ਹਥਿਆਰਾਂ ਨੂੰ ਗੀਤਾਂ ਵਿਚ ਪਰਮੋਟ ਕਰਨ ਵਾਲਾ ਸਿੱਧੂ ਮੂਸੇਵਾਲਾ ਕਾਂਗਰਸ ਵਿਚ ਕਿਉਂ ਗਿਆ 

ਹਥਿਆਰਾਂ ਨੂੰ ਗੀਤਾਂ ਵਿਚ ਪਰਮੋਟ ਕਰਨ ਵਾਲਾ ਸਿੱਧੂ ਮੂਸੇਵਾਲਾ ਕਾਂਗਰਸ ਵਿਚ ਕਿਉਂ ਗਿਆ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ...''ਗੱਭਰੂ 'ਤੇ ਕੇਸ ਜਿਹੜਾ ਸੰਜੇ ਦੱਤ 'ਤੇ...''ਡਾਲਰਾਂ ਵਾਗੂਂ ਨੀਂ ਨਾਮ ਸਦਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ...'ਅਜਿਹੇ ਕਈ ਹਿੱਟ ਗਾਣੇ ਗਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਬੀਤੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ।ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਨੂੰ ਝੱਲ ਰਹੇ ਮੂਸੇਵਾਲਾ ਦੇ ਖਿਲਾਫ਼ ਤੇ ਹੱਕ ਵਿੱਚ ਸੋਸ਼ਲ ਮੀਡੀਆ 'ਤੇ ਵੀ ਖਾਸੀ ਚਰਚਾ ਹੋਈ ਸੀ।ਤਿੰਨ ਦਸੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨਾਲ ਸਿੱਧੂ ਮੂਸੇਵਾਲਾ ਦੀ ਮੁਲਾਕਾਤ ਕਰਵਾਈ ਗਈ।ਕਾਂਗਰਸ ਦਾ ਹੱਥ ਫੜ੍ਹਨ ਵੇਲੇ ਸਿੱਧੂ ਮੂਸੇਵਾਲਾ ਨੇ ਕਿਹਾ, "ਅੱਜ ਤੋਂ 3-4 ਸਾਲ ਪਹਿਲਾਂ ਮੈਂ ਸੰਗੀਤ ਸ਼ੁਰੂ ਕੀਤਾ ਸੀ। ਅੱਜ ਚਾਰ ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਜਾ ਰਿਹਾ ਹਾਂ ਅਸੀਂ ਆਮ ਪਰਿਵਾਰਾਂ ਵਿਚੋਂ ਉੱਠੇ ਹੋਏ ਲੋਕ ਹਾਂ। ਮੇਰੇ ਪਿਤਾ ਜੀ ਫੌਜ ਵਿੱਚ ਰਹੇ ਹਨ ਤੇ ਅਜੇ ਵੀ ਅਸੀਂ ਉਸੇ ਪਿੰਡ ਵਿੱਚ ਰਹਿ ਰਹੇ ਹਾਂ।ਕਾਂਗਰਸ ਵਿਚ ਸ਼ਾਮਲ ਹੋਣ ਪਹਿਲਾਂ ਵੱਡਾ ਕਾਰਨ ਹੈ ਇਹ ਕਿ ਜਿਹੜੀ ਪੰਜਾਬ ਕਾਂਗਰਸ ਹੈ , ਇਸ ਵਿੱਚ ਉਹ ਲੋਕ ਨੇ ਜਿਹੜੇ ਆਮ ਘਰਾਂ ਤੋਂ ਉੱਠੇ ਹੋਏ ਹਨ। ਮੁੱਖ ਵਜ੍ਹਾ ਇਹ ਹੈ ਕਿ ਇੱਥੇ ਕੋਈ ਵੀ ਮਿਹਨਤਕਸ਼ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤੇ ਵਿਕਾਸ ਕਰ ਸਕਦਾ ਹੈ।''

ਕੌਣ ਹੈ ਸਿੱਧੂ ਮੂਸੇਵਾਲਾ

  ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ।ਸਿੱਧੂ ਮੂਸੇਵਾਲਾ ਦਾ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਮੂਸਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ।ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਮੂਸਾ ਪਿੰਡ ਦੇ ਸਰਪੰਚ ਹਨ। ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।ਹੁਣ  ਸਿੱਧੂ ਮੂਸੇਵਾਲਾ ਨੇ ਆਪ ਸਿਆਸਤ ਵਿੱਚ ਪੈਰ ਧਰ ਲਿਆ ਹੈ।ਸਿੱਧੂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ ਮੈਡੀਕਲ ਨਾਲ ਕੀਤੀ ਹੈ।ਇਸ ਮਗਰੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਸਾਲ ਦਾ ਡਿਪਲੋਮਾ ਕੈਨੇਡਾ ਵਿੱਚ ਕੀਤਾ।

