ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਦਰਬਾਰ ਸਾਹਿਬ ਦੇ ਲੰਗਰਾਂ ਵਾਸਤੇ 330 ਕੁਇੰਟਲ ਕਣਕ ਭੇਟ ਕੀਤੀ

ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਦਰਬਾਰ ਸਾਹਿਬ ਦੇ ਲੰਗਰਾਂ ਵਾਸਤੇ 330 ਕੁਇੰਟਲ ਕਣਕ ਭੇਟ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਾਰੀ ਦੁਨੀਆ ਨੂੰ ਭਾਈਚਾਰਕ ਸਾਂਝ ਦਾ ਅਕਾਲੀ ਸੁਨੇਹਾ ਦੇਣ ਵਾਲੀ ਮੁਕੱਦਸ ਥਾਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਗੁਰੂ ਰਾਮਦਾਸ ਲੰਗਰ ਵਾਸਤੇ ਅੱਜ ਮਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਵੱਲੋਂ 330 ਕੁਇੰਟਲ ਕਣਕ ਭੇਂਟ ਕੀਤੀ ਗਈ। 

ਕਣਕ ਦੇ ਲੱਦੇ ਟਰੱਕ ਲੈ ਕੇ ਅੱਜ ਮੁਸਲਿਮ ਭਾਈਚਾਰੇ ਦੇ ਨੁਮਾਂਇੰਦੇ ਦਰਬਾਰ ਸਾਹਿਬ ਪਹੁੰਚੇ। ‘ਸਿੱਖ ਮੁਸਲਿਮ ਸਾਂਝਾਂ’ ਦੇ ਮੁਖੀ ਡਾ. ਨਸੀਰ ਅਖਤਰ ਦੀ ਅਗਵਾਈ ਵਿਚ ਪੁੱਜੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਲੰਗਰ ਵਿਚ ਭੇਟਾ ਦੇਣ ਉਪਰੰਤ ਉਨ੍ਹਾਂ ਗੁਰੂ ਕਾ ਲੰਗਰ ਵੀ ਛਕਿਆ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਸਿੱਖ ਮੁਸਲਿਮ ਸਾਂਝਾ ਫਰੰਟ ਪੰਜਾਬ ਨਾਲ ਸਬੰਧਤ ਇਨ੍ਹਾਂ ਮੁਸਲਮਾਨ ਭਰਾਵਾਂ ਨੂੰ ਸਨਮਾਨਿਤ ਕੀਤਾ ਗਿਆ।