ਨਵੰਬਰ 1984 - ਸਿੱਖ ਨਸਲਕੁਸ਼ੀ ਨੂੰ ਕਿਵੇਂ ਯਾਦ ਕਰੀਏ?

ਨਵੰਬਰ 1984 - ਸਿੱਖ ਨਸਲਕੁਸ਼ੀ ਨੂੰ ਕਿਵੇਂ ਯਾਦ ਕਰੀਏ?

ਮਲਕੀਤ ਸਿੰਘ ਭਵਾਨੀਗੜ੍ਹ 

36 ਵਰ੍ਹੇ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਇੰਡੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖਾਂ ਨੂੰ ਜਿਉਂਦੇ ਜੀਅ ਅਤੇ ਉਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਮਾਰ ਕੁੱਟ ਕੀਤੀ ਗਈ, ਗਲਾਂ ਚ ਟਾਇਰ ਪਾਏ ਗਏ ਅਤੇ ਇਹ ਸਭ ਕਰਦਿਆਂ ਜਸ਼ਨ ਵੀ ਮਨਾਏ ਗਏ। ਸਿੱਖਾਂ ਨੇ ਇਸ ਨੂੰ ‘ਤੀਸਰੇ ਘੱਲੂਘਾਰੇ’ ਵਜੋਂ ਯਾਦ ਰੱਖਿਆ ਹੋਇਆ ਹੈ ਅਤੇ ਦੁਨੀਆਂ ਦੇ ਮੁਹਾਵਰੇ ਵਿੱਚ ਦੁਨੀਆਂ ਤੱਕ ਪਹੁੰਚਾਉਣ ਲਈ ਸਿੱਖਾਂ ਵੱਲੋਂ ਇਸ ਨੂੰ ‘ਸਿੱਖ ਨਸਲਕੁਸ਼ੀ’ ਕਿਹਾ ਜਾਂਦਾ ਹੈ। ਇਹਨਾਂ ਵਰ੍ਹਿਆਂ ਵਿਚ ਇਹ ਗੱਲ ਸਪਸ਼ੱਟ ਹੈ ਕਿ ਇਹ ਵਰਤਾਰਾ ਭੁੱਲ ਜਾਣ ਅਤੇ ਯਾਦ ਰੱਖਣ ਦੀ ਜੰਗ ਹੈ ਤੇ ਸ਼ਾਇਦ ਹਮੇਸ਼ਾ ਹੀ ਰਹੇਗਾ। ਜਦੋਂ ਗੱਲ ਕਿਸੇ ਵਰਤਾਰੇ ਨੂੰ ਯਾਦ ਰੱਖਣ ਦੀ ਆਉਂਦੀ ਹੈ ਤਾਂ ਇਹ ਗੱਲ ਦਾ ਇਲਮ ਹੋਣਾ ਕਿ ਯਾਦ ਕਿਉਂ ਰੱਖਣਾ ਹੈ ਤੇ ਕਿਵੇਂ ਰੱਖਣਾ ਹੈ, ਬਹੁਤ ਜਿਆਦਾ ਜਰੂਰੀ ਹੁੰਦਾ ਹੈ, ਨਹੀਂ ਤਾਂ ਅਸੀਂ ਉਸ ਵਰਤਾਰੇ ਦੀ ਠੀਕ ਸਮਝ ਨਹੀਂ ਬਣਾ ਪਾਉਂਦੇ ਅਤੇ ਇਤਿਹਾਸ ਸਬੰਧੀ ਆਪਣੀ ਬਣਦੀ ਜਿੰਮੇਵਾਰੀ ਵੀ ਨਹੀਂ ਨਿਭਾ ਪਾਉਂਦੇ।    

ਜਦੋਂ ਅਸੀਂ ਇਸ ਨੂੰ ‘ਨਸਲਕੁਸ਼ੀ’ ਕਹਿ ਕਿ ਯਾਦ ਕਰਦੇ ਹਾਂ ਤਾਂ ਇਕ ਗੱਲ ਤਾਂ ਸਪਸ਼ੱਟ ਹੋ ਜਾਂਦੀ ਹੈ ਕਿ ਇਹ ਅਚਾਨਕ ਵਰਤਿਆ ਵਰਤਾਰਾ ਨਹੀਂ ਹੈ ਸਗੋਂ ਇਹ ਗਿਣ ਮਿਥ ਕੇ ਹੋਇਆ ਕਿਉਂਕਿ ਨਸਲਕੁਸ਼ੀ ਅਕਸਰ ਹੀ ਗਿਣ ਮਿਥ ਕੇ ਕੀਤੀ ਜਾਂਦੀ ਹੈ ਜਿਸ ਵਿੱਚ ਨਸਲਕੁਸ਼ੀ ਕਰਨ ਵਾਲੇ ਅੰਦਰ ਇਹ ਗੱਲ ਮੁੱਢਲੇ ਰੂਪ ਵਿੱਚ ਪਈ ਹੁੰਦੀ ਹੈ ਕਿ ਉਹ ਅਤੇ ਦੂਸਰੀ ਧਿਰ (ਜਿਸਦੀ ਨਸਲਕੁਸ਼ੀ ਕਰਨੀ ਹੈ) ਵਿੱਚ ਫਰਕ ਹੈ, ਤੇ ਫਰਕ ਵੀ ਇੰਨਾ ਜਿਆਦਾ ਕਿ ਦੂਸਰੀ ਧਿਰ ਨੂੰ ਮਨੁੱਖ ਦੀ ਸ਼੍ਰੇਣੀ ਚੋਂ ਹੀ ਬਾਹਰ ਕਰ ਦੇਣਾ ਕਿ ਸਾਹਮਣੇ ਵਾਲਾ ਮਨੁੱਖ ਹੀ ਹੈ ਨਹੀਂ, ਉਹ ਵੀ ਸਿਰਫ ਆਪਣੇ ਲਈ ਨਹੀਂ ਸਗੋਂ ਯਤਨ ਕਰਨੇ ਕਿ ਹੋਰਾਂ ਨੂੰ ਵੀ ਇਹ ਗੱਲ ਜਚਾਈ ਜਾ ਸਕੇ। ਇਸੇ ਹੀ ਤਰ੍ਹਾਂ ਨਵੰਬਰ 1984 ਦੇ ਪਹਿਲੇ ਹਫਤੇ ਵਾਪਰਿਆ ਜਿਸ ਵਿੱਚ ਪੂਰਾ ਗਿਣ ਮਿਥ ਕੇ, ਪੂਰੀ ਤਿਆਰੀ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।  ਸਿੱਖਾਂ ਨੂੰ ਸਿਰਫ ਇਸ ਕਰਕੇ ਮਾਰਿਆ ਗਿਆ ਕਿ ਉਹ ਸਿੱਖ ਹਨ। ਇਹ ਅਣਮਨੁੱਖੀ ਵਰਤਾਰਾ ਰਾਤੋ ਰਾਤ ਕਿਸੇ ਗੁੱਸੇ ਕਾਰਨ ਜਾ ਸੋਗ ਕਾਰਨ ਨਹੀਂ ਸੀ ਹੋਇਆ ਸਗੋਂ ਬਕਾਇਦਾ ਵੋਟਰ ਸੂਚੀਆਂ ਅਤੇ ਹੋਰ ਇਸ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਨਾਲ ਸਨਾਖਤ ਕੀਤੀ ਗਈ ਕਿ ਸਿੱਖ ਕਿੱਥੇ ਕਿੱਥੇ ਰਹਿੰਦੇ ਹਨ ਅਤੇ ਕਿਹੜੇ ਘਰ ਸਿੱਖਾਂ ਦੇ ਆਪਣੇ ਹਨ ਅਤੇ ਕਿਹੜੇ ਕਿਰਾਏ ਤੇ, ਇਸੇ ਲਈ ਜਿਹੜੇ ਘਰ ਸਿੱਖਾਂ ਦੇ ਸਨ ਓਥੇ ਘਰਾਂ ਨੂੰ ਵੀ ਅੱਗ ਲਾਈ ਗਈ ਅਤੇ ਜਿਹੜੇ ਕਿਰਾਏ ਤੇ ਸਨ ਓਥੇ ਸਿੱਖਾਂ ਨੂੰ ਮਾਰਿਆ ਗਿਆ ਅਤੇ ਸਮਾਨ ਨੂੰ ਅੱਗ ਲਾਈ ਗਈ, ਓਥੇ ਘਰ ਨੂੰ ਅੱਗ ਨਹੀਂ ਲਾਈ। ਕਿਸੇ ਮਨੁੱਖ ਨੂੰ ਜਿਉਂਦੇ ਨੂੰ ਸਾੜਨਾ ਤੇ ਸਾੜਨ ਵਕਤ ਖੁਸ਼ੀ ਮਨਾਉਣੀ, ਇਹ ਕਿਵੇਂ ਸੰਭਵ ਹੁੰਦਾ ਜੇਕਰ ਸਾਹਮਣੇ ਵਾਲਾ ਵੀ ਮਨੁੱਖ ਜਾਪਦਾ, ਇਹ ਵੀ ਕੋਈ ਇਕ ਅੱਧੀ ਘਟਨਾ ਨਹੀਂ ਸੀ ਸਗੋਂ ਪੂਰੀ ਜਥੇਬੰਦਕ ਮੁਹਿੰਮ ਦੀ ਇਹੀ ਪਹੁੰਚ ਸੀ। ਅਕਸਰ ਇਹ ਕੰਮ ਕਿਸੇ ਵੱਡੀ ਘਟਨਾ ਦੀ ਆੜ ਵਿੱਚ ਹੀ ਕੀਤਾ ਜਾਂਦਾ ਹੈ, ਉਦੋਂ ਵੀ ਇੰਦਰਾ ਗਾਂਧੀ ਦੀ ਮੌਤ ਦੇ ਬਹਾਨੇ ਇਹ ਸਭ ਕੀਤਾ ਗਿਆ ਤੇ ਬਕਾਇਦਾ ਰਜੀਵ ਗਾਂਧੀ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ ਅਤੇ ਬਾਅਦ ਚ ਵੀ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਇਸ ਵਰਤਾਰੇ ਨੂੰ ਇੰਦਰਾ ਗਾਂਧੀ  ਦੇ ਕਤਲ ਤੇ ਸਾਰੇ ਸਿੱਖਾਂ ਦੀ ਸਹਿਮਤੀ ਹੋਣ ਦੀ ਦਲੀਲ ਨਾਲ ਸਹੀ ਸਿੱਧ ਕਰਨ ਦਾ ਯਤਨ ਕੀਤਾ ਗਿਆ। ਮੁਕਰਨ ਦੇ ਹੋਰ ਸਾਰੇ ਸੰਭਵ ਯਤਨ ਕੀਤੇ ਗਏ, ਜਿਸ ਵਿੱਚ ਆਪਣੇ ਹਿਸਾਬ ਨਾਲ ਵਿਆਖਿਆ ਕਰਨੀ, ਕਤਲ ਕੀਤੇ ਵਿਅਕਤੀਆਂ ਦੀ ਗਿਣਤੀ ਸਹੀ ਨਾ ਦੱਸਣੀ, ਕਾਤਲਾਂ ਦੀ ਪਹਿਚਾਣ ਲੁਕਾਉਣੀ, ਵਰਤਾਰੇ ਨੂੰ ਆਪਣੇ ਨਾਮ ਦੇਣੇ ਜਿਵੇਂ ਦੰਗੇ, ਦਿੱਲੀ ਦੰਗੇ, ਸਿੱਖ ਵਿਰੋਧੀ ਦੰਗੇ, ਸਿੱਖ ਦੰਗੇ ਆਦਿ। 

36 ਵਰ੍ਹਿਆਂ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਇਸ ਵਰਤਾਰੇ ਨੂੰ ਆਪਣੇ ਪਿੰਡੇ ਤੇ ਹੰਢਾਉਣ ਵਾਲੇ ਸਿੱਖ ਪਰਿਵਾਰਾਂ ਨੂੰ ਪੀੜਤ ਕਹਿ ਕਹਿ ਕੇ ਇਨਸਾਫ ਦਵਾਉਣ ਦੀ ਗੱਲ ਕਰਦੀਆਂ ਰਹੀਆਂ ਹਨ ਅਤੇ ਸਿੱਖਾਂ ਵਿਚੋਂ ਵੀ ਵੱਡਾ ਹਿੱਸਾ ਆਪਣੇ ਆਪ ਨੂੰ ਪੀੜਤ ਹੋਣ ਦੀ ਨਜ਼ਰ ਨਾਲ ਹੀ ਵੇਖਣ ਲਗ ਪਿਆ ਹੈ, ਉਸ ਵਕਤ ਦੀਆਂ ਤਸਵੀਰਾਂ, ਚਲਦੀਆਂ ਮੂਰਤਾਂ ਆਦਿ ਨੂੰ ਯਾਦਗਾਰੀ ਸਮਾਗਮਾਂ ਰਾਹੀਂ ਤਰਸ ਦੀ ਭਾਵਨਾ ਚੋਂ ਵੇਖਣ ਵਖਾਉਣ ਦੀ ਲਗਾਤਾਰਤਾ ਨੇ ਸਾਨੂੰ ਕਾਤਲਾਂ/ਜਾਬਰਾਂ ਤੋਂ ਇਨਸਾਫ ਦੀ ਭੀਖ ਮੰਗਣ ਦੇ ਪੁੱਠੇ ਜਿਹੇ ਅਮਲ ਚ ਪਾ ਰੱਖਿਆ ਹੈ ਜੋ ਸਾਡੀ ਰਵਾਇਤ ਦੇ ਬਿਲਕੁਲ ਉਲਟ ਹੈ। ਛੇਵੇਂ ਪਾਤਸ਼ਾਹ ਜਦੋਂ ਬੀਬੀ ਵੀਰੋ ਦੇ ਵਿਆਹ ਦੇ ਆਹਰ ਵਿੱਚ ਸਨ, ਅਚਨਚੇਤ ਹਮਲਾ ਹੋਇਆ, ਤਾਂ ਵੀ ਸਿੱਖਾਂ ਨੇ ਗੁਰੂ ਪਾਤਸ਼ਾਹ ਦੀ ਕਮਾਨ ਹੇਠ ਪਹਿਲੀ ਜੰਗ ਪੂਰੀ ਬਹਾਦਰੀ ਨਾਲ ਲੜੀ ਪਰ ਨਵੰਬਰ 1984 ‘ਚ ਕੁਝ ਵਿਰਲਿਆਂ ਨੂੰ ਛੱਡ ਕੇ, ਜੇਕਰ ਬਾਕੀ ਆਪਣੀ ਰਵਾਇਤ ਦੀ ਬਾਂਹ ਨਹੀਂ ਸਨ ਫੜ ਸਕੇ ਕਿਓਂਕਿ ਹਮਲਾਵਰ ਅਚਨਚੇਤ ਚੜ੍ਹ ਕੇ ਆ ਗਿਆ ਸੀ, ਜਿਸਦਾ ਸਿੱਖਾਂ ਨੂੰ ਕੋਈ ਅੰਦਾਜਾ ਨਹੀਂ ਸੀ ਤਾਂ ਘੱਟੋ ਘੱਟ ਹੁਣ ਉਸ ਵਰਤਾਰੇ ਨੂੰ ਯਾਦ ਕਰਨ ਵਕਤ ਅਤੇ ਇਨਸਾਫ ਦੀ ਮੰਗ ਰੱਖਣ ਵਕਤ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਰਵਾਇਤ ਅਨੁਸਾਰ ਇਹ ਅਮਲ ਕਰੀਏ।

ਸਾਡੀ ਰਵਾਇਤ ਜ਼ੁਲਮ ਦਾ ਟਾਕਰਾ ਕਰਨ ਦੀ ਹੈ, ਗੁਰੂ ਦੇ ਭਾਣੇ, ਗੁਰੂ ਦੀ ਰਜ਼ਾ ਚ ਸ਼ੁਕਰ ਕਰਨ ਦੀ ਹੈ, ਮਨੁੱਖੀ ਹੱਕਾਂ ਦੀ ਰਾਖੀ ਕਰਨ ਦੀ ਹੈ। ਸਾਡੀ ਜਿੰਮੇਵਾਰੀ ਤਾਂ ਕੁਲ ਦੁਨੀਆਂ ਤੇ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੇ ਢਾਂਚੇ ਖੜੇ ਕਰਨ ਦੀ ਹੈ ਫਿਰ ਅਸੀਂ ਇਹ ਸਾਰੇ ਵਰਤਾਰੇ ਨੂੰ ਢਹਿੰਦੀ ਕਲਾ ਨਾਲ ਕਿਵੇਂ ਯਾਦ ਕਰ ਸਕਦੇ ਹਾਂ? ਜਿਉਂਦੀਆਂ ਕੌਮਾਂ ਹੀ ਘੱਲੂਘਾਰਿਆਂ ‘ਚੋਂ ਲੰਘਦੀਆਂ ਹਨ ਤੇ ਸਾਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਇਤਿਹਾਸ ਦੇ ਅਜਿਹੇ ਵਰਤਾਰਿਆਂ ਨੂੰ ਸਹੀ ਥਾਂ ਖੜ ਕੇ ਵੇਖਣਾ ਅਤੇ ਸਮਝਣਾ ਪੈਣਾ ਹੈ, ਜੋ ਵਾਪਰਿਆ ਓਹਦੇ ਨਾਲ ਸਬੰਧਿਤ ਸਮੱਗਰੀ ਇਕੱਤਰ ਕਰਕੇ ਪੜਚੋਲ ਕਰਨੀ ਪੈਣੀ ਹੈ, ਜੋ ਝੂਠ ਸਿਰਜੇ ਗਏ ਉਹ ਭੰਨਣੇ ਪੈਣੇ ਹਨ, ਅਗਾਂਹ ਨੂੰ ਅਜਿਹੀਆਂ ਨਸਲਕੁਸ਼ੀਆਂ ਤੋਂ ਸੁਚੇਤ ਰਹਿਣਾ ਪੈਣਾ ਹੈ ਅਤੇ ਜੇਕਰ ਅਜਿਹਾ ਕੁਝ ਵਾਪਰਦਾ ਹੈ ਤਾਂ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਪੈਣਾ ਹੈ।