ਸਾਬਕਾ ਮੁੱਖ ਮੰਤਰੀ ਕੈਪਟਨ  ਤਨਖਾਹੀਆ ਕਰਾਰ, ਮੁਤਵਾਜ਼ੀ ਜਥੇਦਾਰ ਨੇ ਇਸ ਦੋਸ਼ 'ਚ ਸੁਣਾਇਆ ਫੈਸਲਾ

ਸਾਬਕਾ ਮੁੱਖ ਮੰਤਰੀ ਕੈਪਟਨ  ਤਨਖਾਹੀਆ ਕਰਾਰ, ਮੁਤਵਾਜ਼ੀ ਜਥੇਦਾਰ ਨੇ ਇਸ ਦੋਸ਼ 'ਚ ਸੁਣਾਇਆ ਫੈਸਲਾ

* ਮਾਮਲਾ  ਬੇਅਦਬੀ ਦੇ ਇਨਸਾਫ ਵਾਸਤੇ ਪੰਥ ਨਾਲ ਧੋਖਾ ਕਰਨ ਦਾ

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜ ਸਿੰਘਾਂ ਦੀ ਇਕੱਤਰਤਾ ਕਰਕੇ ਬੇਅਦਬੀ ਦੇ ਇਨਸਾਫ ਵਾਸਤੇ ਚੱਲਦੇ ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਖ਼ਤਮ ਕਰਵਾਉਂਣ ਦੇ ਸੰਬੰਧ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਜ਼ਿਸ਼ ਕਰਨ ਦੇ ਦੋਸ਼ ਹੇਠ ਤਨਖਾਹੀਆ ਕਰਾਰ ਦਿੱਤਾ ਹੈ। ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਲਈ ਬਰਗਾੜੀ ਮੋਰਚਾ ਲਗਾਇਆ ਗਿਆ ਸੀ। ਜਿਸ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਮੋਰਚੇ ਨੂੰ ਖਤਮ ਕਰਵਾਉਣ ਲਈ ਪੰਜਾਬ ਸਰਕਾਰ ਦੇ ਤਿੰਨ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਦੋ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜ ਕੇ ਇਨਸਾਫ ਦਾ ਭਰੋਸਾ ਦਿੱਤਾ ਸੀ।

ਇਨਸਾਫ਼ ਨਾ ਮਿਲਣ ਤੇ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਗਿਆ ਤਾਂ ਇਨ੍ਹਾਂ ਨੇ ਪੇਸ਼ ਹੋ ਕੇ ਤੇ ਲਿਖਤੀ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਜਾਣ ਦੀ ਗੱਲ ਕਹੀ ਸੀ ਅਤੇ ਮੋਰਚਾ ਖਤਮ ਕਰਵਾਉਂਣ ਲਈ ਮੁੱਖ ਭੂਮਿਕਾ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੱਸੀ ਸੀ। ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਿਆ ਗਿਆ ਸੀ, ਪਰ ਕੈਪਟਨ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਨਹੀਂ ਦਿੱਤਾ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ ਝੂਠਾ ਭਰੋਸਾ ਦੇ ਕੇ ਮੋਰਚਾ ਖ਼ਤਮ ਕਰਾਉਣ ਦੇ ਮੁੱਖ ਦੋਸ਼ੀ ਉਕਤ ਹਵਾਹਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਮੰਨਿਆ ਹੈ। ਜਿਸ ਲਈ ਕੈਪਟਨ ਅਮਰਿੰਦਰ ਸਿੰਘ ਸਪੱਸ਼ਟੀਕਰਨ ਦੇਣ ਲਈ ਨਹੀਂ ਪਹੁੰਚੇ। ਇਸ ਲਈ ਕੈਪਟਨ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।

ਜਦ ਤਕ ਕੈਪਟਨ ਅਮਰਿੰਦਰ ਸਿੰਘ ਖੁਦ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਪੰਜ ਸਿੰਘਾਂ ਦੇ ਸਨਮੁੱਖ ਨਹੀਂ ਦਿੰਦੇ, ਓਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਸੰਗਤੀ ਇਕੱਠ ਵਿਚ ਬੋਲਣ ਨਾ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਕਿਸਮ ਦਾ ਸਹਿਯੋਗ ਅਤੇ ਮਾਣ ਸਨਮਾਨ ਨਾ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਸੰਗਤ ਨੂੰ ਬੇਨਤੀ ਹੈ ਕਿ ਇਸ ਹੁਕਮਨਾਮੇ ਦੀ ਪਾਲਣਾ ਕੀਤੀ ਜਾਵੇ। ਧਿਆਨ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇ ਮੁਕਾਮ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਰਹਿੰਦੇ ਕਾਰਜਕਾਲ ਵਿਚ ਬੇਅਦਬੀਆਂ ਦੇ ਦੋਸ਼ੀਆਂ ‘ਤੇ ਕਾਰਵਾਈ ਨਹੀਂ ਕਰਦੀ ਤਾਂ ਮੰਤਰੀਆਂ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤੇ ਰਾਹੀਂ ਸਖ਼ਤ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਬਾਬਾ ਹਰਬੰਸ ਸਿੰਘ, ਬਾਬਾ ਨਛੱਤਰ ਸਿੰਘ, ਭਾਈ ਹਰਦੀਪ ਸਿੰਘ, ਬਾਬਾ ਗੁਰਸੇਵਕ ਸਿੰਘ, ਭਾਈ ਜਰਨੈਲ ਸਿੰਘ ਸ਼ਖੀਰਾ ਆਦਿ ਮੌਜੂਦ ਸਨ।