ਗਿਆਨੀ ਦਿਤ ਸਿੰਘ ਜੀ:ਜੀਵਨ ਅਤੇ ਸ਼ਖ਼ਸੀਅਤ

ਗਿਆਨੀ ਦਿਤ ਸਿੰਘ ਜੀ:ਜੀਵਨ ਅਤੇ ਸ਼ਖ਼ਸੀਅਤ

ਗਿਆਨੀ ਦਿਤ ਸਿੰਘ ਜੀ ਸਿਖ ਕੌਮ ਦੇ ਮਹਾਨ ਵਿਦਵਾਨ

ਗਿਆਨੀ ਦਿਤ ਸਿੰਘ ਜੀ ਸਿਖ ਕੌਮ ਦੇ ਮਹਾਨ ਵਿਦਵਾਨ, ਸਿੰਘ ਸਭਾ ਲਹਿਰ ਦੇ ਮੋਢੀ, ਪੰਜਾਬੀ ਪਤਰਕਾਰੀ ਦੇ ਪਿਤਾਮਾ, ਪੰਜਾਬੀ ਭਾਸ਼ਾ ਦੇ ਪਹਿਲੇ ਪ੍ਰੋਫੈਸਰ, ਸਿਰਕਢ ਸਾਹਿਤਕਾਰ,  ਮਿਸ਼ਨਰੀ, ਪ੍ਰਚਾਰਕ, ਸ਼ਾਸ਼ਤ੍ਰਾਰਥੀ, ਮਹਾਨ ਕਵੀ, ਮਹਾਨ ਲੇਖਕ ਬਹੁ ਪਖੀ ਸ਼ਖ਼ਸੀਅਤ ਦੇ ਧਾਰਨੀ ਸਨ।  ਉਨ੍ਹਾਂ ਦਾ ਜਨਮ ਸੰਨ 1850 ਵਿਚ ਕਲੌੜ ਪਿੰਡ ਵਿਚ ਬਾਬਾ ਦੀਵਾਨ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁਖੋਂ ਹੋਇਆ।ਇਹ ਪਿੰਡ ਉਸ ਵੇਲੇ ਰਿਆਸਤ ਪਟਿਆਲਾ ਵਿਚ ਆਉਂਦਾ ਸੀ ਪਰ ਅਜੋਕੇ ਸਮੇਂ ਵਿਚ ਇਹ ਪਿੰਡ ਜ਼ਿਲ੍ਹਾ ਫਤਿਹਗਡ਼੍ਹ ਸਾਹਿਬ ਵਿਚ ਸਥਿਤ ਹੈ। ਉਨ੍ਹਾਂ ਦਾ ਪਹਿਲਾ ਨਾਂ ਰਾਮ ਦਿਤਾ ਸੀ।ਅੰਮ੍ਰਿਤ ਛਕ ਕੇ ਸਿੰਘ ਸਭਾ ਲਹਿਰ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਈ ਦਿਤ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਣ ਲਗਾ ਅਤੇ ਅਜੋਕੇ ਸਮੇਂ ਵਿਚ ਅਸੀਂ ਉਨ੍ਹਾਂ ਨੂੰ ਗਿਆਨੀ ਦਿਤ ਸਿੰਘ ਦੇ ਨਾਮ ਨਾਲ ਜਾਣਦੇ ਹਾਂ।ਗਿਆਨੀ ਜੀ ਨੇ ਬਚਪਨ ਵਿਚ ਗੁਲਾਬਦਾਸੀ ਸੰਪ੍ਰਦਾਇ ਦੇ ਮਹਾਤਮਾ ਦੀ ਸੰਗਤ ਵਿਚ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਆਪ ਬਹੁਤ ਤੀਕਸ਼ਣ ਬੁਧੀ ਦੇ ਮਾਲਕ ਸਨ।ਆਪ  ਸਮਾਜਿਕ ਏਕਤਾ ਦੇ ਹਾਮੀ, ਅੰਧਵਿਸਵਾਸ਼ਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਰੋਧੀ ਸਨ।ਆਪ ਵਿਦਿਆ ਦੇ ਪ੍ਰਚਾਰ-ਪ੍ਰਸਾਰ ਨੂੰ ਵਧਾਵਾ ਦਿੰਦੇ ਸਨ।ਗਿਆਨੀ ਜੀ ਵਿਦਿਆ ਪ੍ਰਾਪਤੀ ਲਈ ਕਲੌੜ ਤੋਂ  ਤਿਊੜ ਚਲੇ ਗਏ ਅਤੇ ਉਥੇ ਰਹਿ ਕੇ ਇਨ੍ਹਾਂ ਨੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਸਿੰਘ ਜੀ ਦੀ ਸੰਗਤ ਕੀਤੀ ਅਤੇ ਸਾਧੂ ਕੌਲ ਦਾਸ ਜੀ ਕੋਲੋਂ ਵੀ ਗਿਆਨ ਪ੍ਰਾਪਤ ਕੀਤਾ ਅਤੇ ਪਿੰਗਲ, ਵਿਆਕਰਨ, ਵੇਦਾਂਤ, ਰਾਜਨੀਤੀ ਦੇ ਗ੍ਰੰਥ ਪੜ੍ਹੇ।ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਚੰਗਾ ਗਿਆਨ ਪ੍ਰਾਪਤ ਕੀਤਾ। 1872 ਵਿਚ ਗਿਆਨੀ ਜੀ ਦਾ ਆਨੰਦ ਕਾਰਜ ਬੀਬੀ ਬਿਸ਼ਨ ਦੇਈ ਨਾਲ ਹੋਇਆ ਅਤੇ ਫੇਰ ਇਹ ਲਾਹੌਰ ਦੇ ਨੇੜੇ  ਚਠਿਆਂ ਨਗਰ ਵਿਚ ਜਾ ਕੇ ਵਸ ਗਏ।ਗਿਆਨੀ ਜੀ ਨੇ ਕੁਝ ਸਮਾਂ ਗੁਲਾਬਦਾਸੀ ਮਤ ਦਾ ਵੀ ਪ੍ਰਚਾਰ ਕੀਤਾ ਅਤੇ ਗੁਲਾਬਦਾਸੀ ਸੰਪ੍ਰਦਾਇ ਦੇ ਪ੍ਰਭਾਵ ਹੇਠ ਕੁਝ ਪੁਸਤਕਾਂ ਦੀ ਰਚਨਾ ਵੀ ਕੀਤੀ। ਪਰ ਉਸ ਤੋਂ ਬਾਅਦ ਇਨ੍ਹਾਂ ਨੇ  ਗੁਲਾਬਦਾਸੀ ਮਤ ਦੇ ਪ੍ਰਭਾਵ ਨੂੰ ਤਿਆਗ ਦਿਤਾ ਅਤੇ ਗੁਰਮਤਿ ਦੇ ਪ੍ਰਭਾਵ ਵਿਚ ਆ ਗਏ ਅਤੇ ਅੰਮ੍ਰਿਤ ਛਕ ਕੇ ਗੁਰਸਿਖ ਸਜ ਗਏ।

ਇਸੇ ਸਮੇਂ ਦੌਰਾਨ ਜਦੋਂ ਮਹੰਤਾਂ ਦਾ ਗੁਰਦੁਆਰਿਆਂ ਉੱਤੇ ਕਬਜ਼ਾ ਸੀ ਅਤੇ ਗੁਰੂਡੰਮ ਵਧ ਰਿਹਾ ਸੀ ਅਤੇ  ਨੌਜਵਾਨ ਈਸਾਈਅਤ ਦੇ ਪ੍ਰਭਾਵ ਵਿਚ ਸਿਖ ਧਰਮ ਨੂੰ ਤਿਆਗਣ ਲਈ ਤਿਆਰ ਸਨ ਤਾਂ ਉਸ ਵੇਲੇ ਗਿਆਨੀ ਜੀ ਪ੍ਰੋ.ਗੁਰਮੁਖ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿਖ ਪ੍ਰਚਾਰ ਪ੍ਰਸਾਰ ਵਾਸਤੇ ਅਗੇ ਆਏ ਅਤੇ ਇਨ੍ਹਾਂ ਨੇ  ਨਿਰੰਤਰ ਸਿਖੀ ਦਾ ਪ੍ਰਚਾਰ ਕੀਤਾ ਅਤੇ ਸਿੰਘ ਸਭਾ ਲਹਿਰ ਦਾ ਮੁਢ ਬੰਨ੍ਹਿਆ। ਸਿੰਘ ਸਭਾ ਲਹਿਰ ਅਤੇ ਸਿਖ ਸਿਧਾਂਤਾਂ ਦੀ ਸਥਾਪਤੀ ਲਈ ਇਨ੍ਹਾਂ ਨੇ 'ਖ਼ਾਲਸਾ ਅਖ਼ਬਾਰ'  ਸ਼ੁਰੂ ਕੀਤਾ।ਇਸ ਅਖ਼ਬਾਰ ਰਾਹੀਂ ਗਿਆਨੀ ਜੀ ਜਿਥੇ ਆਮ ਖ਼ਬਰਾਂ ਤੋਂ ਜਨਤਾ ਨੂੰ ਜਾਣੂ ਕਰਵਾਉਂਦੇ ਸਨ ਉਥੇ ਬਾਕੀ ਸਫ਼ਿਆਂ ਉੱਤੇ ਆਪਣੀ ਸੰਪਾਦਕੀ ਅਤੇ ਗੁਰਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਨਾਲ ਵੀ ਸਿੰਘ ਸਭਾ ਦਾ ਪ੍ਰਚਾਰ-ਪ੍ਰਸਾਰ ਕਰਦੇ ਸਨ।  ਗਿਆਨੀ ਜੀ ਹੀ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾਨੰਦ ਨੂੰ ਤਿੰਨ ਵਾਰ ਸ਼ਾਸਤ੍ਰਾਰਥ ਕਰਕੇ ਹਰਾਇਆ ਸੀ ਕਿਉਂਕਿ ਸਵਾਮੀ ਦਯਾਨੰਦ ਨੇ ਸ੍ਰੀ ਗੁਰੂ ਨਾਨਕ  ਦੇਵ ਜੀ ਦੇ ਜੀਵਨ ਅਤੇ ਬਾਣੀ ਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿਤਾ ਸੀ ਜਿਸ  ਨਾਲ ਸਿਖ ਸਿਧਾਂਤ ਅਤੇ ਸਿਖ ਇਤਿਹਾਸ ਨੂੰ ਢਾਹ ਲਗ ਰਹੀ ਸੀ।  ਜਿਸ ਦੇ ਜਵਾਬ ਵਿਚ ਗਿਆਨੀ ਜੀ ਨੇ ਸਵਾਮੀ ਦਯਾਨੰਦ ਨੂੰ ਸ਼ਾਸਤ੍ਰਾਰਥ ਵਿਚ ਐਸਾ ਹਰਾਇਆ ਕੀ ਉਹ ਮੁੜਕੇ   ਸਿਖ ਗੁਰੂ ਸਾਹਿਬਾਨ ਬਾਰੇ ਬੋਲ ਹੀ  ਨਹੀਂ  ਸਕਿਆ। ਖ਼ਾਲਸਾ ਕਾਲਜ ਦੀ ਸਥਾਪਨਾ ਵਿਚ ਗਿਆਨੀ ਜੀ ਦਾ ਬਹੁਤ ਵਡਾ ਰੋਲ ਰਿਹਾ। ਉਹ ਆਪਣੀ ਲਿਆਕਤ ਸਦਕਾ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਵੀ ਰਹੇ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਅਨੇਕਾਂ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਵੀ ਹੋਈ ਜਿਸ ਤੋਂ ਲੋਕਾਂ ਵਿਚ ਵਿਦਿਆ ਦਾ ਪ੍ਰਚਾਰ-ਪ੍ਰਸਾਰ ਹੋਇਆ ਅਤੇ ਲੋਕ ਅੰਧ ਵਿਸ਼ਵਾਸਾਂ, ਵਹਿਮਾਂ-ਭਰਮਾਂ, ਊਚ-ਨੀਚ,ਜਾਤ- ਪਾਤ ਨੂੰ  ਛਡ ਕੇ ਸਮਾਜ ਦੀ ਏਕਤਾ ਅਤੇ ਅਖੰਡਤਾ ਲਈ ਅਗੇ ਆਏ।

 ਗਿਆਨੀ ਜੀ ਗੁਰੂਡੰਮ ਦਾ ਬਹੁਤ ਵਿਰੋਧ ਕਰਦੇ ਸਨ।ਇਸ ਲਈ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਗੁਰੂ ਡੰਮ ਪ੍ਰਤੀ ਵੀ ਲਿਖਿਆ ਅਤੇ ਲੋਕਾਂ ਨੂੰ ਸਮਝਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਜੁਗੋ-ਜੁਗ ਅਟਲ ਸਤਿਗੁਰੂ ਹਨ ਇਸ ਕਰਕੇ ਕਿਸੇ ਦੇਹਧਾਰੀ ਦੀ ਪੂਜਾ ਨਹੀਂ ਕਰਨੀ। ਗਿਆਨੀ ਜੀ ਜੋ ਵੀ ਲਿਖਦੇ ਸਨ ਉਸ ਨੂੰ ਖ਼ਾਲਸਾ ਅਖ਼ਬਾਰ ਵਿਚ ਪਾਠਕਾਂ ਵਾਸਤੇ ਪ੍ਰਕਾਸ਼ਿਤ ਕਰ ਦਿੰਦੇ ਸਨ ਅਤੇ ਬਾਅਦ ਵਿਚ ਉਸ ਨੂੰ ਪੁਸਤਕ ਰੂਪ ਵੀ ਦੇ ਦਿੰਦੇ ਸਨ। ਇਸ ਤਰ੍ਹਾਂ ਗਿਆਨੀ ਜੀ ਦੀਆਂ ਜੋ ਲਿਖਤਾਂ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੀ ਗਿਣਤੀ 46 ਹੈ।ਇਨ੍ਹਾਂ ਪੁਸਤਕਾਂ ਵਿਚ ਗਿਆਨੀ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿਖ ਇਤਿਹਾਸ ਦੇ ਵਖ ਵਖ ਵਿਸ਼ਿਆਂ ਉਤੇ ਖੋਜ ਕਾਰਜ ਕੀਤੇ ਹਨ।ਗਿਆਨੀ ਜੀ ਨੇ ਵਧੇਰੇ ਕਾਵਿ ਰੂਪ ਵਿਚ ਲਿਖਿਆ ਹੈ ਪਰ ਉਨ੍ਹਾਂ ਦੀਆਂ ਪੁਸਤਕਾਂ ਵਾਰਤਕ ਵਿਚ ਵੀ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਦੀਆਂ ਕੁਝ ਐਸੀਆਂ ਪੁਸਤਕਾਂ ਹਨ ਜਿਨ੍ਹਾਂ ਤੋਂ ਸਾਨੂੰ ਮਿਸ਼ਨਰੀ ਸੇਧਾਂ ਪ੍ਰਾਪਤ ਹੁੰਦੀਆਂ ਹਨ, ਜਿਵੇਂ ਨਕਲੀ ਸਿਖ ਪ੍ਰਬੋਧ, ਡਰਪੋਕ ਸਿਖ ਦਲੇਰ ਸਿਖ, ਪੰਥ ਪ੍ਰਬੋਧ,ਪੁਜਾਰੀ ਪ੍ਰਬੋਧ,ਪੰਮਾ ਪ੍ਰਬੋਧ, ਦੰਭ ਵਿਦਾਰਨ ,ਗੁਗਾ ਗਪੌੜਾ, ਸੁਲਤਾਨ ਪੁਆੜਾ,ਮੀਰਾਂ ਮਨੌਤ, ਦੁਰਗਾ ਪ੍ਰਬੋਧ, ਸਵਪਨ ਨਾਟਕ  ਆਦਿ।ਜੇਕਰ ਗਹੁ ਨਾਲ ਵੇਖੀਏ ਤਾਂ ਉਸ ਸਮੇਂ ਸਾਧਨਾਂ ਦੀ ਅਣਹੋਂਦ ਨੂੰ ਅਖੋਂ ਪਰੋਖੇ ਕਰਦਿਆਂ ਹੋਇਆਂ ਵੀ ਗਿਆਨੀ ਜੀ ਨੇ ਬੇਅੰਤ ਵਡਾ ਸਿਖ ਸਾਹਿਤ ਲਿਖਿਆ ਅਤੇ ਉਸ ਦਾ ਪ੍ਰਚਾਰ-ਪ੍ਰਸਾਰ  ਆਪਣੇ  ਖ਼ਾਲਸਾ ਅਖ਼ਬਾਰ ਰਾਹੀਂ ਕੀਤਾ ਅਤੇ ਭਖਵੇਂ ਮੁਦਿਆਂ ਨੂੰ ਉਭਾਰਿਆ। ਸਿਖ ਰਹਿਤ ਮਰਿਆਦਾ ਦੀ ਸਥਾਪਤੀ ਦੀ ਗਲ ਕੀਤੀ।ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ।ਇਸਤਰੀਆਂ ਦੀ ਵਿਦਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਮਿਸ਼ਨਰੀ ਪ੍ਰਚਾਰ ਰਾਹੀਂ ਸਿਖ ਧਰਮ ਨੂੰ ਛਡ ਕੇ ਈਸਾਈਅਤ ਵਿਚ ਜਾਣ ਵਾਲੇ ਸਿਖਾਂ ਨੂੰ ਰੋਕਿਆ। ਭਾਵੇਂ ਗਿਆਨੀ ਜੀ ਆਪ ਅਖੌਤੀ ਨੀਵੀਂ ਜਾਤ ਦੇ ਸ਼ਿਕਾਰ ਰਹੇ ਪਰ ਉਨ੍ਹਾਂ ਨੇ ਸਮਾਜ ਵਿਚੋਂ ਜਾਤ-ਪਾਤ ਨੂੰ ਪੁਟ ਸੁਟਣ ਲਈ ਬਹੁਤ ਵਡੇ ਉਪਰਾਲੇ ਕੀਤੇ। 6 ਸਤੰਬਰ 1901ਨੂੰ ਇਕਵੰਜਾ ਸਾਲ ਦੀ ਉਮਰ ਵਿਚ ਗਿਆਨੀ ਜੀ ਬਿਮਾਰੀ ਕਾਰਨ ਗੁਰਪੁਰੀ ਸਿਧਾਰ ਗਏ।  ਇਸ ਵਰ੍ਹੇ ਉਨ੍ਹਾਂ ਦੀ 121ਵੀੰ ਯਾਦ ਨੂੰ ਸਮਰਪਿਤ ਜੋ ਸਮਾਗਮ ਹਨ ਉਹ ਗਿਆਨੀ ਦਿਤ ਸਿੰਘ ਫਾਉਂਡੇਸ਼ਨ ਐਸ.ਏ.ਐਸ. ਨਗਰ  ਵਲੋਂ ਨਿਰੰਤਰ ਕਰਵਾਏ ਜਾ ਰਹੇ ਹਨ। ਅਜ ਵੀ ਲੋੜ ਹੈ ਕਿ ਗਿਆਨੀ ਜੀ ਵਰਗੇ ਸਿਖ ਪ੍ਰਚਾਰਕ ਪੈਦਾ ਹੋਣ ਅਤੇ ਸਮਾਜ ਵਿਚਲੀਆਂ ਜੋ ਕੁਰੀਤੀਆਂ ਹਨ ਉਨ੍ਹਾਂ  ਨੂੰ  ਨਸ਼ਟ ਕਰਕੇ ਸਿਖ ਰਹਿਤ ਮਰਿਆਦਾ ਦੀ ਸਥਾਪਤੀ ਹਿਤ ਵਧ ਤੋਂ ਵਧ ਯਤਨ ਕਰ ਸਕਣ। ਜੇਕਰ ਇਹ ਕਹਿ ਦੇਈਏ ਕਿ ਅਜੋਕੇ ਮਿਸ਼ਨਰੀ ਪ੍ਰਚਾਰਕਾਂ ਨੂੰ ਗਿਆਨੀ ਜੀ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ ਹੋਵੇਗੀ।ਜੇਕਰ ਦੇਖਿਆ ਜਾਵੇ ਤਾਂ ਜੋ ਹਾਲਾਤ ਗਿਆਨੀ ਜੀ ਵੇਲੇ ਪੰਜਾਬ ਦੇ ਸਨ ਉਹੀ ਹਾਲਾਤ ਅਜ ਫੇਰ ਹੂ ਬ ਹੂ ਬਣੇ ਹੋਏ ਹਨ ਜਿਸ ਵਿਚ ਗੁਰੂਡੰਮ ਨਿਰੰਤਰ ਵਧ ਰਿਹਾ ਹੈ ਅਤੇ ਇਸਾਈਅਤ  ਦਾ ਪ੍ਰਚਾਰ ਜੋਰਾਂ ਤੇ ਹੈ ਅਤੇ ਲੋਕਾਂ ਵਿਚ ਊਚ-ਨੀਚ, ਜਾਤ- ਪਾਤ, ਭੇਦ-ਭਾਵ ਉਸੇ ਤਰ੍ਹਾਂ ਚਲ ਰਿਹਾ ਹੈ।ਅਖੌਤੀ  ਛੋਟੀਆਂ ਜਾਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਪੰਜਾਬ ਵਿਚ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਸਥਾਪਿਤ ਕੀਤੇ ਜਾ ਰਹੇ ਹਨ ਅਤੇ  ਪਿੰਡਾਂ ਵਿਚ ਅਖੌਤੀ ਨੀਵੀਂ ਜਾਤ ਦੇ ਲੋਕਾਂ ਦੇ ਸ਼ਮਸ਼ਾਨਘਾਟ ਵੀ ਵਖਰੇ ਬਣਾਏ ਗਏ ਹਨ।

ਵਿਦਿਆ ਦੇ ਹੁੰਦਿਆਂ ਹੋਇਆਂ ਵੀ ਲੋਕ ਅਨਪੜ੍ਹ ਅਤੇ ਅਵਿਦਿਅਕ ਹਨ। ਸੋ ਅਜਿਹੇ ਸਮੇਂ ਵਿਚ ਗਿਆਨੀ ਜੀ  ਵਲੋਂ ਕੀਤੇ ਗਏ ਪ੍ਰਚਾਰ ਨੂੰ ਆਧਾਰ ਬਣਾ ਕੇ ਹੀ ਸਿਖ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ ਤਾਂ ਜੋ ਗੁਰੂਡੰਮ ਤੋਂ ਬਚਿਆ ਜਾ ਸਕੇ।ਜੋ ਲੋਕ ਲਾਲਚ ਵਸ ਸਿਖ ਸਿਧਾਂਤਾਂ ਅਤੇ ਸਿਖ ਸਰੂਪ ਨੂੰ ਤਿਆਗ ਕੇ ਅਨਮਤਾਂ ਵਿਚ ਜਾ ਰਹੇ ਹਨ ਉਨ੍ਹਾਂ ਨੂੰ ਦੁਬਾਰਾ ਪੰਥ ਵਿਚ ਸ਼ਾਮਿਲ ਕੀਤਾ ਜਾ ਸਕੇ ਅਤੇ ਜੋ ਸਮਾਜ ਵਿਚ ਕੁਰੀਤੀਆਂ ਪ੍ਰਚਲਿਤ ਹਨ ਉਨ੍ਹਾਂ ਦਾ ਸਮੂਲ ਨਾਸ਼ ਕੀਤਾ ਜਾ ਸਕੇ ਅਤੇ ਵਿਦਿਆ ਦੇ ਅਸਲ ਉਦੇਸ਼ ਨੂੰ ਪਛਾਣਿਆ ਜਾ ਸਕੇ।ਜੇ ਕਰ ਅਸੀਂ ਗਿਆਨੀ ਜੀ ਵਲੋਂ ਸੁਝਾਏ ਸਾਧਨਾਂ ਨੂੰ ਵਰਤੋਂ ਵਿਚ ਲਿਆ ਕੇ ਪੰਜਾਬ ਦੇ ਹਾਲਾਤਾਂ ਨੂੰ  ਠੀਕ ਕਰ ਸਕੀਏ ਤਾਂ ਗਿਆਨੀ ਜੀ ਨੂੰ ਇਹੀ ਸਚੀ-ਸੁਚੀ ਸ਼ਰਧਾਂਜਲੀ ਹੋਵੇਗੀ।

 

ਡਾ.ਦਿਲਵਰ ਸਿੰਘ

 9417306371