ਪਿਛਲੇ ਚਾਰ ਸਾਲਾਂ ਤੋਂ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਤੋਂ  47 ਲੱਖ ਡਾਲਰ ਵਸੂਲੇ

ਪਿਛਲੇ ਚਾਰ ਸਾਲਾਂ ਤੋਂ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਤੋਂ   47 ਲੱਖ ਡਾਲਰ ਵਸੂਲੇ

ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ 2 ਲੱਖ 35 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਕਰਤਾਰਪੁਰ ਸਾਹਿਬ- ਪਾਕਿਸਤਾਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਲਗਭਗ 47 ਲੱਖ ਡਾਲਰ (39.02 ਕਰੋੜ ਰੁਪਏ) ਦੀ ਵਸੂਲੀ ਕੀਤੀ ਹੈ। ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਜਾਣ ਦੇ ਲਈ 20 ਅਮਰੀਕੀ ਡਾਲਰ ਜੋ ਭਾਰਤੀ ਕਰੰਸੀ ਮੁਤਾਬਕ 1660 ਰੁਪਏ ਅਤੇ ਪਾਕਿਸਤਾਨ ਕਰੰਸੀ ਮੁਤਾਬਕ 5670 ਰੁਪਏ ਬਣਦੇ ਹਨ। ਇਹ ਪੈਸੇ ਪ੍ਰਤੀ ਵਿਅਕਤੀ ਐਂਟਰੀ ਫੀਸ ਵਜੋਂ ਵਸੂਲਿਆ ਜਾ ਰਿਹਾ ਹੈ। ਸ਼ਰਧਾਲੂ ਦੀ ਐਂਟਰੀ ਦੀ ਗੱਲ ਕਰੀਏ ਤਾਂ ਕਰਤਾਰਪੁਰ ਲਾਂਘੇ ਰਾਹੀਂ ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ 2 ਲੱਖ 35 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਚੁੱਕੇ ਹਨ। ਭਾਰਤ ਸਰਕਾਰ ਨੇ ਇਹ ਜਾਣਕਾਰੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। 

20 ਡਾਲਰ ਦੀ ਐਂਟਰੀ ਫੀਸ ਅਤੇ ਪਾਸਪੋਰਟ ਦੀ ਜ਼ਰੂਰਤ ਨੂੰ ਹਟਾਉਣ ਦੇ ਮੁੱਦੇ 'ਤੇ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਮਾਮਲਾ ਪਾਕਿਸਤਾਨ ਕੋਲ ਕਈ ਵਾਰ ਉਠਾਇਆ ਗਿਆ ਹੈ, ਪਰ ਉਸ ਨੇ ਕੋਈ ਸਕਾਰਾਤਮਕ ਜਵਾਬ ਨਹੀਂ ਦਿੱਤਾ ਹੈ। ਕਿਉਂਕਿ ਪੰਜਾਬ ਵਿੱਚ ਕਈ ਅਜਿਹੇ ਵੀ ਬਜ਼ੁਰਗ ਹਨ ਜਿਹਨਾਂ ਦਾ ਹਾਲੇ ਤੱਕ ਪਾਸਪੋਰਟ ਨਹੀਂ ਬਣਿਆ ਹੈ। ਇਸ ਲਈ ਇਹ ਮੁੱਦਾ ਵਾਰ ਵਾਰ ਉਠਾਇਆ ਜਾ ਰਿਹਾ ਹੈ ਕਿ ਲਾਂਘੇ ਰਾਹੀਂ ਦਰਸ਼ਨਾਂ 'ਤੇ ਜਾਣ ਵਾਸੇ ਪਾਸਪੋਰਟ ਦੀ ਸ਼ਰਤ ਹਟਾ ਦਿੱਤੀ ਜਾਵੇ।