ਯਾਰੀਆਂ ਫਿਲਮ ਵਾਲਿਆਂ ਨੇ ਘੋਨੇ ਮੋਨੇ ਨੂੰ ਕ੍ਰਿਪਾਣ ਪੁਆ ਕੇ ਜਾਣਬੁਝ ਕੇ ਸਿੱਖ ਹਿਰਦੇ ਵਲੂੰਧਰੇ: ਆਰਪੀ ਸਿੰਘ/ਅਰਵਿੰਦਰ ਸਿੰਘ ਰਾਜਾ

ਯਾਰੀਆਂ ਫਿਲਮ ਵਾਲਿਆਂ ਨੇ ਘੋਨੇ ਮੋਨੇ ਨੂੰ ਕ੍ਰਿਪਾਣ ਪੁਆ ਕੇ ਜਾਣਬੁਝ ਕੇ ਸਿੱਖ ਹਿਰਦੇ ਵਲੂੰਧਰੇ: ਆਰਪੀ ਸਿੰਘ/ਅਰਵਿੰਦਰ ਸਿੰਘ ਰਾਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 31 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਅਹਿਮ ਜਥੇਬੰਦੀ ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ) ਦੀ 31 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਅਤੇ ਮੈਂਬਰ ਭਾਈ ਆਰਪੀ ਸਿੰਘ ਅਤੇ ਭਾਈ ਅਰਵਿੰਦਰ ਸਿੰਘ ਰਾਜਾ ਨੇ ਯਾਰੀਆਂ ਫਿਲਮ ਵਿਚ ਘੋਨੇ ਮੋਨੇ ਬੰਦੇ ਨੂੰ ਕ੍ਰਿਪਾਣ ਪੁਆ ਕੇ ਦਿਖਾਣ ਦੀ ਸਖ਼ਤ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਸ੍ਰੀ ਸਾਹਿਬ (ਕਿਰਪਾਨ) ਦੀ ਜਾਣਬੁੱਝ ਕੇ ਬੇਅਦਬੀ ਕਰਦੇ ਨੇ। ਫੇਰ ਬਚਾਅ ਕਰਨ ਲਈ ਬੇਤੁਕਾ ਤੇ ਬਚਕਾਨਾ ਜਵਾਬ ਦੇਂਦੇ ਨੇ ਕਿ ਇਹ ਕਿਰਪਾਨ ਨਹੀਂ, ਖੂਖਰੀ ਹੈ । ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਕਿਰਪਾਨ ਤੇ ਖੂਖਰੀ ਦੇ ਆਕਾਰ ਵਿੱਚ ਬਹੁਤ ਫ਼ਰਕ ਹੈ ਤੇ ਬਹੁਤਾ ਧਿਆਨ ਨਾ ਦੇਕੇ ਵੀ ਦੋ ਚੀਜ਼ਾਂ ਨਾਲ ਸਾਫ਼ ਸਾਫ਼ ਪਛਾਣ ਹੋ ਜਾਂਦੀ ਹੈ । ਪਹਿਲੀ ਕਿਰਪਾਨ ਦਾ ਮੁੱਠਾ ਜਿਸ ਦੇ ਇੱਕ ਸਿਰੇ ਤੇ ਗਾਤਰੇ ਨੂੰ ਟਿਕਾਉਣ ਲਈ ਮੁੜੀ ਹੋਈ ਡੰਡੀ ਜਾਂ ਛੋਟੀ ਜਿਹੀ ਐਲ ਤਰ੍ਹਾਂ ਦੀ ਦਿੱਖ ਵਿੱਖਦੀ ਹੈ ਤੇ ਦੂਜਾ ਕਿਰਪਾਨ ਦਾ ਆਕਾਰ। ਫਿਲਮ ਦੇ ਸੀਨ ਵਿੱਚ ਅਦਾਕਾਰ ਨੇ ਪਾਇਆ ਹੋਇਆ ਵਿੱਖ ਰਿਹਾ ਹੈ ਓਹ ਖੂਖਰੀ ਨਹੀਂ ਹੈ, ਕਿਰਪਾਨ ਹੀ ਹੈ । ਉਨ੍ਹਾਂ ਫਿਲਮ ਨਿਰਮਾਤਾ ਅਤੇ ਪ੍ਰੋਡਿਊਸਰ ਨੂੰ ਪੁੱਛਿਆ ਕਿ ਦਸਿਆ ਜਾਏ ਕਿਹੜਾ ਨੇਪਾਲੀ ਜਾਂ ਗੋਰਖਾ ਖੂਖਰੀ ਨੂੰ ਗਾਤਰੇ ਨਾਲ ਪਾ ਕੇ ਰੱਖਦਾ ਹੈ.? ਨਾਲ਼ੇ ਉਨ੍ਹਾਂ ਨੂੰ ਇਹ ਅਧਿਕਾਰ ਕਿੰਨੇ ਦਿੱਤਾ ਹੈ ਕਿਉਂਕਿ ਸਿੱਖ ਪੰਥ ਨੂੰ ਦਸਮ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕਰਵਾਉਂਦੇ ਸਮੇਂ ਕੌਮ ਨੂੰ ਪੰਜ ਕਕਾਰ ਦੇ ਧਾਰਨੀ ਹੋਣ ਦੀ ਹਿਦਾਇਤਾਂ ਦਿਤੀਆਂ ਸਨ । ਉਨ੍ਹਾਂ ਫਿਲਮ ਦੇ ਓਹ ਸਾਰੇ ਦ੍ਰਿਸ਼ ਜਿਨ੍ਹਾਂ ਵਿਚ ਅਦਾਕਾਰ ਗਾਤਰੇ ਵਾਲੀ ਕ੍ਰਿਪਾਣ ਪਾਈ ਨਜਰੀ ਪੈਂਦਾ ਹੈ ਹਟਾਏ ਜਾਣ ਦੀ ਮੰਗ ਕੀਤੀ ਤੇ ਨਾ ਮੰਨੇ ਜਾਣ ਦੀ ਸੂਰਤ ਵਿਚ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਣ ਲਈ ਦਸਿਆ ਹੈ ।