ਨਹੀਂ ਰਹੇ "ਦੇਸ਼ ਪੰਜਾਬ"ਵਾਲੇ ਗੁਰਬਚਨ ਸਿੰਘ

ਨਹੀਂ ਰਹੇ

ਖਾਲਸਾ ਪੰਥ ਤੇ ਦਲਿਤਾਂ ਦੀ ਗਲਵੱਕੜੀ ਪਵਾਉਣ ਵਿੱਚ ਉਸ ਦਾ ਰੋਲ ਯਾਦਗਾਰੀ ਹੈ।

ਭਲਾ ਉਹ ਕਿਹੜੀ ਵੱਡੀ ਅਤੇ ਯਾਦਗਾਰੀ ਗੱਲ ਸੀ ਜਿਸ ਨਾਲ ਗੁਰਬਚਨ ਸਿੰਘ ਸਾਡੀਆਂ ਯਾਦਾਂ ਵਿੱਚ ਅਮਰ ਰਹੇਗਾ? ਉਸ ਦੀ ਇਹੋ ਰੀਝ ਸੀ ਕਿ ਕਾਸ਼!ਜੇ ਕਿਤੇ ਦਲਿਤਾਂ ਅਤੇ ਪੰਥ ਖਾਲਸੇ ਦੀ ਮੁੜ ਗਲਵੱਕੜੀ ਪੈ ਜਾਏ।ਕਾਸ਼!ਇਹ ਸਾਂਝ ਹੋਰ ਪੀਡੀ ਹੋ ਜਾਵੇ ਤਾਂ ਪੰਜਾਬ ਸੱਚ ਮੁੱਚ ਗੁਰੂਆਂ ਦਾ ਪੰਜਾਬ ਬਣ ਕੇ ਕੁੱਲ ਦੁਨੀਆਂ ਦੇ ਦਲਿਤਾਂ ਅਤੇ ਦਬੇ ਕੁਚਲਿਆਂ ਦੀ ਅਗਵਾਈ ਕਰੇਗਾ।ਇਹੋ ਕਾਰਨ ਸੀ ਕਿ ਕਾਂਸ਼ੀ ਰਾਮ ਜੀ ਨਾਲ ਉਸ ਦੀ ਰੂਹਾਨੀ ਸਾਂਝ ਸੀ। ਇਹ ਗੁਰਬਚਨ ਸਿੰਘ ਹੀ ਸੀ ਜਿਸ ਨੇ ਮੈਨੂੰ ਪਹਿਲੀ ਵਾਰ ਦਲਿਤਾਂ ਦੇ ਸਰਦਾਰ ਨਾਲ ਮੇਰੀ ਮੁਲਾਕਾਤ ਕਰਵਾਈ। ਅਸੈਂਬਲੀ ਚੋਣਾਂ ਦੀ ਗਹਿਮਾ ਗਹਿਮੀ ਵਿੱਚ ਅਸੀਂ ਅੱਧੀ ਰਾਤ ਨੂੰ ਫਗਵਾੜੇ ਦੇ ਇੱਕ ਹੋਟਲ ਵਿੱਚ ਮਿਲੇ ਤੇ ਗੱਲਾਂ ਕਰਦਿਆਂ ਕਰਦਿਆਂ ਦਿਨ ਚੜ ਗਿਆ ਸੀ।ਪਰ ਗੁਰਬਚਨ ਅਜੇ ਵੀ ਥਕਿਆ ਨਹੀਂ ਸੀ ਅਤੇ ਕਾਂਸ਼ੀ ਰਾਮ ਜੀ ਜਿਵੇਂ ਸੱਜਰੀ ਸਵੇਰ ਵਰਗੀ ਤਾਜ਼ਗੀ ਨਾਲ ਭਰੇ ਹੋਏ ਸਨ।ਦਲਿਤਾਂ ਦੀਆਂ ਸਿੱਖ ਪੰਥ ਨਾਲ ਹੋ ਰਹੀਆਂ ਦੂਰੀਆਂ ਤੋਂ ਉਹ ਹੱਦੋਂ ਵੱਧ ਫਿਕਰਮੰਦ ਸੀ ਅਤੇ ਉਹ ਪੰਜਾਬ ਵਿੱਚ ਇਹੋ ਜਿਹੀਆਂ ਦੋ ਤਿੰਨ ਹਸਤੀਆਂ ਵਿੱਚ ਸਿਰਮੌਰ ਸਥਾਨ ਰੱਖਦਾ ਸੀ ਜੋ ਇਹਨਾਂ ਦੂਰੀਆਂ ਨੂੰ ਘਟਾਉਣ ਲਈ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਗਹਿਰ ਗੰਭੀਰ ਸੋਝੀ ਰੱਖਦੇ ਸਨ।

