿਹਾਰੀ ਭਈਏ ਨਿਤਿਸ਼ ਕੁਮਾਰ ਦਾ ਕਸੀਦਾ ਪੜ੍ਹਨ ਨੂੰ ਚਿੱਤ ਕਰ ਆਇਆ ਹੈ। ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਵੀ ਇਸੇ ਧਰਤੀ ਤੇ ਹੋਇਆ। 

ਕਹਿੰਦੇ ਹਨ ਕਿ ਬੁੱਧ ਜੀ ਨੇ ਇਸ ਸ਼ਹਿਰ ਦੇ ਸ਼ਾਨਦਾਰ ਭਵਿੱਖ ਦੀ ਵੀ ਭਵਿੱਖਬਾਣੀ ਕੀਤੀ ਅਤੇ ਤਬਾਹੀ ਦੀ ਵੀ। ਸੰਸਾਰ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਵੀ ਇਸੇ ਸ਼ਹਿਰ ਵਿਚ ਸੀ ਜਿਥੇ 10 ਹਜ਼ਾਰ ਵਿਦਿਆਰਥੀ ਸਨ ਅਤੇ ਪੜਾਉਣ ਵਾਲੇ ਇਕ ਹਜ਼ਾਰ ਅਧਿਆਪਕ-ਅਜ ਦੇ ਮੁਹਾਵਰੇ ਵਿੱਚ ਪ੍ਰੋਫੈਸਰ। 

  ਉਸ ਦੀ ਇਤਿਹਾਸਕ (ਗ਼ੈਰ ਇਤਿਹਾਸਕ?) ਪਲਟੀ ਨਾਲ ਕਿਸੇ ਰਾਜਸੀ ਖੇਮੇ ਵਿਚ ਹੈਰਾਨੀ ਤੇ ਖ਼ੁਸ਼ੀਆਂ ਦੀਆਂ ਰੌਣਕਾਂ ਹਨ ਅਤੇ ਕਿਸੇ ਰਾਜਸੀ ਖੇਮੇ ਵਿੱਚ ਸੱਥਰ ਵਿਛਿਆ ਹੋਇਆ ਹੈ। ਉਸ ਦੀ ਉਲਟਬਾਜ਼ੀ ਨੂੰ ਮੌਕਾਪ੍ਰਸਤ ਕਹੋ, ਚੱਲਿਆ ਕਾਰਤੂਸ ਕਹੋ,ਵਿਸ਼ਵਾਸਘਾਤੀ ਅਤੇ ਅਕਿਰਤਘਣ ਕਹੋ,ਪਰ ਇਹ ਫ਼ੈਸਲੇ ਉਸ ਦੀ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਕਰਦੇ।ਇਹ ਹਲਕੇ ਸ਼ਬਦ ਹਨ।ਕੁਝ ਤਾਂ ਹੈ ਉਸ ਬੰਦੇ ਵਿਚ ਜਿਸ ਨਾਲ ਭਾਰਤ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ।

 ਇਕ ਵੱਡੇ ਪੱਤਰਕਾਰ ਨੇ ਉਸ ਦੇ ਰਾਜਨੀਤਕ ਸਫ਼ਰ ਨੂੰ ਤਨਜ਼ੀਆ ਲਹਿਜੇ ਵਿੱਚ ਕਿਹਾ ਕਿ ਉਸ ਨੇ9 ਜ਼ਿੰਦਗੀਆਂ ਜੀਵੀਆਂ ਹਨ ਅਰਥਾਤ ਉਸ ਨੇ ਨੌੰ ਵਾਰ ਪਲਟੀਆਂ ਮਾਰੀਆਂ ਹਨ।ਸਮਕਾਲੀ ਦੌਰ ਦੇ ਉੱਘੇ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਕਿਸੇ ਸਮੇਂ ਉਸ ਦੀ ਚੜ੍ਹਤ ਦੇ ਦੌਰ ਵਿੱਚ ਉਸ ਨੂੰ ਭਾਰਤ ਦਾ ਓਬਾਮਾ ਕਿਹਾ ਸੀ ਅਤੇ ਸਮਝਿਆ ਜਾ ਰਿਹਾ ਸੀ ਕਿ ਉਹ ਕਿਸੇ ਸਮੇਂ ਭਾਰਤ ਦੇ ਪ੍ਰਧਾਨਮੰਤਰੀ ਵੀ ਬਣ ਸਕਦੇ ਹਨ।ਪਰ ਜਿਵੇਂ ਉਹ ਤੁਰ ਫਿਰ ਕੇ "ਸਾਰੇ ਮੇਲਿਆਂ"ਦਾ ਆਨੰਦ ਮਾਣਦੇ ਰਹੇ ਤਾਂ  ਇਹ ਮਹਿਸੂਸ ਕੀਤਾ ਗਿਆ ਕਿ ਉਹ ਇਹੋ ਜਿਹਾ ਦਾਨਸ਼ਵਰ ਸਿਆਸਤਦਾਨ ਹੈ ਜਿਸ ਦੀ ਜ਼ਿੰਦਗੀ ਵਿੱਚ ਭਟਕਣਾ ਹੀ ਭਟਕਣਾ ਹੈ।ਉਹ ਬਾਗੀ ਤਾਂ ਹੈ ਪਰ ਕੋਲਿਨ ਵਿਲਸਨ ਦੇ ਮੁਹਾਵਰੇ ਵਿੱਚ ਆਊਟਸਾਈਡਰ ਵੀ ਹੈ,ਅਜਨਬੀ ਵੀ ਹੈ ਅਤੇ ਬੇਗਾਨਗੀ ਦਾ ਦੁੱਖ ਵੀ ਭੋਗ ਰਿਹਾ ਹੈ।

