ਫ਼ਲਸਤੀਨ ਖ਼ਿਲਾਫ਼ ਜੰਗ ’ਚ ਏਆਈ ਦੀ ਦੁਰਵਰਤੋਂ ਮਨੁੱਖਤਾ ਲਈ ਖਤਰਨਾਕ

ਫ਼ਲਸਤੀਨ ਖ਼ਿਲਾਫ਼ ਜੰਗ ’ਚ ਏਆਈ ਦੀ ਦੁਰਵਰਤੋਂ ਮਨੁੱਖਤਾ ਲਈ ਖਤਰਨਾਕ

6 ਹਫ਼ਤਿਆਂ ਦੀ ਬੰਬਾਰੀ ਵਿਚ ਦੋ ਪਰਮਾਣੂ ਬੰਬਾਂ ਜਿੰਨਾ ਬਾਰੂਦ ਗਾਜ਼ਾ ਉੱਪਰ ਸੁੱਟਿਆ ਜਾ ਚੁੱਕਿਆ ਹੈ।

ਥਾਵਾਂ ਦੀ ਨਿਸ਼ਾਨਦੇਹੀ ਅਤੇ ਹੋਰ ਵੇਰਵਾ ਏਆਈ ਸਿਸਟਮ ਪਤਾ ਕਰਦਾ ਹੈ ਅਤੇ ਇਹ ਵੀ ਅੰਦਾਜ਼ਾ ਲਾ ਕੇ ਦੱਸਦਾ ਹੈ ਕਿ ਕਿੰਨੇ ਬੰਦੇ ਮਾਰੇ ਜਾਣਗੇ। ਇਜ਼ਰਾਇਲੀ ਹਮਲੇ ਦੇ ਪਹਿਲੇ 35 ਦਿਨਾਂ ਵਿਚ 15000 ਥਾਵਾਂ ’ਤੇ ਹਮਲਾ ਕੀਤਾ ਗਿਆ। ਦੋ ਏਆਈ ਸਿਸਟਮ ਇਕੱਠੇ ਕੰਮ ਕਰਦੇ ਰਹੇ। ਇਕ ਏਆਈ ਸਿਸਟਮ ਜਿਸ ਨੇ ਹਵਾਈ ਬੰਬਾਰੀ ਵਾਸਤੇ ਨਿਸ਼ਾਨੇ ਸੁਝਾਏ ਅਤੇ ਦੂਜੇ ਸਿਸਟਮ ਨੇ ਨਿਸ਼ਾਨਦੇਹ ਕੀਤੀਆਂ ਥਾਵਾਂ ਤੇ ਮੈਦਾਨੀ ਹਮਲੇ ਦਾ ਪ੍ਰਬੰਧ ਸੰਭਾਲਿਆ। ਪਹਿਲੇ ਸਿਸਟਮ ਵਿਚ ਜਨਤਕ ਇਮਾਰਤਾਂ, ਲੋਕਾਂ ਦੀ ਗਿਣਤੀ, ਜਿ਼ਆਦਾ ਲੋਕਾਂ ਦੀ ਹਰਕਤ, ਡਰੋਨ, ਸੈਟੇਲਾਈਟ ਅਤੇ ਸਰਵੇਲੈਂਸ ਤੋਂ ਇਕੱਠੀ ਕੀਤੀ ਜਾਣਕਾਰੀ ਹੈ। ਇਸ ਸਿਸਟਮ ਨਾਲ ਰੋਜ਼ਾਨਾ ਨਿਸ਼ਾਨੇ ਤੈਅ ਕੀਤੇ ਜਾਂਦੇ ਹਨ। ਦੂਸਰਾ ਏਆਈ ਸਿਸਟਮ ਫਿਰ ਬਾਰੂਦ ਦੀ ਮਿਕਦਾਰ ਅਤੇ ਬੰਬ ਦਾਗਣ ਦਾ ਸਮਾਂ ਬੰਨ੍ਹ ਦਿੰਦਾ ਹੈ।