 ਗੁਰਬਚਨ ਸਿੰਘ ਮਾਰਕਸਵਾਦ ਨਾਲ ਵੀ ਗੰਭੀਰ ਰੂਪ ਵਿੱਚ ਜੁੜਿਆ ਹੋਇਆ ਸੀ।ਭਾਵੇਂ ਇਸ ਵਿਚਾਰ ਨਾਲ ਵੱਖਰੀਆਂ ਰਾਵਾਂ ਵੀ ਹੋ ਸਕਦੀਆਂ ਹਨ,ਪਰ ਉਸ ਦਾ ਵਿਸ਼ਵਾਸ ਸੀ ਕਿ "ਸਿੱਖ ਫਲਸਫੇ ਦੀ ਅੱਜ ਦੇ ਪ੍ਰਸੰਗ ਵਿੱਚ ਵਿਆਖਿਆ ਕਰਨ ਵਾਸਤੇ ਪ੍ਰਚਲਿਤ ਮਾਰਕਸਵਾਦੀ ਸ਼ਬਦਾਵਲੀ ਹੀ ਕੰਮ ਆ ਸਕਦੀ ਹੈ। ਗੁਰਮਤ ਦੇ ਸੰਕਲਪਾਂ ਨੂੰ ਅੱਜ ਦੇ ਪ੍ਰਸੰਗ ਵਿੱਚ ਇਹਨਾਂ ਸ਼ਬਦਾਂ ਨਾਲ ਹੀ ਨਵਿਆਇਆ ਜਾ ਸਕਦਾ ਹੈ। "ਸੰਤ ਭਿੰਡਰਾਂ ਵਾਲੇ ਅਤੇ ਖਾਲਿਸਤਾਨੀ ਲਹਿਰ" ਦੀ ਆਪਣੀ ਚਰਚਿਤ ਪੁਸਤਕ ਵਿੱਚ ਉਹ ਸ਼ਬਦ ਗੁਰੂ ਹਲੇਮੀ ਰਾਜ,ਅਤੇ ਬੇਗਮਪੁਰਾ ਸਿਧਾਂਤਾਂ ਦੀ ਭਰਪੂਰ ਵਿਆਖਿਆ ਕਰਦੇ ਹਨ। ਇਸ ਸਬੰਧ ਵਿੱਚ 58 ਸਫਿਆਂ ਵਿੱਚ ਫੈਲੇ "ਅਨੰਦਪੁਰ ਦੇ ਮਤੇ ਤੋਂ ਖਾਲਿਸਤਾਨ ਤੱਕ ਦਾ ਸਫਰ" ਅਤੇ "ਸੰਤ ਭਿੰਡਰਾਂ ਵਾਲੇ ਅਤੇ ਖਾਲਿਸਤਾਨੀ ਲਹਿਰ" ਵਾਲੇ ਲੇਖ ਗੰਭੀਰਤਾ ਨਾਲ ਵਿਚਾਰਨ ਵਾਲੇ ਹਨ। ਉੰਝ ਮਾਰਕਸਵਾਦ ਦੇ ਕੁਦਰਤ ਨਾਲ ਰਿਸ਼ਤਿਆਂ ਬਾਰੇ ਉਸ ਦੀ ਪੁਸਤਕ ਉਸ ਦਾ ਵੱਡਾ ਹਾਸਲ ਸਮਝਿਆ ਜਾਂਦਾ ਹੈ।

ਗੁਰਬਚਨ ਸਿੰਘ ਸਿੱਖ ਪੰਥ ਦੇ ਦਰਦ ਨੂੰ,ਸਿੱਖ ਪੰਥ ਦੀਆਂ ਕੁਰਬਾਨੀਆਂ ਅਤੇ ਨਿਸ਼ਾਨੇ ਨੂੰ ਗਹਿਰਾਈ ਤੱਕ ਸਮਝਦੇ ਅਤੇ ਮਹਿਸੂਸ ਕਰਦੇ ਸਨ। ਉਹ ਸਿੱਖਾਂ ਦੀ ਆਜ਼ਾਦੀ ਦੇ ਹੱਕ ਵਿੱਚ ਸਨ,ਪਰ ਅਜੇ ਤੱਕ ਸਵਾਲ ਵਰਗੇ ਇਸ ਗੁੰਝਲਦਾਰ ਅਮਲ ਵਿੱਚੋਂ ਲੰਘ ਹੀ ਰਹੇ ਸਨ ਕਿ ਉਹ ਆਜ਼ਾਦੀ ਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਹੋਵੇਗੀ ਜਾਂ ਹੋਣੀ ਚਾਹੀਦੀ ਹੈ।ਇਕ ਸਮਾਂ ਅਜਿਹਾ ਵੀ ਸੀ ਜਦੋਂ ਜੁਝਾਰੂ ਲਹਿਰ ਭਰ ਜੋਬਨ 'ਤੇ ਸੀ।ਉਸ ਦੌਰ ਵਿੱਚ ਵੀ ਉਹ ਖਾੜਕੂਆਂ ਨਾਲ ਹਮਦਰਦੀ ਰੱਖਦੇ ਇਕ ਮਸ਼ਹੂਰ ਮੈਗਜ਼ੀਨ "ਪੈਗਾਮ" ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁਪਤ ਰੂਪ ਵਿੱਚ ਜਨਤਾ ਤੱਕ ਪਹੁੰਚਾਉਣ ਦਾ ਖਤਰਾ ਮੁੱਲ ਲੈਂਦੇ ਰਹੇ ਸਨ।ਉਹਨਾਂ ਦਿਨਾਂ ਵਿੱਚ ਇਹ ਰਸਾਲਾ ਇੱਕ ਤਰ੍ਹਾਂ ਨਾਲ ਨੀਮ-ਰੂਪੋਸ਼ ਕਿਸਮ ਦਾ ਸੀ ਅਤੇ ਸਰਕਾਰ ਦੀਆਂ ਨਜ਼ਰਾਂ ਹੇਠ ਹੁੰਦਾ ਸੀ। ਜੁਝਾਰੂ ਜਥੇਬੰਦੀ ਦੇ ਸਿਰਮੌਰ ਆਗੂ ਰੂਪੋਸ਼ ਜ਼ਿੰਦਗੀ ਵਿੱਚ ਉਹਨਾਂ ਨੂੰ ਅਕਸਰ ਮਿਲਦੇ ਰਹਿੰਦੇ ਸਨ।

ਗੁਰਬਚਨ ਕਿਤਾਬਾਂ ਪੜ੍ਨ ਦਾ ਗੰਭੀਰ ਆਸ਼ਕ ਸੀ।ਸਾਹਿਤ ਅਤੇ ਰਾਜਨੀਤੀ ਦੇ ਖੇਤਰ ਵਿੱਚ ਜਿਹੜੀਆਂ ਕਿਤਾਬਾਂ ਵੀ ਮਹੱਤਵਪੂਰਨ ਹੁੰਦੀਆਂ ਸਨ, ਉਹ ਉਸ ਨੇ ਪੜੀਆਂ ਹੋਈਆਂ ਸਨ। ਇਸ ਦੌਰ ਦੇ ਸਭ ਤੋਂ ਅਮੀਰ ਵਿਅਕਤੀ ਅਲੋਨ ਮਸਕ ਦੀ ਇਹ ਤਮੰਨਾ ਅਕਸਰ ਹੀ ਅਸੀਂ ਪੜਦੇ ਹਾਂ ਕਿ ਜੇ ਬੰਦਾ ਜੰਮੇ ਤਾਂ ਇਸ ਧਰਤੀ ਉੱਤੇ ਅਤੇ ਜੇ ਮਰੇ ਤਾਂ ਮੰਗਲ ਗ੍ਰਹਿ ਉੱਤੇ। ਜਦੋਂ ਉਸਨੇ ਇੱਕ ਇੰਟਰਵਿਊ ਦੌਰਾਨ ਤਿੰਨ ਵੱਡੇ ਨਾਵਲਾਂ ਦਾ ਜ਼ਿਕਰ ਕੀਤਾ ਤਾਂ ਗੁਰਬਚਨ ਸਿੰਘ ਨੇ ਉਹ ਸਾਰੇ ਪੜੇ ਹੋਏ ਸਨ।ਪਰ ਲਗਾਤਾਰ ਕੰਮ ਕਰਨ ਦੀ ਸਮਰੱਥਾ ਉਸ ਵਿੱਚ ਅਥਾਹ ਸੀ।ਜੇ ਕਿਤਾਬਾਂ ਨਾਲ ਉਸ ਦੀਆਂ ਨਜ਼ਦੀਕੀਆਂ ਬਹੁਤ ਗੂੜੀਆਂ ਸਨ ਤਾਂ ਪੰਥਕ ਸਰਗਰਮੀਆਂ ਅਤੇ ਪੰਥਕ ਮਸਲਿਆਂ ਤੇ ਹੋਰ ਇਕੱਠਾਂ ਤੇ ਸੈਮੀਨਾਰਾਂ ਵਿੱਚ ਵੀ ਉਸਦੀ ਸ਼ਮੂਲੀਅਤ ਕੋਈ ਘੱਟ ਨਹੀਂ ਸੀ ਹੁੰਦੀ।ਵੈਸੇ ਉਸ ਨੇ ਰਵਾਇਤੀ ਮਾਰਕਸਵਾਦ ਉੱਤੇ ਵੱਡੇ ਪ੍ਰਸ਼ਨ ਚਿੰਨ ਵੀ ਖੜੇ ਕੀਤੇ ਸਨ। ਲੈਨਿਨ ਦੀਆਂ ਲਿਖਤਾਂ ਵਿੱਚ ਵੀ ਉਸ ਨੂੰ ਵੱਡੀ ਗੜਬੜ ਮਹਿਸੂਸ ਹੋਈ। ਉਸ ਵੱਲੋਂ ਛਾਪਿਆ ਜਾਂਦਾ ਮੈਗਜ਼ੀਨ "ਦੇਸ਼ ਪੰਜਾਬ" ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।ਪੰਜਾਬ ਨਾਲ ਜੁੜੀਆਂ ਸਮੱਸਿਆਵਾਂ ਸਬੰਧੀ ਰਚਨਾਵਾਂ ਵਿੱਚ ਗੰਭੀਰ ਵਿਦਵਤਾ ਦੀ ਝਲਕ ਮਿਲਦੀ ਸੀ।ਇਸ ਤੋਂ ਇਲਾਵਾ "ਅੱਜ ਦੀ ਆਵਾਜ਼" ਅਖਬਾਰ ਵਿੱਚ ਉਸ ਦੀਆਂ ਛਪੀਆਂ ਬੇਨਾਮ ਸੰਪਾਦਕੀਆਂ ਵੀ ਸਾਡੀਆਂ ਯਾਦਾਂ ਦਾ ਹਿੱਸਾ ਬਣੀਆਂ ਰਹਿਣਗੀਆਂ।ਇਹਨਾਂ ਲਿਖਤਾਂ ਵਿੱਚ ਵੀ "ਹੋਰ ਗੱਲਾਂ ਸਭ ਪਿੱਛੇ ਹਨ ਤੇ ਪੰਜਾਬ ਪਿਆਰਾ ਪਹਿਲਾਂ ਹੈ" ਹੀ ਗੁਰਬਚਨ ਸਿੰਘ ਦੀ ਮੰਜ਼ਿਲ ਸੀ।

ਇਸ ਦੌਰ ਦੀ ਇਹ ਹਕੀਕਤ ਹੈ ਕਿ ਪੰਥਕ ਰਾਜਨੀਤੀ ਦਾ ਨਿਰਮਲ ਸਰੂਪ ਅਤੇ ਰਾਜਨੀਤਿਕ ਜੀਵਨ ਇੱਕ ਵੱਡੇ ਖਿਲਾਅ 'ਚੋਂ ਲੰਘ ਰਿਹਾ ਹੈ ਅਤੇ ਇਸ ਖਿਲਾਅ ਨੂੰ ਭਰਨ ਲਈ ਕਿੰਨੀਆਂ ਸੁਹਿਰਦ ਜਥੇਬੰਦੀਆਂ ਅਤੇ ਸੰਜੀਦਾ ਵਿਅਕਤੀ ਆਪਸ ਵਿੱਚ ਮਤਭੇਦ ਰੱਖਦੇ ਹੋਏ ਵੀ ਆਪਣੇ ਆਪਣੇ ਢੰਗ ਨਾਲ ਭਰਨ ਦਾ ਯਤਨ ਕਰ ਰਹੇ ਹਨ। ਇਸ ਪ੍ਰਸੰਗ ਵਿੱਚ ਇਸ ਖਲਾਅ ਨੂੰ ਭਰਨ ਵਿੱਚ ਗੁਰਬਚਨ ਸਿੰਘ ਦੀ ਬੌਧਿਕ ਵਿਦਵਤਾ,ਤਿਆਗ,ਮਿਹਨਤ,ਅਨੁਭਵ ਅਤੇ ਸੁਹਿਰਦਤਾ ਤੋਂ ਸਿੱਖ ਕੌਮ ਜ਼ਰੂਰ ਸੱਖਣੀ ਹੋ ਗਈ ਹੈ ।ਵਾਹਿਗੁਰੂ ਇਸ ਨੇਕ ਦਿਲ ਇਨਸਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪੱਤਰਕਾਰ