ਵਿਦੇਸ਼ ਨੀਤੀ ਵਿਚ ਮੋਦੀ ਸਰਕਾਰ  ਬੁਰੀ ਤਰ੍ਹਾਂ ਫੇਲ

ਵਿਦੇਸ਼ ਨੀਤੀ ਵਿਚ ਮੋਦੀ ਸਰਕਾਰ  ਬੁਰੀ ਤਰ੍ਹਾਂ ਫੇਲ

ਨੇਪਾਲ, ਭੂਟਾਨ ਤੇ ਮਾਲਦੀਵ ਭਾਰਤ ਤੋਂ ਨਿਰਾਸ਼ ਹੋਕੇ ਚੀਨ ਨਾਲ ਜੁੜੇ

*ਪੰਨੂ ਨੂੰ ਅਮਰੀਕਾ ਦੀ ਜ਼ਮੀਨ 'ਤੇ ਮਾਰਨ ਦੀ  ਕੋਸ਼ਿਸ਼ ਕਾਰਣ ਬਾਈਡਨ ਨਰਾਜ਼

*ਅਮਰੀਕੀ ਜੱਜ ਨੇ ਨਿਖਿਲ ਗੁਪਤਾ ਦੀ ਰੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੀ ਅਪੀਲ ਠੁਕਰਾਈ

ਮੋਦੀ ਸਰਕਾਰ ਦਾ ਸਭ ਤੋਂ ਮਾੜਾ ਹਾਲ  10 ਸਾਲਾ ਰਾਜ ਦੌਰਾਨ ਬਦੇਸ਼ ਨੀਤੀ ਦੇ ਖੇਤਰ ਵਿੱਚ ਹੋਇਆ ਹੈ।  ਸੰਘ ਪਰਿਵਾਰ ਦੇ ਫਾਸ਼ੀਵਾਦੀ ਪ੍ਰਭਾਵ ਅਧੀਨ ਸਰਕਾਰ ਭਾਰਤ ਅੰਦਰਲੀਆਂ ਲੋਕਤੰਤਰਿਕ ਸ਼ਕਤੀਆਂ ਦਾ ਦਮਨ ਕਰਨ ਤੇ ਗੁਆਂਢੀ ਦੇਸ਼ਾਂ ਉੱਤੇ ਧੌਂਸ ਜਮਾਉਣ ਦੇ ਰਾਹ ਪਈ ਰਹੀ ਹੈ।  ਭਾਜਪਾ ਦੀਆਂ ਇਨ੍ਹਾਂ ਨੀਤੀਆਂ ਕਾਰਨ ਹੀ ਉਸਦੇ ਸਭ ਗੁਆਂਢੀ ਦੇਸ ਉਸ ਤੋਂ ਦੂਰ ਜਾ ਚੁੱਕੇ ਹਨ। ਪਾਕਿਸਤਾਨ ਤੇ ਚੀਨ ਨਾਲ ਤਾਂ ਭਾਰਤ ਦਾ ਪੁਰਾਣਾ ਸਰਹੱਦੀ ਵਿਵਾਦ ਹੈ, ਪਰ ਇਸਦੇ ਸਭ ਤੋਂ ਭਰੋਸੇਮੰਦ ਮਿੱਤਰ ਰਹੇ ਨੇਪਾਲ, ਭੂਟਾਨ ਤੇ ਮਾਲਦੀਵ ਵੀ ਭਾਰਤ ਨੂੰ ਅੱਖਾਂ ਦਿਖਾ ਰਹੇ ਹਨ।

