ਇਸਾਈ ਸਿੱਖ ਮਸਲਾ

ਇਸਾਈ ਸਿੱਖ ਮਸਲਾ

ਈਸਾਈ ਕਹਾਉਣ ਵਾਲੇ ਪ੍ਰਚਾਰਕਾਂ ਦੁਆਰਾ ਲੋਕਾਂ ਦਾ ਧਰਮ ਬਦਲੀ ਕਰਵਾਉਣ

ਪਿਛਲੇ ਮਹੀਨੇ ਤੋਂ ਮਾਝੇ ਦੇ ਇਲਾਕੇ ਵਿਚ ਈਸਾਈ ਕਹਾਉਣ ਵਾਲੇ ਪ੍ਰਚਾਰਕਾਂ ਦੁਆਰਾ ਲੋਕਾਂ ਦਾ ਧਰਮ ਬਦਲੀ ਕਰਵਾਉਣ ਅਤੇ ਇਸ ਦੇ ਸਿੱਟੇ ਵਜੋਂ ਨਿਹੰਗ ਸਿੰਘਾਂ ਦੇ ਨਾਲ ਟਕਰਾਅ ਅਤੇ ਇਸ ਤੋਂ ਬਾਅਦ ਦੋਵੇਂ ਧਿਰਾਂ ਵਲੋਂ ਇੱਕ ਦੂਜੇ ਖਿਲਾਫ ਹੋ ਰਹੀ ਬਿਆਨਬਾਜ਼ੀ ਨਾਲ ਸਬੰਧਿਤ ਖਬਰਾਂ ਨਿੱਤ ਅਖਬਾਰਾਂ ਵਿਚ ਲੱਗਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀ ਇਸ ਸਬੰਧ ਵਿਚ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਐਂਗਲੀਕਨ ਚਰਚ ਦੇ ਬਿਸ਼ਪ ਜੌਹਨ ਨਾਲ ਗੱਲਬਾਤ ਕਰਕੇ ਦੋਵਾਂ ਨੇ ਈਸਾਈ ਕਹਾਉਣ ਵਾਲੇ ਇਹਨਾਂ ਪ੍ਰਚਾਰਕਾਂ ਦੇ ਤਰੀਕੇ ਨੂੰ ਗਲਤ ਦੱਸਿਆ ਸੀ ਅਤੇ ਦੋਵੇ ਪਾਸਿਆਂ ਤੋਂ ਇਸ ਸਬੰਧੀ ਸਰਕਾਰ ਤੋਂ ਇਸ ਤਰ੍ਹਾਂ ਦੇ ਈਸਾਈ ਪ੍ਰਚਾਰਕਾਂ 'ਤੇ ਪਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ ਸੀ। ਧਰਮ ਬਦਲਾਉਣ ਦੇ ਇਹਨਾਂ ਮਾਮਲਿਆਂ ਦੀ ਚਰਚਾ ਜਿਆਦਾਤਰ ਬਿਜਲ ਸੱਥ (ਸੋਸ਼ਲ ਮੀਡੀਆ) ਤੇ ਹੁੰਦੀ ਹੈ। ਇਸ ਦੇ ਅਸਰ ਵਜੋਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘੱਟ ਜਾਣ, ਈਸਾਈਆਂ ਅਤੇ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਣ ਦਾ ਫਿਕਰ ਸਿੱਖਾਂ ਦੇ ਇੱਕ ਹਿੱਸੇ ਵਿਚ ਕਾਫੀ ਵਧਿਆ ਹੈ। ਜਿਕਰਯੋਗ ਹੈ ਕਿ ਇਹ ਈਸਾਈ ਪ੍ਰਚਾਰਕ ਹਰੇਕ ਸਹਾਇਕ ਤਰੀਕੇ ਰਾਹੀਂ ਆਮ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ, ਜਿਸਨੂੰ ਈਸਾਈਆਂ ਦੀਆਂ ਨਾਮਵਰ ਸੰਸਥਾਵਾਂ ਵੀ ਪ੍ਰਵਾਨਗੀ ਨਹੀਂ ਦਿੰਦੀਆਂ। ਜੋ ਗੱਲ ਜਿਆਦਾ ਫੜੀ ਗਈ ਹੈ ਉਹ ਇਹ ਕਿ ਇਹ ਈਸਾਈ ਕਹਾਉਂਦੇ ਪ੍ਰਚਾਰਕ ਮਜਬੂਰ ਲੋਕਾਂ ਨੂੰ ਲਾਲਚ ਜਾਂ ਸਹੂਲਤਾਂ ਦੇ ਕੇ ਆਪਣੇ ਨਾਲ ਜੋੜਦੇ ਹਨ। ਦੂਸਰਾ ਧੋਖੇ, ਚਮਤਕਾਰ ਰਾਹੀਂ, ਸਕੂਲ ਅਤੇ ਕਾਲਜ ਪੱਧਰ ਤੇ ਸਿੱਖਿਆ ਰਾਹੀ ਆਪਣੇ ਵਿਚ ਰਲਾਉਂਦੇ ਹਨ। ਇਸ ਸਾਰੇ ਮਾਮਲੇ ਤੋਂ ਵੱਡਾ ਹਿੱਸਾ ਜਾਣੂ ਹੈ। ਇਸ ਮਸਲੇ ‘ਤੇ ਕੁਝ ਅਜਿਹੇ ਨੁਕਤੇ ਹਨ ਜਿੰਨ੍ਹਾਂ ਦੁਆਲੇ ਗੱਲ ਜਿੰਨੀ ਤੁਰਨੀ ਚਾਹੀਦੀ ਸੀ ਉਨੀ ਤੁਰੀ ਨਹੀਂ। 

ਪਹਿਲਾ ਨੁਕਤਾ ਇਹ ਹੈ ਕਿ ਸਿੱਖੀ ਬਖਸ਼ਿਸ਼ ਦੇ ਨਾਲ ਮਿਲਦੀ ਹੈ। ਸਿੱਖੀ ਨਾ ਲਾਲਚ ਨਾਲ ਫੈਲਾਈ ਜਾ ਸਕਦੀ ਹੈ, ਨਾ ਹੀ ਸਿੱਖੀ ਗਿਣਤੀਆਂ ਦੀ ਅਤੇ ਨਾ ਹੀ ਸਹੂਲਤਾਂ ਦੀ ਮੁਹਥਾਜ ਹੈ, ਸੋ ਇਸ ਲਈ ਇਹ ਪਹੁੰਚ ਬਿਲਕੁਲ ਗਲਤ ਹੈ ਕਿ ਜੇਕਰ ਉਹ ਲੋਕਾਂ ਨੂੰ ਲਾਲਚ ਦੇ ਕੇ ਆਪਣੀ ਗਿਣਤੀ ਵਧਾ ਰਹੇ ਹਨ ਤਾਂ ਸਾਨੂੰ ਵੀ ਲੋਕਾਂ ਨੂੰ ਸਹੂਲਤਾਂ ਜਾਂ ਲਾਲਚ ਜਾਂ ਹੋਰ ਕਿਸੇ ਛਲ ਕਪਟ ਨਾਲ ਸਿੱਖੀ ਵੱਲ ਲੈ ਕੇ ਆਉਣਾ ਚਾਹੀਦਾ ਹੈ। ਇਹ ਤਰੀਕਾ ਸਾਡਾ ਨਹੀਂ ਹੈ, ਸਿੱਖੀ ਵਿੱਚ ਦੀਵੇ ਤੋਂ ਦੀਵਾ ਜਗਦਾ ਹੈ, ਜਿਸ 'ਤੇ ਗੁਰੂ ਦੀ ਬਖਸ਼ਿਸ਼ ਹੋਵੇਗੀ ਸਿੱਖੀ ਉਸੇ ਨੂੰ ਹੀ ਪ੍ਰਾਪਤ ਹੋਵੇਗੀ। ਅੱਜ ਜੋ ਲਾਲਚ ਵੱਸ ਕਿਸੇ ਨਾਲ ਜੁੜ ਰਿਹਾ, ਕੱਲ ਨੂੰ ਕਿਸੇ ਵੱਡੇ ਲਾਲਚ ਪਿਛੇ ਉਸ ਤੋਂ ਟੁੱਟ ਵੀ ਜਾਵੇਗਾ।

ਦੂਸਰਾ ਨੁਕਤਾ ਇਹ ਹੈ ਕਿ ਇਹ ਜਿੰਨੇ ਵੀ ਚਮਤਕਾਰਾਂ ਵਾਲੇ ਜੋ ਈਸਾਈ ਪ੍ਰਚਾਰਕ ਕਹਾ ਰਹੇ ਹਨ ਇਹਨਾਂ ਪਿੱਛੇ ਬਿਨਾਂ ਸ਼ੱਕ ਸਟੇਟ ਅਤੇ ਆਰ.ਐੱਸ.ਐੱਸ ਹੈ। ਇਹ ਅਸਲ ਚਰਚਾਂ ਦੇ ਨੁਮਾਇੰਦੇ ਨਹੀਂ ਹਨ, ਸਗੋਂ ਉਹਨਾਂ ਦੇ ਨੁਮਾਇੰਦੇ ਤਾਂ ਇਹਨਾਂ ਨੂੰ ਖੁਦ ਨਕਲੀ ਦੱਸ ਰਹੇ ਹਨ ਅਤੇ ਇਸ ਸਭ ਦਾ ਉਹ ਵੀ ਵਿਰੋਧ ਕਰ ਰਹੇ ਹਨ। ਹਕੂਮਤ ਚਾਹੇ ਕੋਈ ਵੀ ਸਾਜਿਸ਼, ਛਲ ਕਪਟ ਘੜ ਲਵੇ, ਜੇਕਰ ਸਿੱਖ ਸੰਗਤ ਆਪਣਾ ਭਰੋਸਾ ਗੁਰੂ ‘ਤੇ ਅਡੋਲ ਰੱਖਦੀ ਹੈ, ਅਤੇ ਹਰੇਕ ਮਸਲੇ ਵਿਚ ਸੁਚੇਤ ਰਹਿੰਦੀ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਿੱਖੀ ਨੂੰ ਖੋਰਾ ਨਹੀਂ ਲਾ ਸਕਦੀ। 

ਤੀਸਰਾ ਨੁਕਤਾ ਇਹ ਹੈ ਕਿ ਜਿੰਨ੍ਹੇ ਸਿੱਖ (ਦਿਸਦੇ ਰੂਪ ਵਿੱਚ) ਇਸ ਪਾਸੇ ਜਾ ਰਹੇ ਹਨ ਉਹਨਾਂ ਬਾਰੇ ਸਾਨੂੰ ਜਰੂਰ ਵੇਖਣਾ ਚਾਹੀਦਾ ਹੈ ਕਿ ਉਹ ਕੌਣ ਲੋਕ ਹਨ। ਅਸਲ ਵਿੱਚ ਉਹ ਓਹੀ ਲੋਕ ਹਨ ਜਿਹੜੇ ਡੇਰਾਵਾਦ ਨੂੰ ਮੰਨਦੇ ਹਨ, ਜਿੰਨ੍ਹਾ ਵਿੱਚ ਸਰਸੇ ਵਾਲੇ ਦੇ ਚੇਲੇ, ਨੂਰ ਮਹਿਲੀਏ ਦੇ ਚੇਲੇ, ਰਾਧਾ ਸੁਆਮੀ ਦੇ ਚੇਲੇ ਜਾਂ ਕਬਰਾਂ 'ਤੇ ਮੱਥੇ ਟੇਕਣ ਵਾਲੇ ਆਦਿ ਲੋਕ ਸ਼ਾਮਲ ਹਨ। ਬਹੁਤਾਤ ਇਹਨਾਂ ਲੋਕਾਂ ਦੀ ਹੀ ਹੈ, ਇਹਨਾਂ ਵਿੱਚ ਪੱਗਾਂ ਵਾਲੇ ਵੀ ਹਨ, ਦਾਹੜੀਆਂ ਵਾਲੇ ਵੀ ਹਨ, ਬਸ ਇਹਨਾਂ ਦੀ ਦਿੱਖ ਹੀ ਸਿੱਖਾਂ ਵਾਲੀ ਹੈ, ਪਰ ਇਹ ਸਿੱਖ ਨਹੀਂ ਹਨ। ਉਹਨਾਂ ਦੀਆਂ ਤਸਵੀਰਾਂ/ਵੀਡਿਓ ਵਿਖਾ ਕੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਭ ਦੇ ਬਹਾਨੇ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਈਸਾਈਅਤ ਵਿਰੋਧੀ ਦਿਖਾ ਕੇ ਸਿੱਖਾਂ ਅਤੇ ਈਸਾਈਆਂ ਦਾ ਦੁਨੀਆਂ ਪੱਧਰ 'ਤੇ ਟਕਰਾਅ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। 

ਇੱਕ ਨੁਕਤਾ ਇਹ ਹੈ ਕਿ ਜੇਕਰ ਫਿਰ ਵੀ ਸਾਨੂੰ ਲਗਦਾ ਹੈ ਕਿ ਇਹ ਅਸਲ ਈਸਾਈ ਹਨ ਜੋ ਆਪਣੇ ਪੈਰ ਪਸਾਰ ਰਹੇ ਹਨ, ਫਿਰ ਉਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ? ਉਹਨਾਂ ਦੇ ਪਿੱਛੇ ਉਹਨਾਂ ਦੀਆਂ ਸੰਸਥਾਵਾਂ ਖੜ੍ਹੀਆਂ ਹਨ। ਸੰਸਥਾਵਾਂ ਦਾ ਮੁਕਾਬਲਾ ਸੰਸਥਾਵਾਂ ਨਾਲ ਹੀ ਹੋ ਸਕਦਾ ਹੈ। ਸਿੱਖਾਂ ਦੀਆਂ ਸੰਸਥਾਵਾਂ ਅੱਜ ਸਿੱਧੇ-ਅਸਿੱਧੇ ਤਰੀਕੇ ਗਲਤ ਹੱਥਾਂ ਵਿੱਚ ਹਨ, ਉਹ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਨਹੀਂ ਕਰ ਰਹੀਆਂ। ਸੋ ਸਾਨੂੰ ਆਪਣੀਆਂ ਸੰਸਥਾਵਾਂ ਆਜ਼ਾਦ ਕਰਵਾਉਣ ਦੀ ਲੋੜ ਹੈ ਅਤੇ ਨਵੀਆਂ ਸੰਸਥਾਵਾਂ ਜੋ ਗੁਰਮਤਿ ਅਨੁਸਾਰੀ ਹੋਣ, ਸਾਡੀ ਰਵਾਇਤ ਅਨੁਸਾਰ ਹੋਣ ਉਹ ਬਣਾਉਣ ਦੀ ਲੋੜ ਹੈ। 

ਸਿੱਖ ਰਾਜ ਜਾਣ ਤੋਂ ਬਾਅਦ ਈਸਾਈ ਮਿਸ਼ਨਰੀਆਂ ਦੁਆਰਾ ਅਮ੍ਰਿਤਸਰ, ਲਾਹੌਰ, ਸਿਆਲਕੋਟ ਕਿੰਨੇ ਹੀ ਇਲਾਕਿਆਂ ਵਿਚ ਈਸਾਈ ਸਕੂਲ ਅਤੇ ਚਰਚਾਂ  ਸਥਾਪਤ ਕਰਕੇ ਬੜੇ ਜ਼ੋਰ ਨਾਲ ਈਸਾਈ ਧਰਮ ਦਾ ਪ੍ਰਚਾਰ ਕੀਤਾ ਗਿਆ ਸੀ ਅਤੇ ਨਤੀਜਨ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਗਈ। ਇਥੋਂ ਤੱਕ ਕਿ ਸਿੱਖ ਮਹਾਰਾਜਾ ਦਲੀਪ ਸਿੰਘ, ਕਪੂਰਥਲਾ ਰਿਆਸਤ ਦੇ ਰਾਜਕੁਮਾਰ, ਸਕੂਲਾਂ ਵਿਚ ਪੜਦੇ ਵਿਦਿਆਰਥੀ ਵੀ ਈਸਾਈ ਸਿੱਖਿਆ ਤੇ ਉਹਨਾਂ ਦੀ ਸੰਗਤ ਕਰਕੇ ਈਸਾਈ ਬਣ ਗਏ ਸੀ। ਇਸ ਬਾਰੇ ਅੰਗਰੇਜ਼ੀ ਦੇ ਅਖਬਾਰ ਵਿਚ ਛਪੀ ਇੱਕ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਿੱਖਾਂ ਦੀ ਗਿਣਤੀ ਜੇਕਰ ਇਸੇ ਰਫ਼ਤਾਰ ਨਾਲ ਘੱਟਦੀ ਗਈ ਤਾਂ ਜਿਵੇਂ ਬੋਧੀਆਂ ਦੇ ਦਰਸ਼ਨ ਤਸਵੀਰਾਂ ਵਿਚ ਹੀ ਹੁੰਦੇ ਹਨ। ਸਿੱਖ ਵੀ ਤਸਵੀਰਾਂ ਵਿਚ ਹੀ ਨਜ਼ਰ ਆਉਣਗੇ। ਪਰ ਉਸ ਵੇਲੇ ਦੇ ਸਿੱਖਾਂ ਨੇ ਮਿਲ ਬੈਠ ਵਿਚਾਰਾਂ ਕੀਤੀਆ ਅਤੇ ਇਸ ਵਿਚੋਂ ਸਿੰਘ ਸਭਾ ਲਹਿਰ ਦਾ ਜਨਮ ਹੋਇਆ ਜਿਸ ਨੇ ਈਸਾਈਆਂ ਵਲੋਂ ਖੜੀ ਕੀਤੀ ਚੁਣੌਤੀ ਨਾਲ ਵੀ ਨਜਿੱਠਿਆ ਅਤੇ ਆਰੀਆ ਸਮਾਜੀ ਅਤੇ ਮਹੰਤਾਂ ਦੇ ਕੂੜ ਪ੍ਰਚਾਰ, ਗੁਰੂਘਰਾਂ ਵਿਚੋ ਬਿਪਰ ਕੁਰਹਿਤਾਂ ਨੂੰ ਵੀ ਠੱਲ ਪਾਈ। ਸਿੰਘ ਸਭਾ ਦੇ ਸਿੰਘਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਸਿੱਖਾਂ ਵਲੋਂ ਜਾਨਣਾ ਜਰੂਰੀ ਹੈ। ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਪਰ ਕਿਸੇ ਵੀ ਤਰ੍ਹਾਂ ਈਸਾਈਅਤ ਨੂੰ ਨੀਵਾਂ ਨਹੀਂ ਦਿਖਾਇਆ।

ਬਿਪਤਾਵਾਂ ਸਦਾ ਹੀ ਜਿਉਂਦੀਆਂ ਕੌਮਾਂ ਨਾਲ ਪਰਛਾਵਿਆਂ ਦੀ ਤਰ੍ਹਾਂ ਚੱਲਦੀਆਂ ਹਨ। ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿਧਾਂ ਪਾਸ ਫੁਰਮਾਇਆ ਸੀ ਕਿ ਉਹਨਾਂ ਦੀ ਟੇਕ ਗੁਰਬਾਣੀ ਗੁਰਸੰਗਤ ਹੈ। ਮੌਜੂਦਾ ਦਰਪੇਸ਼ ਪ੍ਰਚਾਰ ਹਮਲੇ ਦਾ ਹੱਲ ਵੀ ਇਸੇ ਗੁਰਮਤ ਜੁਗਤ ਵਿਚੋਂ ਨਿਕਲ ਸਕਦਾ ਹੈ। 

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