ਨਸ਼ਾ ਮੁਕਤੀ ਦਾ ਸੰਦੇਸ਼ ਦੇਵੇਗਾ ਯੂਨਾਈਟਡ ਸਪੋਰਟਸ ਕਲੱਬ ਦਾ 15ਵਾਂ ਵਿਸ਼ਵ ਕਬੱਡੀ ਕੱਪ

ਨਸ਼ਾ ਮੁਕਤੀ ਦਾ ਸੰਦੇਸ਼ ਦੇਵੇਗਾ ਯੂਨਾਈਟਡ ਸਪੋਰਟਸ ਕਲੱਬ ਦਾ 15ਵਾਂ ਵਿਸ਼ਵ ਕਬੱਡੀ ਕੱਪ
ਇਕਬਾਲ ਸਿੰਘ ਗਾਖਲ, ਮੱਖਣ ਸਿੰਘ ਬੈਂਸ ਅਤੇ ਜੁਗਰਾਜ ਸਿੰਘ ਸਹੋਤਾ

ਵਾਟਸਨਵਿੱਲ: ਮਿਤੀ 15 ਸਤੰਬਰ ਦਿਨ ਐਤਵਾਰ ਨੂੰ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ’ਚ ਹੋਣ ਵਾਲੇ ਯੁਨਾਈਟਡ ਸਪੋਰਟਸ ਕਲੱਬ ਦੇ 15ਵੇਂ ਵਿਸ਼ਵ ਕਬੱਡੀ ਕੱਪ ਸਬੰਧੀ ਇਕ ਅਹਿਮ ਮੀਟਿੰਗ ਕਲੱਬ ਦੇ ਮੁੱਖ ਸਰਪ੍ਰਸਤ ’ਤੇ ਸੰਚਾਲਕ ਸ੍ਰ. ਅਮੋਲਕ ਸਿੰਘ ਗਾਖਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਚਾਰਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਕਬੱਡੀ ਕੱਪ ਨਾ ਸਿਰਫ ਖੇਡ ਭਾਵਨਾਂ ਨਾਲ ਕਰਵਾਇਆ ਜਾਵੇਗਾ ਸਗੋਂ ਸ਼ਰਧਾ ਭਾਵਨਾ ਵੀ ਪੂਰੀ ਤਰ੍ਹਾਂ ਕਾਇਮ ਰੱਖੀ ਜਾਵੇਗੀ। ਇਸੇ ਸੋਚ ਨਾਲ ਪੰਜ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। 

ਮੀਟਿੰਗ ਵਿਚ ਸਮੁੱਚੇ ਤੌਰ ’ਤੇ ਇਹ ਆਸ ਪ੍ਰਗਟਾਈ ਗਈ ਕਿ ਕੈਲੀਫੋਰਨੀਆਂ ਦੀਆਂ ਸੰਗਤਾਂ ਜਿਵੇਂ ਪਿਛਲੇ ਖੇਡ ਮੇਲਿਆਂ ਦੌਰਾਨ ਕਲੱਬ ਨੂੰ ਸਹਿਯੋਗ ਦਿੰਦੀਆਂ ਰਹੀਆਂ ਹਨ ਉਵੇਂ ਹੀ ਇਸ ਵਾਰ ਵੀ ਇਸ ਇਤਿਹਾਸਕ ਕਬੱਡੀ ਕੱਪ ਨੂੰ ਵੀ ਪਹਿਲਾਂ ਤੋਂ ਵੀ ਦੂਣਸਵਾਇਆ ਸਹਿਯੋਗ ਦੇਣਗੀਆਂ। ਚੇਅਰਮੈਨ ਮੱਖਣ ਸਿੰਘ ਬੈਂਸ, ਉਪ-ਚੇਅਰਮੈਨ ਇਕਬਾਲ ਸਿੰਘ ਗਾਖਲ ਅਤੇ ਪ੍ਰਧਾਨ ਜੁਗਰਾਜ ਸਿੰਘ ਸਹੋਤਾ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਯੁਨਾਈਟਡ ਸਪੋਰਟਸ ਕਲੱਬ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ੀ ਧਰਤੀ ’ਤੇ ਪੂਰਾ ਮਾਣ ਸਤਿਕਾਰ ਦੇਣ ਲਈ ਇਹ ਕਲੱਬ ਹਮੇਸ਼ਾ ਯਤਨਸ਼ੀਲ ਰਿਹਾ ਹੈ ਅਤੇ ਇਸ ਵਾਰ ਵੀ ਸਾਫ ਸੁਥਰੇ ਅਤੇ ਨਸ਼ਾ ਮੁਕਤ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਸਾਰੇ ਲੋੜੀਂਦੇ ’ਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। 

ਉਨ੍ਹਾਂ ਵਾਅਦਾ ਕੀਤਾ ਕਿ ਦਰਸ਼ਕਾਂ ਨੂੰ ਪਹਿਲਾਂ ਵਾਂਗ ਇਸ ਵਾਰ ਵੀ ਸਿਹਤਮੰਦ ਕਬੱਡੀ ਵੇਖਣ ਦਾ ਭਰਪੂਰ ਅਨੰਦ ਮਿਲੇਗਾ। ਸ੍ਰ. ਅਮੋਲਕ ਸਿੰਘ ਗਾਖਲ ਨੇ ਇਕ ਵੱਖਰੇ ਬਿਆਨ ’ਚ ਕਿਹਾ ਕਿ ਮਾਂ ਬਾਪ ਸਾਲਾਂ ਬੱਧੀ ਮਿਹਨਤ ਨਾਲ ਪੁੱਤਾਂ ਨੂੰ ਖਿਡਾਰੀ ਬਣਾਉਂਦੇ ਹਨ ਤੇ ਖੇਡਣ ਦੀ ਜੋਬਨਰੁੱਤ ਪੰਜ-ਸੱਤ ਸਾਲ ਹੀ ਹੁੰਦੀ ਅਤੇ ਕਬੱਡੀ ਤੋਂ ਜਿੰਦ ਜਾਨ ਵਾਰਨ ਵਾਲੇ ਖਿਡਾਰੀਆਂ ਨੂੰ ਉਹ ਪਹਿਲਾਂ ਵਾਂਗ ਗਲ ਨਾਲ ਲਾਉਣਗੇ ਅਤੇ ਖਿਡਾਰੀਆਂ ਦੀ ਮਿਹਨਤ ਦਾ ਮੁੱਲ ਪਾਇਆ ਜਾਵੇਗਾ। ਕੌਮਾਂਤਰੀ ਕਬੱਡੀ ਨਿਯਮਾਂ ਤਹਿਤ ਡਰੱਗ ਫ੍ਰੀ ਕਬੱਡੀ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਪਾਂਸਰ, ਸਹਿਯੋਗੀ ਅਤੇ ਦਰਸ਼ਕ ਸੰਗਤ ਇਸ ਖੇਡ ਮੇਲੇ ਦਾ ਮਹੱਤਵਪੂਰਨ ਹਿੱਸਾ ਬਣੇਗੀ ਅਤੇ ਲੰਗਰ, ਸਕਿਉਰਿਟੀ ਅਤੇ ਹੋਰ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਹੋਣ ਵਾਲੇ ਇਕ ਕਬੱਡੀ ਕੱਪ ਵਿਚ ਨਾ ਸਿਰਫ ਕਬੱਡੀ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਪਹੁੰਚਣਗੀਆਂ ਸਗੋਂ ਭਾਰਤ, ਪਾਕਿਸਤਾਨ ਅਤੇ ਕਨੇਡਾ ਤੋਂ ਰਾਜਨੀਤਕ ਤੇ ਸਮਾਜਿਕ ਰੁਤਬਾ ਰੱਖਣ ਵਾਲੇ ਅਹਿਮ ਲੋਕ ਖੇਡ ਮੇਲੇ ਦਾ ਹਿੱਸਾ ਬਣੇ ਰਹਿਣਗੇ। 

ਕਬੱਡੀ ਕੱਪ ਦੇ ਤਕਨੀਕੀ ਪ੍ਰਬੰਧ ਵੇਖਣ ਵਾਲੇ ਤੀਰਥ ਗਾਖਲ ਨੇ ਕਿਹਾ ਕਿ ਖਿਡਾਰੀਆਂ ਨੂੰ ਨਿਯਮਾਂ ਥਾਣੀਂ ਨਿਕਲ ਕੇ ਹੀ ਇਸ ਕਬੱਡੀ ਕੱਪ ਨੂੰ ਖੇਡਣ ਦਾ ਮੌਕਾ ਮਿਲੇਗਾ। ਮੀਟਿੰਗ ਵਿਚ ਪਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ, ਨਰਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਥਿੰਦ, ਦੇਬੀ ਸੋਹਲ, ਗੁਰਪ੍ਰੀਤ ਗਾਖਲ, ਗਿਆਨੀ ਰਵਿੰਦਰ ਸਿੰਘ, ਗੁਲਵਿੰਦਰ ਗਾਖਲ, ਬਲਜਿੰਦਰ ਗਾਖਲ, ਅਰੁਨਦੀਪ ਸਿੰਘ, ਬਲਜਿੰਦਰ ਸਿੰਘ ਅਤੇ ਜਨਰਲ ਸਕੱਤਰ ਐ¤ਸ.ਅਸ਼ੋਕ ਭੌਰਾ ਵੀ ਸ਼ਾਮਿਲ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