ਵਿਦੇਸ਼ੀ ਠੱਗਾਂ ਤੋਂ ਸੁਚੇਤ ਰਹੋ

ਵਿਦੇਸ਼ੀ ਠੱਗਾਂ ਤੋਂ ਸੁਚੇਤ ਰਹੋ

    ਨੌਸਰਬਾਜ਼ ਜਾਂ ਸਮਾਜ ਤੋਂ ਟੁੱਟੇ ਹੋਏ ਲੋਕ ਭੋਲੀ ਭਾਲੀ ਜਨਤਾ...

ਨੌਸਰਬਾਜ਼ ਜਾਂ ਸਮਾਜ ਤੋਂ ਟੁੱਟੇ ਹੋਏ ਲੋਕ ਭੋਲੀ ਭਾਲੀ ਜਨਤਾ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਦੇ ਹੱਥੀਂ ਹੀ ਪੈਸੇ ਆਪਣੇ ਖਾਤੇ ਵਿੱਚ ਪਵਾ ਕੇ ਧੋਖਾ ਕਰ ਰਹੇ ਹਨ। ਇਸ ਤਰ੍ਹਾਂ ਦੇ ਲੋਕ ਕਿਸੇ ਨਾ ਕਿਸੇ ਬੈਂਕ ਦਾ ਨਾਮ ਲੈ ਕੇ ਫੋਨ ਤੇ ਅਕਾਊਂਟ ਨਾਲ ਸਬੰਧਤ ਜਾਣਕਾਰੀ ਦੀ ਮੰਗ ਕਰਦੇ ਹਨ। ਕਈ ਵਾਰ ਏ.ਟੀ.ਐੱਮ. ਕਾਰਡ ਨੂੰ ਰੀਨਿਯੂ ਕਰਨ ਲਈ ਕਾਰਡ ਨੰਬਰ ’ਤੇ ਹੋਰ ਜਾਣਕਾਰੀ ਲੈਂਦੇ ਲੈਂਦੇ ਪਿੰਨ ਕੋਡ ਵੀ ਮੰਗ ਲੈਂਦੇ ਹਨ। ਇਸ ਤਰ੍ਹਾਂ ਕੋਈ ਨਾ ਕੋਈ ਤਾਂ ਇਨ੍ਹਾਂ ਦੇ ਜਾਲ ਵਿੱਚ ਫਸ ਹੀ ਜਾਂਦਾ ਹੈ, ਜਿਸ ਨਾਲ ਇਹ ਠੱਗੀ ਮਾਰ ਜਾਂਦੇ ਹਨ।

ਕਈ ਲਾਟਰੀ ਨਿਕਲਣ ਦਾ ਮੈਸੇਜ਼ ਪਾ ਦਿੰਦੇ ਹਨ ਜਾਂ ਫੋਨ ਕਰ ਦਿੰਦੇ ਹਨ। ਇਹ ਕਹਿੰਦੇ ਹਨ ਕਿ ਆਪਣਾ ਬੈਂਕ ਖਾਤਾ ਨੰਬਰ ਭੇਜ ਦਿਉ। ਇਸ ਤਰ੍ਹਾਂ ਅਣਭੋਲ ਲੋਕ ਕਈ ਵਾਰੀ ਆਪਣਾ ਬੈਂਕ ਖਾਤਾ ਤੇ ਆਧਾਰ ਕਾਰਡ ਨੰਬਰ ਆਦਿ ਦੱਸ ਬੈਠਦੇ ਹਨ। ਇਸ ਤੋਂ ਬਾਅਦ ਓ.ਟੀ.ਪੀ. ਵੀ ਦੱਸ ਦਿੰਦੇ ਹਨ। ਫਿਰ ਸਮਝੋ ਤੁਹਾਡਾ ਖਾਤਾ ਖਾਲੀ ਹੋ ਗਿਆ। ਫਿਰ ਆਮ ਬੰਦੇ ਦੀ ਫਰਿਆਦ ਸਰਕਾਰ ਦੇ ਦਰਬਾਰ ਕੋਈ ਨਹੀਂ ਸੁਣਦਾ।

ਮੇਰੇ ਇੱਕ ਦੋਸਤ ਨੂੰ ਯੂ.ਕੇ. ਤੋਂ ਕਿਸੇ ਦਾ ਫੋਨ ਆਇਆ ਜੋ ਕਿ ‘ਪ੍ਰੋਫੈਸਰ ਸੁੱਖੀ’ ਬਣ ਕੇ ਗੱਲ ਕਰ ਰਿਹਾ ਸੀ। ਉਸ ਨੇ ਦੋਸਤ ਨੂੰ ਆਪਣਾ ਬੈਂਕ ਖਾਤਾ ਨੰਬਰ ਭੇਜਣ ਲਈ ਕਿਹਾ ਤਾਂ ਜੋ ਉਹ ਦੋਸਤ ਦੇ ਬੈਂਕ ਖਾਤੇ ਵਿੱਚ ਪੈਸੇ ਜਮਾਂ ਕਰਾ ਸਕੇ। ਉਹ ਪੈਸੇ ਉਹ ਇੰਡੀਆ ਆ ਕੇ ਵਾਪਸ ਲੈਣ ਬਾਰੇ ਕਹਿ ਰਿਹਾ ਸੀ। ਦੋਸਤ ਨੇ ਬਾਹਰ ਹੋਣ ਦਾ ਬਹਾਨਾ ਬਣਾ ਕੇ ਅਸਮਰੱਥਾ ਪ੍ਰਗਟਾਈ। ‘ਪ੍ਰੋਫੈਸਰ ਸੁੱਖੀ’ ਨੇ ਕਿਸੇ ਹੋਰ ਦੋਸਤ ਦਾ ਨੰਬਰ ਦੇਣ ਲਈ ਕਿਹਾ। ਮੇਰੇ ਅਣਭੋਲ ਦੋਸਤ ਨੇ ਮੇਰਾ ਨੰਬਰ ਦੇ ਦਿੱਤਾ। ਦੋਸਤ ਨੇ ਮੈਨੂੰ ਫੋਨ ਕਰ ਦਿੱਤਾ ਕਿ ‘ਪ੍ਰੋਫੈਸਰ ਸੁੱਖੀ’ ਦਾ ਫੋਨ ਆਊਗਾ। ਬੈਂਕ ਅਕਾਊਂਟ ਬਾਰੇ ਵੀ ਮੈਨੂੰ ਦੱਸ ਦਿੱਤਾ। ਥੋੜ੍ਹੀ ਦੇਰ ਬਾਅਦ ਕਿਸੇ ਦਾ ਫੋਨ ਆ ਗਿਆ ਕਿ ਮੈਂ ਪ੍ਰੋਫੈਸਰ ਸੁੱਖੀ ਯੂ.ਕੇ. ਤੋਂ ਬੋਲ ਰਿਹਾਂ। ਪਹਿਲਾਂ ਤਾਂ ਆਵਾਜ਼ ਕਲੀਅਰ ਨਹੀਂ ਸੀ ਤੇ ਆਵਾਜ਼ ਕਲੀਅਰ ਹੋਣ ’ਤੇ ਮੈਂ ਸਮਝ ਗਿਆ ਕਿ ਕੋਈ ਨੌਸਰਬਾਜ਼ ਹੈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿਹੜੇ ‘ਸੁੱਖੀ ਪ੍ਰੋਫੈਸਰ’ ਹੋ, ਸੁੱਖੀ ਤਾਂ ਕਈ ਨੇ। ਅੱਗਿਓਂ ਫੇਰ ਅਵਾਜ਼ ਆਈ, ਮੈਂ ਸੁੱਖੀ ਪ੍ਰੋਫੈਸਰ ਬੋਲ ਰਿਹਾਂ। ਮੈਂ ਕਿਹਾ, ਸੁਖਵਿੰਦਰ ਸੁੱਖੀ? ਫੇਰ ਆਵਾਜ਼ ਆਈ, “ਪ੍ਰੋਫੈਸਰ ਸੁੱਖੀ, ਮੈਂ ਫੋਟੋ ਭੇਜ ਰਿਹਾਂ।”

ਥੋੜ੍ਹੀ ਦੇਰ ਬਾਅਦ ਵਟਸਐਪ ਤੋਂ ਮੇਰੇ ਦੋਸਤ ਦੀ ਫੋਟੋ ਲਾ ਕੇ ਉਹ ਵਿਅਕਤੀ ਕਾਲ ਕਰੀ ਜਾਵੇ। ਮੈਂ ਉਸ ਦੀ ਗੱਲ ਨਹੀਂ ਸੁਣੀ। ਅਸਲ ਵਿੱਚ ਸ. ਅਮਰਜੀਤ ਸਿੰਘ ‘ਸੁੱਖੀ’ ਸਾਡੇ ਟੀਚਰਜ਼ ਟ੍ਰੇਨਿੰਗ ਵੇਲੇ ਦੇ ਅਧਿਆਪਕ ਰਹੇ ਨੇ, ਜਿਨ੍ਹਾਂ ਨਾਲ ਅਕਸਰ ਮੇਰੀ ਗੱਲ ਹੁੰਦੀ ਰਹਿੰਦੀ ਹੈ। ਉਨ੍ਹਾਂ ਦੀ ਆਵਾਜ਼ ਮੈਂ ਪਛਾਣ ਲੈਂਦਾ ਹਾਂ। ਅਜਿਹੇ ਨੌਸਰਬਾਜ਼ ਕਿਤੋਂ ਨਾ ਕਿਤੋਂ ਕੋਈ ਜਾਣਕਾਰੀ ਲੈ ਕੇ ਅਕਸਰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਸਾਡੇ ਨਾਲ ਠੱਗੀ ਮਾਰ ਜਾਂਦੇ ਹਨ। ਕਈ ਗੱਲਾਂ ਤਾਂ ਇਹ ਧੋਖੇਬਾਜ਼ ਸਾਡੇ ਕੋਲ਼ੋਂ ਹੀ ਕਢਵਾ ਲੈਂਦੇ ਹਨ ਜਿਨ੍ਹਾਂ ਨਾਲ ਇਹ ਆਪਣੀ ਲੜੀ ਅੱਗੇ ਤੋਰ ਲੈਂਦੇ ਹਨ।