 ਰਤਾ ਕੁ ਉਸ ਦੀ ਜ਼ਿੰਦਗੀ,ਉਸ ਦੇ ਸ਼ੌਕ ਉਸ ਦੀ ਪੜ੍ਹਾਈ ਲਿਖਾਈ ਬਾਰੇ ਵੀ ਜਾਣਕਾਰੀ ਦੇਈਏ ਕਿਉਂਕਿ ਇਹ ਚੀਜ਼ਾਂ ਸ਼ਖ਼ਸੀਅਤ ਦੀ ਚੜ੍ਹਾਈ-ਲੁਹਾਈ  ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ। 71ਸਾਲਾਂ ਦੇ ਨਿਤਿਸ਼ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ।ਵੈਸੇ ਉਸ ਦਾ ਤਾਜ਼ਾ ਤਾਜ਼ਾ  ਰਾਜਨੀਤਕ ਦੁਸ਼ਮਣ ਨਰਿੰਦਰ ਮੋਦੀ ਵੀ 71ਸਾਲ ਦਾ ਹੀ ਹੈ,ਜਦਕਿ ਲਾਲੂ ਯਾਦਵ ਤਿੰਨ ਸਾਲ ਉਸ ਨਾਲੋਂ ਵੱਡਾ ਹੈ। 

ਉਹ ਪਿੰਡ ਦਾ ਰਹਿਣ ਵਾਲਾ ਹੈ ਤੇ ਕਿਸਾਨ ਦਾ ਪੁੱਤਰ ਹੈ ।ਕੁਰਮੀ ਬਰਾਦਰੀ ਦਾ ਹੈ ਜੋ ਪੱਛੜੀਆਂ ਸ਼੍ਰੇਣੀਆਂ ਵਿੱਚ ਸਭ ਤੋਂ ਅਮੀਰ ਜਾਤੀ ਹੈ।ਪਰ ਕੁਰਮੀ ਭਾਈਚਾਰਾ ਉਸ ਨੂੰ ਆਪਣਾ ਨਹੀਂ ਸਮਝਦਾ ਕਿਉਂਕਿ  ਨਿਤਿਸ਼ ਹੋਰ ਵੀ ਬਹੁਤ ਕੁੱਝ ਹੈ।ਧਰਮ ਨਿਰਪੱਖ ਹੈ, ਤਰਕਸ਼ੀਲ ਹੈ,ਭਾਰਤੀ ਜਨਤਾ ਪਾਰਟੀ ਦਾ ਹੈ ਅਤੇ ਉਸ ਦਾ ਨਹੀਂ ਵੀ ਹੈ।ਕਈ ਬੇੜੀਆਂ ਦਾ ਸਫਲ ਸਵਾਰ ਹੈ।ਨਾ ਸ਼ਰਾਬ ਪੀਂਦਾ ਹੈ ਨਾ ਸਿਗਰਟ।ਚਾਹ ਦਾ ਸ਼ੌਕੀਨ ਹੈ ਅਤੇ ਬਟਰ ਮਸਾਲਾ ਡੋਸਾ ਵਧੇਰੇ ਪਸੰਦ ਕਰਦਾ ਹੈ।ਜਦੋਂ ਅਮਿਤ ਸ਼ਾਹ ਐਲਾਨ ਕਰਦਾ ਹੈ ਕਿ ਭਾਰਤ ਦਾ ਇਤਿਹਾਸ ਮੁੜ ਲਿਖਿਆ ਜਾਵੇਗਾ ਤਾਂ ਉਹ ਉਸ ਦੇ ਉਲਟ ਐਲਾਨ ਕਰਦਾ ਹੈ ਕਿ ਇਤਿਹਾਸ ਬਦਲਿਆ ਨਹੀਂ ਜਾ ਸਕਦਾ।ਇਹ ਐਲਾਨ ਉਸ ਸਮੇ ਕਰਦਾ ਹੈ ਜਦੋਂ ਅਜੇ ਭਾਜਪਾ ਨਾਲੋਂ ਟੁੱਟੀ ਨਹੀਂ ਸੀ। 

ਫ਼ਿਲਮਾਂ ਵੇਖਣ ਤੇ ਕਿਤਾਬਾਂ ਪੜ੍ਹਨ ਦਾ ਵੀ ਸ਼ੌਕੀਨ ਹੈ। ਪਰ ਆਮਿਰ ਖ਼ਾਨ ਉਸ ਦਾ ਸਭ ਤੋਂ ਪਿਆਰਾ ਐਕਟਰ ਹੈ ਤੇ ਉਸ ਦੀ ਫ਼ਿਲਮ 'ਪੀ ਕੇ' ਉਸ ਦੀ  ਸਭ ਤੋਂ ਵੱਡੀ ਪਸੰਦ ਹੈ।ਭਾਜਪਾ ਵਿਚ ਹੁੰਦਾ ਹੋਇਆ ਵੀ ਆਰਟੀਕਲ ਤਿੱਨ ਸੌ ਸੱਤਰ ਜਾਰੀ ਰੱਖਣ ਦੇ ਹੱਕ ਵਿਚ ਸੀ।ਅਮੀਰੀ ਨੂੰ ਨਫ਼ਰਤ ਕਰਦਾ ਹੈ ਪਰ ਸੱਤਾ ਵਿੱਚ ਬਣੇ ਰਹਿਣਾ ਉਸ ਦਾ ਸ਼ੌਕ ਹੈ ।ਉੱਨੀ ਸੌ ਸੱਤਰ ਵਿੱਚ ਪਟਨਾ ਯੂਨੀਵਰਸਿਟੀ ਵਿੱਚ ਵਿਦਿਆਰਥੀ ਹੜਤਾਲ ਦੌਰਾਨ ਉਸ ਦੀ ਚੜ੍ਹਤ ਹੋਈ। ਜਾਰਜ ਫਰਨਾਂਡੇਜ਼ ਉਸ ਦਾ ਯਾਰ ਸੀ ਜਦਕਿ ਮਨੋਹਰ ਲੋਹੀਆ ਉਸ ਦਾ ਰਾਜਸੀ ਗੁਰੂ ।ਜਿੱਤਾਂ ਦੇ ਨਾਲ ਨਾਲ ਉਸ ਨੂੰ ਹਾਰ ਵੀ ਨਸੀਬ ਹੋਈ ਅਤੇ ਹਰਾਉਣ ਵਾਲਾ ਕੁਰਮੀ ਬਰਾਦਰੀ ਦਾ ਹੀ ਇਕ ਬਦਮਾਸ਼ ਸਿਆਸਤਦਾਨ ਤੇ ਬਾਹੂਬਲੀ ਸੀ।

ਬਿਹਾਰ ਵਿੱਚ ਸ਼ਰਾਬ ਉੱਤੇ ਪਾਬੰਦੀ ਵੀ ਉਸੇ ਨੇ ਲਾਈ ਪਰ ਜਦੋਂ  ਕੋਰੋਨਾ ਕਰਕੇ ਸਾਰਾ ਮੁਲਕ ਬੰਦ ਹੋ ਗਿਆ ਤਾਂ ਹੋਰਨਾਂ ਰਾਜਾਂ ਤੋਂ ਪਰਤਣ ਵਾਲੇ ਆਪਣੇ 30 ਲੱਖ ਪਰਵਾਸੀ ਭਰਾਵਾਂ ਲਈ ਉਸ ਨੇ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ।ਨਿਤੀਸ਼ ਆਪਣੇ  ਜ਼ਾਤੀ ਸ਼ੌਕਾਂ ਨੂੰ ਸਿਆਸਤ ਵਿੱਚ ਨਹੀਂ ਆਉਣ ਦਿੰਦਾ।ਰਾਜ ਪ੍ਰਬੰਧ ਦੀ ਬਰੀਕ ਸਮਝ ਰੱਖਦਾ ਹੈ।ਬਿਹਾਰ ਵਿੱਚ ਜੰਗਲ ਰਾਜ ਨੂੰ ਕਾਨੂੰਨ ਦੇ ਰਾਜ ਵਿਚ ਬਦਲਣਾ ਉਸਦੀ ਪ੍ਰਾਪਤੀ ਹੈ।ਲਾਲੂ ਯਾਦਵ ਨਾਲ ਦੋਸਤੀ ਵੀ ਰਹੀ ਤੇ ਦੁਸ਼ਮਣੀ ਵੀ ।ਕਹਿੰਦੇ ਹਨ ਕਿ ਉਸ ਨੂੰ ਖ਼ਬਰ ਮਿਲੀ ਕਿ ਲਾਲੂ ਯਾਦਵ ਨੇ ਸਵਿਮਿੰਗ ਟੈਂਕ ਵਿਚ ਚੋਰੀ ਦਾ ਧਨ ਦੱਬਿਆ ਹੋਇਆ ਹੈ।ਪਰ ਕੁਝ ਵੀ ਉਥੋਂ ਨਹੀਂ ਸੀ ਨਿਕਲਿਆ ਅਤੇ ਇਹ ਅਫ਼ਵਾਹ ਹੀ ਸੀ।ਉਸ ਉਤੇ ਕਰੀਬ ਦਸ ਕਿਤਾਬਾਂ ਲਿਖੀਆਂ ਗਈਆਂ ਹਨ। ਇਕ ਕਿਤਾਬ ਦੇ ਲੇਖਕ ਦਾ ਦਾਅਵਾ ਸੀ ਕਿ ਇਕ ਸਮੇਂ ਉਸ ਨੇ ਕਿਸੇ ਤਾਂਤਰਿਕ ਦੀ ਵੀ ਸਲਾਹ ਲਈ।ਰੱਬ ਜਾਣਦਾ ਹੈ ਕਿ ਇਹ ਸੱਚ ਹੈ ਜਾਂ ਝੂਠ। 

 ਨਿਤਿਸ਼ ਦੇ ਤਾਜ਼ਾ ਬਿਆਨ ਨੇ ਭਾਰਤੀ ਜਨਤਾ ਪਾਰਟੀ ਦੇ ਹਾਕਮ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ।ਜਿਸ ਵਿੱਚ ਨਿਤਿਸ਼ ਨੇ ਭਵਿੱਖਬਾਣੀ ਕੀਤੀ ਸੀ ਕਿ 2014ਵਾਲਾ ਬੰਦਾ 2024 ਵਿੱਚ ਨਹੀਂ ਰਹੇਗਾ।ਦੂਜੇ ਸ਼ਬਦਾਂ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨਿਤੀਸ਼ ਤੇ ਮੋਦੀ ਆਹਮੋ ਸਾਹਮਣੇ ਹੋਣਗੇ।ਇਕ ਗਲ ਤਾਂ ਸਚ ਹੈ ਕਿ ਉਸ ਦੀ ਪਲਟੀ ਨਾਲ ਮੋਦੀ ਹੱਥੋਂ ਤੰਗ ਆਈਆਂ ਛੋਟੀਆਂ ਪਾਰਟੀਆਂ, ਇਲਾਕਾਈ ਪਾਰਟੀਆਂ ਅਤੇ ਰੁਲਦੇ ਖੁਲ੍ਹਦੇ ਉਦਾਰਵਾਦੀਆਂ ਅਤੇ ਸਮਾਜਵਾਦੀਆਂ ਨੂੰ ਆਕਸੀਜਨ ਮਿਲੀ ਹੈ।

ਆਖਰੀ ਪਰ ਬਹੁਤ ਹੀ ਮਹਤਵਪੂਰਨ ਖਬਰ:ਕੀ ਹੁਣ ਕਿਸੇ ਦਿਨ ਈ ਡੀ ਵਾਲੇ ਨਿਤਿਸ਼ ਦੇ ਘਰ ਵੀ ਗੇੜਾ ਮਾਰਨਗੇ?

 

ਕਰਮਜੀਤ ਸਿੰਘ ਚੰਡੀਗੜ੍ਹ 

99150-91063