ਸ਼ਹੀਦੀ ਜੋੜ ਮੇਲਿਆਂ ਨੂੰ ਰਵਾਇਤ ਦੀ ਰੌਸ਼ਨੀ ਵਿਚ ਦੇਖਣ ਦੀ ਲੋੜ  

ਸ਼ਹੀਦੀ ਜੋੜ ਮੇਲਿਆਂ ਨੂੰ ਰਵਾਇਤ ਦੀ ਰੌਸ਼ਨੀ ਵਿਚ ਦੇਖਣ ਦੀ ਲੋੜ  

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਣ ਤੋਂ ਲੈਕੇ ਸ੍ਰੀ ਚਮਕੌਰ ਸਾਹਿਬ ਤੱਕ ਦੀਆਂ ਜੰਗਾਂ ਦੇ ਸਮੂਹ ਸ਼ਹੀਦਾਂ ਨੂੰ ਸਰਬੱਤ ਸਿੱਖ ਸੰਗਤ ਪੋਹ ਮਹੀਨੇ ਦੇ ਇਸ ਹਫ਼ਤੇ ਦੌਰਾਨ ਯਾਦ ਕਰਦੀ ਹੈ।

ਇਤਿਹਾਸ ਅੰਦਰ ਇਨ੍ਹਾਂ ਜੰਗਾਂ ਦੌਰਾਨ ਸਿੱਖਾਂ ਦੁਆਰਾ ਔਖ ਸਹਿੰਦਿਆਂ ਜਿਸ ਜ਼ਜਬੇ ਵਿੱਚ ਤੇਗ ਵਾਹੀ ਗਈ, ਸਿਦਕ ਰੱਖ ਕੇ ਸ਼ਹੀਦੀਆਂ ਦਿੱਤੀਆਂ, ਐਸੀ ਮਿਸਾਲ ਦੁਨੀਆਂ ਵਿਚ ਮਿਲਣੀ ਮੁਸ਼ਕਿਲ ਹੈ। ਸਿੱਖ ਸਦਾ ਹੀ ਘੱਟ ਗਿਣਤੀ ਵਿੱਚ ਰਹੇ ਹਨ, ਬਾਵਜੂਦ ਇਸਦੇ ਸਿੱਖਾਂ ਨੇ ਆਪਣੀ ਸਮਰੱਥਾ ਨੂੰ ਚਮਕੌਰ ਸਾਹਿਬ ਦੀ ਜੰਗ ਨਾਲ ਮੇਲ ਕੇ ਦੇਖਿਆ ਹੈ, ਜਿੱਥੇ ਵੀ ਦੁਨੀਆਂ ਦੀਆਂ ਵੱਡੀਆਂ ਫ਼ੌਜਾਂ ਨੇ ਸਿੱਖਾਂ ਨੂੰ ਘੇਰਾ ਪਾਇਆ, ਅਜਿਹੇ ਘੇਰੇ ਸਿੱਖਾਂ ਦੇ ਹੌਂਸਲੇ ਨਾ ਤੋੜ ਸਕੇ. ਇਨ੍ਹਾਂ ਘੇਰਿਆਂ ਵਿੱਚ ਸਿੱਖਾਂ ਨੇ ਚਮਕੌਰ ਸਾਹਿਬ ਦੀ ਜੰਗ ਤੋਂ ਪ੍ਰੇਰਣਾ ਲਈ, ਸ਼ਹਾਦਤਾਂ ਦੀ ਪ੍ਰਾਪਤੀ ਲਈ ਨਿਸੰਗ ਹੋਕੇ ਲੜੇ। ਸਿੱਖਾਂ ਨੇ ਚਮਕੌਰ ਸਾਹਿਬ ਦੀ ਜੰਗ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਸਦਾ ਹੀ ਚੜਦੀਕਲਾ ਨਾਲ ਯਾਦ ਕੀਤਾ ਹੈ, ਕਦੇ ਇਸ ਗੱਲ ਨੂੰ ਦੁਖ, ਸੋਗ ਵਜੋਂ ਨਹੀਂ ਦੇਖਿਆ। ਚਮਕੌਰ ਸਾਹਿਬ ਦੀ ਜੰਗ ਦੌਰਾਨ ਸਤਿਗੁਰਾਂ ਨੇ ਆਪਣੇ ਹੱਥੀਂ ਸਾਹਿਬਜ਼ਾਦਿਆਂ ਨੂੰ ਜੰਗ ਲਈ ਤੋਰਿਆ। ਸਭ ਕੁਝ ਖੁੱਸ ਜਾਣ ਤੋਂ ਬਾਅਦ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਸਬਕ ਦਿੱਤਾ।

ਇਸ ਹਫਤੇ ਵਿਚ ਸਿੱਖਾਂ ਦੇ ਸਿੱਖਣ ਸਮਝਣ ਅਤੇ ਰੂਹ ਨੂੰ ਝੰਜੋੜ ਦੇਣ ਵਾਲੇ ਅਸੰਖ ਵਾਕਿਆਤ ਵਾਪਰੇ ਹਨ, ਇਸਨੂੰ ਸੋਗ ਜਾਂ ਮਾਤਮ ਜਿਹੇ ਨਿਗੂਣੇ ਸ਼ਬਦਾਂ ਨਾਲ ਘਟਾ ਕੇ ਵੇਖਣਾ ਕਮਅਕਲੀ ਹੈ। ਸਿੱਖਾਂ ਨੇ ਅਪਣੀ ਰਵਾਇਤ ਅਤੇ ਸ਼ਰਧਾ ਮੁਤਾਬਿਕ ਸ਼ਬਦ ਘੜ ਕੇ ਇਹਨਾਂ ਸਾਕਿਆਂ ਨੂੰ 'ਸ਼ਹੀਦੀ ਸਭਾ', 'ਸ਼ਹੀਦੀ ਜੋੜ ਮੇਲੇ', 'ਸ਼ਹੀਦੀ ਸਾਕਾ' ਅਤੇ ਸਾਹਿਬਜ਼ਾਦਿਆਂ ਨੂੰ ਬਾਬਿਆਂ ਦੇ ਤੌਰ ਤੇ ਯਾਦ ਰੱਖਿਆ ਹੋਇਆ ਹੈ। ਸਿੱਖ ਇਸ ਇਤਿਹਾਸ ਦੇ ਵਾਰਿਸ ਹਨ। ਕੋਈ ਵੀ ਵਕਤੀ ਹਕੂਮਤ ਦੇ ਸ਼ਬਦਾਂ ਨੂੰ ਨਾ ਸਿੱਖਾਂ ਨੇ ਪਹਿਲਾਂ ਪ੍ਰਵਾਨ ਕੀਤਾ ਹੈ, ਨਾ ਹੀ ਹੁਣ ਕਰਨਾ ਹੈ। ਪਿਛਲੇ ਲੰਬੇ ਚਿਰ ਤੋਂ ਹਕੂਮਤਾਂ ਨੇ ਸਿੱਖਾਂ ਨੂੰ ਹਰ ਪਾਸਿਆਂ ਤੋਂ ਮਿਟਾ ਦੇਣ ਜਾਂ ਉਨ੍ਹਾਂ ਦੀ ਪਛਾਣ ਨੂੰ ਰਲਗੱਡ ਕਰਨ ਦੇ ਯਤਨ ਅਰੰਭੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਭੰਗ ਕਰਨ, ਗੁਰਧਾਮਾਂ ਉਪਰ ਹਮਲੇ ਕਰਨ, ਸਿੱਖਾਂ ਨੂੰ ਆਪੋ ਵਿਚ ਵੰਡਣ, ਸਿੱਖ ਇਤਿਹਾਸ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਈ ਹਕੂਮਤਾਂ ਵਲੋਂ ਹੋਈਆਂ ਹਨ, ਹੁਣ ਦੀ ਦਿੱਲੀ ਹਕੂਮਤ ਵਲੋਂ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਦਰਸਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਸਿਰਫ਼ ਬਾਲ/ਬੱਚਿਆਂ ਦੇ ਤੌਰ ਤੇ ਪੇਸ਼ ਕਰਨ ਦੀ ਕਵਾਇਦ ਚੱਲ ਰਹੀ ਹੈ, ਜੋਕਿ ਸਿੱਖ ਸਿਧਾਂਤਾ ਦੇ ਵਿਰੁੱਧ ਹੈ। ਪੰਜਾਬ ਦੇ ਸੂਬੇਦਾਰ ਵਲੋਂ ਇਸ ਚੜਦੀਕਲਾ ਵਾਲੇ ਦਿਹਾੜੇ ਨੂੰ ਮਾਤਮ ਦਿਵਸ ਵਲੋਂ ਮਨਾਉਣ ਦੇ ਕੀਤੇ ਐਲਾਨ ਨੂੰ ਸਿੱਖ ਸੰਗਤ ਨੇ ਸਿਰੇ ਤੋਂ ਨਕਾਰ ਦਿੱਤਾ। ਸਿੱਖਾਂ ਦੀਆਂ ਛੋਟੀਆਂ ਵੱਡੀਆਂ ਸਭ ਸੰਸਥਾਵਾਂ ਸਮੇਤ ਦੁਨੀਆਂ ਭਰ ਦੇ ਸਿੱਖਾਂ ਨੇ ਮੁੱਖ ਮੰਤਰੀ ਨੂੰ ਅਜਿਹੀ ਹਰਕਤ ਕਾਰਨ ਤੋਂ ਵਰਜਦਿਆਂ ਆਖਿਆ ਕਿ ਸ਼ਹਾਦਤਾਂ ਦਾ ਮਾਤਮ ਨਹੀਂ ਮਨਾਇਆ ਜਾਂਦਾ, ਸ਼ਹਾਦਤਾਂ ਚੜਦੀਕਲਾ ਲਈ ਦਿੱਤੀਆਂ ਜਾਂਦੀਆ ਹਨ।

ਸ਼ਹੀਦੀ ਜੋੜ ਮੇਲੇ ਤੇ ਵਿਚਰਦਿਆਂ ਸਮੂਹ ਸਿੱਖਾਂ ਨੂੰ ਜੋੜ ਮੇਲਿਆਂ ਨੂੰ ਰਵਾਇਤ ਦੀ ਰੌਸ਼ਨੀ ਵਿਚ ਦੇਖਣ ਦਾ ਯਤਨ ਕਰਨਾ ਚਾਹੀਦਾ ਹੈ। ਸ਼ਹੀਦੀ ਜੋੜ ਮੇਲੇ ਉਪਰ ਪੰਜਾਬ ਭਰ ਵਿਚੋਂ ਸਿੱਖ ਸੰਗਤ ਲੰਗਰ ਲਈ ਰਸਦਾਂ ਲੈਕੇ ਪਹੁੰਚਦੀ ਹੈ। ਕਈ ਵੀਰਾਂ ਵਲੋਂ ਇਨ੍ਹਾਂ ਦਿਨਾਂ ਵਿਚ ਮਿੱਠੇ ਪਕਵਾਨਾਂ ਦੇ ਲੰਗਰ ਲਗਾਏ ਜਾਂਦੇ ਹਨ, ਜੋ ਜਿਆਦਾ ਕਰਕੇ ਜੀਭ ਦੇ ਰਸਾਂ ਦੀ ਪੂਰਤੀ ਹੀ ਕਰਦੇ ਹਨ। ਸ਼ਹਾਦਤਾਂ ਨੂੰ ਜਸ਼ਨ ਵਜੋਂ ਸਮਝਦਿਆਂ ਮਿੱਠੇ ਪਕਵਾਨਾਂ ਦੀ ਵਕਾਲਤ ਵੀ ਹੁੰਦੀ ਹੈ, ਨਾਲ ਹੀ ਮਿੱਠੇ ਦੇ ਲੰਗਰਾਂ ਨੂੰ ਬੰਦ ਕਰਵਾਉਣ ਲਈ ਕੀਤੇ ਯਤਨਾਂ ਵਿੱਚ ਇਨ੍ਹਾਂ ਦਿਨਾਂ ਨੂੰ ਦੁੱਖ ਦੇ ਦਿਨਾਂ ਸਮਾਨ ਕਹਿਣ ਦੀ ਗੱਲ ਚੱਲਦੀ ਹੈ। ਇਹ ਗਲਤ ਪਿਰਤ ਤਾਂ ਪੈਣ ਲੱਗੀ ਸੀ ਕਿ ਅਸੀਂ ਮਿੱਠੇ ਦੇ ਲੰਗਰਾਂ ਨੂੰ ਸੰਸਾਰਿਕ ਦਲੀਲ ਨਾਲ ਬੰਦ ਕਰਵਾਉਣਾ ਚਾਹਿਆ। ਗੁਰਬਾਣੀ ਅਜਿਹੇ ਭੋਜਨ ਦੀ ਹਾਮੀ ਭਰਦੀ ਹੈ, ਜੋ ਭੁੱਖ ਨੂੰ ਦੂਰ ਕਰੇ, ਸਰੀਰ ਦੀ ਤੰਦਰੁਸਤੀ ਵਧਾਵੇ, ਨਾਲ ਹੀ ਮਨ ਅੰਦਰ ਵਿਕਾਰ ਵੀ ਪੈਦਾ ਨਾ ਹੋਣ। ਸਿੱਖਾਂ ਨੂੰ ਦੁਖ, ਸੁਖ, ਸਵਾਦਾਂ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦਿੰਦਾ ਸਾਦਾ ਲੰਗਰ ਹੀ ਤਿਆਰ ਕਰਨਾ/ਕਰਵਾਉਣਾ ਚਾਹੀਦਾ ਹੈ। ਦੂਸਰੀ ਗੱਲ ਸਿੱਖਾਂ ਦੇ ਹਕੂਮਤ ਨਾਲ ਜੁੜੇ ਇੱਕ ਹਿੱਸੇ ਵਲੋਂ ਕਾਫੀ ਚਿਰ ਦੀ ਉਠਾਈ ਜਾ ਰਹੀ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਰਕਾਰੀ ਤੌਰ ਤੇ ਪੂਰੇ ਇੰਡੀਆਂ ਦੇ ਖਿੱਤੇ ਵਿਚ ਮਨਾਇਆ ਜਾਣਾ ਚਾਹੀਦਾ ਹੈ। ਇਹ ਗੱਲ ਵੀ ਗੁਰਮਤ ਅਨੁਸਾਰ ਸਹੀ ਨਹੀਂ ਹੈ। ਹਕੂਮਤਾਂ ਦੁਆਰਾ ਪ੍ਰਚਲਿਤ ਦਿਹਾੜੇ ਹਕੂਮਤਾਂ ਦੇ ਖਾਤਮੇ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਗੁਰਮਤਿ ਅਨੁਸਾਰ ਸਿੱਖਾਂ ਨੂੰ ਅਕਾਲ ਪੁਰਖ ਉਪਰ ਟੇਕ ਰੱਖਦਿਆਂ ਇਤਿਹਾਸਿਕ ਦਿਹਾੜਿਆਂ ਨੂੰ ਰਵਾਇਤ ਅਨੁਸਾਰ ਮਨਾਉਣਾ ਚਾਹੀਦਾ ਹੈ। ਬਿਪਰਵਾਦੀ ਦਿੱਲੀ ਦਰਬਾਰ ਹਰ ਵੇਲੇ ਸਿੱਖਾਂ ਨੂੰ ਆਪਣੇ ਵਿਚ ਜ਼ਜ਼ਬ ਕਰਕੇ ਹਿੰਦੂ ਬਣਾਉਣ ਦੀ ਨੀਤੀ ਜਾਂ ਪੂਰਨ ਤੌਰ ਤੇ ਖਤਮ ਕਰਨ ਦੀਆਂ ਕੋਸ਼ਿਸਾਂ ਵਿੱਚ ਰਹਿੰਦਾ ਹੈ। ਅਜਿਹੇ ਵਿਚ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਕੂਮਤ ਸਿੱਖਾਂ ਦਾ ਇਤਿਹਾਸ ਅਸਲ ਰੂਪ ਵਿਚ ਕਦੇ ਪ੍ਰਗਟ ਨਹੀਂ ਹੋਣ ਦੇਵੇਗੀ, ਸਗੋਂ ਸਿੱਖ ਇਤਿਹਾਸ ਨੂੰ ਹਿੰਦੂ ਇਤਿਹਾਸ ਦਾ ਹੀ ਇੱਕ ਅੰਗ ਬਣਾਉਣ ਦੀ ਕੋਸ਼ਿਸ ਕਰਕੇ ਸਿੱਖਾਂ ਨੂੰ ਨਿਆਰੀ ਕੌਮ ਨਹੀਂ ਰਹਿਣ ਦੇਵੇਗੀ। ਸਾਹਿਬਜ਼ਾਦਿਆਂ ਨੂੰ ਬਾਬਾ ਤੋਂ ਬਾਲ ਰੂਪ ਵਿਚ ਪੇਸ਼ ਕਰਨ, ਉਨ੍ਹਾਂ ਦੀ ਸਕੂਲਾਂ ਕਾਲਜਾਂ ਵਿਚ ਨਕਲ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸਾਂ ਹੋਣ ਲੱਗੀਆਂ ਹਨ। ਜੋਕਿ ਸਿੱਖ ਸਿਧਾਂਤਾ ਤੋਂ ਉਲਟ ਗੱਲ ਹੈ। ਜਿਸਨੂੰ ਸਿੱਖ ਪ੍ਰਵਾਨ ਨਹੀਂ ਕਰਦੇ, ਭਾਵੇਂ ਇਹ ਗੱਲਾਂ ਗੁਰੂ ਖਾਲਸਾ ਪੰਥ ਦੀ ਚੜਦੀਕਲਾ ਨੂੰ ਮੁੱਖ ਰੱਖਕੇ ਹੀ ਚੁੱਕੀਆਂ ਗਈਆਂ ਹੋਣ, ਜਾਣੇ ਅਣਜਾਣੇ ਵਿਚ ਸਿੱਖ ਰਵਾਇਤਾਂ ਦੀ ਰੌਸ਼ਨੀ ਤੋਂ ਦੂਰ ਹੱਟ ਕੇ ਸਾਡੇ ਮਨਾਂ ਵਿਚ ਆਏ ਖਿਆਲ ਗੁਰੂ ਖਾਲਸਾ ਪੰਥ ਦਾ ਨੁਕਸਾਨ ਹੀ ਕਰਨਗੇ, ਫਾਇਦਾ ਨਹੀਂ ਕਰ ਸਕਣਗੇ। ਸਿੱਖ ਨੂੰ ਅਪਣਾ ਹਰ ਕਦਮ ਰਵਾਇਤਾਂ ਅਤੇ ਸਿਧਾਂਤਾ ਦੀ ਰੌਸ਼ਨੀ ਵਿਚ ਪਰਖਣ ਦੀ ਲੋੜ ਹੈ, ਆਪਣੀ ਮੱਤ ਵਿਚੋਂ ਖਿਲਾਰੇ ਬੀਜ ਭਾਵੇਂ ਅਸੀ ਜੌਂ ਸਮਝਕੇ ਸੁੱਟੇ ਹੋਣ, ਪਰ ਗੁਰੂ ਦੀ ਨਦਰ ਤੋਂ ਬਿਨਾਂ ਇਨ੍ਹਾਂ ਬੀਜਾਂ ਨੇ ਅਨਾਜ ਨਹੀਂ ਕੰਡੇ ਬਣ ਕੇ ਹੀ ਉੱਗਣਾ ਹੈ।

 

ਭਾਈ ਮਲਕੀਤ ਸਿੰਘ

ਸੰਪਾਦਕ,