ਮਾਮਲਾ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਾਏ ਸੋਧੇ ਦਾ

ਮਾਮਲਾ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਾਏ ਸੋਧੇ ਦਾ

 *ਨਿਹੰਗ ਸਿੰਘਾਂ ’ਤੇ ਵੀ ਚੁੱਕੇ ਸਵਾਲ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ  : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਸਾਨ ਮੋਰਚੇ ਵਾਲੇ ਸਥਾਨ ਸਿੰਘੂ ਬਾਰਡਰ ’ਤੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਕਤਲ ਕੀਤੇ ਗਏ ਲਖਵੀਰ ਸਿੰਘ ਦੇ ਮਾਮਲੇ ’ਚ ਨਿਹੰਗ ਸਿੰਘਾਂ ’ਤੇ ਸਵਾਲ ਚੁੱਕੇ ਹਨ। ਇਥੋਂ ਤਕ ਕਿਹਾ ਕਿ ਦਰਬਾਰ ਸਾਹਿਬ ਨਾ ਜਾਵੋ ਨਹੀਂ ਤਾਂ ਬੇਅਦਬੀ ਨਾਮ ਝਟਕ ਦਿਤੇ ਜਾਵੋਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਨਿਹੰਗ ਸਿੰਘਾਂ ਵਲੋਂ ਦਿੱਤੇ ਗਏ ਵੱਖ-ਵੱਖ ਬਿਆਨ ਇਸ ਗੱਲ ਦਾ ਸੰਕੇਤ ਕਰਦੇ ਹਨ ਕਿ ਬੇਅਦਬੀ ਦੀ ਆੜ ਹੇਠ ਕੋਈ ਹੋਰ ਰੰਜਿਸ਼ ਕਾਰਨ ਲਖਵੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਕਤਲ ਕੀਤਾ ਗਿਆ ਵਿਅਕਤੀ ਬੇਅਦਬੀ ਕਰਨ ਲੱਗਿਆ ਸੀ ਉਹ ਸਰਬ ਲੋਹ ਗ੍ਰੰਥ ਦੀ ਪੋਥੀ ਸੀ ਜਿਸ ਨੂੰ ਅੱਧੇ ਤੋਂ ਵੱਧ ਸਿੱਖ ਮੰਨਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਈ ਪਰ ਇੱਥੇ ਤਾਂ ਉਕਤ ਵਿਅਕਤੀ ਤਾਂ ਸਰਬ ਲੋਹ ਗ੍ਰੰਥ ਦੀ ਪੋਥੀ ਨੂੰ ਚੁੱਕ ਕੇ ਭੱਜਣ ਲੱਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗ ਸਿੰਘਾਂ ਕੋਲ ਇਸ ਬੇਅਦਬੀ ਦੇ ਪੁਖਤਾ ਸਬੂਤ ਹੁੰਦੇ ਜੋ ਦੁਨੀਆ ਨੂੰ ਦਿਖਾਏ ਜਾਂਦੇ ਫਿਰ ਚਾਹੇ ਉਸ ਨੂੰ ਜੋ ਬਣਦੀ ਸਜ਼ਾ ਦੇ ਦਿੱਤੀ ਜਾਂਦੀ ਪਰ ਅੱਜ ਕੇਵਲ ਇਸ ਬੇਅਦਬੀ ਦੇ ਮਾਮਲੇ ਵਿਚ ਵੱਖ-ਵੱਖ ਬਿਆਨ ਹੀ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਲਿਬਾਨ ਵੀ ਮਾਰ ਕੇ ਟੰਗ ਦਿੰਦੇ ਹਨ ਉਸੇ ਤਰ੍ਹਾਂ ਸਿੰਘੂ ਬਾਰਡਰ ’ਤੇ ਹੋਈ ਇਸ ਕਤਲ ਦੀ ਘਟਨਾ ਦੀ ਫੈਲੀ ਵੀਡੀਓ ਨੇ ਸਿੱਖਾਂ ਦਾ ਅਕਸ ਵੀ ਦੁਨੀਆ ’ਚ ਖ਼ਰਾਬ ਕੀਤਾ ਹੈ ਕਿ ਇਹ ਕੌਮ ਵੀ ਇਸ ਤਰ੍ਹਾਂ ਵੱਢ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਨਾਮ ’ਤੇ ਕਿਤੇ ਲੋਕੀ ਆਪਣੀਆਂ ਦੁਸ਼ਮਣੀਆਂ ਨਾ ਕੱਢ ਲੈਣ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਬੀਬੀ ਜਗੀਰ ਕੌਰ ਵਲੋਂ ਸਖਤ ਨੋਟਿਸ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਿੰਘੂ ਬਾਰਡਰ ’ਤੇ ਹੋਏ ਕਤਲ ਨੂੰ ਲੈ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖਤ ਤਾੜਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਬਰਦਾਸ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਹਰਿਮੰਦਰ ਸਾਹਿਬ ਜਾਣ ਬਾਰੇ ਢੱਡਰੀਆਂ ਵਾਲੇ ਨੇ ਜੋ ਦਰਬਾਰ ਸਾਹਿਬ ਬਾਰੇ ਸ਼ਬਦ ਬੋਲੇ ਹਨ, ਉਹ ਬਹੁਤ ਨਿੰਦਣਯੋਗ ਹੈ। ਢੱਡਰੀਆਂ ਵਾਲੇ ਨੇ ਕਿਹਾ ਕਿ ਵਾਲ ਕੱਟੇ ਵਾਲੇ ਧਿਆਨ ਨਾਲ ਜਾਇਓ, ਦੇਖਿਓ ਕਿਤੇ ਮੱਥਾ ਟੇਕ ਕੇ ਬਾਹਰ ਨਿਕਲੋ ਤੇ ਤੁਹਾਡਾ ਕਤਲ ਹੋ ਜਾਵੇ। ਬੇਅਦਬੀ ਦਾ ਇਲਜ਼ਾਮ ਲੱਗ ਜਾਵੇ। ਇਸ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਜਿਹੇ ਸ਼ਬਦ ਬੋਲਣ ਤੋਂ ਗੁਰੇਜ਼ ਕਰਨ ਸੰਤ ਢੱਡਰੀਆਂ ਵਾਲੇ। ਕਿਤੇ ਇਹ ਨਾ ਹੋਵੇ ਕਿ ਸਿੱਖ ਸੰਗਤ ਵਿਚ ਰੋਹ ਆ ਜਾਵੇ।