ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਇਡੇਨ ਦੀ ਜਿੱਤ ਦੀਆਂ ਵਧੇਰੇ ਸੰਭਾਵਨਾਵਾਂ ਬਣੀਆਂ

ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਇਡੇਨ ਦੀ ਜਿੱਤ ਦੀਆਂ ਵਧੇਰੇ ਸੰਭਾਵਨਾਵਾਂ ਬਣੀਆਂ

ਪੈਨਸਿਲਵਾਨੀਆ, ਐਰੀਜ਼ੋਨਾ ਤੇ ਨੇਵਾਡਾ ਵਿਚ ਬਾਈਡਨ ਅੱਗੇ ਨਿਕਲੇ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡੇਨ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਜਦ ਕਿ ਡੋਨਾਲਡ ਟਰੰਪ ਪਛੜਦੇ ਹੋਏ ਨਜਰ ਆ ਰਹੇ ਹਨ। ਹੁਣ ਤੱਕ ਬਾਇਡੇਨ 264 ਇਲੈਕਟਰੋਲਰ ਵੋਟ ਪ੍ਰਾਪਤ ਕਰ ਚੁੱਕੇ ਹਨ ।ਹੁਣ ਤੱਕ ਪੈਨਸਿਲਵਾਨੀਆ, ਐਰੀਜ਼ੋਨਾ ਤੇ ਨੇਵਾਡਾ ਵਿਚ ਬਾਇਡੇਨ ਅੱਗੇ ਜਾ ਰਹੇ ਹਨ ਜਿਨਾਂ ਦੇ ਕ੍ਰਮਵਾਰ 11 ਤੇ 6 ਇਲੈਕਟਰੋਲਰ ਵੋਟ ਹਨ। ਇਨਾਂ ਰਾਜਾਂ ਵਿਚ ਬਾਈਡੇਨ ਦੇ ਜਿੱਤਣ ਦੀ ਸੰਭਾਵਨਾ ਹੈ। ਜੇਕਰ ਇਹ ਸੰਭਾਵਨਾ ਜਿੱਤ ਵਿਚ ਬਦਲ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 270 ਵੋਟਾਂ ਪ੍ਰਾਪਤ ਕਰ ਲੈਣਗੇ। ਜਾਰਜੀਆ ਵਿਚ ਰਾਸ਼ਟਰਪਤੀ ਟਰੰਪ ਤੇ ਜੋਅ ਬਾਇਡੇਨ ਬਰਾਬਰ ਚਲ ਰਹੇ ਹਨ ।ਜਾਰਜੀਆ ਦੀਆਂ ਕੁਲ 16 ਇਲੈਕਟਰੋਲਰ ਵੋਟਾਂ ਹਨ। ਪੈਨਸਿਲਵਾਨੀਆ ਵਿਚ ਵੀ ਫਰਕ ਨਾਲ ਅੱਗੇ ਹਨ ਜਿਥੇ ਕਿ ਅਜੇ ਕਾਫੀ ਵੋਟਾਂ ਦੀ ਗਿਣਤੀ ਰਹਿੰਦੀ ਹੈ।

ਪੈਨਸਿਲਵਾਨੀਆ ਦੀਆਂ ਵੋਟਾਂ ਦੀ ਗਿਣਤੀ ਕਰਨ ਵਿਚ ਦੇਰੀ ਹੋ ਸਕਦੀ ਹੈ ਇਸ ਲਈ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਐਲਾਨਣ ਵਿਚ ਦੇਰੀ ਹੋ ਸਕਦੀ ਹੈ। ਆਪਣੀ ਸੰਭਾਵੀ ਹਾਰ ਨੂੰ ਵੇਖਦਿਆਂ ਇਕ ਵਾਰ ਫਿਰ ਰਾਸ਼ਟਰਪਤੀ ਟਰੰਪ ਨੇ ਵੋਟਾਂ ਵਿਚ ਹੇਰਾਫੇਰੀ ਦੇ ਦੋਸ਼ ਲਾਏ ਹਨ। ਸੰਭਾਵੀ ਜਿੱਤ ਦੇ ਮੱਦੇਨਜਰ ਡੈਮੋਕਰੈਟਿਕ ਹਲਕਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਜਦ ਕਿ ਰਿਪਬਲੀਕਨ ਪਾਰਟੀ ਦੇ ਸਮਰਥਕ ਨਿਰਾਸ਼ ਨਜਰ ਆ ਰਹੇ ਹਨ।

ਰਿਪਬਲੀਕਨ ਤੇ ਡੈਮੋਕਰੈਟਿਕ ਸਮਰਥਕਾਂ ਵੱਲੋਂ ਵੱਖ ਵੱਖ ਰਾਜਾਂ ਵਿਚ ਪ੍ਰਦਰਸ਼ਨ ਕਰਨ ਦੀਆਂ ਰਿਪੋਰਟਾਂ ਹਨ। ਜਿਥੇ ਡੈਮੋਕਰੈਟਿਕ ਡਾਕ ਰਾਹੀਂ ਦੇਰ ਨਾਲ ਪਈਆਂ ਵੋਟਾਂ ਦੀ ਗਿਣਤੀ ਕਰਨ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਹਨ ਉਥੇ ਰਿਪਬਲੀਕਨ ਸਮਰਥਕ ਇਨਾਂ ਵੋਟਾਂ ਦੀ ਗਿਣਤੀ ਦਾ ਵਿਰੋਧ ਕਰ ਰਹੇ ਹਨ। ਚੋਣ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਚੋਣਾਂ ਦੇ ਇਤਿਹਾਸ ਵਿਚ ਡਾਕ ਰਾਹੀਂ ਪਈ ਹਰ ਵੋਟ ਦੀ ਗਿਣਤੀ ਹੋਈ ਹੈ ਇਸ ਲਈ ਇਨਾਂ ਵੋਟਾਂ ਦੀ ਗਿਣਤੀ ਰੋਕੀ ਨਹੀਂ ਜਾ ਸਕਦੀ। ਇਹ ਹਰ ਹਾਲਤ ਵਿਚ ਗਿਣੀਆਂ ਜਾਣਗੀਆਂ। ਪਹਿਲਾਂ ਵੀ ਅਦਾਲਤਾਂ ਦੇ ਕਈ ਫੈਸਲਿਆਂ ਵਿਚ ਡਾਕ ਰਾਹੀਂ ਪਈਆਂ ਵੋਟਾਂ ਨੂੰ ਜਾਇਜ ਕਰਾਰ ਦਿੱਤਾ ਜਾ ਚੁੱਕਾ ਹੈ ਇਸ ਲਈ ਰਿਪਬਲੀਕਨਾਂ ਦੀ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਨਾ ਕਰਨ ਦੀ ਮੰਗ ਪੂਰੀ ਨਹੀਂ ਹੋਵੇਗੀ।

ਨਤੀਜ਼ਾ ਐਲਾਨਣ ਵਿਚ ਦੇਰੀ ਸੰਭਵ
ਹਾਲਾਂ ਕਿ ਰਿਪਬਲੀਕਨਾਂ ਵੱਲੋਂ ਦਾਇਰ ਪਟੀਸ਼ਨਾਂ ਉਪਰ ਅਜੇ ਤੱਕ ਕਿਸੇ ਵੀ ਅਦਾਲਤ ਨੇ ਕੋਈ ਨੋਟਿਸ ਨਹੀਂ ਲਿਆ ਪਰੰਤੂ ਜੇਕਰ ਕਿਸੇ ਵੀ ਅਦਾਲਤ ਵੱਲੋਂ ਰਿਪਬਲੀਕਨਾਂ ਦੀ ਪਟੀਸ਼ਨ ਉਪਰ ਕਾਰਵਾਈ ਕਰਕੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਰਾਸ਼ਟਰਪਤੀ ਚੋਣਾਂ ਦਾ ਨਤੀਜ਼ਾ ਐਲਾਨਣ ਵਿਚ ਦੇਰੀ ਹੋ ਸਕਦੀ ਹੈ। ਹਾਲਾਂ ਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਦਾਲਤਾਂ ਵੱਲੋਂ ਚੋਣ ਪ੍ਰਕ੍ਰਿਆ ਵਿਚ ਕਿਸੇ ਪ੍ਰਕਾਰ ਦੀ ਦਖਲ ਅੰਦਾਜੀ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਫਿਰ ਵੀ ਉਹ ਇਸ ਨੂੰ ਰੱਦ ਨਹੀਂ ਕਰਦੇ। ਕਾਨੂੰਨੀ ਮਾਹਿਰਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਹੇਰਾਫੇਰੀ ਦੇ ਕੇਵਲ ਦੋਸ਼ ਲਾ ਰਹੇ ਹਨ ਪਰ ਇਸ ਸਬੰਧੀ ਉਨਾਂ ਕੋਲ ਕੋਈ ਸਬੂਤ ਨਹੀਂ ਹੈ। ਇਸ ਤੋਂ ਇਲਾਵਾ ਨਾ ਹੀ ਕਿਤਿਉਂ ਹੇਰਾਫੇਰੀ ਦੀ ਕੋਈ ਰਿਪੋਰਟ ਆਈ ਹੈ। ਕੇਵਲ ਇਕ ਦੋ ਥਾਵਾਂ 'ਤੇ ਬੈਲਟ ਬਾਕਸਾਂ ਨੂੰ ਨੁਕਸਾਨ ਜਰੂਰ ਪਹੁੰਚਾਇਆ ਗਿਆ ਸੀ ਪਰੰਤੂ ਹੇਰਾਫੇਰੀ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ।