ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਅਲੈਕਸ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਦੋਸ਼ ਆਇਦ
ਹੋ ਸਕਦੀ ਹੈ 30 ਸਾਲ ਦੀ ਸਜਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 15 ਜੁਲਾਈ (ਹੁਸਨ ਲੜੋਆ ਬੰਗਾ)-ਦੱਖਣੀ ਕਾਰੋਲੀਨਾ ਦੇ ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਅਲੈਕਸ ਮੁਰਡੌਘ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੇ ਦੋਹਰੇ ਕਤਲ ਦੇ ਮਾਮਲੇ ਵਿਚ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਦਿੱਤੀ ਹੈ। ਸਾਬਕਾ ਅਟਾਰਨੀ ਮੁਰਡੌਘ ਜਿਸ ਦਾ ਪਰਿਵਾਰ ਛੋਟੀ ਹੈਂਪਟਨ ਕਾਊਂਟੀ ਦੀ ਨਿਆਂ ਪ੍ਰਣਾਲੀ ਵਿਚ ਤਕਰੀਬਨ ਇਕ ਸਦੀ ਤੱਕ ਛਾਇਆ ਰਿਹਾ, ਪਹਿਲਾਂ ਹੀ ਜੇਲ ਵਿਚ ਹੈ ਤੇ ਉਸ ਨੂੰ ਅਨੇਕਾਂ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਜੂਨ ਵਿਚ ਉਸ ਦੀ ਪਤਨੀ 52 ਸਾਲਾ ਮੈਗੀ ਤੇ 22 ਸਾਲਾ ਪੁੱਤਰ ਪਾਲ ਮੁਰਡੌਘ ਦੀ ਹੱਤਿਆ ਕਰ ਦਿੱਤੀ ਗਈ ਸੀ। ਕੋਲੈਟਨ ਕਾਊਂਟੀ ਗਰੈਂਡ ਜਿਊਰੀ ਸਾਹਮਣੇ ਉਸ ਵਿਰੁੱਧ ਦੋਹਰੇ ਕਤਲ ਤੇ ਹਥਿਆਰ ਰਖਣ ਦੇ ਦੋਸ਼ ਲਾਏ ਗਏ ਹਨ। ਜੇਕਰ ਇਹ ਦੋਸ਼ ਸਹੀ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਬਿਨਾਂ ਜਮਾਨਤ ਦੇ 30 ਸਾਲ ਜੇਲ ਵਿਚ ਕਟਣੇ ਪੈਣਗੇ। ਰਾਜ ਦੇ ਕਾਨੂੰਨ ਤਹਿਤ ਇਸਤਗਾਸਾ ਪੱਖ ਉਸ ਨੂੰ ਮੌਤ ਦੀ ਸਜਾ ਦੇਣ ਦੀ ਵੀ ਮੰਗ ਕਰ ਸਕਦਾ ਹੈ ਕਿਉਂਕਿ ਰਾਜ ਦਾ ਕਾਨੂੰਨ ਇਕ ਤੋਂ ਵਧ ਹਤਿਆਵਾਂ ਦੇ ਦੋਸ਼ੀ ਨੂੰ ਮੌਤ ਦੀ ਸਜਾ ਦੇਣ ਦੀ ਇਜਾਜਤ ਦਿੰਦਾ ਹੈ। ਮੁਰਡੌਗ ਦੇ ਵਕੀਲਾਂ ਜਿਮ ਗ੍ਰਿਫਿਨ ਤੇ ਰਿਚਰਡ ਹਾਰਪੂਟਲੀਅਨ ਨੇ ਆਪਣੇ ਮੁਵੱਕਲ ਨੂੰ ਨਿਰਦੋਸ਼ ਦਸਿਆ ਹੈ ਤੇ ਕਿਹਾ ਹੈ ਕਿ ਲਾਅ ਇਨਫੋਰਮੈਂਟ ਅਧਿਕਾਰੀਆਂ ਨੇ ਜਲਦਬਾਜੀ ਕੀਤੀ ਹੈ। ਉਨਾਂ ਕਿਹਾ ਕਿ ਮੁਰਡੌਘ ਦਾ ਇਨਾਂ ਕਤਲਾਂ ਪਿੱਛੇ ਕੋਈ ਮਕਸਦ ਨਜਰ ਨਹੀਂ ਆਉਂਦਾ।
Comments (0)