ਪੰਥਕ ਜੋੜ ਮੇਲਿਆਂ ਦਾ ਨਿਆਰਾਪਨ ਮੁੜ ਸੁਰਜੀਤ ਕਰਨ ਦੀ ਲੋੜ

ਪੰਥਕ ਜੋੜ ਮੇਲਿਆਂ ਦਾ ਨਿਆਰਾਪਨ ਮੁੜ ਸੁਰਜੀਤ ਕਰਨ ਦੀ ਲੋੜ

ਹਰ ਸਾਲ 'ਖਾਲਸਾ ਸਾਜਨਾ ਦਿਵਸ' ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਮਨਾਇਆ ਜਾਂਦਾ ਹੈ

ਗੁਰੂ ਖਾਲਸਾ ਪੰਥ ਦੁਆਰਾ ਮਨਾਏ ਜਾਂਦੇ ਜੋੜ ਮੇਲਿਆਂ ਵਿਚ ਗੁਰਮਤਿ ਆਸ਼ੇ ਦੇ ਉਲਟ ਆਈਆਂ ਗਿਰਾਵਟਾਂ ਕਰਕੇ ਦਿਨੋਂ ਦਿਨ ਜੋੜ ਮੇਲਿਆਂ ਦਾ ਮਾਹੌਲ ਆਮ ਮੇਲੇ ਅਤੇ ਹਾਸੇ ਮੌਜ ਦੇ ਪਾਸੇ ਮੁੜਦਾ ਜਾ ਰਿਹਾ ਹੈ। ਜੋੜ ਮੇਲਿਆਂ ਨੂੰ ਅਸਲ ਪੰਥਿਕ ਰੂਪ ਵਿੱਚ ਸੁਰਜੀਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸ੍ਰੀ ਆਨੰਦਪੁਰ ਸਾਹਿਬ ਵਿਚ ਇਸ ਵਾਰ ਹੋਲੇ ਮੁਹੱਲੇ ਉਪਰ ਇੱਕ ਨਿਹੰਗ ਸਿੰਘ ਦੀ ਅਜਿਹੀ ਹੀ ਇੱਕ ਗਿਰਾਵਟ ਦਾ ਵਿਰੋਧ ਕਰਦਿਆਂ ਜਾਨ ਚਲੀ ਗਈ ਹੈ। ਹੁਣ ਅਗਾਂਹ ਕਰਨ ਦੇ ਲਈ ਵੱਡਾ ਕਾਰਜ ਇਹੀ ਹੈ ਕਿ ਪੰਥਕ ਤਰੀਕੇ ਨਾਲ ਜੋੜ ਮੇਲੇ ਲਗਾਏ ਜਾਣ, ਤਾਂਕਿ ਗੁਰੂ ਸਾਹਿਬਾਨ ਜਾਂ ਗੁਰਸਿਖਾਂ ਦੀ ਯਾਦ ਵਿੱਚ ਲੱਗਣ ਵਾਲੇ ਜੋੜ ਮੇਲਿਆਂ ਉਪਰ ਸੰਗਤ ਦਾ ਮਨ ਗੁਰੂ ਨਾਲ ਜੁੜ ਸਕੇ। 