ਗਾਣੇ ਅਤੇ ਫਿਲਮਾਂ

ਸਿੱਧੂ ਮੂਸੇਵਾਲਾ ਦੇ ਕਈ ਗੀਤ ਸੁਪਰਹਿੱਟ ਹੋਏ। ਸੋ ਹਾਈ, ਧੱਕਾ, ਓਲਡ ਸਕੂਲ, ਸੰਜੂ ਵਰਗੇ ਗਾਣੇ ਤਾਂ ਯੂਟਿਊਬ ਉੱਤੇ ਕਰੋੜਾਂ ਵਾਰ ਦੇਖੇ ਗਏ।ਇਨ੍ਹਾਂ ਗਾਣਿਆਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮਾਂ ਤਹਿਤ ਮੂਸੇਵਾਲਾ ਦੀ ਆਲੋਚਨਾ ਵੀ ਹੋਈ ਅਤੇ ਕੇਸ ਵੀ ਦਰਜ ਹੋਏ।ਮੂਸੇਵਾਲਾ ਦੀਆਂ ਫਿਲਮਾਂ ਹਨ 'ਯਸ ਆਈ ਐਮ ਸਟੂਡੈਂਟ' , 'ਤੇਰੀ ਮੇਰੀ ਜੋੜੀ', 'ਗੁਨਾਹ', 'ਮੂਸਾ ਜੱਟ' ਅਤੇ ਆਉਣ ਵਾਲੀ ਫਿਲਮ ਹੈ 'ਜੱਟਾਂ ਦਾ ਮੁੰਡਾ ਗਾਉਣ ਲੱਗਾ'।ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀ ਧਮਕ ਬਾਲੀਵੁੱਡ ਤੱਕ ਵੀ ਹੈ। ਫਿਲਮ ਸਟਾਰ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਦੇ ਗਾਣਿਆਂ ਦੀਆਂ ਸਟੋਰੀਆਂ ਵੀ ਪਾਈਆਂ।

ਸਿੱਧੂ ਮੂਸੇਵਾਲਾ 'ਤੇ ਪਏ ਕੇਸ ਅਤੇ ਵਿਵਾਦ

  ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ 'ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਦੀ ਸੀ।ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਅਤੇ ਬਰਨਾਲਾ ਵਿੱਚ ਮਈ 2020 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।ਇੱਕ ਹੋਰ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ ਵਿੱਚ ਇੱਕ ਪਿਸਟਲ ਨਾਲ ਫਾਇਰਿੰਗ ਕਰਦੇ ਵੇਖੇ ਗਏ ਸੀ।ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਸਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਗਿਆ।ਇਸ ਤੋਂ ਪਹਿਲਾਂ ਵੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਕਾਰਨ ਮੂਸੇਵਾਲਾ 'ਤੇ ਫ਼ਰਵਰੀ 2020 ਵਿੱਚ ਮਾਨਸਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।ਆਪਣੇ ਗੀਤ ''ਗੱਭਰੂ'ਤੇ ਕੇਸ ਜਿਹੜਾ ਸੰਜੇ ਦੱਤ 'ਤੇ'' ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਵਿੱਚ ਆਏ।ਇਸ ਗੀਤ ਕਰਕੇ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ  ਕਰਕੇ  ਮਾਮਲਾ ਦਰਜ ਕੀਤਾ ਸੀ।ਸਿੱਧੂ ਮੂਸੇ ਵਾਲਾਉਸ ਵੇਲੇ ਓਲੰਪਿਕ ਨਿਸ਼ਾਨੇਬਾਜ਼ ਅਤੇ ਸੀਨੀਅਰ ਪੁਲਿਸ ਅਫਸਰ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਨਸੀਹਤ ਵੀ ਦਿੱਤੀ ਗਈ ਸੀ।ਅਵਨੀਤ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ, ''ਲੰਘੇ ਦਿਨੀਂ ਜੋ ਗੀਤ ਸਿੱਧੂ ਮੂਸੇਵਾਲਾਂ ਵੱਲੋਂ ਪੇਸ਼ ਕੀਤਾ ਗਿਆ ਹੈ ਉਸ ਵਿੱਚ ਉਹ ਖ਼ੁਦ ਨੂੰ ਸੰਜੇ ਦੱਤ ਨਾਲ ਜੋੜ ਰਿਹਾ ਹੈ। ਉਹ ਆਪਣੇ ਉੱਤੇ ਲੱਗੇ ਕੇਸਾਂ ਨੂੰ ਬਹੁਤ ਮਾਣ ਵਾਲੀ ਗੱਲ ਸਮਝ ਰਿਹਾ ਹੈ। ਸਿੱਧੂ ਗੀਤ ਵਿੱਚ ਕਹਿ ਰਿਹਾ ਹੈ ਕਿ ਜਿਨ੍ਹਾਂ ਉੱਤੇ ਕੇਸ ਹੁੰਦਾ ਹੈ ਉਹੀ ਮਰਦ ਹੁੰਦਾ ਹੈ ਬਾਕੀ ਤਾਂ ਐਵੇਂ ਹੀ....''

ਨਵਜੋਤ ਸਿੱਧੂ ਨੇ ਸਿੱਧੂ ਮੂਸੇਵਾਲਾ ਦਾ ਇੰਝ ਕੀਤਾ ਬਚਾਅ

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੱਤਰਕਾਰਾਂ ਨੇ ਸਿੱਧੂ ਮੂਸੇਵਾਲਾ ਦੇ ਗਨ ਕਲਚਰ ਵਾਲੇ ਗਾਣਿਆਂ ਬਾਰੇ ਸਵਾਲ ਕੀਤੇ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ।ਸਿੱਧੂ ਮੂਸੇਵਾਲਾ 'ਤੇ ਚੱਲਦੇ ਕੇਸਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ, "ਇਸ ਗੱਲ ਨੂੰ ਸਮਝੋ ਕਿ ਕੇਸ ਪੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਦੋਸ਼ੀ ਹੋ ਗਿਆ। ਮੇਰੇ 'ਤੇ ਕੇਸ ਪਏ ਸੀ, ਫਿਰ ਲੋਕਾਂ ਨੇ ਛੇ ਚੋਣਾਂ ਜਿੱਤਵਾ ਦਿੱਤੀਆਂ।"ਲੌਕਡਾਊਨ ਦੌਰਾਨ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੀ ਡਾਕਟਰਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਦਾ ਹਿੱਸਾ ਵੀ ਰਹੇ ਸਨ।