ਇੰਟੈਲੀਜੈਂਸ ਹੁੰਦੀ ਕੀ ਹੈ? ਇੰਟੈਲੀਜੈਂਸ ਸਾਡੀ ਹੁਨਰ ਅਤੇ ਜਾਣਕਾਰੀ ਹਾਸਿਲ ਕਰਨ ਅਤੇ ਇਸ ਨੂੰ ਸਹੀ ਤਰੀਕੇ ਨਾਲ਼ ਵਰਤਣ ਦੀ ਯੋਗਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਦੋਂ ਮਸ਼ੀਨ ਨੂੰ ਇਹੋ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਉਸ ਤੋਂ ਕੁਝ ਨਤੀਜੇ ਕੱਢ ਕੇ ਲਿਆਉਂਦੀ ਹੈ। ਦੋ ਤਰ੍ਹਾਂ ਦੇ ਏਆਈ ਸਿਸਟਮ ਹੁੰਦੇ ਹਨ- ਜੈਨਰੇਟਿਵ ਭਾਵ ਸਿਰਜਕ ਏਆਈ ਜਿਹੜਾ ਚੈਟਜੀਪੀਟੀ ਦੇ ਆਉਣ ਤੋਂ ਬਾਅਦ ਖਬਰਾਂ ’ਚ ਆਇਆ ਅਤੇ ਪਰਿਡਿਕਟਿਵ ਭਾਵ ਅਨੁਮਾਨਕ ਏਆਈ। ਜੈਨਰੇਟਿਵ ਏਆਈ ਮਾਡਲ ਬਹੁਤ ਵੱਡੇ ਗਿਆਨ ਤੇ ਜਾਣਕਾਰੀ (ਕਿੰਨੇ ਹੀ ਟੈਰਾਬਾਈਟ ਡਾਟਾ) ਨਾਲ ਸਿਖਾਇਆ ਹੁੰਦਾ ਸਿਸਟਮ ਹੈ ਜਿਹੜਾ ਲਿਖਤ, ਤਸਵੀਰ ਜਾਂ ਵੀਡੀਓ ਰੂਪ ’ਚ ਨਤੀਜੇ ਦੇਣ ਯੋਗ ਹੁੰਦਾ ਹੈ। ਚੈਟਜੀਪੀਟੀ 3 ਵਿਚ 45 ਟੈਰਾਬਾਈਟ ਜਾਣਕਾਰੀ ਸੀ ਜਿਹੜੀ 1000 ਪੰਨਿਆਂ ਦੀਆਂ 45 ਲੱਖ ਕਿਤਾਬਾਂ ਦੇ ਬਰਾਬਰ ਹੈ। ਪਰਿਡਿਕਟਿਵ ਏਆਈ ਭਾਵ ਅਨੁਮਾਨ ਲਗਾਉਣ ਵਾਲੀ ਕੰਪਿਊਟਰ ਸਿਰਜਤ ਬੁੱਧੀ ਕਿਸੇ ਨਾ ਕਿਸੇ ਲੋੜ ਲਈ ਸੁਝਾਅ ਦੇਣ ਲਈ ਸਿਖਾਇਆ ਜਾਂਦਾ ਸਿਸਟਮ ਹੈ। ਨੈੱਟਫਲਿਕਸ ਜਦੋਂ ਪਸੰਦੀਦਾ ਫਿਲਮਾਂ ਦੇ ਸੁਝਾਅ ਦਿੰਦਾ ਹੈ ਤਾਂ ਪਰਿਡਿਕਟਿਵ ਏਆਈ ਵਰਤਦਾ ਹੈ। ਇਹ ਨਤੀਜੇ ਤੁਹਾਡੀਆਂ ਪਹਿਲਾਂ ਦੇਖੀਆਂ ਫਿਲਮਾਂ, ਸਥਾਨ, ਉਮਰ, ਲਿੰਗ ਤੇ ਹੋਰ ਬਹੁਤ ਸਾਰੇ ਜਾਣਕਾਰੀ ਦੇ ਸਰੋਤਾਂ ਜੋ ਨੈੱਟਫਲਿਕਸ ਇਕੱਠੇ ਕਰਦਾ ਹੈ, ’ਤੇ ਆਧਾਰਿਤ ਹੁੰਦੇ ਹਨ।