ਹਿੰਦ ਮਹਾਸਾਗਰ ਵਿੱਚ ਸਥਿਤ ਸ੍ਰੀਲੰਕਾ ਤੋਂ 700 ਕਿਲੋਮੀਟਰ ਦੂਰ ਸਥਿਤ 1192 ਟਾਪੂਆਂ ਵਾਲੇ ਮਾਲਦੀਵ ਦੀ ਕੁੱਲ ਅਬਾਦੀ 5 ਲੱਖ 21 ਹਜ਼ਾਰ ਦੇ ਕਰੀਬ ਹੈ। ਅਬਾਦੀ ਦੇ ਹਿਸਾਬ ਨਾਲ ਮਾਲਦੀਵ ਸਾਡੀ ਇੱਕ ਤਹਿਸੀਲ ਜਿੱਡਾ ਹੈ। ਮਾਲਦੀਵ ਉੱਤੇ ਜਦੋਂ ਵੀ ਕੋਈ ਸੰਕਟ ਆਇਆ, ਉਦੋਂ ਭਾਰਤ ਉਸ ਦੀ ਬਾਂਹ ਫੜਦਾ ਰਿਹਾ ਹੈ। ਇਸ ਦੇਸ਼ ਵਿੱਚ ਸਾਡੇ 700 ਫੌਜੀ ਹਨ, ਜੋ ਹੈਲੀਕਾਪਟਰ ਸੇਵਾ ਲਈ ਤਾਇਨਾਤ ਹਨ। ਇਸ ਦੇਸ਼ ਦੀ 90 ਫ਼ੀਸਦੀ ਅਬਾਦੀ ਮੁਸਲਿਮ ਹੈ। ਭਾਰਤ ਅੰਦਰ ਭਾਜਪਾ ਦੀ ਮੁਸਲਮਾਨਾਂ ਵਿਰੁੱਧ ਨਫ਼ਰਤੀ ਮੁਹਿੰਮ ਦਾ ਅਸਰ ਮਾਲਦੀਵ ਦੇ ਲੋਕਾਂ ’ਤੇ ਪੈਣਾ ਸੁਭਾਵਿਕ ਸੀ । ਇਸ ਕਾਰਨ ਉੱਥੇ ਭਾਰਤ ਵਿਰੋਧੀ ਭਾਵਨਾਵਾਂ ਏਨੀਆਂ ਵਧੀਆਂ ਕਿ ਮੌਜੂਦਾ ਰਾਸ਼ਟਰਪਤੀ ਮੁਹੰਮਦ ਮੋਇਜ਼ੂ ‘ਇੰਡੀਆ ਆਊਟ’ ਦੇ ਨਾਅਰੇ ਰਾਹੀਂ ਸੱਤਾ ਵਿੱਚ ਆਏ ਹਨ। ਮਾਲਦੀਵ ਦੀ ਇਹ ਪ੍ਰੰਪਰਾ ਰਹੀ ਹੈ ਕਿ ਹਰ ਨਵਾਂ ਚੁਣਿਆ ਗਿਆ ਰਾਸ਼ਟਰਪਤੀ ਸਭ ਤੋਂ ਪਹਿਲਾਂ ਭਾਰਤ ਦੇ ਦੌਰੇ ਉੱਤੇ ਆਉਂਦਾ ਹੈ, ਪਰ ਮੋਇਜ਼ੂ ਨੇ ਇਸ ਨੂੰ ਨਜ਼ਰਅੰਦਾਜ਼ ਕਰਦਿਆਂ ਚੀਨ ਜਾਣ ਨੂੰ ਪਹਿਲ ਦਿੱਤੀ। ਚਾਹੀਦਾ ਇਹ ਸੀ ਕਿ ਦੋਹਾਂ ਦੇਸ਼ਾਂ ਵਿੱਚ ਵਧੀ ਦੂਰੀ ਨੂੰ ਸਫਾਰਤੀ ਚੈਨਲ ਰਾਹੀਂ ਘਟਾਇਆ ਜਾਂਦਾ, ਪਰ ਪ੍ਰਧਾਨ ਮੰਤਰੀ ਮੋਦੀ ਤਾਂ ਮਾਲਦੀਵ ਉੱਤੇ ਟੂਰਿਜ਼ਮ ਸਟ੍ਰਾਈਕ ਕਰਨ ਲਈ ਲਕਸ਼ਦੀਪ ਜਾ ਪੁੱਜੇ। ਉਸ ਦੇ ਭਗਤ, ਖਾਸ ਤੌਰ ਉੱਤੇ ਫਿਲਮੀ ਸਿਤਾਰੇ ਤੇ ਖਿਡਾਰੀ ਵੀ ਇਸ ਹਵਾਈ ਯੁੱਧ ਵਿੱਚ ਸ਼ਾਮਲ ਹੋ ਗਏ ਸਨ। ਇਹ ਠੀਕ ਹੈ ਕਿ ਮਾਲਦੀਵ ਦੀ ਆਰਥਿਕਤਾ ਮੁੱਖ ਤੌਰ ਉੱਤੇ ਸੈਰ-ਸਪਾਟੇ ਉੱਤੇ ਨਿਰਭਰ ਹੈ, ਪਰ ਭਗਤਾਂ ਨੇ ਤਾਂ ਇਹ ਸਮਝ ਲਿਆ ਕਿ ਉਹ ਉੱਥੇ ਨਾ ਜਾ ਕੇ ਉਸ ਦੇਸ਼ ਨੂੰ ਗੋਡਿਆਂ ਪਰਨੇ ਕਰ ਦੇਣਗੇ। ਸੱਚਾਈ ਇਹ ਹੈ ਕਿ ਪਿਛਲੇ ਸਾਲ ਮਾਲਦੀਵ ਵਿੱਚ ਕੁੱਲ 17.57 ਲੱਖ ਸੈਲਾਨੀ ਆਏ ਸਨ, ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਸਿਰਫ਼ ਦੋ ਲੱਖ 9 ਹਜ਼ਾਰ ਸੀ। ਉਸ ਦਾ ਇਹ ਘਾਟਾ ਮੁਸਲਿਮ ਦੇਸ਼ ਪੂਰਾ ਕਰ ਦੇਣਗੇ। ਇਸ ਘਟਨਾਕ੍ਰਮ ਦਾ ਸਿੱਟਾ ਇਹ ਨਿਕਲਿਆ ਕਿ ਮੋਇਜ਼ੂ ਨੇ ਭਾਰਤ ਨੂੰ ਆਪਣੇ ਫੌਜੀ ਕੱਢਣ ਲਈ 15 ਮਾਰਚ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ।

