ਅਫ਼ਗਾਨ ਸਿੱਖ ਗੁਰਦੁਆਰਾ ਸਾਹਿਬ ਤੋਂ ਮੁੜ ਆਪਣੇ ਘਰਾਂ ਨੂੰ ਪਰਤੇ

ਅਫ਼ਗਾਨ ਸਿੱਖ ਗੁਰਦੁਆਰਾ  ਸਾਹਿਬ ਤੋਂ ਮੁੜ ਆਪਣੇ ਘਰਾਂ ਨੂੰ ਪਰਤੇ

* ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਮੁੜ ਕਾਰੋਬਾਰ ਸ਼ੁਰੂ ਕਰਨ ਲਈ ਹੋਏ ਮਜਬੂਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ-ਭਾਵੇਂ ਕਿ 30 ਅਗਸਤ ਨੂੰ ਅਫ਼ਗਾਨ ਸਿੱਖਾਂ ਵਲੋਂ ਤਾਲਿਬਾਨ ਆਗੂਆਂ ਪਾਸੋਂ ਉਨ੍ਹਾਂ ਨੂੰ ਭਾਰਤ ਜਾਣ ਲਈ ਮਨਜ਼ੂਰੀ ਦੇਣ ਦੀ ਕੀਤੀ ਅਪੀਲ ਤੋਂ ਬਾਅਦ ਤਾਲਿਬਾਨ ਨੇ ਸਾਫ਼ ਕਰ ਦਿੱਤਾ ਸੀ ਕਿ ਅਫ਼ਗਾਨੀ ਹਿੰਦੂਆਂ ਤੇ ਸਿੱਖਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਭਾਰਤ ਯਾਤਰਾ ਲਈ ਕੋਈ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਦਾ ਇੱਥੇ ਆਉਣਾ ਮੁਸ਼ਕਿਲ ਬਣਿਆ ਹੋਇਆ ਹੈ ।ਜਾਣਕਾਰੀ ਮਿਲੀ ਹੈ ਕਿ ਭਾਰਤ ਆਉਣ ਦੀ ਉਡੀਕ 'ਚ ਕਾਬੁਲ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਕਰਤੇ ਪ੍ਰਵਾਨ 'ਚ ਰੁਕੇ ਇਹ ਹਿੰਦੂ-ਸਿੱਖ ਪਰਿਵਾਰ ਆਪਣੇ ਘਰਾਂ ਨੂੰ ਪਰਤ ਗਏ ਹਨ ਤੇ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ 'ਚ ਸਿਰਫ਼ ਕੁਝ ਇਕ ਪਰਿਵਾਰ ਹੀ ਰਹਿ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਭਾਰਤ ਆਉਣ ਤੋਂ ਅਸਮਰੱਥ ਉਕਤ ਅਫ਼ਗਾਨ ਹਿੰਦੂ-ਸਿੱਖ ਪਰਿਵਾਰਾਂ ਨੇ ਕਾਬੁਲ ਵਿਖੇ ਡਰ ਦੇ ਮਾਹੌਲ 'ਚ ਮੁੜ ਆਪਣੇ ਕਾਰੋਬਾਰ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ ।ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਫ਼ਗਾਨ ਹਿੰਦੂ-ਸਿੱਖ ਅਫ਼ਗਾਨਿਸਤਾਨ 'ਚ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਤਾਲਿਬਾਨ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਲਗਾਤਾਰ ਸੰਪਰਕ 'ਚ ਹਨ । ਸ਼ਾਹੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ 'ਚ ਘੱਟ-ਗਿਣਤੀਆਂ ਨੂੰ ਸੁਰੱਖਿਆ ਦੇਣਾ ਉਨ੍ਹਾਂ ਦੇ ਮੁੱਖ ਉਦੇਸ਼ਾਂ 'ਚ ਸ਼ਾਮਿਲ ਹੈ । ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਵੀ ਅਫ਼ਗਾਨ ਹਿੰਦੂਆਂ ਤੇ ਸਿੱਖਾਂ ਬਾਰੇ ਕਹਿ ਚੁਕੇ ਹਨ ਕਿ ਉਨ੍ਹਾਂ ਦੇ ਭਾਰਤ ਜਾਣ ਲਈ ਕੋਈ ਰੁਕਾਵਟ ਨਹੀਂ ਹੈ, ਉਹ ਕਾਬੁਲ ਦੇ ਹਵਾਈ ਅੱਡੇ 'ਤੇ ਆਪਣੀ ਯਾਤਰਾ ਨਾਲ ਸਬੰਧਿਤ ਜ਼ਰੂਰੀ ਦਸਤਾਵੇਜ਼ ਵਿਖਾ ਕੇ ਭਾਰਤ ਵਿਚਲੇ ਧਾਰਮਿਕ ਸਮਾਗਮਾਂ 'ਚ ਸ਼ਾਮਿਲ ਹੋ ਸਕਦੇ ਹਨ ।