ਕਬੱਡੀ ਡਰੱਗ ਤੇ ਗੁੰਡਾਗਰਦੀ ਦੇ ਚਕਰਵਿਊ ਵਿਚ 

ਕਬੱਡੀ ਡਰੱਗ ਤੇ ਗੁੰਡਾਗਰਦੀ ਦੇ ਚਕਰਵਿਊ ਵਿਚ 

ਖੇਡ ਸੰਸਾਰ

ਕਬੱਡੀ ਵਿਚ ਡਰੱਗ ਦੀ ਬਿਮਾਰੀ ਇੱਕੀਵੀਂ ਸਦੀ ਚੜ੍ਹਨ ਸਾਰ ਸ਼ੁਰੂ ਹੋਈ ਸੀ ਜੋ ਦੋ ਦਹਾਕਿਆਂ ਵਿਚ ਕੋਹੜ ਬਣ ਗਈ ਹੈ। ਜਿਵੇਂ ਕੋਹੜ ਦਾ ਇਲਾਜ ਕਰਨਾ ਮੁਸ਼ਕਲ ਕਿਹਾ ਜਾਂਦਾ ਹੈ ਉਵੇਂ ਕਬੱਡੀ ਨੂੰ ਡਰੱਗ ਦੇ ਜੱਫੇ 'ਚੋਂ ਛੁਡਾਉਣਾ ਵੀ ਮੁਸ਼ਕਲ ਕਿਹਾ ਜਾ ਰਿਹਾ ਹੈ। ਪਰ ਇਹ ਵੀ ਸੱਚ ਹੈ ਕਿ ਹਰ ਮੁਸ਼ਕਲ ਦਾ ਹੱਲ ਹੁੰਦਾ ਹੈ, ਅਸੰਭਵ ਕੁਝ ਵੀ ਨਹੀਂ ਹੁੰਦਾ। ਇਸ ਲਈ ਢੇਰੀ ਕਦੇ ਵੀ ਨਹੀਂ ਢਾਹੁਣੀ ਚਾਹੀਦੀ। ਜਿਵੇਂ ਸਹੀ ਇਲਾਜ ਨਾਲ ਕੋਹੜੀ ਵੀ ਠੀਕ ਹੋ ਜਾਂਦੇ ਹਨ ਉਵੇਂ ਡੋਪੀ ਖਿਡਾਰੀ ਵੀ ਠੀਕ ਕੀਤੇ ਜਾ ਸਕਦੇ ਹਨ। ਕੁਝ ਖਿਡਾਰੀ ਠੀਕ ਹੋ ਵੀ ਗਏ ਹਨ ਤੇ ਉਨ੍ਹਾਂ ਦੀ ਮਿਸਾਲ ਸਭ ਦੇ ਸਾਹਮਣੇ ਹੈ। ਖਿਡਾਰੀ ਆਪਸ ਵਿਚ ਉਨ੍ਹਾਂ ਦੀਆਂ ਗੱਲਾਂ ਵੀ ਕਰਦੇ ਹਨ। ਡਰੱਗ ਦੇ ਡੰਗੇ ਖਿਡਾਰੀਆਂ ਦੀਆਂ ਵੀ ਤੇ ਡਰੱਗ ਮੁਕਤ ਹੋਏ ਖਿਡਾਰੀਆਂ ਦੀਆਂ ਵੀ। ਡਰੱਗ ਨਾਲ ਮਰੇ ਖਿਡਾਰੀਆਂ ਦੀਆਂ ਵੀ ਤੇ ਅਪਾਹਜ ਜਾਂ ਨਿਪੁੰਸਕ ਹੋਏ ਖਿਡਾਰੀਆਂ ਦੀਆਂ ਵੀ। ਫਿਰ ਵੀ ਬਥੇਰੇ ਖਿਡਾਰੀ ਹਨ ਜੋ ਡਰੱਗਾਂ ਦੀ ਦਲਦਲ ਵਿਚ ਧਸੀ ਜਾ ਰਹੇ ਹਨ ਜਾਂ ਕਹੋ ਆਤਮਘਾਤ ਦੇ ਰਾਹ ਪਏ ਹੋਏ ਹਨ। ਇਹ ਸਹੀ ਹੈ ਕਿ ਦੂਸਰਿਆਂ ਦੀ ਰੀਸ ਕਰਨੀ ਆਮ ਵਰਤਾਰਾ ਹੈ। ਜੇ ਚੰਗਿਆਂ ਦੀ ਰੀਸ ਕੀਤੀ ਜਾਵੇ ਤਾਂ ਚੰਗਿਆਈ ਫੈਲਦੀ ਹੈ, ਪਰ ਜੇ ਬੁਰਿਆਂ ਮਗਰ ਲੱਗ ਤੁਰੀਏ ਤਾਂ ਬੁਰਾਈ ਦੀ ਚੜ੍ਹ ਮੱਚਦੀ ਹੈ। ਡੋਪੀ ਖਿਡਾਰੀਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਨਾਲ ਹੀ ਕੁਝ ਐਸੇ ਖਿਡਾਰੀ ਵੀ ਖੇਡ ਰਹੇ ਹਨ ਤੇ ਬਹੁਤ ਵਧੀਆ ਖੇਡਦੇ ਆ ਰਹੇ ਹਨ ਜਿਨ੍ਹਾਂ ਨੇ ਕਦੇ ਡੋਪਿੰਗ ਨਹੀਂ ਕੀਤੀ। ਉਹ ਰਤਾ ਸੋਚਣ, ਜੇ ਡਰੱਗ ਮੁਕਤ ਖਿਡਾਰੀ ਪੰਦਰਾਂ-ਵੀਹ ਸਾਲ ਉੱਚ ਪਾਏ ਦੀ ਵਧੀਆ ਕਬੱਡੀ ਖੇਡ ਗਏ ਜਾਂ ਖੇਡ ਰਹੇ ਨੇ ਤਾਂ ਡੋਪੀ ਖਿਡਾਰੀ ਡੋਪਿੰਗ ਛੱਡ ਕੇ ਕਿਉਂ ਨਹੀਂ ਖੇਡ ਸਕਦੇ?

