ਅਮਰੀਕਾ ਦੇ ਕੈਂਟੱਕੀ ਰਾਜ ਵਿਚ ਹੜ ਨਾਲ ਮੌਤਾਂ ਦੀ ਗਿਣਤੀ 6 ਬੱਚਿਆਂ ਸਮੇਤ 16 ਹੋਈ, ਸੈਂਕੜੇ ਘਰ ਤਬਾਹ, ਲੋਕ ਹੋਏ ਘਰੋਂ ਬੇਘਰ

ਅਮਰੀਕਾ ਦੇ ਕੈਂਟੱਕੀ ਰਾਜ ਵਿਚ ਹੜ ਨਾਲ ਮੌਤਾਂ ਦੀ ਗਿਣਤੀ 6 ਬੱਚਿਆਂ ਸਮੇਤ 16 ਹੋਈ, ਸੈਂਕੜੇ ਘਰ ਤਬਾਹ, ਲੋਕ ਹੋਏ ਘਰੋਂ ਬੇਘਰ
ਕੈਪਸ਼ਨ : ਕੈਂਟੱਕੀ ਵਿਚ ਆਏ ਹੜ ਦੁਆਰਾ ਮਚਾਈ ਤਬਾਹੀ ਦਾ ਇਕ ਦ੍ਰਿਸ਼ ਤੇ ਸੱਜੇ ਤਬਾਹ ਹੋਏ ਘਰ ਨੇੜੇ ਪਤੀ-ਪਤਨੀ ਇਕ ਦੂਸਰੇ ਨੂੰ ਦਿਲਾਸ ਦਿੰਦੇ ਹੋਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 30 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ  ਕੈਂਟੱਕੀ ਰਾਜ ਦੇ ਪੂਰਬੀ ਖੇਤਰ ਵਿਚ ਨਿਰੰਤਰ ਪੈ ਰਹੇ ਮੀਂਹ ਕਾਰਨ ਨੀਵੇਂ ਖੇਤਰਾਂ ਵਿਚ ਆਏ ਹੜ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ  ਗਈ ਹੈ ਤੇ ਮ੍ਰਿਤਕਾਂ ਵਿਚ 6 ਬੱਚੇ ਸ਼ਾਮਿਲ ਹਨ। ਰਾਜ ਦੇ ਗਵਰਨਰ ਐਂਡੀ ਬੀਸ਼ੀਅਰ ਨੇ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਸੈਂਕੜੇ ਘਰ ਤਬਾਹ ਹੋ ਗਏ ਹਨ ਤੇ ਅਨੇਕਾਂ ਪਰਿਵਾਰ ਬੇਘਰੇ ਹੋ ਗਏ ਹਨ। ਕਈ ਕਾਊਂਟੀਆਂ ਵਿਚ ਤਾਂ  ਸਮੁੱਚੇ ਲੋਕ ਹੀ ਹੜ ਦੀ ਮਾਰ ਹੇਠ ਆ ਗਏ ਹਨ। ਹਜਾਰਾਂ ਲੋਕ ਬਿਜਲੀ ਤੋਂ ਬਿਨਾਂ ਦਿਨ-ਰਾਤ ਕਟਣ ਲਈ ਮਜਬੂਰ ਹਨ। ਗਵਰਨਰ ਜਿਨਾਂ ਨੇ ਬੀਤੇ ਦਿਨ ਹੰਗਾਮੀ ਹਾਲਾਤ ਦਾ ਐਲਾਨ ਕਰ ਦਿੱਤਾ ਸੀ, ਨੇ ਇਕ ਵੀਡੀਓ ਬਿਆਨ ਵਿਚ ਕਿਹਾ ਹੈ ਕਿ ਅਸੀਂ ਕਈ ਪਰਿਵਾਰ ਗਵਾ ਲਏ ਹਨ। ਰਾਹਤ ਟੀਮਾਂ ਨੈਸ਼ਨਲ ਗਾਰਡ ਦੀ ਸਹਾਇਤਾ ਨਾਲ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਤੇ ਇਹ ਟੀਮਾਂ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੀਆਂ ਹਨ।  ਹੜ ਪ੍ਰਭਾਵਿਤ ਖੇਤਰ ਦਾ ਹੈਲੀਕਾਪਟਰ ਰਾਹੀਂ ਦੌਰਾ ਕਰਨ ਉਪਰੰਤ ਗਵਰਨਰ ਨੇ ਕਿਹਾ ਕਿ ਘਰ ਤੇ ਕਾਰੋਬਾਰੀ ਇਮਾਰਤਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹਰ ਵਿਅਕਤੀ ਤੱਕ ਪਹੁੰਚ ਕਰਨ ਤੇ ਉਸ ਨੂੰ ਸੁਰੱਖਿਅਤਾ ਥਾਂ 'ਤੇ ਲਿਆਉਣ ਦੀ ਹੈ। ਗਵਰਨਰ ਨੇ ਲੋਕਾਂ ਜੋ ਵਸਤਾਂ ਜਾਂ ਫੰਡ ਦੇਣਾ ਚਹੁੰਦੇ ਹਨ, ਨੂੰ ਅੱਗੇ ਆਉਣ ਲਈ ਕਿਹਾ ਹੈ। ਇਸ ਸਬੰਧ ਵਿਚ ਸੰਸਥਾਵਾਂ ਨੇ  ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਪ੍ਰਭਾਵਿਤ ਲੋਕਾਂ ਤੱਕ ਪਹੰਚਾਇਆ ਜਾਵੇਗਾ। ਗਵਰਨਰ ਅਨੁਸਾਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਹੜ ਵੱਲੋਂ ਫੈਲਾਈ ਗੰਦਗੀ ਦੀ ਸਫਾਈ ਲਈ ਲੋੜੀਂਦੇ ਸਮਾਨ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੌਮੀ ਮੌਸਮ ਸੇਵਾ ਨਾਲ ਜੁੜੇ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਅਜੇ ਹੋਰ ਮੀਂਹ ਪੈਣ ਤੇ ਤੂਫਾਨ ਆਉਣ ਦੀ ਸੰਭਾਵਨਾ ਹੈ ਜਿਸ ਕਾਰਨ ਲੋਕਾਂ ਨੂੰ ਅਜੇ ਇਹਤਿਆਤ ਵਰਤਣ ਦੀ ਲੋੜ ਹੈ। ਅਜੇ ਕਈ ਖੇਤਰਾਂ ਵਿਚ ਪਾਣੀ ਘਟਣਾ ਸ਼ੁਰੂ ਨਹੀਂ ਹੋਇਆ ਹੈ। ਜਿਹੜੇ ਕਸਬੇ ਤੇ ਸ਼ਹਿਰ ਜਿਆਦਾ ਪ੍ਰਭਾਵਿਤ ਹੋਏ ਹਨ ਉਨਾਂ ਵਿਚ ਹੈਜ਼ਰਡ, ਜੈਕਸਨ, ਗਾਰੈਟ, ਸਲਾਇਰਸਵਿਲੇ, ਬੂਨਵਿਲੇ, ਵਾਈਟਸਬਰਗ ਤੇ ਪੈਰੀ ਕਾਊਂਟੀ ਦਾ ਬਾਕੀ ਹਿੱਸਾ ਸ਼ਾਮਿਲ ਹੈ। ਜੈਕਸਨ ਵਿਚ ਕੈਂਟੂਕੀ ਦਰਿਆ ਦਾ ਪਾਣੀ ਹੁਣ ਤੱਕ ਦੇ ਸਿਖਰਲੇ ਪੱਧਰ 43.2 ਫੁੱਟ 'ਤੇ ਪਹੁੰਚ ਗਿਆ ਹੈ।  ਇਸ ਤੋਂ ਪਹਿਲਾਂ 1939 ਵਿਚ ਮੀਂਹ ਕਾਰਨ ਦਰਿਆ ਦਾ ਪੱਧਰ ਸਿਖਰਲੇ ਪੱਧਰ 43.1 ਫੁੱਟ 'ਤੇ ਪੁੱਜਾ ਸੀ।