ਸਿੱਖਾਂ ਨੇ ਜੋੜ ਮੇਲੇ ਗੁਰੂ ਸਾਹਿਬਾਨ ਨੂੰ ਸੰਗਤੀ ਰੂਪ ਵਿਚ ਮਿਲ ਬੈਠ ਕੇ ਯਾਦ ਕਰਨ ਲਈ ਲਗਾਉਣੇ ਸ਼ੁਰੂ ਕੀਤੇ ਸਨ। ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਵਿਚ ਜ਼ਿਕਰ ਆਉਂਦਾ ਹੈ ਕਿ ਸਿੱਖ ਕਿਸੇ ਰਾਤ ਨੂੰ ਇਕੱਠੇ ਹੋਕੇ ਆਪਣੇ ਸ਼ਹੀਦ ਹੋਏ ਭਰਾਵਾਂ ਦੀਆਂ ਸ਼ਹੀਦੀਆਂ ਦੀਆਂ ਬਾਤਾਂ ਪਾਉਂਦੇ, ਗੁਰਬਾਣੀ ਪੜਦੇ, ਪਾਠ ਦਾ ਭੋਗ ਪਾਉਂਦੇ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਜੰਗਲਾਂ ਵਿਚ ਚਲੇ ਜਾਂਦੇ। ਮੱਸਿਆ, ਪੂਰਨਮਾਸ਼ੀ ਅਤੇ ਮਹੀਨੇ ਦੇ ਪਹਿਲੇ ਦਿਨ ਸੰਗਰਾਂਦ ਨੂੰ ਅਜਿਹੇ ਕਾਰਜਾਂ ਲਈ ਇਕੱਠੇ ਹੋਣ ਵਜੋਂ ਚੁਣ ਲੈਂਦੇ ਸਨ। ਇਸ ਪਵਿਤਰ ਅਹਿਸਾਸ ਵਿਚੋਂ ਸਿੱਖਾਂ ਨੇ ਜੋੜ ਮੇਲੇ ਆਰੰਭ ਕੀਤੇ। ਬਿਖੜੇ ਸਮਿਆਂ ਤੋਂ ਬਾਅਦ ਵੀ ਸਿੱਖਾਂ ਨੇ ਗੁਰੂ ਸਾਹਿਬਾਨ, ਸੰਤਾਂ, ਗੁਰਸਿਖਾਂ ਅਤੇ ਸ਼ਹੀਦਾਂ ਦੀ ਪਵਿੱਤਰ ਯਾਦ ਦਾ ਅਹਿਸਾਸ ਅਤੇ ਮਾਹੌਲ ਜੋੜ ਮੇਲਿਆਂ ਦੌਰਾਨ ਕਾਇਮ ਰੱਖਿਆ। ਜਦ ਕਦੀ ਜੋੜ ਮੇਲਿਆਂ ਵਿਚੋਂ ਗੁਰੂ ਦਾ, ਸ਼ਹੀਦਾਂ ਦੀ ਯਾਦ ਦਾ ਅਹਿਸਾਸ ਪਤਲਾ ਹੁੰਦਾ ਨਜਰ ਆਇਆ ਤਾਂ ਸਿੱਖਾਂ ਨੇ ਸੁਚੇਤ ਰੂਪ ਵਿਚ ਕਾਰਵਾਈ ਕਰਦੇ ਹੋਏ ਆਪਣੇ ਵਸੀਲਿਆਂ ਅਤੇ ਸਮਰਥਾ ਦੇ ਨਾਲ ਪ੍ਰਚਲਿਤ ਹੋ ਚੁੱਕੀਆਂ ਕੁਰੀਤੀਆਂ ਨੂੰ ਠੱਲ ਪਾਈ। 

ਮਾਲਵੇ ਦੇ ਵਿਚ ਸੰਤ ਅਤਰ ਸਿੰਘ ਜੀ ਦੀ ਬਰਸੀ ਦੇ ਉਪਰ ਬੜਾ ਭਾਰੀ ਜੋੜ ਮੇਲਾ ਭਰਦਾ ਹੈ। ਸੰਤ ਅਤਰ ਸਿੰਘ ਜੀ ਬੀਤੀ ਸਦੀ ਵਿਚ ਗੁਰੂ ਖਾਲਸਾ ਪੰਥ ਦੀ ਅਣਥਕ ਸੇਵਾ ਕਰਨ ਵਾਲੇ ਅਤੇ ਗੁਰੂ ਪਿਆਰ ਵਿਚ ਰੰਗੇ ਹੋਏ ਗੁਰਮੁਖ ਹੋਏ ਹਨ। ਜਿਹਨਾਂ ਨੇ ਅਨੇਕਾਂ ਹੋਰ ਗੁਰਮੁਖਾਂ ਨੂੰ ਪੰਥ ਸੇਵਾ ਦੇ ਰਸਤੇ ਉਪਰ ਤੋਰਿਆ। ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਦੂਰ ਦੁਰਾਡੇ ਤੋਂ ਸਿੱਖ ਸੰਗਤ ਉਹਨਾਂ ਦੀ ਬਰਸੀ ਉਪਰ ਪਹੁੰਚਦੀ ਹੈ। ਪਰ ਬਹੁਤਾਤ ਵਿਚ ਪਹੁੰਚਣ ਵਾਲੇ ਲੋਕਾਂ ਦੇ ਧਿਆਨ ਵਿਚੋਂ ਇਹ ਅਹਿਸਾਸ ਖ਼ਤਮ ਹੋ ਗਿਆ ਹੈ ਕਿ ਉਹ ਸੰਤਾਂ ਦੀ ਬਰਸੀ ਉਪਰ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿਚ ਲੰਗਰ ਅਤੇ ਲੰਗਰਾਂ ਵਿਚੋਂ ਸਪੀਕਰਾਂ ਉਪਰ ਹੋਕੇ, ਟ੍ਰੈਕਟਰਾਂ ਉਪਰ ਸਪੀਕਰਾਂ ਦੀਆਂ ਅਵਾਜਾਂ, ਗੁਰਮਤਿ ਤੋਂ ਉਲਟ ਦੁਕਾਨਾਂ/ਬਾਜ਼ਾਰ ਵਰਗੇ ਰੁਝਾਨ ਚਿੱਤ ਨੂੰ ਕਾਹਲ, ਮਨ ਨੂੰ ਭਟਕਾਉਣ, ਦੁਨਿਆਵੀ ਮੌਜ ਮੇਲੇ ਦੇ ਵੱਲ ਨੂੰ ਆਮ ਲੋਕਾਂ ਨੂੰ ਧੱਕ ਰਹੇ ਹਨ। ਸਾਦੇ ਲੰਗਰ ਦੀ ਜਗ੍ਹਾ, ਰਸ ਨੂੰ ਜ਼ਿਆਦਾ ਅਹਿਮੀਅਤ ਦੇਣ ਕਰਕੇ ਸ਼ਰਧਾ ਭਾਵਨਾ ਤੋਂ ਟੁੱਟੀ ਹੋਈ ਲੋਕਾਈ ਜੋੜ ਮੇਲਿਆਂ ਉਪਰ ਖਿੱਚੀ ਆਉਂਦੀ ਹੈ। ਲੰਗਰ ਦੀ ਮਰਿਯਾਦਾ ਵਿੱਚ ਢਿੱਲੇ ਪਹਿਰਿਆਂ ਕਾਰਨ ਮਾੜੀ ਕਿਸਮ ਦੇ ਬੰਦੇ ਲੰਗਰ ਦੀ ਮਰਿਯਾਦਾ ਦੇ ਉਲਟ ਕਰਮ ਕਰਦੇ ਹਨ। ਅਜਿਹੇ ਰੁਝਾਨ ਸੰਤ ਜੀ ਦੇ ਆਸ਼ੇ ਅਤੇ ਉਹਨਾਂ ਦੇ ਸੁਭਾਅ ਦੇ ਬਿਲਕੁਲ ਉਲਟ ਪ੍ਰਚਲਿਤ ਹੋ ਰਹੇ ਹਨ, ਜਿਨ੍ਹਾਂ ਨੂੰ ਰੋਕਣ ਦੀ ਜਰੂਰਤ ਹੈ।  

ਹਰ ਸਾਲ 'ਖਾਲਸਾ ਸਾਜਨਾ ਦਿਵਸ' ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੜ੍ਹਦੀਕਲਾ ਨਾਲ ਮਨਾਇਆ ਜਾਂਦਾ ਹੈ। ਦੂਰੋਂ-ਦੂਰੋਂ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਦਿਹਾੜੇ 'ਤੇ ਹਾਜਰੀ ਭਰਦੀਆਂ ਹਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਇਸ ਪਵਿੱਤਰ ਦਿਹਾੜੇ ਨੂੰ ਇੱਕ ਮੇਲੇ ਵਜੋਂ ਜਾਣਿਆ ਜਾਣ ਲੱਗਾ ਹੈ। ਸੁਚਜੇ ਅਮਲ ਤਹਿਤ ਕੁਝ ਉਦਮ, ਸਿੱਖ ਸੰਸਥਾਵਾਂ, ਸ੍ਰੋਮਣੀ ਕਮੇਟੀ ਅਤੇ ਸਿੱਖ ਜਥਿਆਂ ਵਲੋਂ ਟ੍ਰੈਕਟਰਾਂ ਉਪਰ ਵੱਜਣ ਵਾਲੇ ਸਪੀਕਰਾਂ ਦੇ ਰੁਝਾਨ ਨੂੰ ਰੋਕਣ ਲਈ ਹੋਣੇ ਸ਼ੁਰੂ ਹੋ ਗਏ ਹਨ, ਜੋ ਕਿ ਚੰਗੀ ਗੱਲ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਜਥਿਆਂ ਵਲੋਂ ਖਾਲਸਾ ਸਾਜਨਾ ਦਿਵਸ ਮੌਕੇ ਹੁੰਦੇ ਸਮਾਗਮਾਂ ਦੌਰਾਨ ਮੇਲਾ ਸਭਿਆਚਾਰ ਨੂੰ ਠੱਲ੍ਹ ਪਾਉਣ ਲਈ ਲਿਖਤੀ ਸੁਝਾਅ ਤਖਤ ਸਾਹਿਬ ਦੇ ਮਨੇਜਰ ਨੂੰ ਸੌਪੇ ਗਏ।

ਇਸਦੇ ਲਈ ਬਣਦੇ ਕੁਝ ਕਾਰਜ ਜੋ ਸਿੱਖ ਸੰਸਥਾਵਾਂ ਦੇ ਕਰਨਯੋਗ ਹਨ, ਜ਼ਰੂਰ ਕੀਤੇ ਜਾਣੇ ਚਾਹੀਦੇ ਹਨ, ਦੁਕਾਨਾਂ ਜੋ ਮੌਜ ਮੇਲੇ ਨਾਲ ਸਬੰਧਿਤ ਹਨ ਅਤੇ ਗੁਰਮਤਿ ਅਨੁਸਾਰੀ ਨਹੀਂ ਹਨ, ਅਜਿਹੀਆਂ ਦੁਕਾਨਾਂ ਨੂੰ ਲੱਗਣ ਦੀ ਮਨਜੂਰੀ ਨਹੀਂ ਦਿੱਤੀ ਜਾਣੀ ਚਾਹੀਦੀ, ਜਾਂ ਬਾਹਰ ਕਿਸੇ ਜਗ੍ਹਾ ਵਿੱਚ ਇਕੱਠੀਆ ਕਰਨੀਆਂ ਚਾਹੀਦੀਆਂ ਹਨ। ਸਪੀਕਰਾਂ ਰਾਹੀਂ ਲੰਗਰ ਛਕਣ ਦੀਆਂ ਅਵਾਜਾਂ ਦੇਣ ਤੇ ਸੰਕੋਚ ਕਰਨਾ ਚਾਹੀਦਾ ਹੈ। ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਟ੍ਰੈਕਟਰਾਂ ਦੇ ਡੈੱਕ 'ਤੇ ਪੂਰਨ ਪਾਬੰਦੀ ਦੇ ਨਾਲ ਨਾਲ ਮੋਟਰਸਾਈਕਲਾਂ ‘ਤੇ ਵੱਡੇ ਹਾਰਨ ਅਤੇ ਸ਼ੋਰ ਸ਼ਰਾਬਾ ਪਾਉਣ ਵਾਲਿਆਂ ਨੂੰ ਜੋੜ ਮੇਲਿਆਂ ਦੀ ਪਵਿਤਰਤਾ ਦਾ ਅਹਿਸਾਸ ਕਰਵਾਉਣ ਲਈ ਓਹੋ ਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ।  ਖਾਲਸਾ ਸਾਜਨਾ ਦਿਵਸ ਮੌਕੇ ਪ੍ਰਸ਼ਾਸ਼ਨ ਵਲੋਂ ਸਾਧਨਾਂ ਦੇ ਦਾਖਲੇ ਲਈ ਜੋ ਪਾਸ ਮੁਹਈਆ ਕਰਵਾਏ ਜਾਂਦੇ ਹਨ ਉਹਨਾਂ 'ਤੇ ਵੀ 'ਮੇਲਾ ਪਾਸ' ਲਿਖਿਆ ਹੁੰਦਾ ਹੈ ਜੋ ਕਿ ਸਹੀ ਨਹੀਂ ਹੈ। 

ਇਹ ਗੁਰੂ ਖਾਲਸਾ ਪੰਥ ਵਿੱਚ ਸ਼ਾਮਲ ਸਮੂਹ ਜਥਿਆਂ ਅਤੇ ਸੰਸਥਾਵਾਂ ਦਾ ਫਰਜ ਬਣਦਾ ਹੈ ਕਿ ਇਹਨਾਂ ਦਿਹਾੜਿਆ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪੋ ਆਪਣੀ ਸਮਰੱਥਾ ਅਨੁਸਾਰ ਯਤਨ ਕਰਨ। ਖਾਲਸਾ ਪ੍ਰਮਾਤਮਾ ਦੀ ਮੌਜ ਵਿੱਚ ਪਰਗਟ ਹੋਇਆ ਹੈ, ਇਹ ਅਕਾਲ ਪੁਰਖ ਦੀ ਫੌਜ ਹੈ ਜੋ ਹਮੇਸ਼ਾ ਨਿਤਾਣਿਆਂ ਦੀ ਧਿਰ ਬਣ ਕੇ ਪੂਰੀ ਧਰਤ 'ਤੇ ਸਰਬੱਤ ਦੇ ਭਲੇ ਅਤੇ ਬਰਾਬਰਤਾ ਦਾ ਢਾਂਚਾ ਸਿਰਜਣ ਲਈ ਯਤਨਸ਼ੀਲ ਹੈ। ਇਹਦੇ ਅਮਲਾਂ ਦੀਆਂ ਮਹਿਕਾਂ ਹਵਾਵਾਂ ਵਿੱਚ ਸਦਾ ਲਈ ਰਹਿਣਗੀਆਂ, ਜਿਹੜੀਆਂ ਯੁਗਾਂ-ਯੁਗਾਂ ਤਕ ਲੁਕਾਈ ਦੇ ਸਾਹਾਂ ਵਿੱਚ ਘੁਲ ਕੇ ਇਸ ਲਗਾਤਾਰਤਾ ਨੂੰ ਜਾਰੀ ਰੱਖਣਗੀਆਂ।

 

ਸੰਪਾਦਕ