ਉੱਘੇ ਲੇਖਕ ਰਿਟਾ:  ਕਰਨਲ ਹਰੀਸਿਮਰਨ ਸਿੰਘ ਦੀ ਪੁਸਤਕ ‘‘ਦੀਪ ਸ਼ਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਭਾਰਤੀ ਅੰਬੈਸੀ ’ਚ ਲੋਕ ਅਰਪਿਤ

ਉੱਘੇ ਲੇਖਕ ਰਿਟਾ:  ਕਰਨਲ ਹਰੀਸਿਮਰਨ ਸਿੰਘ ਦੀ ਪੁਸਤਕ ‘‘ਦੀਪ ਸ਼ਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਭਾਰਤੀ ਅੰਬੈਸੀ ’ਚ ਲੋਕ ਅਰਪਿਤ

*ਭਾਰਤੀ ਅੰਬੈਸਡਰ ਸ੍ਰ. ਤਰਨਜੀਤ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ*

*ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਤੇ ਹੋਰ ਨੁਮਾਇੰਦੇ ਹੋਏ ਸ਼ਾਮਿਲ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ, 16 ਸਤੰਬਰ (ਰਾਜ ਗੋਗਨਾ) —ਪੰਜਾਬੀ ਦੇ ਉੱਘੇ ਸਿੱਖ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਵਲੋਂ ਲਿਖੀ ਪੁਸਤਕ ‘ਦੀਪ ਸਿੰਘ ਸ਼ਹੀਦ, ਦਾ ਮੈਨ ਇਨ ਦਾ ਲੀਜੈਂਡ’ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਾਸ਼ਿੰਗਟਨ ਸਥਿੱਤ ਭਾਰਤੀ ਅੰਬੈਸੀ ਦੇ ਅੰਬੈਸਡਰ ਸ੍ਰ. ਤਰਨਜੀਤ ਸਿੰਘ ਸੰਧੂ ਵਲੋਂ ਲੋਕ ਅਰਪਿਤ ਕੀਤੀ ਗਈ। ਇਸ ਸਮਾਗਮ ਵਿਚ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਆਪਣੇ ਸਾਥੀਆਂ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਦਿਲਵੀਰ ਸਿੰਘ, ਰਤਨ ਸਿੰਘ, ਹਰੀ ਰਾਜ ਸਿੰਘ, ਹਰਜੀਤ ਚੰਢੋਕ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪੁਸਤਕ ਲੋਕ ਅਰਪਿਤ ਕਰਨ ਉਪਰੰਤ ਭਾਰਤੀ ਅੰਬੈਸਡਰ ਸ੍ਰ. ਤਰਨਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੱੁਗ ਵਿਚ ਵੀ ਪੁਸਤਕਾਂ ਭਰੋਸੇਯੋਗਤਾ ਅਤੇ ਗਿਆਨ ਦਾ ਪ੍ਰਤੀਕ ਬਣੀਆਂ ਹੋਈਆਂ ਹਨ। ਸਾਡੀ ਅਗਲੀ ਪੀੜ੍ਹੀ ਤੱਕ ਸਾਡੇ ਗੌਰਵਮਈ ਇਤਿਹਾਸ ਨੂੰ ਸੁਰੱਖਿਅਤ ਪਹੁੰਚਾਉਣ ਲਈ ਪੁਸਤਕਾਂ ਦਾ ਵੱਡਾ ਯੋਗਦਾਨ ਹੈ ਅਤੇ ਮੈਂ ਅੱਜ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਨੂੰ ਉਨ੍ਹਾਂ ਦੇ ਪੁਸਤਕ ਲੋਕ ਅਰਪਿਤ ਹੋਣ ’ਤੇ ਵਧਾਈ ਦਿੰਦਾ ਹਾਂ।

ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਹਨਾਂ ਰਿਟਾ. ਕਰਨਲ ਹਰੀਸਿਮਰਨ ਸਿੰਘ ਵਲੋਂ ਦਿੱਤੀ ਗਈ ਪ੍ਰੈਜ਼ੈਂਟੇਸ਼ਨ ਵਿਚ ਦੇਖਿਆ ਕਿ ਪੁਸਤਕ ਵਿਚ ਬਹੁਤ ਪ੍ਰਭਾਵਸ਼ਾਲੀ ਸਮੱਗਰੀ ਹੈ, ਸੋ ਅਸੀਂ ਸਿੱਖਸ ਆਫ ਅਮੈਰਿਕਾ ਵਲੋਂ ਇਸ ਪੁਸਤਕ ਦੇ ਪ੍ਰਚਾਰ ਲਈ ਭਰਪੂਰ ਕੋਸ਼ਿਸ਼ ਕਰਾਂਗੇ।ਪੁਸਤਕ ਦੇ ਲੇਖਕ ਰਿਟ. ਕਰਨਲ ਹਰੀਸਿਮਰਨ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੁਸਤਕ ਲਿਖਣਾ ਦਾ ਉਨ੍ਹਾਂ ਦਾ ਮਕਸਦ ਸੀ ਕਿ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ ਬਹੁਤ ਬਰੀਕੀ ਨਾਲ ਜਾਣਿਆ ਜਾਵੇ, ਕੁਝ ਅਣਗੌਲੇ ਪੱਖ ਖਾਸਕਰ ਨਵੀਂ ਪੀੜ੍ਹੀ ਦੇ ਸਨਮੁੱਖ ਜ਼ਰੂਰ ਹੋਣੇ ਚਾਹੀਦੇ ਹਨ ਤੇ ਉਹ ਪੁਸਤਕਾਂ ਜ਼ਰੀਏ ਹੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪੁਸਤਕ ਵਾਸ਼ਿੰਗਟਨ ਸਥਿੱਤ ਭਾਰਤੀ ਅੰਬੈਸੀ ਵਿਚ ਬਹੁਤ ਹੀ ਉੱਚ ਪੱਧਰੀ ਸਮਾਗਮ ਵਿਚ ਲੋਕ ਅਰਪਿਤ ਹੋਈ ਹੈ ਅਤੇ ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਹਾਸਲ ਕਰ ਕੇ ਜ਼ਰੂਰ ਪੜ੍ਹਨਗੇ। ਅੰਤ ਵਿਚ ਭਾਰਤ ਅੰਬੈਸੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ।