ਗੁਰਾਂ ਦੇ ਨਾਂ ਤੇ ਵਸਦਾ ਪੰਜਾਬ

ਗੁਰਾਂ ਦੇ ਨਾਂ ਤੇ ਵਸਦਾ ਪੰਜਾਬ

ਗੁਰੂ ਪਾਤਸ਼ਾਹ ਨੇ ਜੋ ਸਾਡੇ 'ਤੇ ਫਰਜ ਆਇਦ ਕੀਤਾ, ਉਹ ਸਰਬੱਤ ਦੇ ਭਲੇ ਦਾ ਹੈ। ਇਹ ਫਰਜ਼ ਹੀ ਸਾਡੀ ਵਿਰਾਸਤ ਹੈ ਅਤੇ ਇਸ ਲਈ ਅਕਸਰ ਪੰਜਾਬ ਦੇ ਜਾਏ ਸੰਘਰਸ਼ 'ਚ ਰਹਿੰਦੇ ਹਨ।

ਸੰਘਰਸ਼ਾਂ ਜਾਂ ਜੰਗਾਂ ਯੁੱਧਾਂ ਵਿੱਚੋਂ ਅਸਲ ਸਫਲਤਾ ਸਿਰਫ ਦਿਸਦੀਆਂ ਜਿੱਤਾਂ ਹਾਰਾਂ ਜਾਂ ਪ੍ਰਾਪਤੀਆਂ ਨਹੀਂ ਹੁੰਦੀਆਂ ਸਗੋਂ ਬਹੁਤ ਕੁਝ ਅਣਦਿਸਦਾ ਵੀ ਹੁੰਦਾ ਹੈ, ਓਹੀ ਅਸਲ ਵਿਰਾਸਤ ਹੁੰਦੀ ਹੈ ਜੋ ਅਗਲੀਆਂ ਪੀੜ੍ਹੀਆਂ ਤੱਕ ਆਪਣਾ ਸਫ਼ਰ ਜਾਰੀ ਰੱਖਦੀ ਹੈ। ਇਸ ਵਿਰਾਸਤ ਨੂੰ ਕਮਾਉਣ ਅਤੇ ਸਾਂਭਣ ਲਈ ਬਹੁਤ ਸਿਦਕ, ਸਹਿਜ ਅਤੇ ਤਿਆਗ ਦੀ ਲੋੜ ਪੈਂਦੀ ਹੈ। ਇਹ ਵਿਰਾਸਤ ਗੁਰੂ ਵੱਲ ਮੂੰਹ ਕਰਕੇ, ਗੁਰੂ ਨੂੰ ਅਰਦਾਸ ਕਰਕੇ, ਸੇਵਾ ਬੰਦਗੀ ਨਾਲ ਗੁਰੂ ਦੀ ਮਿਹਰ ਸਦਕਾ ਹੀ ਕਮਾਈ ਜਾ ਸਕਦੀ ਹੈ। ਪੰਜਾਬ ਦੀ ਧਰਤ ਨੂੰ ਅਜਿਹੇ ਮਨੁੱਖ ਵੱਡੀ ਗਿਣਤੀ ਵਿੱਚ ਨਸੀਬ ਹੋਏ ਜਿੰਨਾਂ ਨੇ ਇਸ ਵਿਰਾਸਤ ਨੂੰ ਕਮਾਇਆ ਅਤੇ ਸਾਂਭਿਆ। ਪੰਜਾਬ ਬਾਬਤ ਪ੍ਰੋ. ਪੂਰਨ ਸਿੰਘ ਬੜੀ ਡੂੰਘੀ ਗੱਲ ਕਹਿੰਦੇ ਹਨ ਕਿ “ਪੰਜਾਬ ਵਸਦਾ ਗੁਰਾਂ ਦੇ ਨਾਂ ਤੇ”। ਬਿਪਤਾ ਦੇ ਸਮੇਂ ਇਸ ਗੱਲ ਦੇ ਬਹੁਤ ਸੌਖਾਲੇ ਅਤੇ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ। 