ਥੋੜ੍ਹੇ ਦਿਨ ਪਹਿਲਾਂ ਸਾਡੇ ਪਿੰਡ ਦੀ ਬਜ਼ੁਰਗ ਔਰਤ ਨੂੰ ਕਿਸੇ ਨੇ ਬਾਹਰਲੀ ਕਾਲ ਦੱਸ ਕੇ ਆਪਣੇ ਵਿਸ਼ਵਾਸ ਵਿੱਚ ਲੈ ਲਿਆ। ਉਸ ਔਰਤ ਦੀ ਇਕਲੌਤੀ ਬੇਟੀ ਦੇ ਬੇਟੀ, ਬੇਟਾ ਕਨੇਡਾ ਰਹਿ ਰਹੇ ਹਨ। ਉਸ ਔਰਤ ਨੂੰ ਫੋਨ ਆਇਆ ਕਿ ਮੈਂ ਕਨੇਡਾ ਤੋਂ ਬੋਲ ਰਿਹਾਂ ਤਾਂ ਅੱਗੋਂ ਉਸ ਔਰਤ ਨੇ ਆਪਣਾ ਦੋਹਤਾ ਸਮਝ ਕੇ ਅੱਗੋਂ ਉਸ ਦਾ ਨਾਂ ਲੈ ਕੇ ਕਹਿ ਦਿੱਤਾ, ‘… … .ਬੋਲਦੈਂ?” ਤਾਂ ਅੱਗੋਂ ਹਾਂ ਦੀ ਆਵਾਜ਼ ਆਈ। ਨਾਨੀ ਪੂਰੀ ਖੁਸ਼ ਹੋ ਗਈ ਅਤੇ ਫੋਨ ਕਰਤਾ ਨੇ ਉਸ ਨੂੰ ਅੰਨ੍ਹੇ ਵਿਸ਼ਵਾਸ ਵਿੱਚ ਲੈ ਕੇ ਉਸ ਦਾ ਐਸਾ ਦਿਮਾਗੀ ਤਵਾਜ਼ਨ ਹਿਲਾ ਦਿੱਤਾ ਕਿ ਫੋਨ ਕਰਤਾ ਦੀ ਹਰੇਕ ਗੱਲ ਮੰਨਣ ਲਈ ਨਾਨੀ ਉਤਾਵਲੀ ਹੋ ਗਈ। ਪਹਿਲਾਂ ਤਾਂ ‘ਦੋਹਤੇ’ ਨੇ ਤਿੰਨ ਲੱਖ ਦੀ ਫੀਸ ਭਰਨ ਦੀ ਮੰਗ ਕਰ ਦਿੱਤੀ। ਇਹ ਪੈਸੇ ਬੈਂਕ ਜਾ ਕੇ ਨਾਨੀ ਨੇ ਟਰਾਂਸਫਰ ਕਰ ਦਿੱਤੇ। ਫਿਰ ਫੋਨ ’ਤੇ ਦੋਹਤੇ (ਧੌਖੇਬਾਜ਼) ਨੇ ਆਪਣੇ ਦੋਸਤ ਲਈ ਹੋਰ ਪੈਸੇ ਮੰਗ ਲਏ ਜਿਹੜੇ ਥੋੜ੍ਹੇ ਦਿਨਾਂ ਤਕ ਮੋੜਨ ਲਈ ਵਾਅਦਾ ਕਰ ਲਿਆ। ਨਾਲ ਹੀ ਇਹ ਵੀ ਕਹਿ ਦਿੱਤਾ ਕਿ ਮੰਮੀ ਨੂੰ ਨਾ ਦੱਸਣਾ। ਨਾਨੀ ਚਾਅ ਨਾਲ ਫਿਰ ਹੋਰ ਐੱਫ਼ ਡੀਜ਼ ਚੁੱਕ ਕੇ ਬੈਂਕ ਚਲੀ ਗਈ। ਬੈਂਕ ਵਾਲੀ ਡੀਲਿੰਗ ਲੜਕੀ ਨੇ ਐਨੇ ਪੈਸੇ ਟਰਾਂਸਫਰ ਨਾ ਕਰਨ ਲਈ ਵੀ ਕਿਹਾ ਪਰ ਅਣਹੋਣੀ ਨੇ ਨਾਨੀ ਦੀ ਮੱਤ ਮਾਰੀ ਹੋਈ ਸੀ। ਉਸ ਅੰਦਰਲੀ ਮਨ ਦੀ ਭਾਵਨਾ ਆਪਣੀ ਬੇਟੀ ਨੂੰ ਬਾਅਦ ਵਿੱਚ ਦੱਸਣ ਦੀ ਸੀ ਕਿਉਂਕਿ ਉਹ ਖੁਸ਼ ਹੋ ਜਾਵੇਗੀ ਕਿ ਉਸਦੇ ਬੇਟੇ (ਦੋਹਤੇ) ਨੂੰ ਨਾਨੀ ਨੇ ਪੈਸੇ ਭੇਜੇ ਨੇ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਤਾਂ ਸਾਰੀ ਠੱਗੀ ਸੀ। ਹੁਣ ਪੁਲਿਸ ਇਸ ਕੇਸ ਵਿੱਚ ਕੁਝ ਨਹੀਂ ਕਰ ਰਹੀ।

ਇਸੇ ਤਰ੍ਹਾਂ ਮੇਰੇ ਪਿੰਡ ਦੇ ਹੀ ਇੱਕ ਹੋਰ ਸ਼ਹਿਰੀ ਦੁਕਾਨਦਾਰ ਨਾਲ ਵਾਪਰਿਆ। ਉਸ ਨੂੰ ਵੀ ਕਨੇਡਾ ਤੋਂ ਕਹਿ ਕੇ ਫੋਨ ਕਰਕੇ ਨੌਸਰਬਾਜ਼ ਨੇ ਆਪਣੇ ਜਾਲ ਵਿੱਚ ਫਸਾ ਲਿਆ। ਜਿਊਲਰ ਦੀ ਦੁਕਾਨਦਾਰੀ ਕਰਦੇ ਪੀੜਤ ਨੇ ਦੱਸਿਆ ਕਿ ਉਸ ਦੀ ਸਾਲੀ ਦਾ ਮੁੰਡਾ ਬਣ ਕੇ ਉਸ ਨੇ ਪੈਸੇ ਭੇਜਣ ਲਈ ਉਲਝਾ ਲਿਆ। ਉਸਨੇ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਫਸ ਗਿਆ ਹੈ। ਉਸ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਮੰਮੀ ਡੈਡੀ ਨੂੰ ਨਾ ਦੱਸਿਓ ਕਿਉਂਕਿ ਉਨ੍ਹਾਂ ਨੂੰ ਕੁਝ ਹੋ ਨਾ ਜਾਵੇ। ਪੈਸੇ ਅਖੌਤੀ ਵਕੀਲ ਦੇ ਖਾਤੇ ਵਿੱਚ ਪਾਉਣ ਲਈ ਕਹਿ ਦਿੱਤਾ, ਜੋ ਕਿ ਵੱਟਸਅਪ ’ਤੇ ਇੱਕ ਸਰਦਾਰ ਦੀ ਫੋਟੋ ਲਾ ਕੇ ਗੱਲ ਕਰਦਾ ਹੈ ਅਤੇ ਪੈਸੇ ਨਾਲ ਹੀ ਵਾਪਸ ਕਰਨ ਦੀ ਗੱਲ ਵੀ ਕਰਦਾ ਹੈ। ਉੱਧਰੋਂ ਇੱਕ ਰਸੀਦ ਡਾਲਰ ਭੇਜਣ ਦੀ ਵੀ ਭੇਜਦਾ ਹੈ ਜਿਸ ਨਾਲ ਉਹ ਆਪਣਾ ਵਿਸ਼ਵਾਸ ਬਣਾ ਲੈਂਦਾ ਹੈ। ਉਹ ਪੈਸੇ ਕਿੱਥੋਂ ਆਉਣੇ ਸੀ, ਇਹ ਸਾਰਾ ਕੁਝ ਤਾਂ ਜਾਅਲੀ ਸੀ। ਇਸ ਤਰ੍ਹਾਂ ਤਕਰੀਬਨ ਸੱਤ ਲੱਖ ਰੁਪਏ ਆਪਣੇ ਖਾਤੇ ਵਿੱਚ ਉਹ ਪੁਵਾ ਗਏ। ਦੁਕਾਨਦਾਰ ਨੂੰ ਆਪ ਹੀ ਪਤਾ ਨਹੀਂ ਲੱਗ ਰਿਹਾ ਕਿ ਉਸ ਨੇ ਕਿਉਂ ਐਨੇ ਪੈਸੇ ਭੇਜ ਦਿੱਤੇ। ਧੋਖੇਬਾਜ਼ਾਂ ਦੀਆਂ ਗੱਲਾਂ ਦਾ ਪ੍ਰਭਾਵ ਹੀ ਇੰਨਾ ਤਿੱਖਾ ਹੁੰਦਾ ਹੈ ਕਿ ਉਹ ਅਗਲੇ ਨੂੰ ਸੋਚਣ ਦਾ ਸਮਾਂ ਹੀ ਨਹੀਂ ਦਿੰਦੇ। ਇਸ ਮਾਮਲੇ ਵਿੱਚ ਇਸ ਨੂੰ ਠੱਗੀ ਕਹਿਣਾ ਵੀ ਸਹੀ ਨਹੀਂ ਲੱਗਦਾ ਕਿਉਂਕਿ ਵਿਅਕਤੀ ਆਪ ਹੀ ਦੂਜੇ ਦੇ ਖਾਤੇ ਵਿੱਚ ਪੈਸੇ ਪਾ ਦਿੰਦਾ ਹੈ।

ਇਨ੍ਹਾਂ ਮਾਮਲਿਆਂ ਵਿੱਚ ਆਮ ਵਿਅਕਤੀ ਦੇ ਪੈਸੇ ਵਾਪਸ ਮਿਲਣੇ ਅਸੰਭਵ ਲੱਗਦੇ ਹਨ। ਪਰ ਇਹ ਵੱਡੇ ਲੋਕਾਂ ਲਈ ਸੰਭਵ ਬਣ ਜਾਂਦਾ ਹੈ ਜਿਸਦੀ ਮਿਸਾਲ ਸਾਡੇ ਸਾਹਮਣੇ ਹੈ। ਜਦੋਂ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਦੇ ਖਾਤੇ ਵਿੱਚੋਂ ਕਿਸੇ ਨੇ ਪੈਸੇ ਕੱਢੇ ਉਹ ਧੋਖੇਬਾਜ਼ ਲੋਕ ਪੁਲਿਸ ਨੇ ਬਾਹਰਲੇ ਰਾਜ ਵਿੱਚੋਂ ਜਲਦੀ ਫੜ ਕੇ ਪੈਸੇ ਵਾਪਸ ਕਰਵਾਏ। ਇਹ ਦੋਗਲੀ ਨੀਤੀ ਕਿਉਂ? ਇਹੀ ਸਾਡੇ ਦੇਸ਼ ਦੀ ਤ੍ਰਾਸਦੀ ਹੈ।

ਸੋ ਪਹਿਲੀ ਗੱਲ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਦੂਸਰਾ ਜੇ ਕਿਸੇ ਨਾਲ ਇਹ ਧੋਖਾ ਹੁੰਦਾ ਹੈ ਤਾਂ ਪੁਲਿਸ ਨੂੰ ਪੀੜਤ ਨਾਲ ਹਮਦਰਦੀ ਨਾਲ ਪੇਸ਼ ਆ ਕੇ ਧੋਖੇਬਾਜ਼ਾਂ ਨੂੰ ਟਰੇਸ ਕਰਨਾ ਚਾਹੀਦਾ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਸੰਭਵ ਹੈ। ਫੋਨ ਦੀ ਲੋਕੇਸ਼ਨ ਭਾਵ ਸਾਰ ਕੁਝ ਪਤਾ ਕਰਨਾ ਅੱਜ ਦੀ ਟੈਕਨੌਲੋਜੀ ਲਈ ਕੋਈ ਔਖਾ ਨਹੀਂ। ਆਏ ਫੋਨ ਨੰਬਰ ਅਤੇ ਜਿਸ ਬੈਂਕ ਖਾਤੇ ਵਿੱਚ ਪੈਸੇ ਗਏ ਹਨ ਤੋਂ ਵਿਅਕਤੀ ਦੀ ਫੋਟੋ ਅਤੇ ਘਰ ਦਾ ਪਤਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਪਰ ਇਹੋ ਜਿਹੇ ਲੋਕਾਂ ਨੂੰ ਟਰੇਸ ਨਾ ਕਰਨਾ ਸਰਕਾਰ ਦੀ ਕੀ ਮਜਬੂਰੀ ਹੈ, ਇਸ ਬਾਰੇ ਕੋਈ ਸਮਝ ਨਹੀਂ ਆ ਰਹੀ। ਪੁਲਿਸ ਵੱਲੋਂ ਕੋਈ ਸਾਰਥਿਕ ਕਾਰਵਾਈ ਨਾ ਕਰਨੀ ਸਵਾਲੀਆ ਚਿੰਨ੍ਹ ਲਾਉਂਦੀ ਹੈ। ਸੋ ਸਾਨੂੰ ਹੀ ਆਪਣੇ ਆਲੇ ਇਹੋ ਜਿਹੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਸਬਕ ਲੈ ਕੇ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਪੈਸੇ ਨੂੰ ਸੁਰੱਖਿਅਤ ਰੱਖ ਸਕੀਏ।।                                                     

ਮੇਜਰ ਸਿੰਘ ਨਾਭਾ