ਇਸ ਤੋਂ ਪਹਿਲਾਂ ਨੇਪਾਲ ਤੇ ਭੂਟਾਨ ਵੀ ਸਾਥੋਂ ਦੂਰ ਹੋ ਚੁੱਕੇ ਹਨ। ਨੇਪਾਲ ਵਿੱਚ ਨਵਾਂ ਸੰਵਿਧਾਨ ਬਣਾਉਣ ਸਮੇਂ ਮੋਦੀ ਅਤੇ ਸੰਘ ਨੇ ਉੱਥੋਂ ਦੇ ਆਗੂਆਂ ਉੱਤੇ ਮਧੇਸ਼ੀਆਂ ਨੂੰ ਵੱਧ ਅਧਿਕਾਰ ਦੇਣ ਲਈ ਦਬਾਅ ਪਾਇਆ ਸੀ। ਨੇਪਾਲ ਦੇ ਨਾ ਮੰਨਣ ਉੱਤੇ ਭਾਰਤ ਨੇ ਨੇਪਾਲ ਦੀ ਨਾਕਾਬੰਦੀ ਕਰ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਭਾਰਤ ਦਾ ਛੋਟਾ ਭਰਾ ਸਮਝਿਆ ਜਾਣ ਵਾਲਾ ਨੇਪਾਲ ਚੀਨ ਦੇ ਪਾਲੇ ਵਿੱਚ ਜਾ ਖੜ੍ਹਾ ਹੋਇਆ ਹੈ।

ਭੂਟਾਨ ਦੀ ਤਾਂ ਸੁਰੱਖਿਆ ਦਾ ਜ਼ਿੰਮਾ ਵੀ ਭਾਰਤ ਦਾ ਰਿਹਾ ਹੈ। ਉਥੋਂ ਦੀ ਬਦੇਸ਼ ਨੀਤੀ ਵੀ ਸਾਡੀ ਬਦੇਸ਼ ਨੀਤੀ ਅਨੁਸਾਰ ਘੜੀ ਜਾਂਦੀ ਰਹੀ ਹੈ। ਭੂਟਾਨ ਬੋਧੀ ਦੇਸ਼ ਹੈ। ਮੋਦੀ ਰਾਜ ਦੌਰਾਨ ਭਾਰਤ ਵਿੱਚ ਘੱਟਗਿਣਤੀ ਧਰਮਾਂ; ਮੁਸਲਮਾਨ, ਈਸਾਈ ਤੇ ਬੋਧੀਆਂ ਨੂੰ ਜਿਸ ਤਰ੍ਹਾਂ ਨਫ਼ਰਤ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ, ਉਸ ਦਾ ਅਸਰ ਭੂਟਾਨ ਦੇ ਬੁੱਧ ਧਰਮ ਦੇ ਅਨੁਯਾਈਆਂ ’ਤੇ ਪੈਣਾ ਲਾਜ਼ਮੀ ਸੀ। ਸੰਘ ਦੇ ‘ਅਖੰਡ ਭਾਰਤ’ ਵਰਗੇ ਵਿਸਥਾਰਵਾਦੀ ਨਾਅਰੇ ਵੀ ਗੁਆਂਢੀਆਂ ਨੂੰ ਚੁਭਣੇ ਸੁਭਾਵਕ ਹਨ। ਇਸ ਦੇ ਸਿੱਟੇ ਵਜੋਂ ਭੂਟਾਨ ਅੱਜ ਆਪਣੀ ਆਜ਼ਾਦ ਬਦੇਸ਼ ਨੀਤੀ ’ਤੇ ਤੁਰ ਪਿਆ ਹੈ। ਭਾਰਤ ਤੇ ਚੀਨ ਵਿਚਕਾਰ ਵਿਵਾਦ ਦਾ ਮੁੱਦਾ ਰਹੇ ਡੋਕਲਾਮ ਨੂੰ ਭੂਟਾਨ ਨੇ ਚੀਨ ਸਪੁਰਦ ਕਰ ਦਿੱਤਾ ਹੈ। ਚੀਨ ਉੱਥੇ ਸੜਕਾਂ ਤੇ ਬਸਤੀਆਂ ਵਸਾ ਰਿਹਾ ਹੈ।

ਨੇਪਾਲ, ਭੂਟਾਨ ਤੇ ਮਾਲਦੀਵ ਉਹ ਦੇਸ਼ ਹਨ, ਜਿੱਥੇ ਭਾਰਤੀਆਂ ਨੂੰ ਬਿਨਾਂ ਵੀਜ਼ਾ ਜਾਣ ਦੀ ਖੁੱਲ੍ਹ ਹੈ। ਜੇਕਰ ਮੋਦੀ ਸਰਕਾਰ ਇਸੇ ਤਰ੍ਹਾਂ ਸੰਘ ਦੀ ਵਿਸਥਾਰਵਾਦੀ ਨੀਤੀ ਉੱਤੇ ਚਲਦੀ ਰਹੀ ਤਾਂ ਭਾਰਤੀਆਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਜਾਣ ਲਈ ਵੀ ਪਾਬੰਦੀਆਂ ’ਚੋਂ ਗੁਜ਼ਰਨਾ ਪੈ ਸਕਦਾ ਹੈ। 

ਅਮਰੀਕੀ ਜੱਜ ਨੇ ਨਿਖਿਲ ਗੁਪਤਾ ਦੀ ਰੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੀ ਅਪੀਲ ਠੁਕਰਾਈ

ਅਮਰੀਕਾ ਦੇ ਇਕ ਜੱਜ ਨੇ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੀ ਜ਼ਮੀਨ 'ਤੇ ਮਾਰਨ ਦੀ ਨਾਕਾਸ਼ ਕੋਸ਼ਿਸ਼ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਬਚਾਅ ਸਮੱਗਰੀ ਪ੍ਰਦਾਨ ਕਰਨ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ । ਅਮਰੀਕਾ ਦੇ ਡਿਸਟਿ੍ਕਟ ਜੱਜ ਵਿਕਟਰ ਮਾਰੇਰੋ ਨੇ ਬੀਤੇ ਦਿਨ ਨੂੰ ਦਿੱਤੇ ਆਦੇਸ਼ 'ਚ ਮਾਮਲੇ 'ਚ ਬਚਾਅ ਸਮੱਗਰੀ ਪ੍ਰਦਾਨ ਕਰਨ ਦੀ ਗੁਪਤਾ ਦੇ ਵਕੀਲ ਦੀ ਅਪੀਲ ਨੂੰ ਅਸਵੀਕਾਰ ਕਰ ਦਿੱਤਾ । ਨਿਖਿਲ ਗੁਪਤਾ (52) 'ਤੇ ਸਰਕਾਰੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ 'ਚ ਖਾਲਿਸਤਾਨੀ ਨੇਤਾ ਪੰਨੂ ਨੂੰ ਅਮਰੀਕਾ ਦੀ ਜ਼ਮੀਨ 'ਤੇ ਮਾਰਨ ਦੀ ਨਾਕਾਮ ਕੋਸ਼ਿਸ਼ 'ਚ ਇਕ ਭਾਰਤੀ ਸਰਕਾਰੀ ਕਰਮਚਾਰੀ ਦੇ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਸੀ ।ਅਮਰੀਕਾ ਇਸ ਕਾਰਣ ਭਾਰਤ ਤੋਂ ਸਖਤ ਨਰਾਜ਼ ਹੈ।ਜਸਟਿਸ ਮਾਰੇਰੋ ਨੇ ਆਪਣੇ ਹੁਕਮ 'ਚ ਕਿਹਾ ਕਿ ਅਦਾਲਤ ਸਰਕਾਰ ਦੀ ਇਸ ਦਲੀਲ ਨਾਲ ਸਹਿਮਤ ਹੈ ਕਿ ਗੁਪਤਾ ਨੂੰ ਇਸ ਸਮੇਂ ਬਚਾਅ ਸਮੱਗਰੀ ਹਾਸਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ।

ਪੰਨੂ ਦੀ ਹਮਾਇਤ ’ਚ ਡਟੀਆਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ 

ਭਾਰਤੀ ਪੁਲੀਸ ਨੂੰ ਲੋੜੀਂਦੇ ਗੁਰਪਤਵੰਤ ਸਿੰਘ ਪੰਨੂ ਦੀ ਹਮਾਇਤ ਵਿੱਚ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਡਟ ਗਈਆਂ ਹਨ। ਸਿੱਖ ਜਥੇਬੰਦੀਆਂ ਨੇ ਪੰਨੂ ’ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼ ਦੀ ਪੁਸ਼ਤਪਨਾਹੀ ਵਾਸਤੇ ਅਮਰੀਕਾ ਵਿਚਲੇ ਇੱਕ ਭਾਰਤੀ ਉੱਚ ਅਧਿਕਾਰੀ ’ਤੇ ਉਂਗਲ ਰੱਖੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਦੇ ਕੋਆਰਡੀਨੇਟਰ ਹਿੰਮਤ ਸਿੰਘ, ਬੁਲਾਰੇ ਹਰਜਿੰਦਰ ਸਿੰਘ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ ਵਿਚਲੀਆ ਸਿੱਖ ਜਥੇਬੰਦੀਆਂ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨੀਤੀ ਸਿਖ ਨਸਲਕੁਸ਼ੀ ਬਾਰੇ ਬਦਲੀ ਨਹੀਂ।ਸਿੱਖ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡਹਿਲ ਨਿਊਯਾਰਕ ਵਿੱਚ ਸਿੱਖ ਜਥੇਬੰਦੀਆਂ ਅਤੇ ਸੰਗਤ ਦਾ ਇਕੱਠ ਸੱਦਿਆ ਗਿਆ ਸੀ, ਜਿਸ ਵਿੱਚ ਸਮੂਹ ਸੰਗਤ ਵੱਲੋਂ ਉਥੋਂ ਦੇ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਪ੍ਰਤੀਨਿਧਾਂ, ਸਰਕਾਰੀ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਦਖਲਅੰਦਾਜ਼ੀ ਦਾ ਵਿਰੋਧ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਨਾਰਥ ਅਮਰੀਕਾ ਤੇ ਹੋਰ ਸੂਬਿਆਂ ਵਿੱਚ ਗੁਰਦੁਆਰਿਆਂ ਦੀਆਂ ਸਟੇਜਾਂ ’ਤੇ ਭਾਰਤੀ ਪ੍ਰਤੀਨਿਧਾਂ ਦੇ ਬੋਲਣ ’ਤੇ ਪੱਕੇ ਤੌਰ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।