ਏਆਈ ਸਿਸਟਮ ਦੀ ਖਾਸੀਆਤ ਹੈ ਕਿ ਇਹ ਜਾਣਕਾਰੀ ਦੇ ਜ਼ਖੀਰੇ ਨੂੰ ਬਹੁਤ ਜਲਦੀ ਸਮਝ ਕੇ ਸੁਝਾਅ ਦੇਣ ਦੇ ਯੋਗ ਹੈ। ਅਜਿਹੇ ਜਾਣਕਾਰੀ ਦੇ ਸਮੂਹ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਮਨੁੱਖਾਂ ਨੂੰ ਉਨ੍ਹਾਂ ਨੂੰ ਸਮਝਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਅਜਿਹੇ ਏਆਈ ਸਿਸਟਮ ਅਮਰੀਕੀ ਨਿਆਂ ਪ੍ਰਣਾਲੀ ਵਿਚ ਵੀ ਵਰਤੇ ਜਾ ਰਹੇ ਹਨ। ਇਕੁਈਵਾਂਟ ਕੰਪਨੀ ਦਾ ਬਣਾਇਆ ਏਆਈ ਸਿਸਟਮ ਕੋਮਪਾਸ (COMPAS) ਇਹ ਸੁਝਾਅ ਦੇਣ ਯੋਗ ਹੈ ਕਿ ਕੋਈ ਮੁਲਜ਼ਮ ਦੁਬਾਰਾ ਜੁਰਮ ਕਰੇਗਾ ਹਾਂ ਨਹੀਂ। ਇਸ ਸਿਸਟਮ ਵਿਚ ਕੈਮਰਿਆਂ ਰਾਹੀਂ ਚਿਹਰੇ ਮੋਹਰੇ ਦੀਆਂ ਤਸਵੀਰਾਂ, ਬੈਂਕ ਖਾਤਿਆਂ ਰਾਹੀਂ ਮਾਲੀ ਹਾਲਤ ਦਾ ਲੇਖਾ-ਜੋਖਾ, ਰੁਜ਼ਗਾਰ ਕਿਸ ਤਰ੍ਹਾਂ ਦਾ ਹੈ ਜਾਂ ਨਹੀਂ ਹੈ, ਰਿਹਾਇਸ਼ੀ ਇਲਾਕਾ, ਪਿਛਲੇ ਜੁਰਮ, ਪਰਿਵਾਰਿਕ ਪਿਛੋਕੜ, ਸਮਾਜਿਕ ਆਰਥਿਕ ਰੁਤਬਾ, ਵਿਹਾਰਕ ਜਾਣਕਾਰੀ ਅਤੇ ਜੇਲ੍ਹ ਜਾਣ ਵੇਲ਼ੇ ਭਰਾਏ ਜਾਂਦੇ ਫਾਰਮ ਵਿਚਲੀ ਜਾਣਕਾਰੀ ਭਰੀ ਗਈ। ਇਸ ਜਾਣਕਾਰੀ ਦਾ ਅਧਿਐਨ ਕਰ ਕੇ ਇਹ ਸਿਸਟਮ ਹਰ ਦੋਸ਼ੀ ਲਈ ਰਿਸਕ ਸਕੋਰ ਜਾਰੀ ਕਰਦਾ ਹੈ। ਇਸ ਨਾਲ ਇਹ ਤੈਅ ਕੀਤਾ ਜਾਂਦਾ ਹੈ ਕਿ ਕਿੰਨੇ ਸਮੇਂ ਦੀ ਕੈਦ ਹੋਣੀ ਚਾਹੀਦੀ ਜਾਂ ਪੈਰੋਲ ਵਰਗੇ ਫ਼ੈਸਲੇ ਕੀਤੇ ਜਾਂਦੇ ਹਨ।

