ਫਿਲਮ ਯਾਰੀਆਂ 2 ਵਿਚ ਗੈਰ ਸਿਖ ਵਲੋਂ ਗਾਤਰਾ ਪਾਕੇ ਕਕਾਰਾਂ ਦੀ ਬੇਅਦਬੀ

ਫਿਲਮ ਯਾਰੀਆਂ 2 ਵਿਚ ਗੈਰ ਸਿਖ ਵਲੋਂ ਗਾਤਰਾ ਪਾਕੇ  ਕਕਾਰਾਂ ਦੀ ਬੇਅਦਬੀ

ਜਥੇਦਾਰ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਦੇ ਦਿੱਤੇ ਆਦੇਸ਼

ਕਿਹਾ ਕਿ ਫ਼ਿਲਮ ਸੈਂਸਰ ਬੋਰਡ ਵਿਚ ਘੱਟੋ ਘੱਟ ਇਕ ਸਿੱਖ ਮੈਂਬਰ ਜ਼ਰੂਰ ਸ਼ਾਮਲ ਕੀਤਾ ਜਾਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ : ਫ਼ਿਲਮ ਯਾਰੀਆਂ 2 ਦੇ ਇੱਕ ਸੀਨ ਵਿਚ ਇੱਕ ਐਕਟਰ ਜੋ ਸਿੱਖ ਕਕਾਰ ਕਿ੍ਪਾਨ ਪਾ ਕੇ ਇਕ ਲੜਕੀ ਨਾਲ ਬੱਸ ਵਿਚ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਇਹ ਕੇਸਾਂ ਤੋਂ ਰਹਿਤ ਐਕਟਰ ਕਿਰਪਾਨ ਪਹਿਣ ਕੇ ਕਕਾਰਾਂ ਦੀ ਬੇਅਦਬੀ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ 'ਤੇ ਸਖ਼ਤ ਇਤਰਾਜ਼ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਸ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਭਵਿੱਖ 'ਚ ਕੋਈ ਐਸਾ ਕਰਨ ਦੀ ਜੁਰੱਅਤ ਨਾ ਕਰੇ। ਜਥੇਦਾਰ ਨੇ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਰਹਿੰਦੀ ਹੈ। ਫ਼ਿਲਮ ਸੈਂਸਰ ਬੋਰਡ 'ਚ ਘੱਟੋ ਘੱਟ ਇਕ ਸਿੱਖ ਮੈਂਬਰ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਨਾ ਵਾਪਰੇ।

ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਰਾਧਿਕਾ ਰਾਓ ਅਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਿਤ ਫਿਲਮ 'ਯਾਰੀਆਂ 2' ਦੇ 'ਸੌਰੇ ਘਰ' ਗੀਤ ਵਿੱਚ ਪ੍ਰਕਾਸ਼ਿਤ ਕੀਤੇ ਗਏ ਇਹਨਾਂ ਵੀਡੀਓ 'ਤੇ ਅਸੀਂ ਸਖ਼ਤ ਇਤਰਾਜ਼ ਜਤਾਉਂਦੇ ਹਾਂ। ਕਿਉਂਕਿ ਅਦਾਕਾਰ ਇਤਰਾਜ਼ਯੋਗ ਢੰਗ ਨਾਲ ਸਿੱਖ ਕਕਾਰ ਕਿਰਪਾਨ ਪਹਿਨੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਭਾਰਤ ਦੇ ਸੰਵਿਧਾਨ ਅਨੁਸਾਰ ਅਧਿਕਾਰਾਂ ਤਹਿਤ ਕਿ੍ਪਾਨ ਪਹਿਨਣ ਦਾ ਅਧਿਕਾਰ ਕੇਵਲ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਹੀ ਹੈ। ਇਹ ਵੀਡੀਓ ਗੀਤ ਯੂਟਿਊਬ ਚੈਨਲ 'ਤੇ ਜਨਤਕ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ। ਜੇਕਰ ਉਕਤ ਇਤਰਾਜ਼ਯੋਗ ਦ੍ਰਿਸ਼ਾਂ ਵਾਲੇ ਇਸ ਵੀਡੀਓ ਗੀਤ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਪਲੇਟਫਾਰਮ ਦੀ ਵਰਤੋਂ ਗਈ ਹੈ ਤਾਂ ਉਸ ਨੂੰ ਵੀ ਹਟਾਉਣਾ ਚਾਹੀਦਾ ਹੈ। ਅਸੀਂ ਤੁਰੰਤ ਇਸ ਇਤਰਾਜ਼ ਨੂੰ ਸਾਰੇ ਚੈਨਲਾਂ ਰਾਹੀਂ ਸਰਕਾਰ ਅਤੇ ਡਿਜੀਟਲ ਪਲੇਟਫਾਰਮਾਂ ਕੋਲ ਉਠਾ ਰਹੇ ਹਾਂ। ਅਸੀਂ ਭਾਰਤ ਦੇ ਬਰੋਡਕਾਸਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦੇ ਹਾਂ ਕਿ ਇਹ ਇਤਰਾਜ਼ਯੋਗ ਵੀਡੀਓ ਜਾਂ ਉਕਤ ਫਿਲਮ ਦੇ ਅਜਿਹੇ ਕਿਸੇ ਵੀ ਅਸਵੀਕਾਰਨਯੋਗ ਦ੍ਰਿਸ਼ ਨੂੰ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੁਆਰਾ ਰਿਲੀਜ਼ ਲਈ ਮਨਜ਼ੂਰੀ ਨਾ ਦਿੱਤੀ ਜਾਵੇ। ਜੇਕਰ ਵੀਡੀਓਜ਼ ਨੂੰ ਜਨਤਕ ਪਲੇਟਫਾਰਮਾਂ ਤੋਂ ਨਾ ਹਟਾਇਆ ਗਿਆ ਤਾਂ ਅਸੀਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ।