ਗਲੋਬਲ ਸਿੱਖ ਕੌਂਸਲ ਵੱਲੋਂ ਇਜ਼ਰਾਈਲ-ਫਲਸਤੀਨ ਦਰਮਿਆਨ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ, ਯੁੱਧ ਪ੍ਰਭਾਵਿਤ ਖੇਤਰਾਂ 'ਚ ਜ਼ਰੂਰੀ ਸਹਾਇਤਾ ਤੁਰੰਤ ਪ੍ਰਦਾਨ ਕੀਤੀ ਜਾਵੇ

ਗਲੋਬਲ ਸਿੱਖ ਕੌਂਸਲ ਵੱਲੋਂ ਇਜ਼ਰਾਈਲ-ਫਲਸਤੀਨ ਦਰਮਿਆਨ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ, ਯੁੱਧ ਪ੍ਰਭਾਵਿਤ ਖੇਤਰਾਂ 'ਚ ਜ਼ਰੂਰੀ ਸਹਾਇਤਾ ਤੁਰੰਤ ਪ੍ਰਦਾਨ ਕੀਤੀ ਜਾਵੇ

• ਭਾਰਤ ਨੂੰ ਨਿੱਝਰ ਕਤਲ ਕੇਸ ਦੀ ਜਾਂਚ 'ਚ ਸਹਿਯੋਗ ਕਰਨ ਲਈ ਆਖਿਆ

• ਸ਼੍ਰੋਮਣੀ ਕਮੇਟੀ ਚੋਣਾਂ 'ਚ ਸਾਰੇ ਸਿੱਖਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ, 30 ਅਕਤੂਬਰ : ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਇੱਕ ਗੜ੍ਹਕਵੇਂ ਸੱਦੇ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ-ਫਲਸਤੀਨ ਦਰਮਿਆਨ ਗਾਜਾ ਖੇਤਰ ਵਿੱਚ ਫੌਰੀ ਜੰਗਬੰਦੀ ਲਈ ਦਖਲਅੰਦਾਜ਼ੀ ਦੇਵੇ ਤਾਂ ਜੋ ਇਸ ਲੜਾਈ ਦੌਰਾਨ ਅਜਾਈਂ ਜਾ ਰਹੀਆਂ ਮਾਸੂਮ ਜਾਨਾਂ, ਖਾਸ ਕਰਕੇ ਬੱਚਿਆਂ ਅਤੇ ਔਰਤਾਂ ਦੀਆਂ ਦੁੱਖਦਾਈ ਮੌਤਾਂ ਰੁਕ ਸਕਣ।

ਜੀ.ਐਸ.ਸੀ. ਵੱਲੋਂ ਆਯੋਜਿਤ ਆਨਲਾਈਨ ਕਾਨਫਰੰਸ ਅਤੇ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐਮ.) ਦੌਰਾਨ ਕੌਂਸਲ ਦੀ ਕਾਰਜਕਾਰੀ ਕਮੇਟੀ ਨੇ ਦੁਵੱਲੇ ਵਿਨਾਸ਼ਕਾਰੀ ਹਵਾਈ ਹਮਲਿਆਂ ਦੀ ਨਿੰਦਾ ਕਰਦੇ ਹੋਏ ਇੱਕ ਸਖ਼ਤ ਮਤਾ ਪਾਸ ਕਰਦਿਆਂ ਕਿਹਾ ਕਿ ਇਸ ਜੰਗ ਦੇ ਨਤੀਜੇ ਵਜੋਂ ਬੇਕਸੂਰ ਨਾਗਰਿਕਾਂ ਨੂੰ ਚੁਫੇਰਿਓਂ ਬਹੁਤ ਦੁੱਖ ਝੱਲਣਾ ਪੈ ਰਿਹਾ ਹੈ। ਕੌਂਸਲ ਨੇ ਸੰਯੁਕਤ ਰਾਸ਼ਟਰ ਨੂੰ ਗਾਜ਼ਾ ਦੇ ਲੋਕਾਂ ਨੂੰ ਜ਼ਰੂਰੀ ਡਾਕਟਰੀ ਸਪਲਾਈ ਅਤੇ ਭੋਜਨ ਸਮੇਤ ਤੁਰੰਤ ਮਾਨਵਤਾਵਾਦੀ ਸਹਾਇਤਾ ਦੀ ਸਪਲਾਈ ਸ਼ੁਰੂ ਕਰਨ ਲਈ ਵੀ ਕਿਹਾ ਹੈ।

ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ 31 ਦੇਸ਼ਾਂ ਦੇ ਕੌਮੀ ਸੰਗਠਨਾਂ ਦੇ ਸੰਸਾਰ ਪੱਧਰੀ ਕੰਸੋਰਟੀਅਮ ਵਜੋਂ ਨੁਮਾਇੰਦਗੀ ਕਰਨ ਵਾਲੀ ਸੰਸਥਾ, ਜੀ.ਐਸ.ਸੀ. ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਓ.ਬੀ.ਈ. ਨੇ ਦੱਸਿਆ ਕਿ ਕੌਂਸਲ ਨੇ ਵੈਨਕੂਵਰ (ਕੈਨੇਡਾ) ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਝਰ ਦੇ ਬੇਰਹਿਮੀ ਨਾਲ ਹੋਏ ਕਤਲ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਏ ਗਏ ਦਲੇਰੀ ਭਰੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਜੀ.ਐਸ.ਸੀ. ਨੇ ਇੱਕ ਹੋਰ ਮਤਾ ਵੀ ਪਾਸ ਕੀਤਾ ਹੈ ਕਿ ਜਿਸ ਵਿੱਚ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਵਿਸ਼ਵ ਭਰ ਵਿੱਚ, ਖਾਸ ਕਰਕੇ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਵਿੱਚ ਸਿੱਖ ਕੌਮ ਦੇ ਮਾਮਲਿਆਂ ਉੱਪਰ ਵਿਚਾਰਾਂ ਕਰਦਿਆਂ ਕੌਂਸਲ ਮੈਂਬਰਾਂ ਨੇ ਸਮੂਹ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਅਗਾਮੀ ਆਮ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ, ਮੈਂਬਰ ਵਜੋਂ ਵੋਟਾਂ ਬਣਾਉਣ ਅਤੇ ਗੁਰਦੁਆਰਾ ਚੋਣਾਂ ਵਿੱਚ ਵੋਟ ਦੇ ਅਧਿਕਾਰ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ।