ਉਂਝ, ਇਸ ਸਿਸਟਮ ਦੀ ਕੰਮ ਕਰਨ ਦੀ ਪ੍ਰਣਾਲੀ ਸਿਰਫ਼ ਇਸ ਨੂੰ ਬਣਾਉਣ ਵਾਲਿਆਂ ਨੂੰ ਪਤਾ ਹੈ। ਇਹ ਜਨਤਕ ਨਹੀਂ ਹੈ ਕਿ ਕੋਈ ਸਕੋਰ ਕਿਵੇਂ ਤੈਅ ਕੀਤਾ ਗਿਆ। ਸਿਆਹਫਾਮ ਲੋਕਾਂ ਬਾਰੇ ਇਹ ਸੁਝਾਅ ਦਿੱਤਾ ਜਾਣਾ ਕਿ ਉਹ ਮੁੜ ਜੁਰਮ ਕਰਨਗੇ, ਗੋਰਿਆਂ ਦੇ ਮੁਕਾਬਲੇ ਦੁੱਗਣੀ ਅਨੁਪਾਤ ਵਿਚ ਹੈ। ਸਿਸਟਮ ਵੀ ਉਸੇ ਜਾਣਕਾਰੀ ਤੋਂ ਸਿੱਖਿਆ ਹੈ ਜਿਸ ਵਿਚ ਸਮਾਜ ਵਿਚਲੇ ਵਿਤਕਰੇ ਚਿਣੇ ਗਏ ਹਨ। ਨਸਲ ਅਤੇ ਕੌਮ ਪ੍ਰਤੀ ਵਿਤਕਰੇ ਪਰਿਡਿਕਟਿਵ ਏਆਈ ’ਚ ਵੀ ਹਨ। ਅਲੱਗ ਅਲੱਗ ਨਸਲਾਂ ਦੇ ਦੋ ਜਣੇ ਇੱਕੋ ਜੁਰਮ ਵਾਸਤੇ ਵੱਖੋ-ਵੱਖਰੀ ਸਜ਼ਾ ਪਾ ਸਕਦੇ ਹਨ। ਇਹ ਵਿਤਕਰੇ ਕਦੇ ਵੀ ਮੇਟੇ ਨਹੀਂ ਜਾਂਦੇ ਕਿਉਂਕਿ ਇਹ ਸਿਸਟਮ ਪ੍ਰਾਈਵੇਟ ਕੰਪਨੀ ਦੀ ਮਲਕੀਅਤ ਹੈ ਅਤੇ ਬੌਧਿਕ ਮਲਕੀਅਤ ਕਾਨੂੰਨ ਤਹਿਤ ਉਨ੍ਹਾਂ ਨੂੰ ਇਹ ਹੱਕ ਹੈ ਕਿ ਇਸ ਸਿਸਟਮ ਦੀ ਕਾਰਜ ਪ੍ਰਣਾਲੀ ਨਾ ਦੱਸੀ ਜਾਵੇ।

ਇਸੇ ਤਰ੍ਹਾਂ ਜਦੋਂ ਇਜ਼ਰਾਈਲ ਜਿਸ ਨੇ ਕਦੇ ਫ਼ਲਸਤੀਨੀ ਜਿ਼ੰਦਗੀਆਂ ਦੀ ਕੋਈ ਕੀਮਤ ਹੀ ਨਹੀਂ ਸਮਝੀ, ਆਪਣੇ ਏਆਈ ਸਿਸਟਮ ਨੂੰ ਸਿਖਾਉਂਦਾ ਹੈ ਅਤੇ ਘਾਤਕ ਬੰਦੇਮਾਰੂ ਮਸ਼ੀਨ ਬਣਾਉਂਦਾ ਹੈ ਤਾਂ ਇਸ ਦੀ ਫ਼ੌਜ ਦੇ ਵਿਤਕਰੇ, ਫ਼ਲਸਤੀਨੀ ਜਿ਼ੰਦਗੀਆਂ ਦਾ ਅਮਨੁੱਖੀਕਰਨ ਅਤੇ ਸਮੁੱਚੀ ਇਨਸਾਨੀਅਤ ਵਾਸਤੇ ਇਸ ਦੀ ਬੇਕਿਰਕੀ ਵੀ ਇਸ ਦੇ ਹਬਸੋਰਾ ਸਿਸਟਮ ਵਿਚ ਝਲਕਦੀ ਹੈ। ‘+972 ਮੈਗਜ਼ੀਨ’ ਅਨੁਸਾਰ ਸਿਸਟਮ ਦਾ ਜ਼ੋਰ, ਇਸ ਦੇ ਮਾਲਕਾਂ ਵਾਂਗ ਇਸ ਚੀਜ਼ ’ਤੇ ਹੈ ਕਿ ਕਿਵੇਂ ਵੱਧ ਤੋਂ ਵੱਧ ਜਾਨਾਂ ਲਈਆਂ ਜਾਣ, ਨਾ ਕਿ ਇਸ ’ਤੇ ਕਿ ਆਮ ਸ਼ਹਿਰੀਆਂ ਦੀਆਂ ਜਿ਼ੰਦਗੀਆਂ ਕਿਵੇਂ ਬਚ ਸਕਣ। ਇਹ ਸਿਸਟਮ ਇਹ ਵੀ ਦੱਸਦਾ ਹੈ ਕਿ ਕਿਸ ਨਿਸ਼ਾਨੇ ’ਤੇ ਕਿਸ ਵੇਲੇ ਹਮਲਾ ਕਰਨ ’ਤੇ ਕਿੰਨੇ ਆਮ ਸ਼ਹਿਰੀ ਮਰਨਗੇ। ਇਹ ਨੁਕਸਾਨ 5 ਤੋਂ ਲੈ ਕੇ 100 ਜਣਿਆਂ ਤੱਕ ਹੋ ਸਕਦਾ ਹੈ। ਇਸ ਵੇਲੇ ਇਜ਼ਰਾਈਲ ਦੇ ਅੰਦਾਜਿ਼ਆਂ ਮੁਤਾਬਕ 30,000 ਹਮਾਸ ਜੰਗਜੂ ਹਨ। ਜੇ ਹਰ ਹਮਾਸ ਜੰਗਜੂ ਨਾਲ 5 ਆਮ ਸ਼ਹਿਰੀ ਮਰਨ ਦਾ ਖਦਸ਼ਾ ਹੈ ਤਾਂ ਆਮ ਸ਼ਹਿਰੀ ਮੌਤਾਂ ਦੀ ਘੱਟੋ-ਘੱਟ ਗਿਣਤੀ 1,50,000 ਹੋ ਜਾਂਦੀ ਹੈ। ਦੂਸਰਾ, ਜਦੋਂ ਬਹੁਤੇ ਇਜ਼ਰਾਇਲੀ ਸਿਆਸਤਦਾਨ ਇਹ ਕਹਿੰਦੇ ਹਨ ਕਿ ਫ਼ਲਸਤੀਨ ਵਿਚ ਕੋਈ ਬੇਕਸੂਰ ਆਮ ਸ਼ਹਿਰੀ ਹੈ ਹੀ ਨਹੀਂ ਤਾਂ ਹਰ ਕੋਈ ਹੀ ਹਬਸੋਰਾ ਦਾ ਨਿਸ਼ਾਨਾ ਬਣ ਸਕਦਾ ਹੈ।

