ਤੀਜੇ ਘੱਲੂਘਾਰੇ ਨੂੰ ਕਿਵੇਂ ਯਾਦ ਕਰੀਏ? 

ਤੀਜੇ ਘੱਲੂਘਾਰੇ ਨੂੰ ਕਿਵੇਂ ਯਾਦ ਕਰੀਏ? 

ਬਿਪਰ ਇਹ ਮਨੋਵਿਗਿਆਨਕ ਹਮਲਾ ਕਰਕੇ ਸਿੱਖਾਂ ਨੂੰ ਪੂਰਨ ਤੌਰ ’ਤੇ ਗਲਬਾ ਪਾ ਕੇ ਖਤਮ ਕਰਨਾ ਚਾਹੁੰਦਾ ਸੀ

ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਅੱਜ 37 ਵਰ੍ਹੇ ਬੀਤਣ ਤੋਂ ਬਾਅਦ ਵੀ ਦਿੱਲੀ ਦਰਬਾਰ ਦਾ ਕੋਈ ਤਰਕ ਇਸ ਜਬਰ ਦਾ ਭਾਰ ਨਹੀਂ ਝੱਲ ਸਕਿਆ ਅਤੇ ਨਾ ਹੀ ਝੱਲ ਸਕਦਾ ਹੈ। ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਜੂਨ 1984 ਵਿੱਚ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਨੇ ਤੀਜਾ ਘੱਲੂਘਾਰਾ ਰੂਹਾਨੀਅਤ ਦੇ ਕੇਂਦਰ, ਹਰਿਮੰਦਰ ਸਾਹਿਬ ਅਤੇ ਖਾਲਸਾਈ ਸੰਘਰਸ਼ ਦੇ ਸਦੀਵ ਧੁਰੇ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਜਿਹੀਆਂ ਜੀਵਨ-ਮੁਕਤ ਸਖਸ਼ੀਅਤਾਂ ਦੀ ਸ਼ਾਨ ਨੂੰ ਢਾਹ ਲਾ ਕੇ ਸਿੱਖ ਸੰਗਤ ਦੇ ਮਨੋਬਲ ਨੂੰ ਡੇਗਣ ਲਈ ਵਰਤਾਇਆ ਸੀ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿਚ ਜਜ਼ਬ ਕਰ ਲੈਣਾ ਸੀ। ਇਸ ਪਿੱਛੇ ਮੁੱਖ ਕਾਰਨ ਜਾਤ-ਪਾਤ ਅਤੇ ਊਚ-ਨੀਚ ਨਾਲ ਗ੍ਰਸਤ ਮਨੁੱਖਤਾ ਵਿਰੋਧੀ ਬਿਪਰਵਾਦ ਦਾ ਸਰਬੱਤ ਦੇ ਭਲੇ ਵਾਲੀ ਗੁਰਮਤਿ ਨਾਲ ਪਿਛਲੇ ਪੰਜ ਸਦੀਆਂ ਤੋਂ ਚੱਲ ਰਿਹਾ ਟਕਰਾਅ ਸੀ ਕਿਉਂਕਿ ਖਾਲਸਾ ਪੰਥ ਨੂੰ ਗੁਰੂ ਪਾਤਿਸਾਹ ਵਲੋਂ ਦਿੱਤੀ ਗਈ ਇਤਿਹਾਸਕ ਅਤੇ ਸਿਧਾਂਤਕ ਸੇਧ ਖਾਲਸਾ ਪੰਥ ਨੂੰ ਹਰ ਵਾਰ ਜਾਬਰ ਰਾਜ ਦੇ ਟਕਰਾਅ ’ਚ ਲੈ ਆਉਂਦੀ ਹੈ।

ਸਿੱਖ ਪਿਛਲੀਆਂ ਸਦੀਆਂ ਵਿੱਚ ਜਰਵਾਣਾ ਰੂਪ ਧਾਰ ਚੁੱਕੀ ਤੁਰਕ, ਅਫਗਾਨ, ਫ਼ਿਰੰਗੀ ਰਾਜ-ਹਉਂ ਨਾਲ ਸੰਘਰਸ਼ ਕਰਦੇ ਰਹੇ ਹਨ ਪਰ ਬਿਪਰ ਰਾਜ-ਹਉਂ ਨਾਲ ਪਹਿਲੀ ਵਾਰ ਸਿੱਖਾਂ ਦਾ ਸਿੱਧਾ ਵਾਅ-ਵਾਸਤਾ ਪਿਆ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਨਹੀਂ ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਨੇ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ।  

ਜੂਨ ’84, ਇਸ ਲੰਮੇਰੀ ਜੱਦੋ-ਜਹਿਦ ਦਾ ਸਭ ਤੋਂ ਅਹਿਮ ਪੜਾਅ ਸੀ, ਇਸ ਘੱਲੂਘਾਰੇ ਨੇ ਸਿੱਖ ਮਨਾਂ ਅੰਦਰ ਬਿਪਰ ਦੇ ਸਾਰੇ ਪਾਜ ਉਧੇੜ ਕੇ ਇਸਦਾ ਅਸਲ ਰੂਪ ਪ੍ਰਤੱਖ ਰੂਪਮਾਨ ਕਰ ਦਿੱਤਾ। ਮਸਲਾ ਸਿਰਫ ਕੁਝ ਸਖਸ਼ੀਅਤਾਂ ਨੂੰ ਖਤਮ ਕਰਨ ਜਾਂ ਕੇਂਦਰੀ ਸਥਾਨਾਂ ਨੂੰ ਨੁਕਸਾਨ ਪਹੁੰਚਾਣ ਦਾ ਨਹੀਂ ਸੀ ਬਲਕਿ ਪੂਰੀ ਸਿੱਖ ਸੰਗਤ ਉੱਤੇ ਮਾਨਸਿਕ ਗਲਬਾ ਪਾ ਕੇ ਮੁਕੰਮਲ ਤੌਰ ’ਤੇ ਖਤਮ ਕਰਨ ਦਾ ਸੀ ਇਸ ਲਈ ਇਹ ਹਮਲਾ ਬਹੁਤ ਵਿਆਪਕ ਸੀ। ਜਿੱਥੇ ਪੂਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਉੱਥੇ ਅਨੇਕਾਂ ਗੁਰਧਾਮਾਂ ਉੱਤੇ ਇੱਕੋ ਸਮੇਂ ਹਮਲਾ ਕੀਤਾ ਗਿਆ। ਹਮਲਾ ਸਿਰਫ ਸਰੀਰਕ ਨਹੀਂ ਹੁੰਦਾ ਜਾਂ ਹਮਲਾ ਸਿਰਫ ਦਿਖਦੇ ਨੁਕਸਾਨ ਵਾਲਾ ਨਹੀਂ ਹੁੰਦਾ, ਕੁਝ ਹਮਲੇ ਮਾਨਸਿਕ ਵੀ ਹੁੰਦੇ ਹਨ ਜਿਨ੍ਹਾਂ ਦੀ ਗੱਲ ਨਫ਼ੇ ਨੁਕਸਾਨਾਂ ਤੋਂ ਉੱਤੇ ਹੁੰਦੀ ਹੈ। ਜਦੋਂ ਸਿੱਖ ਅਤੇ ਗੁਰੂ ਦੇ ਵਿੱਚ ਕੋਈ ਆਉਂਦਾ ਹੈ, ਜਦੋਂ ਗੁਰੂ ਘਰ ਵੱਲ ਕੋਈ ਮੈਲੀ ਅੱਖ ਨਾਲ ਵੇਖਦਾ ਹੈ, ਜਦੋਂ ਗੁਰੂ ਮਹਾਰਾਜ ਦੇ ਦਰ ਉੱਤੇ ਦੁਨਿਆਵੀ ਤਾਕਤਾਂ ਆਪਣੀ ਧੌਂਸ ਵਿਖਾਉਣ ਦਾ ਯਤਨ ਕਰਦੀਆਂ ਹਨ, ਜਦੋਂ ਬੰਦੂਕਾਂ, ਤੋਪਾਂ ਅਤੇ ਸਿਆਸੀ ਬੰਦਿਆਂ ਦੀ ਸ਼ਹਿ ਉੱਤੇ ਕੋਈ ਬੂਟਾਂ ਸਣੇ ਗੁਰੂ ਦੇ ਹਜ਼ੂਰ ਜਾਣ ਦੀ ਜੁਰਤ ਕਰਦਾ ਹੈ, ਜਦੋਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕੋਈ ਲੱਤ 'ਤੇ ਲੱਤ ਰੱਖ ਕੇ ਸਿਗਰਟ ਪੀਂਦਾ ਹੈ, ਜਦੋਂ ਕਿਸੇ ਉੱਤੇ ਸਿਰਫ ਇਸ ਕਰਕੇ ਗੋਲੀ ਚੱਲਦੀ ਹੈ ਕਿਉਂਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਜਦੋਂ ਤੋਪਾਂ ਟੈਂਕਾਂ ਦਾ ਮੂੰਹ ਗੁਰੂ ਦੇ ਦਰ ਵੱਲ ਹੋ ਜਾਂਦਾ ਹੈ ਕਿਓਂਕਿ ਇਹ ਕਿਸੇ ਦੁਨਿਆਵੀ ਤਖਤ ਦੀ ਅਧੀਨਗੀ ਨਹੀਂ ਕਬੂਲਦੇ, ਜਦੋਂ ਹਰ ਕਿਸੇ ਧਰਮ, ਜਾਤ ਅਤੇ ਖਿੱਤੇ ਲਈ ਖੁੱਲ੍ਹੇ ਰਹਿਣ ਵਾਲੇ ਦਰਵਾਜ਼ਿਆਂ ਨੂੰ ਕੋਈ ਹੰਕਾਰਿਆ ਹੋਇਆ ਤੋੜਦਾ ਹੈ ਤਾਂ ਸਾਡੇ ਲਈ ਉਹ ਹਮਲਾ ਹੀ ਹੁੰਦਾ ਹੈ। 

ਬਿਪਰ ਇਹ ਮਨੋਵਿਗਿਆਨਕ ਹਮਲਾ ਕਰਕੇ ਸਿੱਖਾਂ ਨੂੰ ਪੂਰਨ ਤੌਰ ’ਤੇ ਗਲਬਾ ਪਾ ਕੇ ਖਤਮ ਕਰਨਾ ਚਾਹੁੰਦਾ ਸੀ ਪਰ ਸਿੱਖੀ ਦੀ ਓਟ ਗੁਰੂ ਉੱਤੇ ਹੋਣ ਕਰਕੇ ਸਿੱਖ ਇਸ ਮਨੋਵਿਗਿਆਨਿਕ ਹਮਲੇ ਵਿੱਚੋਂ ਵੱਡੀ ਗਿਣਤੀ ਵਿੱਚ ਨਿਕਲ ਆਏ ਹਨ। ਜੇ ਕੋਈ ਹੋਰ ਦੁਨਿਆਵੀ ਕਦਰਾਂ ਕੀਮਤਾਂ ਉੱਤੇ ਅਧਾਰਿਤ ਸਭਿਆਚਾਰ ਹੁੰਦਾ ਤਾਂ ਓਹਦੇ ਤੋਂ ਇਹ ਹਮਲਾ ਝੱਲ ਨਹੀਂ ਸੀ ਹੋਣਾ, ਬਾਕੀਆਂ ਨਾਲੋਂ ਸਿੱਖਾਂ ਦਾ ਫਰਕ ਇਹੀ ਹੈ। ਇੰਡੀਆ ਦੀ ਫੌਜ ਨੇ ਬੇਸ਼ੱਕ ਸਾਡੇ ਉੱਤੇ ਸਰੀਰਕ ਅਤੇ ਮਾਨਸਿਕ ਹਮਲੇ ਕੀਤੇ ਹਨ ਅਤੇ ਗੁਰੂ ਘਰਾਂ ਵਿੱਚ ਫੌਜ ਨੇ ਬਹੁਤ ਨੀਚ ਹਰਕਤਾਂ ਵੀ ਕੀਤੀਆਂ ਹਨ ਪਰ ਇਸ ਘੱਲੂਘਾਰੇ ਦੇ ਬਹੁਤ ਸਾਰੇ ਅਜਿਹੇ ਪੱਖ ਵੀ ਹਨ ਜਿਸ ਵਿੱਚ ਗੁਰੂ ਪਾਤਿਸਾਹ ਦੇ ਪਿਆਰ ਵਿੱਚ ਭਿੱਜੇ ਸਿੰਘਾਂ ਸਿੰਘਣੀਆਂ ਨੇ ਆਪਣੇ ਹੌਸਲੇ, ਆਪਣੀ ਤੇਗ ਅਤੇ ਆਪਣੇ ਸ਼ਬਦਾਂ ਰਾਹੀਂ ਕਿਰਦਾਰਾਂ ਦੀ ਇਸ ਜੰਗ ਉੱਤੇ ਪਾਈ ਫਤਿਹ ਦੀ ਬੇਮਿਸਾਲ ਝਲਕ ਦਿਖਾਈ ਹੈ। ਸਾਨੂੰ ਇਸ ਘੱਲੂਘਾਰੇ ਨੂੰ ਰੋਣ-ਪਿੱਟਣ, ਤਾਹਨੇ-ਮਿਹਣੇ ਜਾਂ ਸਿਰਫ ਇਨਸਾਫ ਦੀਆਂ ਫਰਿਆਦਾਂ ਲਈ ਨਹੀਂ ਯਾਦ ਕਰਨਾ ਚਾਹੀਦਾ ਸਗੋਂ ਸਾਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ ਕਿ ਅਸੀਂ ਉਹ ਹਾਂ ਅਤੇ ਹਮੇਸ਼ਾਂ ਰਹਾਂਗੇ ਜਿਨ੍ਹਾਂ ਉੱਤੇ ਮੁਲਕ ਦੀ ਐਨੀ ਵੱਡੀ ਫੌਜ ਨੇ ਚੜ੍ਹਾਈ ਕੀਤੀ ਕਿ ਇਹਨਾਂ ਦੇ ਗੁੰਬਦ ਜਿਹੜੇ ਅਸਮਾਨਾਂ ਨੂੰ ਛੂੰਹਦੇ ਹਨ ਉਹ ਤਬਾਹ ਕਰ ਦਿੱਤੇ ਜਾਣ ਪਰ ਉਹਨਾਂ ਦੀਆਂ ਲੱਖਾਂ ਕੋਸ਼ਿਸ਼ਾਂ ਬਾਅਦ ਵੀ ਸਾਡੇ ਗੁੰਬਦ ਚੜ੍ਹਦੀਕਲਾ ਵਿੱਚ ਹਨ, ਸਹਿਜ ਵਿੱਚ ਹਨ, ਅਨੰਦ ਵਿੱਚ ਹਨ ਅਤੇ ਹੱਕ ਸੱਚ ਦੀ ਜੰਗ ਲਈ ਤਿਆਰ ਬਰ ਤਿਆਰ ਖੜੇ ਹਨ। 

 

ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