 ਇਸ ਕਾਨਫਰੰਸ ਦੌਰਾਨ, ਤਾਮਿਲਨਾਡੂ ਤੋਂ ਐਡਵੋਕੇਟ ਜੀਵਨ ਸਿੰਘ ਨੇ ਸਿੱਖ ਕੌਮ ਦੇ ਅੰਦਰ ਜਾਤ-ਪਾਤ ਦੇ ਮੁੱਦੇ ਨੂੰ ਛੋਹਿਆ ਅਤੇ ਤਿੰਨ ਸਦੀਆਂ ਪਹਿਲਾਂ 'ਖਾਲਸਾ' ਪੰਥ ਦੀ ਸਥਾਪਨਾ ਵੇਲੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਸਿਧਾਂਤਾਂ ਦੇ ਅਨੁਸਾਰ ਭਾਰਤ ਵਿੱਚ ਜਾਤ-ਪਾਤ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਗਿਆਨਵਾਨ ਰਾਸ਼ਟਰ ਦੀ ਸਿਰਜਣਾ ਲਈ ਹਾਸ਼ੀਏ 'ਤੇ ਪਏ ਅਤੇ ਲੋੜਾਂ ਤੋਂ ਵਾਂਝੇ ਤਬਕਿਆਂ ਨੂੰ ਉੱਚਾ ਚੁੱਕਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਇਸ ਮੌਕੇ ਵੱਖ-ਵੱਖ ਸਿੱਖ ਆਗੂਆਂ ਨੇ ਸਿੱਖ ਮਸਲਿਆਂ ਅਤੇ ਪ੍ਰਸਤਾਵਿਤ ਮਤਿਆਂ ਬਾਰੇ ਵਿਚਾਰ ਸਾਂਝੇ ਕੀਤੇ ਉਨ੍ਹਾਂ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਰਦਾਰਨੀ ਕਿਰਨਜੋਤ ਕੌਰ ਮੈਂਬਰ ਐਸ.ਜੀ.ਪੀ.ਸੀ., ਵਰਲਡ ਸਿੱਖ ਨਿਊਜ਼ ਦੇ ਜਗਮੋਹਨ ਸਿੰਘ, ਹਰਸਿਮਰਨ ਸਿੰਘ, ਆਸਟ੍ਰੇਲੀਆ ਤੋਂ ਹਰਬੀਰ ਸਿੰਘ ਭਾਟੀਆ, ਕਰਨਲ ਜਗਤਾਰ ਸਿੰਘ ਮੁਲਤਾਨੀ, ਮਲੇਸ਼ੀਆ ਤੋਂ ਜਾਗੀਰ ਸਿੰਘ, ਇੰਡੋਨੇਸ਼ੀਆ ਤੋਂ ਡਾ: ਕਰਮਿੰਦਰ ਸਿੰਘ, ਫਰਾਂਸ ਤੋਂ ਗੁਰਦਿਆਲ ਸਿੰਘ, ਕੈਨੇਡਾ ਤੋਂ ਕਰਨਬੀਰ ਸਿੰਘ, ਰਜਿੰਦਰ ਸਿੰਘ, ਹਰਜੀਤ ਸਿੰਘ, ਹਰਸਰਨ ਸਿੰਘ, ਯੂਕੇ ਤੋਂ ਸਤਨਾਮ ਸਿੰਘ ਅਤੇ ਅਮਰੀਕਾ ਤੋਂ ਪਰਮਜੀਤ ਸਿੰਘ ਆਦਿ ਸ਼ਾਮਿਲ ਹਨ।

ਜੀ.ਐਸ.ਸੀ. ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਕੇ ਤੋਂ ਲੇਡੀ ਸਿੰਘ ਡਾ: ਕੰਵਲਜੀਤ ਕੌਰ ਨੇ ਸ਼੍ਰੋਮਣੀ ਕਮੇਟੀ ਨੂੰ ਖ਼ਾਲਸਾ ਪੰਥ ਦੀਆਂ ਵਿਆਪਕ ਲੋੜਾਂ, ਚੁਣੌਤੀਆਂ ਅਤੇ ਤਰਜੀਹਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਜੀ.ਐਸ.ਸੀ. ਸਿੱਖ ਕੌਮ ਦੇ ਅੰਦਰ ਅਤੇ ਵਿਸ਼ਵ ਪੱਧਰ 'ਤੇ ਸ਼ਾਂਤੀ, ਨਿਆਂ ਅਤੇ ਸਮਾਜਿਕ ਤਰੱਕੀ ਲਈ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ।