ਲੱਖਾ ਸਿਧਾਣਾ ਨੇ ‘ਪੰਜਾਬ ਤੇ ਪੰਜਾਬੀਅਤ ਬਚਾਓ’ ਯਾਤਰਾ ਸ਼ੁਰੂ ਕੀਤੀ

ਲੱਖਾ ਸਿਧਾਣਾ ਨੇ ‘ਪੰਜਾਬ ਤੇ ਪੰਜਾਬੀਅਤ ਬਚਾਓ’ ਯਾਤਰਾ ਸ਼ੁਰੂ ਕੀਤੀ

ਪੰਜਾਬ ਦੀ ਬੋਲੀ,ਜਵਾਨੀ,ਪ੍ਰਵਾਸ ਤੇ ਨਸ਼ਿਆਂ ਦੇ ਮੁੱਦੇ ਚੁਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਲਵੰਡੀ ਸਾਬੋ- ਪੰਜਾਬੀ ਮਾਂ ਬੋਲੀ ਸਤਿਕਾਰ ਜਥੇਬੰਦੀ ਦੇ ਬੈਨਰ ਹੇਠ ਨੌਜਵਾਨ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਨੇ  ਮਾਘੀ ਮੇਲੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰ ਕੇ ਪੰਜਾਬ ਅਤੇ ਪੰਜਾਬੀਅਤ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ। ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ  ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਸਿਆਸੀ ਧਿਰ ਭਾਵੇਂ ਉਹ ਅਕਾਲੀ ਦਲ ਹੋਵੇ, ਕਾਂਗਰਸ ਜਾਂ ਫਿਰ ਲੋਕਾਂ ਨੂੰ ਸੁਫ਼ਨੇ ਦਿਖਾ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਕਿਸੇ ਨੇ ਵੀ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਹੀ ਨਹੀਂ ਦਿੱਤਾ। ਇਸ ਕਰ ਕੇ ਪੰਜਾਬ ਅੱਜ ਵੱਡੀ ਤ੍ਰਾਸਦੀ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਿੰਜਾਈ ਲਈ ਲੋੜੀਂਦਾ ਪਾਣੀ ਤੱਕ ਨਹੀਂ, ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ, ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਜਾਂ ਫਿਰ ਉਨ੍ਹਾਂ ਦਾ ਵਿਦੇਸ਼ਾਂ ਵੱਲ ਪਰਵਾਸ ਤੇਜ਼ੀ ਨਾਲ ਵਧ ਰਿਹਾ ਹੈ। ਦੂਜੇ ਪਾਸੇ ਕੋਈ ਵੀ ਸਿਆਸੀ ਧਿਰ ਪਾਣੀ ਤੇ ਨਸ਼ਿਆਂ ਦੇ ਮੁੱਦੇ ਅਤੇ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸੰਜੀਦਾ ਨਹੀਂ, ਜੋ ਕਿ ਵੱਡੀ ਚਿੰਤਾ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਅਸੀਂ ਸੂਬੇ ਦੇ ਪਿੰਡਾਂ ਦੀਆਂ ਸੱਥਾਂ ਜਾਂ ਜਨਤਕ ਤੌਰ ’ਤੇ ਲੋਕਾਂ ਵਿੱਚ ਵਿਚਰ ਕੇ ਪੰਜਾਬ ਦੇ ਅਸਲ ਮੁੱਦਿਆਂ ’ਤੇ ਸੰਵਾਦ ਰਚਾ ਕੇ ਲੋਕਾਂ ਨਾਲ ਮਸ਼ਵਰਾ ਕਰਾਂਗੇ ਕਿ ਇਨ੍ਹਾਂ ਗੰਭੀਰ ਮਸਲਿਆਂ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ।