ਲੋਕ ਸੰਗੀਤ ਹੈ ਪੰਜਾਬੀਆ ਦੀ ਅਮੀਰ ਵਿਰਾਸਤ 

ਲੋਕ ਸੰਗੀਤ ਹੈ ਪੰਜਾਬੀਆ ਦੀ ਅਮੀਰ ਵਿਰਾਸਤ 

ਵਿਰਸਾ       

ਅਜੈਪਾਲ ਸਿੰਘ

ਲੋਕ ਗੀਤ ਆਪਣੇ ਆਪ ਬਣਦੇ ਜਾਂਦੇ ਹਨ। ਜੀਵਨ ਦੇ ਹਰ ਉਤਸਵ ਨਾਲ ਸੰਬੰਧਿਤ ਗੀਤਾਂ ਦੀ ਰਚਨਾ ਆਪ-ਮੁਹਾਰੇ ਹੁੰਦੀ ਰਹਿੰਦੀ ਹੈ। ਲੋਕ ਸੰਗੀਤ ਦੀ ਉਤਪਤੀ ਕਰੋੜਾਂ ਵਰ੍ਹੇ ਪੂਰਵ ਮਾਨਵ ਦੁਆਰਾ ਹੋਈ। ਗੀਤਾਂ ਦੇ ਨਿਰਮਾਣ ਤੋਂ ਬਾਅਦ ਕੁਝ ਖ਼ਾਸ ਵਿਅਕਤੀਆਂ ਵਲੋਂ ਉਨ੍ਹਾਂ ਦੀ ਸੁਰ ਰਚਨਾ ਤਿਆਰ ਕੀਤੀ ਗਈ। ਕੁਝ ਗੀਤਾਂ ਦੀਆਂ ਧੁਨਾਂ ਏਨੀਆਂ ਪ੍ਰਭਾਵਸ਼ਾਲੀ ਸਨ ਜਿਸ ਨੇ ਕਿਸੇ ਵਿਸ਼ਿਸ਼ਟ ਵਿਅਕਤੀ ਨੂੰ ਪ੍ਰਭਾਵਿਤ ਕੀਤਾ। ਜਿਸ ਨੇ ਉਸ ਨੂੰ ਸ਼ਾਸਤਰ ਦਾ ਰੂਪ ਪ੍ਰਦਾਨ ਕਰਕੇ ਉਸ 'ਤੇ ਆਧਾਰਿਤ ਸੰਗੀਤ ਦੇ ਵਿਕਸਿਤ ਰੂਪ ਨੂੰ ਸ਼ਾਸਤਰੀ ਸੰਗੀਤ ਦਾ ਨਾਂਅ ਦਿੱਤਾ। ਸ਼ਾਸਤਰੀ ਸੰਗੀਤ ਨੂੰ ਲੋਕ ਸੰਗੀਤ ਦਾ ਵਿਕਸਿਤ ਰੂਪ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਦੀਆਂ ਤੋਂ ਦੋਵੇਂ ਆਪਣੀ-ਆਪਣੀ ਨਿਵੇਕਲੀ ਪਹਿਚਾਣ ਬਣਾਈ ਰੱਖ ਕੇ ਚੱਲੇ ਆ ਰਹੇ ਹਨ। ਜਿਵੇਂ ਕਿਸੇ ਮਜ਼ਦੂਰ ਨੂੰ ਡਾਕਟਰ ਦੀ ਪੁਸ਼ਾਕ ਪਹਿਨਾ ਦਿੱਤੀ ਜਾਵੇ ਅਤੇ ਡਾਕਟਰ ਦੇ ਸਥਾਨ 'ਤੇ ਵੀ ਬਿਠਾ ਦਿੱਤਾ ਜਾਵੇ, ਵੇਖਣ ਨੂੰ ਤਾਂ ਉਹ ਡਾਕਟਰ ਲੱਗੇਗਾ ਪਰ ਗੱਲਬਾਤ ਵਿਚ ਉਸ ਦੇ ਗੁਣ ਪ੍ਰਗਟ ਹੋਣ ਤੋਂ ਨਹੀਂ ਰਹਿਣਗੇ। ਉਸ ਦੀ ਅਸਲੀਅਤ ਛੁਪੀ ਨਹੀਂ ਰਹਿ ਸਕਦੀ। ਜਿਵੇਂ ਸ਼ਹਿਰੀ ਅਤੇ ਪਿੰਡਾਂ ਦਾ ਸੱਭਿਆਚਾਰ ਵੱਖਰਾ ਹੈ, ਇਸ ਤਰ੍ਹਾਂ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿਚ ਵੀ ਭੇਦ ਹੈ ਜੋ ਇਕ-ਦੂਸਰੇ ਤੋਂ ਵੱਖਰਾ ਕਰਦੇ ਹਨ।ਲੋਕ ਸੰਗੀਤ ਦੀ ਸ਼ਾਸਤਰੀ ਸੰਗੀਤ ਨੂੰ ਦੇਣ : ਕਈ ਵਿਦਵਾਨਾਂ ਦਾ ਮਤ ਹੈ ਕਿ ਲੋਕ ਸੰਗੀਤ ਸ਼ਾਸਤਰੀ ਸੰਗੀਤ ਦੀ ਜਣਨੀ ਹੈ। ਕਈ ਰਾਗ ਜਿਵੇਂ ਮੁਲਤਾਨੀ, ਭੁਪਾਲੀ, ਪਹਾੜੀ, ਕਾਫੀ, ਤਿਲੰਗ, ਖਮਾਜ਼, ਮਾਂਡ, ਆਸਾ, ਸ਼ਿਵਰੰਜਨੀ ਆਦਿ ਲੋਕ ਸੰਗੀਤ ਦੀ ਹੀ ਦੇਣ ਹਨ। ਪਰ ਇਹ ਦਲੀਲ ਸੌ ਫ਼ੀਸਦੀ ਸਹੀ ਨਹੀਂ ਹੈ ਕਿਉਂਕਿ ਹਰੇਕ ਲੋਕ ਗੀਤ ਦੀ ਤਰਜ਼ ਵਿਚ ਚਾਰ-ਪੰਜ ਸੁਰ ਜ਼ਰੂਰ ਲਗਦੇ ਹਨ। ਉਹ ਸੁਰ ਕਿਸੇ ਨਾ ਕਿਸੇ ਰਾਗ ਵਿਚ ਪ੍ਰਯੋਗ ਹੁੰਦੇ ਹਨ। ਲੋਕ ਗੀਤਾਂ ਵਿਚ ਗ੍ਰਾਮੀਣ ਜਨਤਾ ਦੀ ਨਿੱਤਪ੍ਰਤੀ ਦੀਆਂ ਕਿਰਿਆਵਾਂ ਦਾ ਵਰਣਨ ਹੁੰਦਾ ਹੈ ਜਿਵੇਂ ਖੂਹ ਤੋਂ ਪਾਣੀ ਭਰਨਾ, ਚਰਖਾ ਕੱਤਣਾ, ਫ਼ਸਲ ਕੱਟਣੀ ਜਾਂ ਬੀਜਣੀ, ਹਲ਼ ਵਾਹੁਣਾ, ਵਿਆਹ ਸ਼ਾਦੀ ਦੇ ਗੀਤ, ਬਰਾਦਰੀ ਮਿਲਣੀ, ਸਿੱਠਣੀਆਂ, ਸੁਹਾਗ, ਡੋਲੀ ਦੀ ਵਿਦਾਈ ਦੇ ਗੀਤ ਆਦਿ ਦਾ ਉਲੇਖ ਹੁੰਦਾ ਹੈ।

ਲੋਕ ਗੀਤ ਪੂਰਨ ਰੂਪ ਵਿਚ ਸੁਖ ਦੇਣ ਵਾਲੇ ਜਾਂ ਅਨੰਦ ਪ੍ਰਦਾਨ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਵਿਚ ਕਿਸੇ ਬਾਹਰੀ ਅਡੰਬਰ ਦੀ ਜ਼ਰੂਰਤ ਨਹੀਂ ਹੁੰਦੀ, ਇਸ ਲਈ ਇਹ ਦਿਲ ਦੀਆਂ ਗਹਿਰਾਈਆਂ ਨੂੰ ਛੂਹ ਜਾਂਦੇ ਹਨ। ਲੋਕ ਗੀਤ ਕਿਸੇ ਸਾਜ਼ ਤੋਂ ਬਿਨ੍ਹਾਂ ਵੀ ਪ੍ਰਭਾਵਸ਼ਾਲੀ ਲਗਦੇ ਹਨ, ਜਿਵੇਂ ਆਟੇ ਦੀ ਚਕੀ ਦੀ ਘਰਘਰਾਹਟ ਪੇਂਡੂ ਇਸਤਰੀ ਦੇ ਕੋਇਲ ਜਿਹੇ ਕੰਠ ਨਾਲ ਮਿਲ ਕੇ ਸਾਜ਼ ਦਾ ਰੂਪ ਧਾਰਨ ਕਰ ਲੈਂਦੀ ਹੈ। ਬੈਲਗੱਡੀ ਚਲਾਉਣ ਵਾਲਾ ਬੈਲਾਂ ਦੀਆਂ ਘੰਟੀਆਂ ਅਤੇ ਖੁਰਾਂ ਦੀ ਆਵਾਜ਼ ਨਾਲ ਆਪਣਾ ਸੁਰ ਮਿਲਾ ਲੈਂਦਾ ਹੈ। ਧੋਬੀ ਕੱਪੜੇ ਦੀ ਫੱਟ-ਫੱਟ ਅਤੇ ਭਾਂਡੇ ਮਾਂਜਣ ਵਾਲੀ ਇਸਤਰੀ ਭਾਂਡਿਆਂ ਦੀ ਖਣਖਣਾਹਟ ਨੂੰ ਹੀ ਆਪਣੇ ਗੀਤਾਂ ਦਾ ਮਾਧਿਅਮ ਬਣਾ ਲੈਂਦੀ ਹੈ। ਪ੍ਰਕਿਰਤੀ ਦੀ ਸੁੰਦਰਤਾ ਨੂੰ ਦੇਖ ਕੇ, ਅਸਮਾਨ 'ਤੇ ਛਾਏ ਬੱਦਲਾਂ ਨੂੰ ਦੇਖ ਕੇ ਇਕ ਆਮ ਵਿਅਕਤੀ ਵੀ ਝੂਮਦਾ ਅਤੇ ਆਪਣੇ ਮਨ ਦੀ ਮੰਗ ਨੂੰ ਆਪਣੇ ਸਰਲ ਸ਼ਬਦਾਂ ਵਿਚ ਸਾਧਾਰਨ ਧੁਨ ਵਿਚ ਅਲਾਪਦਾ ਹੈ। ਧਰਤੀ 'ਤੇ ਉੱਗੇ ਸੋਨੇ (ਫ਼ਸਲ) ਨੂੰ ਵੇਖ ਕੇ ਕਿਸਾਨ ਮਸਤ ਹੋ ਜਾਂਦਾ ਹੈ ਅਤੇ ਆਪਣੀ ਮਸਤੀ ਵਿਚ ਗਾਉਣ ਲੱਗ ਪੈਂਦਾ ਹੈ। ਕਹਿਣ ਦਾ ਭਾਵ ਹੈ ਕਿ ਲੋਕ ਸੰਗੀਤ ਮਨ ਦੇ ਉਦਗਾਰਾਂ ਨੂੰ ਸੁਭਾਵਿਕ ਰੂਪ ਵਿਚ ਪ੍ਰਗਟ ਕਰਦਾ ਹੈ।

ਲੋਕ ਸੰਗੀਤ ਦੀਆਂ ਵਿਸ਼ੇਸ਼ਤਾਵਾਂ :

1. ਲੋਕ ਧੁਨਾਂ ਆਮ ਤੌਰ 'ਤੇ ਚਾਰ-ਪੰਜ ਸੁਰਾਂ ਤੇ ਆਧਾਰਿਤ ਹੁੰਦੀਆਂ ਹਨ।

2. ਇਸ ਦੀ ਭਾਸ਼ਾ ਜਨ-ਸਾਧਾਰਨ ਦੀ ਆਮ ਵਰਤੋਂ ਵਿਚੋਂ ਪ੍ਰਯੋਗ ਹੋਣ ਵਾਲੀ ਹੁੰਦੀ ਹੈ।

3. ਹਰੇਕ ਪ੍ਰਾਂਤ, ਖੇਤਰ, ਦੇਸ਼ ਦੇ ਲੋਕ ਗੀਤ ਉਥੋਂ ਦੀ ਪੇਂਡੂ ਬੋਲੀ ਵਿਚ ਹੁੰਦੇ ਹਨ।

4. ਲੋਕ ਸੰਗੀਤ ਲੈਅ ਪ੍ਰਧਾਨ ਹੁੰਦਾ ਹੈ।

5. ਲੋਕ ਸੰਗੀਤ ਵਿਚ ਸਾਜ਼ਾਂ ਦਾ ਪ੍ਰਯੋਗ ਵੀ ਉਸ ਪ੍ਰਾਂਤ ਦੇ ਲੋਕ ਸਾਜ਼ਾਂ ਦਾ ਹੀ ਕੀਤਾ ਜਾਂਦਾ ਹੈ।

6. ਲੋਕ ਸੰਗੀਤ ਦੀਆਂ ਧੁਨਾਂ ਬੜੀਆਂ ਸਰਲ ਅਤੇ ਦਿਲ-ਖਿੱਚਵੀਆਂ ਹੁੰਦੀਆਂ ਹਨ।

7. ਲੋਕ ਸੰਗੀਤ ਵਿਚ ਰਾਗ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ।

ਲੋਕ ਸੰਗੀਤ ਦੀ ਪ੍ਰਕਿਰਤੀ : ਲੋਕ ਸੰਗੀਤ ਦੀ ਪ੍ਰਕਿਰਤੀ ਸਰਲ ਤੇ ਸੁਭਾਵਿਕ ਹੁੰਦੀ ਹੈ। ਇਹ ਛੇਤੀ ਹੀ ਗ੍ਰਹਿਣ ਹੋ ਜਾਂਦਾ ਹੈ। ਇਸ ਨੂੰ ਸਿੱਖਣ ਲਈ ਕਿਸੇ ਵਿਸ਼ੇਸ਼ ਯਤਨਾਂ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੁਭਾਵਿਕ ਰੂਪ ਵਿਚ ਪਹੁੰਚਦਾ ਰਹਿੰਦਾ ਹੈ। ਲੋਕ ਸੰਗੀਤ ਵਿਚ ਸਖ਼ਤ ਨਿਯਮ ਨਹੀਂ ਹੁੰਦੇ ਹਾਲਾਂਕਿ ਇਨ੍ਹਾਂ ਗੀਤਾਂ ਅਤੇ ਗਾਇਨ ਸ਼ੈਲੀਆਂ ਦੇ ਵੀ ਨਿਯਮ ਅਤੇ ਸਿਧਾਂਤ ਹਨ, ਜਿਨ੍ਹਾਂ ਦੀ ਵਰਤੋਂ ਜ਼ਰੂਰੀ ਮੰਨੀ ਜਾਂਦੀ ਹੈ, ਜਿਵੇਂ ਹੀਰ ਦੀ ਧੁਨ ਵਿਚ ਮਿਰਜ਼ਾ ਨਹੀਂ ਗਾਇਆ ਜਾ ਸਕਦਾ। ਇਹ ਗੱਲ ਵੱਖਰੀ ਹੈ ਕਿ ਇਹ ਸ਼ੈਲੀਆਂ ਬੜੀਆਂ ਸਰਲ ਅਤੇ ਸੌਖੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਨਿਯਮਾਂ ਦੀ ਪਾਲਣਾ ਸੁਭਾਵਿਕ ਹੀ ਹੋ ਜਾਂਦੀ ਹੈ।ਲੋਕ ਸੰਗੀਤ ਦੀਆਂ ਕਿਸਮਾਂ : ਸ਼ਾਸਤਰੀ ਸੰਗੀਤ ਵਾਂਗ ਲੋਕ ਸੰਗੀਤ ਵਿਚ ਵੀ ਲੋਕ ਗੀਤ, ਲੋਕ ਧੁਨਾਂ ਅਤੇ ਲੋਕ ਨਾਚ ਤਿੰਨ ਪ੍ਰਕਾਰ ਮਿਲਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਸੰਗੀਤ ਲੋਕ ਗੀਤਾਂ, ਲੋਕ ਧੁਨਾਂ ਅਤੇ ਲੋਕ ਨਾਚਾਂ ਦਾ ਸਮੂਹ ਹੈ। ਇਸ ਵਿਚ ਵੀ ਲੋਕ ਗੀਤਾਂ ਦੀ ਪ੍ਰਧਾਨਤਾ ਵਧੇਰੇ ਰਹਿੰਦੀ ਹੈ।ਲੋਕ ਗੀਤ : ਲੋਕ ਗੀਤਾਂ ਦੀ ਭਾਸ਼ਾ ਬੜੀ ਸਰਲ ਹੁੰਦੀ ਹੈ ਜਿਸ ਨੂੰ ਹਰ ਵਿਅਕਤੀ ਭਾਵੇਂ ਉਹ ਪੜ੍ਹਿਆ-ਲਿਖਿਆ ਹੈ, ਭਾਵੇਂ ਅਨਪੜ੍ਹ ਆਸਾਨੀ ਨਾਲ ਸਮਝ ਸਕਦਾ ਅਤੇ ਗਾ ਸਕਦਾ ਹੈ। ਇਨ੍ਹਾਂ ਦੇ ਵਿਸ਼ੇ ਰੋਜ਼ਾਨਾ ਜੀਵਨ ਦੇ ਕੰਮ-ਧੰਦੇ ਹੁੰਦੇ ਹਨ, ਜਿਵੇਂ ਖੇਤਾਂ ਵਿਚ ਹਲ ਚਲਾਉਣਾ, ਖੂਹ ਤੋਂ ਪਾਣੀ ਭਰਨਾ, ਖੇਤੀਬਾੜੀ, ਫ਼ਸਲਾਂ ਦਾ ਪੱਕਣਾ-ਬੀਜਣਾ ਤੇ ਕੱਟਣਾ, ਸੂਰਬੀਰਾਂ, ਧਾਰਮਿਕ ਵਿਅਕਤੀਆਂ, ਦਾਨੀਆਂ, ਡਾਕੂਆਂ ਅਤੇ ਅਨੇਕ ਰੁੱਤਾਂ ਸੰਬੰਧੀ ਗੀਤ। ਇਹ ਗੀਤ ਤਾਲ ਨਾਲ ਜਾਂ ਬਿਨਾਂ ਤਾਲ ਦੇ ਵੀ ਗਾਏ ਜਾਂਦੇ ਹਨ। ਇਨ੍ਹਾਂ ਨੂੰ ਇਕੱਲਾ ਵਿਅਕਤੀ, ਦੋ ਵਿਅਕਤੀ ਜਾਂ ਸਮੂਹਿਕ ਰੂਪ ਵਿਚ ਵੀ ਗਾਇਆ ਜਾਂਦਾ ਹੈ। ਇਹ ਗੀਤ ਖ਼ੁਸ਼ੀ ਅਤੇ ਸੋਗ ਦੋਨੋਂ ਅਵਸਰਾਂ ਨਾਲ ਸੰਬੰਧਿਤ ਹੁੰਦੇ ਹਨ।

ਲੋਕ ਵਾਦਨ : ਲੋਕ ਗੀਤਾਂ ਵਿਚ ਵੱਖ-ਵੱਖ ਧੁਨਾਂ ਦਾ ਵਾਦਨ ਵੀ ਵਿਅਕਤੀਗਤ ਜਾਂ ਸਮੂਹਿਕ ਰੂਪ ਵਿਚ ਹੁੰਦਾ ਹੈ। ਇਹ ਧੁਨਾਂ ਵੱਖ-ਵੱਖ ਲੋਕ-ਸਾਜ਼ਾਂ ਨਾਲ ਵਜਾਈਆਂ ਜਾਂਦੀਆਂ ਹਨ। ਪੰਜਾਬ ਦੇ ਲੋਕ ਸਾਜ਼ਾਂ ਵਿਚ ਢੋਲ, ਢੋਲਕ, ਡੱਫ, ਨਗਾਰਾ, ਢੱਡ, ਖੰਜਰੀ, ਚਿਮਟਾ, ਮਜੀਰੇ, ਘੁੰਗਰੂ, ਸਾਰੰਗੀ, ਘੜਾ ਆਦਿ ਸ਼ਾਮਿਲ ਹਨ ਜਿਨ੍ਹਾਂ ਦਾ ਪ੍ਰਯੋਗ ਢੁਕਵੇਂ ਮੌਕਿਆਂ ਅਨੁਸਾਰ ਕੀਤਾ ਜਾਂਦਾ ਹੈ।ਲੋਕ ਨਾਚ : ਲੋਕ ਨਾਚ ਆਮ ਤੌਰ 'ਤੇ ਖ਼ੁਸ਼ੀ ਦੇ ਮੌਕਿਆਂ 'ਤੇ ਹੁੰਦੇ ਹਨ। ਆਪਣੇ ਕੰਮ ਵਿਚ ਸਫਲਤਾ, ਹਰੀ ਭਰੀ ਫ਼ਸਲ, ਫ਼ਸਲ ਦੀ ਕਟਾਈ, ਘਰ ਵਿਚ ਬੱਚੇ ਦਾ ਜਨਮ ਆਦਿ ਅਵਸਰਾਂ 'ਤੇ ਇਨਸਾਨ ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਉਹ ਉੱਛਲਦਾ, ਟੱਪਦਾ ਗਾਉਂਦਾ ਅਤੇ ਨੱਚਦਾ ਹੈ। ਖੁਸ਼ੀ ਦੇ ਅਜਿਹੇ ਸੁਭਾਵਿਕ ਪ੍ਰਗਟਾਅ ਲੋਕ ਨਾਚ ਕਹਾਉਂਦੇ ਹਨ। ਲੋਕ ਨਾਚ ਲਈ ਕਿਸੇ ਵੀ ਤਰ੍ਹਾਂ ਦੇ ਵਿਸ਼ੇਸ਼ ਵਸਤਰ, ਗਹਿਣੇ, ਚਮਕ-ਦਮਕ ਜਾਂ ਹਾਰ-ਸ਼ਿੰਗਾਰ ਦੀ ਜ਼ਰੂਰਤ ਨਹੀਂ ਹੁੰਦੀ। ਇਹ ਤਾਂ ਮਨੁੱਖ ਦੀ ਖੁਸ਼ੀ ਦਾ ਆਪ-ਮੁਹਾਰਾ ਪ੍ਰਗਟਾਵਾ ਹੁੰਦੇ ਹਨ।ਗੁਜਰਾਤ ਦਾ 'ਗਰਬਾ', ਮਹਾਰਾਸ਼ਟਰ ਦਾ 'ਲਵਣੀ' ਅਤੇ ਪੰਜਾਬ ਦਾ ਭੰਗੜਾ, ਗਿੱਧਾ, ਕਿੱਕਲੀ, ਲੁੱਡੀ ਆਦਿ ਲੋਕ ਨਾਚਾਂ ਦੇ ਨਮੂਨੇ ਹਨ। ਇਹ ਲੋਕ ਨਾਚ ਵਿਅਕਤੀਗਤ ਅਤੇ ਸਮੂਹਿਕ ਵੀ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਗੀਤਾਂ ਦੇ ਨਾਲ ਜਾਂ ਗੀਤਾਂ ਤੋਂ ਬਿਨਾਂ ਵੀ ਕੀਤੀ ਜਾਂਦੀ ਹੈ। ਲੋਕ ਸਾਜ਼ਾਂ ਦੀ ਸੰਗਤ ਵਿਚ ਇਹ ਲੋਕ ਨਾਚ ਖੁਸ਼ੀ ਨੂੰ ਦੂਣਾ ਕਰ ਦਿੰਦੇ ਹਨ।ਅਸਲ ਵਿਚ ਲੋਕ ਗਾਇਨ, ਵਾਦਨ ਅਤੇ ਨਾਚ ਮਨੁੱਖੀ ਭਾਵਨਾਵਾਂ ਦਾ ਸਹਿਜ ਅਤੇ ਸਰਲ ਪ੍ਰਗਟਾਵਾ ਹਨ।

ਪੰਜਾਬੀ ਲੋਕ ਸੰਗੀਤ : ਪੰਜਾਬੀ ਪੇਂਡੂ ਜੀਵਨ ਦਾ ਹਰ ਰਾਹ ਅਤੇ ਹਰ ਕਾਰਜ ਲੋਕ ਗੀਤਾਂ ਵਿਚੋਂ ਹੀ ਹੋ ਕੇ ਲੰਘਦਾ ਹੈ। ਮੁੰਡਾ ਜੰਮਣ ਦੇ ਗੀਤ, ਬੱਚੇ ਨੂੰ ਸੁਆਉਣ ਦੇ ਗੀਤ, ਖੇਡਣ ਦੇ ਗੀਤ, ਪੀਂਘਾਂ ਝੂਟਣ ਦੇ ਗੀਤ, ਪਾਣੀ ਭਰਨ ਦੇ ਗੀਤ, ਬੀਜਣ ਦੇ ਗੀਤ, ਫ਼ਸਲ ਕੱਟਣ ਦੇ ਗੀਤ, ਮੰਗਣੇ ਦੇ ਗੀਤ, ਵਿਆਹ ਦੇ ਗੀਤ, ਨੂੰਹ, ਸੱਸ, ਨਣਦ, ਭਰਜਾਈ ਦੇ ਗੀਤ, ਰੁੱਤਾਂ ਦੇ ਗੀਤ, ਹੀਰ ਰਾਂਝਾ, ਸੱਸੀ ਪੁੰਨੂ ਮਿਰਜ਼ਾ ਸਾਹਿਬਾਂ ਅਤੇ ਸੋਹਣੀ ਮਹੀਵਾਲ ਦੀਆਂ ਪ੍ਰੀਤਾਂ ਦੇ ਗੀਤ, ਪੰਜਾਬੀ ਲੋਕ ਗੀਤਾਂ ਦੀ ਅਥਾਹ ਸਮੱਗਰੀ ਦੇ ਸੋਮੇ ਹਨ। ਇਹੀ ਨਹੀਂ ਹਰ ਰੁੱਤ ਆਪਣੇ ਨਾਲ ਮੌਸਮੀ ਮੇਲੇ ਅਤੇ ਤਿਉਹਾਰ ਲਿਆਉਂਦੀ ਹੈ। ਪੰਜਾਬ ਵਿਚ ਹਰ ਮੇਲਾ ਅਤੇ ਤਿਉਹਾਰ ਨੱਚਦਾ ਉਤੇ ਗਾਉਂਦਾ ਹੋਇਆ ਆਉਂਦਾ ਹੈ ਅਤੇ ਇਥੋਂ ਦੇ ਵਸਨੀਕਾਂ ਨੂੰ ਖੁਸ਼ੀਆਂ ਦੇ ਭੰਡਾਰ ਵੰਡਦਾ ਤੁਰ ਜਾਂਦਾ ਹੈ। ਹਰੇਕ ਮੇਲੇ, ਤਿਉਹਾਰ ਅਤੇ ਸ਼ੁੱਭ ਅਵਸਰ ਤੇ ਨੱਚਣਾ ਗਾਉਣਾ ਜ਼ਰੂਰ ਹੁੰਦਾ ਹੈ। ਪੰਜਾਬੀਆਂ ਦੇ ਜੀਵਨ ਦਾ ਹਰ ਮਹੀਨਾ, ਹਰ ਰੁੱਤ, ਹਰ ਦਿਨ, ਹਰ ਘੜੀ, ਹਰ ਫ਼ਸਲ, ਪੇੜ ਪੌਦੇ, ਪੰਛੀ ਅਤੇ ਜਾਨਵਰ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ ਅਤੇ ਖੁਸ਼ੀ ਦਾ ਪ੍ਰਗਟਾਵਾ ਇਥੋਂ ਦਾ ਹਰ ਬੱਚਾ, ਬੁੱਢਾ, ਗੱਭਰੂ, ਜਾਂ ਮੁਟਿਆਰ ਬੋਲੀਆਂ, ਟੱਪੇ, ਮਾਹੀਆ, ਘੋੜੀਆਂ, ਸੁਹਾਗ, ਛੰਦ, ਸਿੱਠਣੀਆਂ ਰਾਹੀਂ ਕਰਦਾ ਹੈ। ਇਥੋਂ ਤੱਕ ਕਿ ਹਰਖ ਅਤੇ ਸੋਗ ਦਾ ਪ੍ਰਗਟਾਵਾ ਵੀ ਉਹ ਅਲਾਹੁਣੀਆਂ ਕੀਰਨੇ ਅਤੇ ਵੈਣਾਂ ਰਾਹੀਂ ਕਰਦਾ ਹੈ। ਇਸੇ ਕਾਰਨ ਪੰਜਾਬ ਨੂੰ ਸਦਾ ਨੱਚਦਾ ਤੇ ਗਾਉਂਦਾ ਪੰਜਾਬ ਕਿਹਾ ਜਾਂਦਾ ਹੈ।

 

 

-