ਮੁਕਤਸਰ ਮਾਘੀ ਵਿਖੇ 14 ਜਨਵਰੀ ਅਤੇ ਤਖਤੂਪੁਰਾ ਸਾਹਿਬ (ਮੋਗਾ) ਵਿਖੇ 15 ਜਨਵਰੀ ਨੂੰ ਹੋ ਰਹੀਆ ਕਾਨਫਰੰਸਾਂ ਵਿਚ ਹੁੰਮ ਹੁੰਮਾਕੇ ਪਹੁੰਚਿਆ ਜਾਵੇ : ਮਾਨ

ਮੁਕਤਸਰ ਮਾਘੀ ਵਿਖੇ 14 ਜਨਵਰੀ ਅਤੇ ਤਖਤੂਪੁਰਾ ਸਾਹਿਬ (ਮੋਗਾ) ਵਿਖੇ 15 ਜਨਵਰੀ ਨੂੰ ਹੋ ਰਹੀਆ ਕਾਨਫਰੰਸਾਂ ਵਿਚ ਹੁੰਮ ਹੁੰਮਾਕੇ ਪਹੁੰਚਿਆ ਜਾਵੇ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ ਦੀ ਤਰ੍ਹਾਂ ਮਾਘੀ ਦੇ ਮਹਾਨ ਦਿਹਾੜੇ ਉਤੇ ਮੁਕਤਸਰ ਵਿਖੇ 14 ਜਨਵਰੀ ਨੂੰ ਮਲੋਟ ਰੋਡ ਸਾਹਮਣੇ ਡੇਰਾ ਬਾਬਾ ਮਸਤਾਨ ਸਿੰਘ ਵਿਖੇ ਅਤੇ 15 ਜਨਵਰੀ ਨੂੰ ਤਖਤੂਪਰਾ ਸਾਹਿਬ ਮੋਗਾ ਵਿਖੇ ਮੀਰੀ-ਪੀਰੀ ਇਤਿਹਾਸਿਕ ਕਾਨਫਰੰਸਾਂ ਕੀਤੀਆ ਜਾ ਰਹੀਆ ਹਨ । ਜਿਸ ਵਿਚ ਸਮੁੱਚੀ ਪਾਰਟੀ ਲੀਡਰਸਿ਼ਪ ਪਹੁੰਚਕੇ ਜਿਥੇ ਸ਼ਹੀਦਾਂ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਜਾਣਗੇ, ਉਥੇ ਕੌਮ ਨਾਲ ਪੰਥਕ ਵਿਚਾਰਾਂ ਕਰਦੇ ਹੋਏ ਪੰਥ ਨੂੰ ਦਰਪੇਸ ਆ ਰਹੇ ਮਸਲਿਆ ਸੰਬੰਧੀ ਵੀ ਲੰਮੀਆਂ ਵਿਚਾਰਾਂ ਹੋਣਗੀਆਂ । ਸਮੁੱਚੇ ਖ਼ਾਲਸਾ ਪੰਥ ਨੂੰ ਇਨ੍ਹਾਂ ਦੋਵਾਂ ਇਤਿਹਾਸਿਕ ਕਾਨਫਰੰਸਾਂ ਵਿਚ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖ਼ਾਲਸਾ ਪੰਥ ਨੂੰ ਦੋਵੇ ਇਤਿਹਾਸਿਕ ਕਾਨਫਰੰਸਾਂ ਵਿਚ ਸਮੁੱਚੀ ਸਿੱਖ ਕੌਮ ਨੂੰ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋ ਵੀ ਖਾਲਸਾ ਪੰਥ ਉਤੇ ਹਕੂਮਤੀ ਭੀੜ ਬਣਦੀ ਹੈ, ਤਾਂ ਸਮੁੱਚਾ ਖ਼ਾਲਸਾ ਪੰਥ ਅਜਿਹੇ ਇਤਿਹਾਸਿਕ ਦਿਹਾੜਿਆ ਉਤੇ ਇਕੱਤਰ ਹੋ ਕੇ ਪੰਥਕ ਵਿਚਾਰਾਂ ਕਰਦੇ ਹੋਏ ਆਪਣੀ ਕੌਮੀ ਰਣਨੀਤੀ ਘੜਨ ਅਤੇ ਚੱਲ ਰਹੇ ਕੌਮੀ ਸੰਘਰਸ਼ ਨੂੰ ਆਪਣੀ ਮੰਜਿਲ ਵੱਲ ਦ੍ਰਿੜਤਾ ਨਾਲ ਵਧਾਉਣ ਦੀ ਰਣਨੀਤੀ ਵੀ ਤਹਿ ਕਰਦਾ ਹੈ । ਇਸ ਲਈ ਅਜਿਹੇ ਮਹਾਨ ਦਿਹਾੜਿਆ ਉਤੇ ਖ਼ਾਲਸਾ ਪੰਥ ਦਾ ਡੂੰਘਾਂ ਦਰਦ ਰੱਖਣ ਵਾਲੀਆ ਸਖਸ਼ੀਅਤਾਂ, ਸੰਗਤ ਦਾ ਪਹੁੰਚਣਾ ਹੋਰ ਵੀ ਜਰੂਰੀ ਬਣ ਜਾਂਦਾ ਹੈ । ਤਾਂ ਕਿ ਖ਼ਾਲਸਾ ਪੰਥ ਦੇ ਪ੍ਰੋਗਰਾਮਾਂ ਵਿਚ ਉਹ ਆਪਣਾ ਯੋਗਦਾਨ ਵੀ ਪਾ ਸਕਣ ਅਤੇ ਹੋਣ ਵਾਲੇ ਕੌਮੀ ਫੈਸਲਿਆ ਨੂੰ ਸੁਣਦੇ ਹੋਏ ਸੰਗਤਾਂ ਵਿਚ ਉਸਦਾ ਪ੍ਰਚਾਰ ਵੀ ਕਰ ਸਕਣ । ਤਾਂ ਕਿ ਆਉਣ ਵਾਲੇ ਸਮੇ ਵਿਚ ਕੌਮੀ ਪ੍ਰੋਗਰਾਮਾਂ ਵਿਚ ਸਮੁੱਚਾ ਖ਼ਾਲਸਾ ਪੰਥ ਵੱਧ ਚੜ੍ਹਕੇ ਯੋਗਦਾਨ ਪਾਉਦਾ ਹੋਇਆ ਕਾਮਯਾਬੀ ਵੱਲ ਵੱਧਦਾ ਰਹੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁਕਤਸਰ ਮਾਘੀ ਮੌਕੇ ਤੇ ਅਤੇ ਤਖ਼ਤੂਪੁਰਾ ਸਾਹਿਬ ਮੋਗਾ ਵਿਖੇ ਹਮੇਸ਼ਾਂ ਦੀ ਤਰ੍ਹਾਂ ਸੰਗਤਾਂ ਆਪਣੇ ਇਤਿਹਾਸਿਕ ਸਥਾਨਾਂ ਨੂੰ ਨਤਮਸਤਕ ਹੁੰਦੀਆਂ ਹੋਈਆ ਇਨ੍ਹਾਂ ਮੀਰੀ-ਪੀਰੀ ਕਾਨਫਰੰਸਾਂ ਵਿਚ ਵੀ ਹਾਜਰੀ ਲਗਾਉਣਗੀਆਂ ।