ਦੂਜੇ ਪਾਸੇ, ਇਜ਼ਰਾਈਲ ਜੈਨਰੇਟਿਵ ਏਆਈ ਸਿਸਟਮ ਝੂਠੀ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਬਣਾਉਣ ਲਈ ਵਰਤ ਰਿਹਾ ਹੈ। ਲੱਖਾਂ ਜਾਅਲੀ ਖਾਤੇ ਤਿਆਰ ਕੀਤੇ ਗਏ ਨੇ ਜਿਹੜੇ ਸੋਸ਼ਲ ਮੀਡੀਆ ਉੱਪਰ ਝੂਠੀ ਜਾਣਕਾਰੀ ਫੈਲਾਉਂਦੇ ਹਨ। ਇਹ ਅਜਿਹੇ ਦੌਰ ਵਿਚ ਗਾਜ਼ਾ ਦੀ ਅਸਲੀਅਤ ਬਾਰੇ ਭੰਬਲਭੂਸੇ ਪੈਦਾ ਕਰਦਾ ਹੈ ਜਦੋਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਹੈ ਕਿ ਇਜ਼ਰਾਈਲ ਜਮਹੂਰੀਅਤ ਦੀ ਖੱਲ ਵਿਚ ਕਾਤਲ ਬਸਤੀਵਾਦੀ ਮੁਲਕ ਹੈ। ਜੈਨਰੇਟਿਵ ਏਆਈ ਜਾਅਲੀ ਜਾਣਕਾਰੀ ਤਿਆਰ ਕਰਦਾ ਹੈ, ਜਾਅਲੀ ਤਸਵੀਰਾਂ ਅਤੇ ਜਾਅਲੀ ਵੀਡੀਓ। ਸ਼ੁਰੂਆਤ ਵਿਚ ਹਮਾਸ ਵੱਲੋਂ ਬੱਚਿਆਂ ਦੇ ਸਿਰ ਕਲਮ ਕਰਨ ਅਤੇ ਯਹੂਦੀ ਔਰਤਾਂ ਨਾਲ ਜਬਰ ਜਨਾਹ ਦੀਆਂ ਵੀਡੀਓਜ਼ ਝੂਠੀਆਂ ਨਿਕਲੀਆਂ ਪਰ ਇਨ੍ਹਾਂ ਦੇ ਜਾਰੀ ਕਰਨ ਅਤੇ ਫੈਲਾਉਣ ਨਾਲ ਇਜ਼ਰਾਈਲ ਦੇ ‘ਜਵਾਬੀ’ ਹਮਲੇ ਦੀ ਕਰੂਰਤਾ ਨੂੰ ਹੱਕੀ ਅਤੇ ਜਾਇਜ਼ ਠਹਿਰਾਇਆ ਜਾ ਸਕਿਆ। 7 ਅਕਤੂਬਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਤੇ ਖ਼ਬਰਾਂ ਇਜ਼ਰਾਈਲ ਭੰਡੀ ਪ੍ਰਚਾਰ ਸਾਬਿਤ ਹੋਈਆਂ ਹਨ।

ਸਵਾਲ ਹੈ: ਜਦੋਂ ਏਆਈ ਸਿਸਟਮ ਆਮ ਸ਼ਹਿਰੀਆਂ, ਜਨਤਕ ਇਮਾਰਤਾਂ, ਮਿਲਟਰੀ ਸਰਵੇਲੈਂਸ ਤੋਂ ਇਕੱਠੀ ਕੀਤੀ ਜਾਣਕਾਰੀ ਨਾਲ ਸਿਖਲਾਈ ਹਾਸਿਲ ਕਰਦਾ ਹੈ ਤੇ ਇਸ ਟੀਚੇ ਨਾਲ ਕਿ ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਇਆ ਜਾਵੇ ਤਾਂ ਦੋਸ਼ ਕਿਸ ਦਾ ਹੈ? ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਾਂ ਸਿਆਸੀ ਤੰਤਰ ਦਾ ਜਿਸ ਵਿਚ ਇਸ ਦੀ ਵਰਤੋਂ ਹੁੰਦੀ ਹੈ।

ਜਵਾਬ ਸਿਆਸੀ ਵਿਦਵਾਨ ਲੈਂਗਡੋਨ ਵਿਨਰ ਦੇ ਖੋਜ ਪੱਤਰ ‘ਕੀ ਚੀਜ਼ਾਂ ਵਿਚ ਸਿਆਸਤ ਹੁੰਦੀ ਹੈ?’ (Do Artifacts have Politics?); ਵਿਨਰ ਨਿਊ ਯਾਰਕ ਸ਼ਹਿਰ ਦੇ ਯੋਜਨਾਕਾਰ ਰੌਬਰਟ ਮੋਜੇਜ ਦੀ ਮਿਸਾਲ ਦਿੰਦਾ ਹੈ ਜਿਸ ਨੇ ਲੌਂਗ ਆਈਲੈਂਡ ਟਾਪੂ ਦੇ ਪਾਰਕ, ਸ਼ਾਹਰਾਹ ਅਤੇ ਪੁਲ ਡਿਜ਼ਾਈਨ ਕਰਦਿਆਂ ਪੁਲਾਂ ਦੀ ਉਚਾਈ 9 ਫੁੱਟ ਰੱਖੀ ਜਿਸ ਨਾਲ ਕਾਰਾਂ ਤਾਂ ਲੰਘ ਜਾਣ ਜਿਨ੍ਹਾਂ ਵਿਚ ਗੋਰੇ ਅਮੀਰ ਸਫ਼ਰ ਕਰਦੇ ਸਨ ਪਰ ਬੱਸਾਂ ਨਾ ਲੰਘ ਸਕਣ ਜਿਸ ਵਿਚ ਹਮਾਤੜ ਜਿ਼ਆਦਾਤਾਰ ਸਿਆਹਫ਼ਾਮ ਸ਼ਹਿਰੀ ਸਫ਼ਰ ਕਰਦੇ ਸਨ। ਇਸ ਤਰ੍ਹਾਂ ਉਸ ਨੇ ਡਿਜ਼ਾਈਨ ਰਾਹੀਂ ਵਿਤਕਰਾ ਪੱਕਾ ਕਰ ਦਿੱਤਾ। ਤਕਨਾਲੋਜੀ ਅਤੇ ਇਸ ਦੀਆਂ ਵਸਤਾਂ ਸਿਆਸੀ ਹੋ ਸਕਦੀਆਂ ਹਨ, ਇਨ੍ਹਾਂ ਦੀ ਸਿਆਸਤ ਡਿਜ਼ਾਈਨ ਦੇ ਫ਼ੈਸਲਿਆਂ ਰਾਹੀਂ ਜਮਹੂਰੀ ਜਾਂ ਤਾਨਾਸ਼ਾਹੀ ਹੋ ਸਕਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਸਿਆਸਤ ਹੈ? ਹਾਂ ਹੈ। ਮਨੁੱਖ ਨੂੰ ਏਆਈ ਤੋਂ ਖ਼ਤਰਾ ਇਸ ਕਰ ਕੇ ਨਹੀਂ ਕਿ ਬਹੁਤ ਸਾਰੀਆਂ ਨੌਕਰੀਆਂ ਚਲੀਆਂ ਜਾਣਗੀਆਂ ਪਰ ਇਸ ਕਰ ਕੇ ਹੈ ਕਿ ਵਿਤਕਰੇ ਅਤੇ ਜਬਰ ਜ਼ੁਲਮ ਦੀ ਲਗਾਤਾਰਤਾ ਮਨੁੱਖੀ ਦੁਖ ਦਰਦ ਨੂੰ ਹੋਰ ਵਧਾਏਗੀ। ਮਨੁੱਖਤਾ ਨੂੰ ਏਆਈ ਤੋਂ ਜੋ ਖਤਰਾ ਹੈ, ਉਹ ਸਾਡੀਆਂ ਅੱਖਾਂ ਸਾਹਮਣੇ ਹੋ ਰਹੇ ਫ਼ਲਸਤੀਨੀਆਂ ਦੇ ਕਤਲੇਆਮ ਵਿਚ ਜ਼ਾਹਿਰ ਹੈ। ਹਾਲੀਆ ਜੰਗ ਵਿਚ ਹਬਸੋਰਾ ਨੇ ਕਿੰਨੇ ਹੀ ਫ਼ੌਜੀ ਕਮਾਂਡਰਾਂ ਦੀ ਯੋਗਤਾ ਵਧਾ ਦਿੱਤੀ, ਅਸੀਂ ਏਆਈ ਰਾਹੀਂ ਅਸਲੀਅਤ ਵਿਚ ਲਿਆਂਦੇ ਕਿਆਮਤੀ ਵਰਤਮਾਨ ਦੇ ਚਸ਼ਮਦੀਦ ਹਾਂ ਜਿਹੜਾ ਫ਼ੌਜਾਂ ਦੇ ਹੱਥ ਵਿਚ ਹੈ ਜਿਸ ਦਾ ਟੀਚਾ ਫ਼ਲਸਤੀਨੀ ਨਸਲ ਦਾ ਘਾਣ ਕਰਨਾ ਹੈ। ਏਆਈ ਘਾਤਕ ਬਣ ਜਾਂਦੀ ਹੈ ਜਦ ਡਿਜ਼ਾਈਨ ਦੇ ਫ਼ੈਸਲੇ, ਮਤਲਬ ਜਾਣਕਾਰੀ ਦੇ ਸਰੋਤਾਂ ਦੀ ਚੋਣ ਜਾਂ ਫ਼ੌਜਾਂ ਦੇ ਖ਼ਤਰਨਾਕ ਇਰਾਦੇ ਇਸ ਨੂੰ ਨਿਰੰਕੁਸ਼ ਸੱਤਾ ਜ਼ਾਹਿਰ ਕਰਨ ਲਈ ਵਰਤਣ ਦੇ ਹੋਣ। ਏਆਈ ਲੋਕਾਈ ਲਈ ਤਾਂ ਖ਼ਤਰਨਾਕ ਹੈ ਕਿਉਂਕਿ ਇਸ ਦੀ ਵਰਤੋਂ ਖ਼ਤਰਨਾਕ ਹੱਥਾਂ ਵਿਚ ਹੈ।

 

ਸੰਗੀਤ ਤੂਰ

*ਲੇਖਕ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਸਾਈਬਰ ਸਿਕਿਓਰਿਟੀ ਅਤੇ ਲੰਡਨ ਸਕੂਲ ਆਫ ਇਕੌਨੋਮਿਕਸ ਤੋਂ ਏਆਈ ਦੀ ਪੜ੍ਹਾਈ ਕਰ ਚੁੱਕੀ ਹੈ।