ਵਿਰਲੇ ਮਨੁੱਖ ਸਰਬੱਤ ਦੇ ਭਲੇ ਦੇ ਪਾਂਧੀ ਹੁੰਦੇ ਹਨ, ਜਿਹਨਾਂ ਦੇ ਘਰ ਅੱਜ ਵੀ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਹੁੰਦੇ ਨੇ ਅਤੇ ਦਿਨ ਰਾਤ ਸਰਬੱਤ ਦੇ ਭਲੇ ਲਈ ਯਤਨਸ਼ੀਲ ਰਹਿੰਦੇ ਹਨ, ਓਹੀ ਪੰਜਾਬ ਦੀ ਅਸਲ ਵਿਰਾਸਤ ਨੂੰ ਸਾਂਭਦੇ ਹਨ। ਇਹ ਵੀ ਹਕੀਕਤ ਹੈ ਕਿ ਪੰਜਾਬ ਦੇ ਬੜੇ ਬਸ਼ਿੰਦੇ ਪਦਾਰਥੀ ਸੁਖ ਦੇ ਰਸਤੇ ਪੈ ਗਏ ਹਨ, ਉਹ ਭਾਵੇਂ ਸਿਆਸੀ ਦੌੜ ਹੋਵੇ ਜੋ ਪੰਜਾਬ ਦੀ ਸੂਬੇਦਾਰੀ ਤੇ ਆ ਕੇ ਮੁਕ ਜਾਂਦੀ ਹੈ ਭਾਵੇਂ ਕੋਈ ਹੋਰ ਸਿੱਧਾ-ਅਸਿੱਧਾ ਰਸਤਾ ਪਰ ਜਿਹੜਾ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਹੈ ਓਹਦੀ ਵਿਰਾਸਤ ਵਿੱਚ ਪਦਾਰਥੀ ਸੁਖ ਕਦੇ ਵੀ ਨਹੀਂ ਹੋ ਸਕਦਾ, ਇਸ ਤੋਂ ਪਾਰ ਦੀ ਬਿਰਤੀ ਹੀ ਪੰਜਾਬ ਦੀ ਵਿਰਾਸਤ ਹੈ। ਜਿਥੇ ਆਪਣਾ ਬਹੁਤ ਕੁਝ ਹੋ ਕੇ ਵੀ ਸਿਰਫ ਆਪਣਾ ਨਹੀਂ ਹੈ, ਇਹ ਸਭ ਦਾ ਹੈ ਸਰਬੱਤ ਦਾ ਹੈ। ਜਿਥੇ ਕੋਈ ਲੋੜਵੰਦ ਹੈ ਉਥੇ ਆਪਣਾ ਕੁਝ ਵੀ ਨਹੀਂ ਸਭ ਉਸ ਦਾ ਹੈ। ਇਹਨਾਂ ਗੱਲਾਂ ਦੇ ਦਰਸ਼ਨ ਲੋਕਾਂ ਨੇ ਹਰ ਮੁਸ਼ਕਲ ਸਮੇਂ ਵੇਖੇ ਹਨ ਭਾਵੇਂ ਕਰੋਨਾ ਹੋਵੇ, ਭਾਵੇਂ ਕਿਸਾਨੀ ਮੋਰਚਾ ਹੋਵੇ ਤੇ ਭਾਵੇਂ ਹੜ੍ਹਾਂ ਦੇ ਹਲਾਤ ਹੋਣ।   

ਸਮੱਸਿਆਵਾਂ ਅਤੇ ਆਫਤਾਂ ਹਰ ਖਿੱਤੇ ਦੇ ਹਿੱਸੇ ਆਉਂਦੀਆਂ ਹਨ। ਖਾਸ ਗੱਲ ਇਹ ਹੈ ਕਿ ਉੱਥੋਂ ਦੇ ਲੋਕ ਇਹਨਾਂ ਨਾਲ ਕਿਵੇਂ ਜੂਝਦੇ ਹਨ ਅਤੇ ਕਿਵੇਂ ਇਹਦੇ ਅਸਰਾਂ ‘ਚੋਂ ਬਾਹਰ ਆਉਂਦੇ ਹਨ। ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਲੰਘੇ ਸਮੇਂ ਦੀਆਂ ਵੀ ਅਨੇਕਾਂ ਹੀ ਉਦਾਹਰਣਾ ਹਨ ਪਰ ਮੌਜੂਦਾ ਸਮੇਂ ਵਿਚ ਮਾਰੂ ਆਫ਼ਤ ਦੇ ਰੂਪ 'ਚ ਹੜ੍ਹਾਂ ਦੀ ਕਰੋਪੀ ਆਈ ਹੈ ਜਿਸ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਅਸੀਂ ਸੋਸ਼ਲ ਮੀਡੀਆ 'ਤੇ ਲਗਾਤਾਰ ਵੇਖ ਰਹੇ ਹਾਂ। ਹਰ ਰੋਜ ਖਬਰਾਂ ਛਪ ਰਹੀਆਂ ਹਨ, ਚਰਚਾਵਾਂ ਚੱਲ ਰਹੀਆਂ ਹਨ, ਪੰਜਾਬ ਦੇ ਲੋਕਾਂ ਦੀ ਸਮੱਸਿਆਵਾਂ ਨਾਲ ਜੂਝਣ ਦੀ ਸਮਰੱਥਾ ਦੇ ਦਰਸ਼ਨ ਵੀ ਕੁਲ ਲੁਕਾਈ ਕਰ ਰਹੀ ਹੈ। ਗੱਲ ਬਿਲਕੁਲ ਸਾਫ਼ ਹੈ ਲੋਕਾਈ ਨੇ ਸਮੂਹਿਕ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਉਪਰ ਚਲਦਿਆਂ ਹੜ੍ਹ ਪੀੜਤਾਂ ਦੀ ਬਾਂਹ ਫੜੀ, ਇੱਥੋਂ ਤੱਕ ਕਿ ੩੦੦ ਫੁੱਟ ਦੇ ਕਰੀਬ ਬੰਨ੍ਹ ਪੂਰ ਲਿਆ ਗਿਆ। ਇਹ ਹਰ ਵਾਰ ਦੀ ਤਰ੍ਹਾਂ ਪੰਜਾਬੀਆਂ ਦੀ ਚੜਦੀਕਲਾ ਦਾ ਪ੍ਰਤੀਕ ਹੈ। ਕੁਦਰਤੀ ਅਤੇ ਆਪ ਬੁਲਾਈ ਆਫ਼ਤ ਦੀ ਮਿਲਵੀਂ ਤਬਾਹੀ ਵਿਚ ਸਰਕਾਰ ਦੀ ਨਾਕਾਮੀ ਵੀ ਕਿਸੇ ਤੋਂ ਗੁੱਝੀ ਨਹੀਂ ਰਹੀ। ਸਰਕਾਰ ਵੱਲੋਂ ਨਾ ਇਸ ਕੁਦਰਤੀ ਆਫਤ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਅਤੇ ਨਾ ਹੀ ਇਸ ਔਖੇ ਵੇਲੇ ਉਹਨਾਂ ਨੇ ਆਪਣਾ ਫਰਜ ਚੰਗੀ ਤਰ੍ਹਾਂ ਨਿਭਾਇਆ। ਇਸ ਤੋਂ ਵੀ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਨੇ ਇਸ ਔਖੇ ਵੇਲੇ ਸਰਕਾਰ ਵੱਲ ਵੇਖਣ ਦੀ ਬਜਾਏ, ਸਰਕਾਰ ਨੂੰ ਮਿੰਨਤ ਕਰਨ ਦੀ ਬਜਾਏ ਆਪ ਕਮਰਕੱਸੇ ਕੀਤੇ ਅਤੇ ਇਕੱਠੇ ਹੋ ਕੇ ਜੂਝੇ। ਪੰਜਾਬੀ ਸਿਰ 'ਤੇ ਚੜ੍ਹ ਕੇ ਆਈ ਮੁਸੀਬਤ ਨੂੰ ਠੱਲ੍ਹਣ ਲਈ ਹਕੂਮਤਾਂ ਦਾ ਮੁਥਾਜ ਨਹੀਂ ਰਿਹਾ। ਜਿੱਥੇ ਹੜਾਂ ਨਾਲ ਜੂਝ ਰਹੇ ਇਲਾਕਿਆਂ ਵਿੱਚ ਰਸਦਾਂ ਦੀ ਕਮੀ ਆਈ ਉੱਥੇ ਪੰਜਾਬ ਦੇ ਜਾਇਆਂ ਨੇ ਰਸਦਾਂ ਦੇ ਹੜ੍ਹ ਲਿਆ ਦਿੱਤੇ। ਮੁਸੀਬਤ ‘ਚ ਘਿਰੇ ਲੋਕਾਂ ਨੂੰ ਕਹਿਣਾ ਪਿਆ ਕਿ ਇੱਥੇ ਹੁਣ ਹੋਰ ਰਸਦਾਂ ਦੀ ਲੋੜ ਨਹੀਂ। ਇਹ ਪੰਜਾਬ ਦੀ ਖੂਬਸੂਰਤੀ ਹੈ, ਔਖੇ ਵੇਲੇ ਇਹ ਆਪਣੀ ਅਸਲ ਤਾਸੀਰ ਦੇ ਦਰਸ਼ਨ ਕਰਵਾਉਂਦਾ ਹੈ। ਕਿਸੇ ਨੇ ਇਸ ਬਾਬਤ ਲਿਖਿਆ ਸੀ ਕਿ ਮੁਸੀਬਤ ਵਿੱਚ ਪੰਜਾਬ ਮਾਂ ਦੀ ਬੁੱਕਲ ਬਣ ਜਾਂਦਾ ਹੈ। ਇਹ ਗੱਲ ਆਪਣੇ ਆਪ ਜੀ ਪੰਜਾਬ ਦੀ ਹਰ ਪੱਖ ਤੋੰ ਵਿਆਖਿਆ ਕਰਦੀ ਹੈ। 

ਪੰਜਾਬ ਦੀ ਅਸਲ ਵਿਰਾਸਤ ਨੂੰ ਕਮਾਉਣਾ ਵੀ ਇੱਕ ਕਠਿਨ ਤਪੱਸਿਆ ਹੈ, ਜੋ ਫਿਰ ਪੀੜ੍ਹੀ ਦਰ ਪੀੜ੍ਹੀ ਹਰ ਮੁਸਕਲ ਸਮੇਂ ਨਾਲ ਰਹਿੰਦੀ ਹੈ। ਵਿਰਾਸਤ ਨੂੰ ਉੱਚੀ ਉੱਚੀ ਕੂਕ ਕੇ ਨਹੀਂ ਕਮਾਇਆ ਜਾ ਸਕਦਾ ਹੁੰਦਾ, ਵਿਰਾਸਤ ਨੂੰ ਚੰਗੀਆਂ ਗੱਲਾਂ ਕਰਕੇ ਵੀ ਨਹੀਂ ਕਮਾਇਆ ਜਾ ਸਕਦਾ ਹੁੰਦਾ, ਵਿਰਾਸਤ ਨੂੰ ਸੰਘਰਸ਼ ਚ ਸਿਰਫ ਹਾਜ਼ਰੀ ਲਵਾਉਣ ਨਾਲ ਵੀ ਨਹੀਂ ਕਮਾਇਆ ਜਾ ਸਕਦਾ ਹੁੰਦਾ, ਵਿਰਾਸਤ ਨੂੰ ਰੀਸ/ਨਕਲ ਨਾਲ ਵੀ ਨਹੀਂ ਕਮਾਇਆ ਜਾ ਸਕਦਾ, ਵਿਰਾਸਤ ਨੂੰ ਕਮਾਉਣ ਲਈ ਇਹ ਸਾਰੇ ਹਿਸਾਬ ਕਿਤਾਬ ਮੇਟਨੇ ਪੈਂਦੇ ਹਨ ਜੋ ਕਈ ਵਾਰ ਮਨੁੱਖ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਗਾਲ਼ ਕੇ ਬਣਾਏ ਹੁੰਦੇ ਹਨ, ਵਿਰਾਸਤ ਨੂੰ ਕਮਾਉਣ ਲਈ ਜਿੱਤਾਂ ਹਾਰਾਂ ਦੇ ਪੈਮਾਨੇ ਬਦਲਣੇ ਪੈਂਦੇ ਹਨ, ਵਿਰਾਸਤ ਨੂੰ ਕਮਾਉਣ ਲਈ ਪਤਾ ਨਹੀਂ ਕਿੰਨਾ ਕੁਝ ਕਮਾਇਆ ਹੋਇਆ ਗਵਾਉਣਾ ਪੈਂਦਾ ਹੈ। ਦਿਮਾਗੀ ਜੋੜ-ਤੋੜ, ਦੇਖਾ-ਦੇਖੀ, ਰੌਲਾ-ਗੌਲਾ, ਛਲ-ਕਪਟ ਆਦਿ ਸਭ ਇੱਥੇ ਰਹਿ ਜਾਣੇ ਹਨ ਕਿਉਂਕਿ ਇਹ ਇਕੱਲਾ ਆਲੇ ਦੁਆਲੇ ਦੀ ਦੁਨੀਆਂ ਦਾ ਮਸਲਾ ਨਹੀਂ ਹੈ, ਇਹ ਸਭ ਲੇਖਾ ਦਰਗਾਹ ‘ਚ ਵੀ ਜਾਣਾ ਹੈ। 

 

ਸੰਪਾਦਕ