ਔਰਤਾਂ ਦੇ ਅਧਿਕਾਰਾਂ ਲਈ ਡਟਣ ਵਾਲੀ ਜੇਲ ਵਿਚ ਬੰਦ ਨਰਗਿਸ ਮੁਹੰਮਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ

ਔਰਤਾਂ ਦੇ ਅਧਿਕਾਰਾਂ ਲਈ ਡਟਣ ਵਾਲੀ ਜੇਲ ਵਿਚ ਬੰਦ ਨਰਗਿਸ ਮੁਹੰਮਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ

ਨਰਗਿਸ ਦੇ ਬੱਚਿਆਂ ਨੇ ਨਾਰਵੇ ਦੀ ਰਾਜਧਾਨੀ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਹਾਸਲ ਕੀਤਾ ਪੁਰਸਕਾਰ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਹੇਲਸਿੰਕੀ- ਜੇਲ ਵਿਚ ਬੰਦ ਈਰਾਨੀ ਕਾਰਕੁੰਨ ਨਰਗਿਸ ਮੁਹੰਮਦੀ ਦੇ ਬੱਚਿਆਂ ਨੇ ਬੀਤੇ ਦਿਨੀਂ ਨਾਰਵੇ ਦੀ ਰਾਜਧਾਨੀ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਆਪਣੀ ਮਾਂ ਨੂੰ ਇਸ ਸਾਲ ਦਾ ਦਿੱਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕੀਤਾ। ਮੁਹੰਮਦੀ ਆਪਣੇ ਦੇਸ਼ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਲੋਕਤੰਤਰ ਲਈ ਮੁਹਿੰਮ ਚਲਾਉਣ ਦੇ ਨਾਲ-ਨਾਲ ਮੌਤ ਦੀ ਸਜ਼ਾ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ। ਮੁਹੰਮਦੀ ਦੇ 17 ਸਾਲਾ ਜੁੜਵਾਂ ਬੱਚੇ ਅਲੀ ਅਤੇ ਕਿਆਨਾ ਰਹਿਮਾਨੀ ਆਪਣੇ ਪਿਤਾ ਨਾਲ ਪੈਰਿਸ ਵਿੱਚ ਜਲਾਵਤਨੀ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਓਸਲੋ ਸਿਟੀ ਹਾਲ ਵਿਖੇ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਮੁਹੰਮਦੀ ਇਸ ਸਮੇਂ ਤਹਿਰਾਨ ਦੀ ਜੇਲ ਵਿੱਚ ਬੰਦ ਹੈ। ਉਹ ਪਹਿਲਾਂ ਵੀ ਕਈ ਵਾਰ ਈਰਾਨ ’ਚ ਗ੍ਰਿਫਤਾਰ ਹੋ ਚੁੱਕੀ ਹੈ ਅਤੇ ਕਈ ਸਾਲ ਜੇਲ ’ਚ ਰਹੀ। ਓਸਲੋ ਵਿੱਚ ਇਕ ਨਿਊਜ਼ ਕਾਨਫਰੰਸ ਵਿੱਚ ਕਿਆਨਾ ਰਹਿਮਾਨੀ ਨੇ ਆਪਣੀ ਮਾਂ ਦਾ ਇਕ ਸੰਦੇਸ਼ ਪੜ੍ਹਿਆ, ਜਿਸ ਵਿੱਚ ਉਸ ਨੇ ‘ਪੂਰੀ ਦੁਨੀਆ ਵਿੱਚ ਅਸਹਿਮਤੀ, ਪ੍ਰਦਰਸ਼ਨਕਾਰੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਆਵਾਜ਼ ਨੂੰ ਪੂਰੀ ਦੁਨੀਆ ’ਚ ਪਹੁੰਚਾਉਣ ਲਈ ਅੰਤਰਰਾਸ਼ਟਰੀ ਮੀਡੀਆ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਪੁਰਸਕਾਰਾਂ ਦੇ 122 ਸਾਲਾਂ ਦੇ ਇਤਿਹਾਸ ਵਿੱਚ ਇਹ 5ਵੀਂ ਵਾਰ ਹੈ, ਜਦੋਂ ਨੋਬਲ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਹੈ, ਜੋ ਜੇਲ ਵਿੱਚ ਹੈ ਜਾਂ ਨਜ਼ਰਬੰਦ ਹੈ।