ਮੈਨੂੰ ਕਬੱਡੀ ਦੇ ਪੁਰਾਣੇ ਦਿਨ ਯਾਦ ਆ ਰਹੇ ਹਨ, ਜਦੋਂ ਖਿਡਾਰੀਆਂ ਨੇ ਕਿਸੇ ਡਰੱਗ ਦਾ ਨਾਂਅ ਵੀ ਨਹੀਂ ਸੀ ਸੁਣਿਆ ਹੁੰਦਾ। ਪਿਛਲੀ ਸਦੀ ਨੇ ਕਮਾਲ ਦੇ ਕਬੱਡੀ ਖਿਡਾਰੀ ਪੈਦਾ ਕੀਤੇ ਸਨ। 1950ਵਿਆਂ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਇੰਡੋ-ਪਾਕਿ ਕਬੱਡੀ ਮੈਚ ਹੋਣੇ ਸ਼ੁਰੂ ਹੋਏ ਤਾਂ ਕੋਈ ਖਿਡਾਰੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਸੀ ਕਰਦਾ। ਉਹ ਲੰਗਰ ਦੀ ਚਾਹ ਛਕ ਕੇ ਹੀ ਉਡੂੰ-ਉਡੂੰ ਕਰਨ ਲੱਗ ਪੈਂਦੇ ਸਨ। ਜੇ ਕੋਈ ਢਿੱਲਾ-ਮੱਠਾ ਹੋ ਜਾਂਦਾ ਤਾਂ ਵੱਧ ਤੋਂ ਵੱਧ ਐਸਪਰੀਨ ਦੀ ਗੋਲੀ ਲੈ ਲੈਂਦਾ ਤੇ ਮੁੜ ਕਾਇਮ ਹੋ ਜਾਂਦਾ। ਉਹ ਅਜੋਕੇ ਖਿਡਾਰੀਆਂ ਵਾਂਗ ਬਹੁਤੇ ਭਾਰੇ ਭਰਕਮ ਵੀ ਨਹੀਂ ਸਨ ਹੁੰਦੇ। ਕੁਇੰਟਲ ਵਜ਼ਨ ਦਾ ਤਾਂ ਸ਼ਾਇਦ ਹੀ ਕੋਈ ਕਬੱਡੀ ਖਿਡਾਰੀ ਹੋਵੇ। ਉਨ੍ਹਾਂ ਦੀਆਂ ਤਸਵੀਰਾਂ ਵੇਖੀਦੀਆਂ ਹਨ ਤਾਂ ਬਹੁਤੇ ਖਿਡਾਰੀ ਡੇਢ ਮਣ ਤੋਂ ਦੋ ਮਣ ਦੇ ਹੀ ਦਿਸਦੇ ਹਨ। ਉਸ ਦੌਰ ਦੇ ਕਬੱਡੀ ਖਿਡਾਰੀਆਂ ਤੋਖੀ ਐਟਮ, ਤੋਖੀ ਟਾਈਗਰ, ਕਿਰਪਾਲ ਸਾਧ, ਨਿਰਭੈ ਰਮੀਦੀ, ਬਿੱਲੂ ਰਾਜੇਆਣੀਆਂ, ਮੱਲ ਮੱਦੋਕੇ, ਛਾਂਗਾ ਹਠੂਰੀਆ ਤੇ ਅਜੀਤ ਸਿੰਘ ਮਾਲੜੀ ਹੋਰਾਂ ਨੇ ਬੜਾ ਨਾਮਣਾ ਖੱਟਿਆ ਸੀ। ਉਨ੍ਹਾਂ ਵਿਚੋਂ ਕੋਈ ਵੀ ਦੋ ਮਣ ਯਾਨੀ ਅੱਸੀ ਕਿੱਲੋ ਤੋਂ ਭਾਰਾ ਨਹੀਂ ਸੀ। ਅਗਲੇ ਦੌਰ ਦੇ ਸਰਵਣ ਰਮੀਦੀ, ਪ੍ਰੀਤਾ, ਦੇਵੀ ਦਿਆਲ, ਬਲਵਿੰਦਰ ਫਿੱਡਾ, ਨਛੱਤਰ ਢਾਂਡੀ, ਤਾਰਾ ਘਣਗਸ, ਹਿੰਮਤ ਸੋਹੀ ਤੇ ਸਵਰਨੇ ਵਰਗੇ ਬਿਨਾਂ ਕਿਸੇ ਤਰ੍ਹਾਂ ਦੀ ਡੋਪਿੰਗ ਦੇ ਪੰਦਰਾਂ-ਪੰਦਰਾਂ, ਵੀਹ-ਵੀਹ ਸਾਲ ਉੱਚ ਪਾਏ ਦੀ ਕਬੱਡੀ ਖੇਡਦੇ ਰਹੇ। ਲੋਕ ਉਨ੍ਹਾਂ ਦੀਆਂ ਸਿਫ਼ਤਾਂ ਕਰਦੇ ਉਨ੍ਹਾਂ ਦੇ ਸੋਹਲੇ ਗਾਉਂਦੇ ਰਹੇ।

ਬਲਬੀਰ ਸਿੰਘ ਕੰਵਲ ਦੀ ਲਿਖਤ ਅਨੁਸਾਰ: ਪਿਛਲੀ ਸਦੀ ਨੇ ਕੁਝ ਕੁ ਆਫ਼ਤ ਖਿਡਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਦਾ ਖੇਡਣ ਢੰਗ ਉਨ੍ਹਾਂ ਨਾਲ ਹੀ ਖ਼ਤਮ ਹੋ ਗਿਆ। ਵੀਹਵੀਂ ਸਦੀ ਦੀ ਅੱਖ ਖੁੱਲ੍ਹਣ ਨਾਲ ਜਿਹੜਾ ਖਿਡਾਰੀ ਕਹਾਵਤੀ ਰੁਤਬੇ ਨੂੰ ਅੱਪੜਿਆ ਉਹ ਸਰਗੋਧੇ ਦਾ ਬਾਬੂ ਫ਼ਕੀਰ ਮੁਹੰਮਦ ਸੀ ਜੋ ਟਿਵਾਣਿਆਂ ਦੀ ਪ੍ਰਸਿੱਧ ਟੀਮ ਦਾ ਕਪਤਾਨ ਸੀ। ਉਸ ਦੇ ਸਰੀਰ ਵਿਚ ਆਖ਼ਰਾਂ ਦੀ ਤੜ ਸੀ, ਤਾਕਤ ਸੀ ਤੇ ਜਦੋਂ ਦਮ ਜਾਂਦਾ ਤਾਂ ਇਉਂ ਲੱਗਦਾ ਜਿਵੇਂ ਵਿਰੋਧੀ ਨੂੰ ਪਾੜ ਕੇ ਖਾ ਜਾਵੇਗਾ। ਉਦੋਂ ਉਸ ਬਾਰੇ ਕਹਾਵਤ ਪ੍ਰਚਲਤ ਹੋਈ, 'ਕੌਡੀ ਫ਼ਕੀਰ ਦੀ ਪਾਸੇ ਜਾਵੇ ਚੀਰਦੀ।' ਉਸ ਪਿੱਛੋਂ ਸੁਲਤਾਨ ਸ਼ਾਹ ਆਦੇ ਵਾਲਾ ਹੈਬਤਨਾਕ ਧਾਵੀ ਸਾਬਤ ਹੋਇਆ। ਉਸ ਨੂੰ ਯਾਦ ਕਰਦਿਆਂ ਵਾਰਸ ਸ਼ਾਹ ਦਾ ਸ਼ਿਅਰ ਯਾਦ ਆ ਜਾਂਦਾ ਹੈ:

ਵਿਹੜੇ ਵਿਚ ਔਧੂਤ ਜਾ ਗੱਜਦਾ ਸੀ,

ਮਸਤ ਸਾਨ੍ਹ ਵਾਂਗ ਜਾ ਮੇਲ੍ਹਦਾ ਸੀ।

 

      ਸਰਵਨ ਸਿੰਘ