ਇਨਸਾਫ: ਦੁਨਿਆਵੀ ਢਾਂਚੇ ਬਨਾਮ ਸਿੱਖ   

ਇਨਸਾਫ: ਦੁਨਿਆਵੀ ਢਾਂਚੇ ਬਨਾਮ ਸਿੱਖ   

 ਸਿੱਖ ਦਾ ਫਰਜ ਆਪਣੇ ਗੁਰੂ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲਣ ਦਾ ਹੈ

ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਇਨਸਾਫ ਦੇ ਅਰਥ ਸੱਚ ਅਤੇ ਝੂਠ ਨੂੰ ਨਿਤਾਰਨਾ ਲਿਖਦੇ ਹਨ ਜਿਸ ਨੂੰ ਨਿਆਂ ਵੀ ਕਿਹਾ ਜਾਂਦਾ ਹੈ। ਪਰਕਾਸ਼ ਸਿੰਘ ਜੰਮੂ ਇਸ ਨੂੰ ਹੋਰ ਖੋਲਦਿਆਂ ਇਨਸਾਫ ਦੇ ਅਰਥ ਲਿਖਦੇ ਹਨ ਕਿ, ਕਨੂੰਨ ਵਿੱਚ ਉਹ ਆਦਰਸ਼ ਜਿਸ ਤੋਂ ਜੱਜਾਂ ਦੀ ਅਗਵਾਈ ਦੀ ਆਸ ਕੀਤੀ ਜਾਂਦੀ ਹੈ ਅਤੇ ਲੋਕਾਂ ਦੁਆਰਾ ਉਹ ਪ੍ਰਾਪਤ ਕਰਨ ਵਿੱਚ ਨਿਰਪੱਖਤਾ, ਜਿਸ ਦਾ ਉਹ ਹੱਕ ਰੱਖਦੇ ਹਨ। ਲੋਕਤੰਤਰੀ ਮੁਲਕਾਂ ਵਿੱਚ ਇਹ ਪ੍ਰੀਕਿਰਿਆ ਵੱਖ ਵੱਖ ਢਾਂਚਿਆਂ ਰਾਹੀਂ ਕੀਤੀ ਜਾਂਦੀ ਹੈ ਜਾਂ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਇੰਡੀਆ ਦੇ ਮੌਜੂਦਾ ਢਾਂਚੇ ਇਨਸਾਫ ਦੇ ਮਸਲੇ ਉੱਤੇ ਪੱਖਪਾਤੀ ਹੋਣ ਕਰਕੇ ਸਵਾਲਾਂ ਦੇ ਘੇਰੇ ਵਿੱਚ ਹਨ। ਇਸ ਪੱਖਪਾਤ ਦੀ ਮਾਰ ਝੱਲ ਰਹੇ ਵਰਗ ਲਗਾਤਾਰ ਸੱਚ ਲਈ ਝੂਠ ਨਾਲ ਜੂਝ ਰਹੇ ਹਨ। 

ਸੱਚ ਅਤੇ ਝੂਠ ਦੀ ਟੱਕਰ ਜਦੋਂ ਵੀ ਆਪਣੇ ਸਿਖਰ ਨੂੰ ਛੂਹੰਦੀ ਹੈ ਤਾਂ ਹਮੇਸ਼ਾ ਜਾਨ ਅਤੇ ਮਾਲ ਦੀ ਬਲੀ ਮੰਗਦੀ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਖੁਦ ਇਨਸਾਫ ਕਰਨ ਦੇ ਸਮਰੱਥ ਬਣਾਇਆ ਹੈ। ਸੱਚ ਅਤੇ ਝੂਠ ਦੇ ਨਿਤਾਰੇ ਲਈ ਗੁਰੂ ਖਾਲਸਾ ਪੰਥ ‘ਸਵਾ ਲੱਖ’ ਵੀ ਨਿਆਂ ਕਰਨ ਦੇ ਸਮਰੱਥ ਹੈ। ਗੁਰੂ ਪਾਤਸ਼ਾਹ ਨੇ ਜਿਸ ਤਰੀਕੇ ਸਾਨੂੰ ਘੜਿਆ ਹੈ, ਓਹੀ ਸਾਡੀ ਸ਼ੁੱਧਤਾ ਹੈ ਅਤੇ ਇਹ ਸੱਚਾ ਪਾਤਿਸਾਹ ਹੀ ਤਹਿ ਕਰਦਾ ਹੈ ਕਿ ਸੇਵਾ ਸਿਮਰਨ ਅਤੇ ਕੁਰਬਾਨੀ ਰਾਹੀਂ ਇਹ ਕਿਸ ਦੇ ਹਿੱਸੇ ਆਉਂਦੀ ਹੈ। ਸਾਡਾ ਅਮਲ ਕਿਹੋ ਜਿਹਾ ਹੋਵੇ ਇਹਦੇ ਵਾਸਤੇ ਅਸੀਂ ਕੁਝ ਮਨੁੱਖਾਂ ਵੱਲੋਂ ਘੜੇ ਢਾਂਚੇ ਵਿੱਚ ਰਹਿ ਕੇ ਹੀ ਨਹੀਂ ਵਿਚਾਰ ਸਕਦੇ। ਰਾਹ ਸਾਰੇ ਵੇਖਣੇ ਚਾਹੀਦੇ ਹਨ, ਪਰਖਣੇ ਚਾਹੀਦੇ ਹਨ ਪਰ ਇਸ ਸੱਚ ਝੂਠ ਦੀ ਟੱਕਰ ਲਈ ਕਿਸੇ ਮਨੁੱਖ ਉੱਤੇ ਜਾਂ ਉਸ ਵੱਲੋਂ ਬਣਾਏ ਢਾਂਚਿਆਂ ਉੱਤੇ ਹੀ ਆਸ ਰੱਖ ਬੈਠ ਜਾਣਾ ਅਤੇ ਬੇਵੱਸ ਹੋ ਕੇ ਇਨਸਾਫ ਦੀ ਫਰਿਆਦ ਕਰੀ ਜਾਣਾ, ਇਹ ਸਾਡਾ ਅਮਲ ਕਦੀ ਵੀ ਨਹੀਂ ਰਿਹਾ। 

ਗੁਰੂ ਪਾਤਸ਼ਾਹ ਨੇ ਸਾਨੂੰ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਹੈ, ਇਹ ਫੌਜ ਕਦੀ ਵੀ ਕਿਸੇ ਹੋਰ ਦੀ ਅਧੀਨਗੀ ਨਹੀਂ ਕਬੂਲਦੀ। ਇਤਿਹਾਸ ਵਿੱਚ ਅਜਿਹੀਆਂ ਬਹੁਤ ਗਵਾਹੀਆਂ ਹਨ ਜਿਸ ਵਿੱਚ ਪਹਿਲਾਂ ਹਰ ਹੀਲਾ ਅਪਣਾਇਆ ਜਾਂਦਾ ਰਿਹਾ ਕਿ ਮੌਜੂਦਾ ਢਾਂਚੇ ਰਾਹੀਂ ਇਨਸਾਫ ਹੋ ਸਕੇ ਪਰ ਜਦੋਂ ਉਹ ਨਹੀਂ ਹੁੰਦਾ ਤਾਂ ‘ਗੁਰੂ ਖਾਲਸਾ ਪੰਥ’ ਆਪ ਇਨਸਾਫ ਕਰਦਾ ਹੈ। ਇਕ ਗਵਾਹੀ ਦਸਵੇਂ ਪਾਤਸ਼ਾਹ ਦੇ ਇਤਿਹਾਸ ਦੀ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਜਿਸ ਦਾ ਪਹਿਲਾ ਨਾਮ ਮੁਅਜ਼ਮ ਸੀ, ਉਸਨੇ ਬਾਦਸ਼ਾਹ ਬਣਨ ਲਈ ਗੁਰੂ ਪਾਤਸ਼ਾਹ ਤੋਂ ਮਦਦ ਮੰਗੀ ਅਤੇ ਬਾਦਸ਼ਾਹ ਬਣਨ ਤੋਂ ਬਾਅਦ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕੀਤੀ ਗਈ ਪਰ ਜਦੋਂ ਪਾਤਸ਼ਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵੱਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ, ਤੈਅ ਹੋਈਆਂ ਗੱਲਾਂ ਨੂੰ ਲਮਕਾਉਣ ਲੱਗਾ ਤਾਂ ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਪਾਤਸ਼ਾਹ ਦੇ ਥਾਪੜੇ ਨਾਲ ਇਨਸਾਫ ਦੇ ਰਾਹ ‘ਤੇ ਤੁਰ ਪੈਂਦੇ ਹਨ ਅਤੇ ਆਪਣੀ ਰਵਾਇਤ ਅਨੁਸਾਰ ਇਨਸਾਫ ਕਰਦੇ ਹਨ।     

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।

ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ। (ਜ਼ਫ਼ਰਨਾਮਹ, ਪਾ:੧੦)

ਖਾਲਸੇ ਦੇ ਖੁਦ ਇਨਸਾਫ ਕਰਨ ਦੀ ਝਲਕ ਦੀ ਇਕ ਗਵਾਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ ਵੀ ਮਿਲਦੀ ਹੈ ਕਿ ਜਦੋਂ ਕੁਝ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਪਣੇ ਜ਼ਿਮੀਦਾਰਾਂ ਦੇ ਜ਼ੁਲਮ ਦੀ ਫਰਿਆਦ ਕਰਦੇ ਹਨ ਤਾਂ ਬਾਬਾ ਜੀ ਉਹਨਾਂ ਨੂੰ ਹੀ ਗੋਲੀ ਨਾਲ ਉਡਾ ਦੇਣ ਲਈ ਕਹਿ ਦਿੰਦੇ ਹਨ। ਆਪਣੀ ਫਰਿਆਦ ਦਾ ਇਹ ਉੱਤਰ ਸੁਣ ਕੇ ਉਹ ਇਸਦਾ ਕਾਰਨ ਪੁੱਛਦੇ ਹਨ ਤਾਂ ਬਾਬਾ ਜੀ ਆਖਦੇ ਹਨ, “ਤੁਹਾਡੇ ਨਾਲ ਇਹ ਹੀ ਹੋਣੀ ਚਾਹੀਦੀ ਹੈ, ਤੁਸੀਂ ਇਸੇ ਦੇ ਹੀ ਲਾਇਕ ਹੋ। ਤੁਸੀਂ ਜਿਮੀਦਾਰਾਂ ਦੇ ਅੱਗੇ ਦੱਬੇ ਰਹਿੰਦੇ ਹੋ ਅਤੇ ਉਹਨਾਂ ਦਾ ਜਬਰ ਕਾਇਰਾਂ ਵਾਂਙੂ ਜਰੀ ਜਾਂਦੇ ਹੋ। ਸ਼੍ਰੀ ਦਸ਼ਮੇਸ਼ ਜੀ ਦੇ ਖਾਲਸੇ ਵਿੱਚ ਇਹ ਤਾਕਤ ਕਿਉਂ ਨਾ ਹੋਵੇ ਕਿ ਆਪਣੇ ਵਿਰੁੱਧ ਹੋ ਰਹੀਆਂ ਬੇ-ਇਨਸਾਫੀਆਂ ਨੂੰ ਉਹ ਆਪ ਦੂਰ ਕਰ ਸਕੇ?” 

ਪਿਛਲੇ ਦਿਨਾਂ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੇ ਮਸਲੇ ਦੀ ਕਾਫੀ ਚਰਚਾ ਰਹੀ ਜੋ ਹੁਣ ਵੀ ਜਾਰੀ ਹੈ। ਇਸ ਮਸਲੇ ਨੇ ਮੁੜ ਸਿੱਧ ਕੀਤਾ ਹੈ ਕਿ ਇੰਡੀਆ ਦੇ ਢਾਂਚੇ ਪੱਖਪਾਤੀ ਹਨ ਅਤੇ ਇਨਸਾਫ ਕਰਨ ਦੇ ਸਮਰੱਥ ਨਹੀਂ ਹਨ। ਪਰ ਜਿਸ ਤਰ੍ਹਾਂ ਆਪਾਂ ਉਪਰ ਪੜ੍ਹਿਆ ਹੈ ਕਿ ਇਨਸਾਫ ਕਰਨ ਦੀ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ ਇਹ ਸੱਚਾ ਪਾਤਸ਼ਾਹ ਹੀ ਤੈਅ ਕਰਦਾ ਹੈ। ਜਿੱਥੇ ਸਾਲ 2015 ਤੋਂ ਲਗਾਤਾਰ ਸਿੱਖਾਂ ਦਾ ਇਕ ਹਿੱਸਾ ਜਾਂ ਵੱਖ ਵੱਖ ਅਫਸਰ ਜਿੰਨਾ ਵਿੱਚ ਇਕ ਕੁੰਵਰ ਵਿਜੇ ਪ੍ਰਤਾਪ ਵੀ ਹੈ, ਇਹਨਾਂ ਢਾਂਚਿਆਂ ਰਾਹੀਂ ਇਨਸਾਫ ਕਰਨ ਦੇ ਅਮਲ ਜਾਂ ਦਾਅਵੇ ਵਿੱਚ ਸੀ, ਓਥੇ ਇਸੇ ਹੀ ਮਾਮਲੇ ਵਿੱਚ ਜੂਨ 2019 ਵਿੱਚ ਹੀ  ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਆਪਣੀ ਰਵਾਇਤ ਅਨੁਸਾਰ ਮਹਿੰਦਰਪਾਲ ਸਿੰਘ ਬਿੱਟੂ (ਉਮਰ 49 ਸਾਲ) ਜੋ ਨਾਭਾ ਜੇਲ੍ਹ ਵਿੱਚ ਇਸੇ ਮਾਮਲੇ ਵਿੱਚ ਕੈਦ ਕੱਟ ਰਿਹਾ ਸੀ, ਨੂੰ ਸੋਧਾ ਲਾ ਦਿੱਤਾ ਸੀ।  

ਜੇਕਰ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਗੁਰੂ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲਣ ਦਾ ਹੈ। ਓਹਦਾ ਪੈਮਾਨਾ ਕੋਈ ਦੁਨਿਆਵੀ ਰਾਜ ਪ੍ਰਬੰਧ ਨਹੀਂ ਹੋ ਸਕਦਾ। ਜੇ ਸਾਡੇ ਲਈ ਪੈਮਾਨਾ ਕੋਈ ਦੁਨਿਆਵੀ ਰਾਜ ਪ੍ਰਬੰਧ ਹੈ ਤਾਂ ਇਹ ਨੁਕਸ਼ ਸਾਡਾ ਆਪਣਾ ਹੈ। ਇਹ ਗੁਰੂ ਪਾਤਸ਼ਾਹ ਨੂੰ ਮਹਿਸੂਸ ਕਰਕੇ ਇਸ ਦੁਨਿਆਵੀ ਰਾਜ ਪ੍ਰਬੰਧ ਤੋਂ ਦੂਰ ਖਲੋ ਕੇ ਹੀ ਸਮਝਿਆ ਜਾ ਸਕੇਗਾ। 

ਧੰਨਵਾਦ ,

ਮਲਕੀਤ ਸਿੰਘ ਭਵਾਨੀਗੜ੍ਹ

ਸੰਪਾਦਕ, ਅੰਮ੍ਰਿਤਸਰ ਟਾਈਮਜ਼