ਨਸ਼ਿਆਂ ਖਿਲਾਫ਼ ਡਟਿਆ ਗਗਨਦੀਪ, ਡਰੱਗ ਸਮਗਲਰਾਂ ਵਲੋਂ ਧਮਕੀਆਂ
ਪੰਜ ਪਿੰਡਾਂ ਵਲੋਂ ਗਗਨਦੀਪ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ : ਆਪਣੇ ਆਲੇ-ਦੁਆਲੇ ਤੇ ਪਿੰਡਾਂ ਵਿੱਚ ਨਸ਼ੇ ਖਿਲਾਫ਼ ਜੰਗ ਛੇੜਣ ਵਾਲਾ 34 ਸਾਲਾਂ ਦਾ ਗਗਨਦੀਪ ਅੱਜ-ਕੱਲ੍ਹ ਚਰਚਾ ਵਿਚ ਹੈ।ਗਗਨਦੀਪ ਦੀ ਰਿਸ਼ਤੇਦਾਰੀ 'ਚ ਇਕ ਪੂਰਾ ਪਰਿਵਾਰ ਨਸ਼ੇ ਦੀ ਭੇਂਟ ਚੜ ਗਿਆ ਸੀ। ਪਰਿਵਾਰ ਇਕਲੌਤਾ ਵਾਰਸ ਵੀ ਚੰਦਰੇ ਨਸ਼ੇ ਨੂੰ ਲੱਗ ਗਿਆ। ਜਿਸਨੂੰ ਦੇਖ ਕੇ ਮਨ ਪਰੇਸ਼ਾਨ ਹੋਇਆ ਤੇ ਆਪਣੇ ਸਮਾਜ ਲਈ ਕੁਝ ਕਰ ਗੁਜ਼ਰਨ ਦਾ ਤਹੱਈਆ ਕੀਤਾ। ਗਗਨਦੀਪ ਨੇ ਨਸ਼ੇ ਦੇ ਕੋਹੜ ਨੂੰ ਜੜੋਂ ਪੁੱਟਣ ਦਾ ਫੈਸਲਾ ਕੀਤਾ। ਆਪਣੇ ਪਿੰਡ ਤੇ ਆਸ ਪਾਸ ਇਲਾਕੇ ਵਿਚ ਨਸ਼ਿਆਂ ਦੀ ਚਪੇਟ ਵਿਚ ਆਏ ਨੌਜਵਾਨਾਂ ਨੂੰ ਕਈ ਵਾਰ ਸਮਝਾਇਆ ਪਰ ਕੋਈ ਬਹੁਤੀ ਸਫਲਤਾ ਨਾ ਮਿਲੀ। ਇਸਤੋਂ ਬਾਅਦ ਨਸ਼ੇ ਵੇਚਣ ਵਾਲਿਆਂ ਨੂੰ ਠੱਲ ਪਾਉਣ ਲਈ ਕਦਮ ਅੱਗੇ ਵਧਾਇਆ। ਕਈ ਵਾਰ ਪੁਲਿਸ ਨੂੰ ਸੂਚਨਾਵਾਂ ਦੇਣੀਆਂ ਸ਼ੁਰੂ ਕੀਤੀਆਂ ਪਰ ਤਸੱਲੀਬਖਸ਼ ਕਾਰਵਾਈ ਨਾ ਹੋਈ। ਹਾਰ ਨਾ ਮੰਨਦਿਆਂ ਸਪੈਸ਼ਲ ਟਾਸਕ ਫੋਰਸ ਨਾਲ ਰਾਬਤਾ ਕਰਕੇ ਨਸ਼ੇ ਦੇ ਵਪਾਰੀਆਂ ’ਤੇ ਕਾਰਵਾਈ ਕਰਵਾਈ।
ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ
ਗਗਨਦੀਪ ਨੂੰ ਇਸ ਸਫਰ ’ਤੇ ਕਈ ਔਕੜਾ ਦਾ ਸਾਹਮਣਾ ਕਰਨਾ ਪਿਆ ਹੈ। ਕਈ ਵਾਰ ਨਸ਼ੇ ਦੇ ਤਸਕਰਾਂ ਵਲੋਂ ਜਾਨੋ ਮਾਰ ਦੇਣ ਤਕ ਦੀਆਂ ਧਮਕੀਆਂ ਵੀ ਮਿਲੀਆਂ। ਪਰਿਵਾਰ ਤੇ ਪਿੰਡ ਦੇ ਮੋਹਤਬਰਾਂ ਵਲੋਂ ਵੀ ਵੈਰ ਮੁੱਲ ਲੈਣ ਦਾ ਕਹਿ ਕੇ ਬਚਣ ਦੀ ਸਲਾਹ ਦਿੱਤੀ। ਪਰ ਹਾਰ ਨਾ ਮੰਨਦਿਆਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਜੰਗ ਨੂੰ ਜਾਰੀ ਰੱਖਿਆ ਤੇ ਹੌਲੀ ਹੌਲੀ ਹੋਰ ਲੋਕ ਵੀ ਨਾਲ ਜੁੜਦੇ ਰਹੇ। ਨਤੀਜੇ ਵਜੋਂ ਅੱਜ ਨਸ਼ਿਆਂ ਖਿਲਾਫ ਸਿਰਫ ਸ਼ੇਰ ਮਾਜਰਾ ਹੀ ਨਹੀਂ ਸਗੋਂ ਆਸ ਪਾਸ ਦੇ ਪਿੰਡਾਂ ਵਿਚ ਲਹਿਰ ਚੱਲ ਪਈ ਹੈ।
ਨਸ਼ਿਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਮਾਪੇ
ਸ਼ੇਰਮਾਜਰਾ ਪਿੰਡ ਦਾ ਕੋਈ ਘਰ ਅਜਿਹਾ ਨਹੀਂ ਜਿਸਦਾ ਇਕ ਪਰਿਵਾਰਕ ਮੈਂਬਰ ਵਿਦੇਸ਼ ਨਾ ਗਿਆ ਹੋਵੇ। ਉਸਦੇ ਆਪਣੇ ਪਰਿਵਾਰ ਦੇ ਵੀ ਕਈ ਮੈਂਬਰ ਵਿਦੇਸ਼ ਹਨ। ਅਜਿਹਾ ਨਹੀਂ ਕਿ ਲੋਕ ਕੇਵਲ ਚੰਗੇ ਭਵਿੱਖ ਲਈ ਵਿਦੇਸ਼ ਜਾ ਰਹੇ ਹਨ। ਕਈ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਨਾ ਚਾਹੁੰਦੇ ਹੋਏ ਵੀ ਵਿਦੇਸ਼ ਭੇਜ ਰਹੇ ਹਨ। ਗਗਨਦੀਪ ਦੱਸਦਾ ਹੈ ਕਿ ਉਹ ਚਾਹੇ ਤਾਂ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਲੈ ਕੇ ਵਿਦੇਸ਼ ਜਾ ਸਕਦਾ ਹੈ ਪਰ ਜੇਕਰ ਹਰ ਘਰ ਅਜਿਹਾ ਕਰਨ ਲੱਗੇ ਜਾਵੇਗਾ, ਤਾਂ ਪਿੰਡ ਖਾਲੀ ਹੋਣ ਜਾਣਾ ਹੈ ਤੇ ਪਿੱਛੇ ਨਸ਼ਿਆਂ ਦੀ ਖੇਤੀ ਵਧਦੀ ਫੁਲਦੀ ਰਹੇਗੀ। ਇਸ ਲਈ ਆਪਣੇ ਪਿੰਡ, ਪਰਿਵਾਰ ਤੇ ਪੰਜਾਬ ਨੂੰ ਬਚਾਉਣ ਲਈ ਇਥੇ ਰਹਿ ਕੇ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖਣਾ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੈ।
ਪਿੰਡਾਂ ਦੇ ਪਿੰਡ ਡਰੱਗ ਤਸਕਰਾਂ ਖਿਲਾਫ਼ ਲਾਉਣ ਲੱਗੇ ਪੱਕੇ ਮੋਰਚੇ
ਗਗਨਦੀਪ ਵਲੋਂ ਨਸ਼ਿਆਂ ਖਿਲਾਫ ਲਾਈ ਲਾਗ ਕਾਰਣ ਆਸ ਪਾਸ ਦੇ ਕਰੀਬ ਅੱਠ ਪਿੰਡਾਂ ਦੇ ਨੌਜਵਾਨਾਂ ਨੂੰ ਅਜਿਹੀ ਲੱਗੀ ਕਿ ਪਿੰਡਾਂ ਦੇ ਪਿੰਡ ਨਸ਼ੇ ਦੇ ਵਪਾਰੀਆਂ ਖਿਲਾਫ ਪੱਕੇ ਮੋਰਚੇ ਲਾਉਣ ਲੱਗੇ ਹਨ। ਗਗਨਦੀਪ ਦੇ ਹੌਂਸਲੇ ਤੇ ਨੇਕ ਕੰਮ ਨੂੰ ਦੇਖਦਿਆਂ ਆਸ ਪਾਸ ਦੇ ਪੰਜ ਪਿੰਡਾਂ ਵਲੋਂ ਸਨਮਾਨਿਤ ਕੀਤਾ ਗਿਆ। ਪਿੰਡ ਲੰਗੜੋਈ, ਡਰੋਲਾ, ਡਰੋਲੀ, ਮੈਣ ਤੇ ਤੁੁਲੇਵਾਲ ਦੇ ਮੋਹਬਰਾਂ ਵਲੋਂ ਭਾਰੀ ਇਕੱਠ ਵਿਚ ਗਗਨਦੀਪ ਨੂੰ ਸਨਮਾਨਿਤ ਕੀਤਾ। ਪਿੰਡਾਂ ਵਾਸੀਆਂ ਨੇ ਦੱਸਿਆ ਕਿ ਤਸਕਰਾਂ ਦੇ ਖੌਫ ਕਰਕੇ ਕੋਈ ਅੱਗੇ ਲੱਗਣ ਲਈ ਤਿਆਰ ਨਹੀਂ ਸੀ ਪਰ ਗਗਨਦੀਪ ਦੇ ਹੌਂਸਲੇ ਸਦਕਾ ਅੱਜ ਪਿੰਡਾਂ ਵਿਚ ਨਸ਼ਿਆਂ ਖਿਲਾਫ ਏਕਾ ਨਜ਼ਰ ਆ ਰਿਹਾ ਹੈ।
Comments (0)