ਕੈਨੇਡਾ ਦੇ ਨੋਵਾ ਸਕੋਸ਼ੀਆ ਵਿਚ ਬੰਦੂਕਧਾਰੀ ਹਮਲਾਵਰ ਨੇ 16 ਲੋਕ ਮਾਰੇ

ਕੈਨੇਡਾ ਦੇ ਨੋਵਾ ਸਕੋਸ਼ੀਆ ਵਿਚ ਬੰਦੂਕਧਾਰੀ ਹਮਲਾਵਰ ਨੇ 16 ਲੋਕ ਮਾਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵਿਚ ਇਕ ਹਥਿਆਰਬੰਦ ਬੰਦੇ ਵੱਲੋਂ ਕੀਤੀ ਗੋਲੀਬਾਰੀ 'ਚ 16 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਪੁਲਸ ਕਾਰਵਾਈ ਵਿਚ ਹਮਲਾਵਰ ਵੀ ਮਾਰਿਆ ਗਿਆ ਹੈ ਤੇ ਇਸ ਦੌਰਾਨ ਇਕ 23 ਸਾਲਾ ਪੁਲਸ ਮੁਲਾਜ਼ਮ ਬੀਬੀ ਦੀ ਵੀ ਮੌਤ ਹੋ ਗਈ ਹੈ। 

ਇਹ ਹਮਲਾ ਰਿਹਾਇਸ਼ੀ ਖੇਤਰ ਵਿਚ ਹੋਇਆ। ਹਮਲੇ ਵਿਚ ਮਰਨ ਵਾਲੀ ਪੁਲਸ ਮੁਲਾਜ਼ਮ ਬੀਬੀ ਹੈਡੀ ਸਟੀਵਨਸਨ ਦੋ ਬੱਚਿਆਂ ਦੀ ਮਾਂ ਸੀ। 


ਹਮਲੇ ਵਿਚ ਮਾਰੀ ਗਈ ਪੁਲਸ ਮੁਲਾਜ਼ਮ

ਹਮਲਾਵਰ ਦੀ ਪਛਾਣ 51 ਸਾਲਾ ਗੈਬਰਿਲ ਵੋਰਟਮਨ ਵਜੋਂ ਹੋਈ ਹੈ। ਇਹ ਬੰਦਾ ਇੱਥੇ ਨਕਲੀ ਦੰਦ ਬਣਾਉਣ ਦਾ ਕੰਮ ਕਰਦਾ ਸੀ ਤੇ ਇਸ ਕੋਲ ਇੱਥੇ ਚੰਗੀ ਆਮਦਨ ਦੇ ਵਸੀਲੇ ਸੀ। 


ਗੈਬਰਿਲ ਵੋਰਟਮਨ

ਪ੍ਰਾਪਤ ਜਾਣਕਾਰੀ ਮੁਤਾਬਕ ਹਮਲਵਾਰ ਨੇ ਰਇਲ ਕੈਨੇਡੀਅਨ ਮਾਉਂਟਿਡ ਪੁਲਸ ਦੀ ਵਰਦੀ ਪਾਈ ਹੋਈ ਸੀ ਤੇ ਉਸ ਨੇ ਆਪਣੀ ਕਾਰ ਵੀ ਆਰਸੀਐਮਪੀ ਦੀਆਂ ਗੱਡੀਆਂ ਵਰਗੀ ਬਣਾਈ ਹੋਈ ਸੀ। ਜਿਸ ਤੋਂ ਲਗ ਰਿਹਾ ਹੈ ਕਿ ਉਸ ਨੇ ਇਹ ਹਮਲਾ ਇਕ ਪੂਰੀ ਨੀਤੀ ਬਣਾ ਕੇ ਕੀਤਾ। ਪਰ ਫਿਲਹਾਲ ਹਮਲੇ ਪਿੱਛੇ ਉਸਦੀ ਅਸਲੀ ਸੋਚ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸਥਾਨਕ ਪੁਲਸ ਅਫਸਰਾਂ ਨੇ ਇਸ ਹਮਲੇ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਹੈ।