ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਕਿਵੇਂ ਰਚੀ?

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਕਿਵੇਂ ਰਚੀ?

ਅੰਮ੍ਰਿਤਸਰ ਟਾਈਮਜ਼ ਬਿਊਰੋ
ਸਿੱਖ ਜਗਤ ਦੀਆਂ ਰੂਹਾਂ ਨੂੰ ਜ਼ਖਮੀ ਕਰਨ ਵਾਲੇ ਬਰਗਾੜੀ ਬੇਅਦਬੀ ਮਾਮਲੇ ਵਿਚ ਪੰਜਾਬ ਪੁਲਸ ਦੀ ਜਾਂਚ ਟੀਮ ਨੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ 'ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਮੁੱਖ ਸਾਜਿਸ਼ਕਰਤਾ ਵਜੋਂ ਨਾਮਜ਼ਦ ਕਰ ਲਿਆ ਹੈ।

ਜਾਂਚ ਟੀਮ ਨੇ ਦਾਅਵਾ ਕੀਤਾ ਕਿ 2007 ਤੋਂ ਲੈ ਕੇ 2015 ਤੱਕ ਡੇਰਾ ਸਿਰਸਾ ਅਤੇ ਸਿੱਖਾਂ ਦਰਮਿਆਨ ਤਿੱਖਾ ਟਕਰਾਅ ਚੱਲਦਾ ਰਿਹਾ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਦੇ ਕਹਿਣ ’ਤੇ ਕੁਝ ਡੇਰਾ ਪ੍ਰੇਮੀਆਂ ਨੇ ਸੱਚਾ ਸੌਦਾ ਦੇ ਲੌਕੇਟ ਉਤਾਰ ਕੇ ਸੁੱਟ ਦਿੱਤੇ ਸਨ। ਇਸੇ ਗੱਲ ਤੋਂ ਤੈਸ਼ ਵਿਚ ਆਏ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਸਾਜਿਸ਼ ਰਚੀ। ਜਾਂਚ ਟੀਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਚੋਰੀ ਅਤੇ ਇਸ ਦੀ ਬੇਅਦਬੀ ਕਰਨ ਦੀ ਸਾਜਿਸ਼ ਡੇਰਾ ਸੱਚਾ ਸੌਦਾ ’ਚ ਹੀ ਰਚੀ ਗਈ ਸੀ ਅਤੇ ਡੇਰਾ ਮੁਖੀ ਇਸ ਸਾਜਿਸ਼ ’ਚ ਪੂਰੀ ਤਰ੍ਹਾਂ ਸ਼ਾਮਲ ਸੀ।

ਦੱਸ ਦਈਏ ਕਿ ਜੂਨ 2015 ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ ਅਤੇ ਬਾਅਦ ਵਿਚ ਇਸ ਸਰੂਪ ਦੇ ਅੰਗਾਂ ਨੂੰ ਫਾੜ੍ਹ ਕੇ ਬਰਗਾੜੀ ਪਿੰਡ ਦੀਆਂ ਗਲੀਆਂ ਵਿਚ ਸੁੱਟਿਆ ਗਿਆ ਸੀ। ਨਾਲ ਹੀ ਕੰਧਾਂ 'ਤੇ ਇਸ਼ਤਿਹਾਰ ਲਾ ਕੇ ਸਿੱਖਾਂ ਨੂੰ ਵੰਗਾਰਿਆ ਗਿਆ ਸੀ। ਇਸ ਬੇਹਦ ਦਰਦਨਾਕ ਘਟਨਾ ਤੋਂ ਬਾਅਦ ਪੰਜਾਬ ਭਰ ਵਿਚ ਸਿੱਖਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਮੁਜ਼ਾਹਰੇ ਕੀਤੇ ਸੀ। ਇਸ ਦੌਰਾਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ ਸਨ ਅਤੇ ਕਈ ਸਿੱਖ ਜ਼ਖਮੀ ਹੋਏ ਸਨ। ਇਸ ਘਟਨਾ ਨੇ ਪੰਜਾਬ ਦੀ ਰਾਜਨੀਤੀ 'ਤੇ ਵੱਡਾ ਅਸਰ ਪਾਇਆ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 2017 ਦੀਆਂ ਚੋਣਾਂ ਵਿਚ ਬੇਹੱਦ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਘਟਨਾਵਾਂ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ। ਪਰ 2018 ਵਿਚ ਭਾਰਤ ਦੀ ਜਾਂਚ ਅਜੈਂਸੀ ਸੀਬੀਆਈ ਨੇ ਇਹਨਾਂ ਮਾਮਲਿਆਂ ਵਿਚ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਪ੍ਰੇਮੀਆਂ ਨੂੰ ਬਰੀ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ। ਇਸ ਤੋਂ ਬਾਅਦ ਸਿੱਖ ਸੰਗਤਾਂ ਫੈਲੇ ਰੋਹ ਦੇ ਚਲਦਿਆਂ ਪੰਜਾਬ ਸਰਕਾਰ ਨੇ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲ਼ਾਨ ਕੀਤਾ ਸੀ। ਹਲਾਂਕਿ ਇਹਨਾਂ ਮਾਮਲਿਆਂ ਦੀ ਜਾਂਚ ਅਜੇ ਵੀ ਸੀਬੀਆਈ ਦੇ ਕੋਲ ਹੈ ਪਰ ਨਾਲ ਹੀ ਪੰਜਾਬ ਪੁਲਸ ਦੀ ਜਾਂਚ ਟੀਮ ਵੀ ਆਪਣੀ ਜਾਂਚ ਕਰ ਰਹੀ ਹੈ। 

ਡੇਰਾ ਸਿਰਸਾ ਮੁਖੀ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਵਾਂਗ ਰਚਣ ਦਾ ਦੋਸ਼ੀ ਹੈ ਅਤੇ ਲਗਾਤਾਰ ਸਿੱਖਾਂ ਨਾਲ ਟਕਰਾਅ ਵਿਚ ਰਿਹਾ ਹੈ। ਪਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਹਰਿਆਣਾ ਦੇ ਆਗੂ ਇਸ ਡੇਰਾ ਮੁਖੀ ਨੂੰ ਸਿੱਖਾਂ ਖਿਲਾਫ ਹੱਲਾਸ਼ੇਰੀ ਦਿੰਦੇ ਰਹੇ। ਇਸ ਡੇਰਾ ਮੁਖੀ ਦੇ ਕੁਕਰਮਾਂ ਦਾ ਭਾਂਡਾ ਅਖੀਰ ਉੇਦੋਂ ਫੁਟਿਆ ਜਦੋਂ ਇਸਨੂੰ ਆਪਣੇ ਡੇਰੇ ਵਿਚ ਰਹਿੰਦੀਆਂ ਕੁੜੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ 20 ਸਾਲਾਂ ਦੀ ਦੋਹਰੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ ਇਸ 'ਤੇ ਪੱਤਰਕਾਰ ਨੂੰ ਕਤਲ ਕਰਨ ਦੇ ਦੋਸ਼ ਵੀ ਸਾਬਤ ਹੋਏ।

ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਚਾਰ ਦਿਨ ਪਹਿਲਾਂ ਪੰਜ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਤੋਂ ਪੁੱਛਗਿੱਛ ਪੜਤਾਲ ਦੌਰਾਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਾਜਿਸ਼ ਸਾਹਮਣੇ ਆਈ ਹੈ। ਜਾਂਚ ਟੀਮ ਨੇ ਮੁੱਢਲੀ ਪੜਤਾਲ ਮੁਕੰਮਲ ਹੋਣ ਮਗਰੋਂ ਅੱਜ ਅਦਾਲਤ ਸਾਹਮਣੇ ਚਲਾਨ ਵੀ ਪੇਸ਼ ਕਰ ਦਿੱਤਾ, ਜਿਸ ’ਚ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਨਾਂਅ ਵੀ ਸ਼ਾਮਲ ਹਨ।

ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਜੇਕਰ ਡੇਰਾ ਸੱਚਾ ਸੌਦਾ ਦੇ ਕੌਮੀ ਕਮੇਟੀ ਮੈਂਬਰ ਗ੍ਰਿਫ਼ਤਾਰ ਹੋ ਜਾਂਦੇ ਹਨ ਤਾਂ ਹੋਰ ਮੁਲਜ਼ਮਾਂ ਦੀ ਸ਼ਨਾਖਤ ਵੀ ਹੋ ਸਕਦੀ ਹੈ। ਪੜਤਾਲ ਦੌਰਾਨ ਉਨ੍ਹਾਂ ਨੂੰ ਅਹਿਮ ਸਬੂਤ, ਗਵਾਹ ਅਤੇ ਦਸਤਾਵੇਜ਼ ਮਿਲੇ ਹਨ, ਜੋ ਉਨ੍ਹਾਂ ਨੇ ਚਲਾਨ ਦੇ ਨਾਲ ਡਿਊਟੀ ਜੱਜ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੇ ਹਨ।

ਦੱਸਣਯੋਗ ਹੈ ਕਿ ਬਾਜਾਖਾਨਾ ਪੁਲੀਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਸਬੰਧੀ 2 ਜੂਨ 2015 ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295-ਏ, 380, 120-ਬੀ, 201 ਤਹਿਤ ਦਰਜ ਕੇਸ ’ਚ ਧਾਰਾ 414 ਅਤੇ 451 ਤਹਿਤ ਦੋਸ਼ਾਂ ਦਾ ਵਾਧਾ ਕੀਤਾ ਹੈ। ਜਾਂਚ ਟੀਮ ਨੇ ਕੌਮੀ ਕਮੇਟੀ ਮੈਂਬਰ ਹਰਸ਼ ਪੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟਾਂ ਦੀ ਮੰਗ ਕੀਤੀ ਹੈ। ਅਦਾਲਤ ਵਾਰੰਟ ਜਾਰੀ ਕਰਨ ਬਾਰੇ 8 ਜੁਲਾਈ ਨੂੰ ਸੁਣਵਾਈ ਕਰੇਗੀ।

ਪੰਜ ਡੇਰਾ ਪ੍ਰੇਮੀਆਂ ਦਾ 20 ਤੱਕ ਜੁਡੀਸ਼ਲ ਰਿਮਾਂਡ
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੀ ਬੇਅਦਬੀ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਪ੍ਰੇਮੀਆਂ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਦੇ ਹੋਰ ਪੁਲੀਸ ਰਿਮਾਂਡ ਦੀ ਲੋੜ ਨਹੀਂ ਹੈ। ਜਿਸ ’ਤੇ ਅਦਾਲਤ ਨੇ ਪੰਜੇ ਮੁਲਜ਼ਮਾਂ ਰਣਦੀਪ ਸਿੰਘ ਉਰਫ਼ ਨੀਲਾ, ਰਣਜੀਤ ਸਿੰਘ ਉਰਫ਼ ਭੋਲਾ, ਬਲਜੀਤ ਸਿੰਘ, ਨਰਿੰਦਰ ਸ਼ਰਮਾ ਤੇ ਨਿਸ਼ਾਨ ਸਿੰਘ ਨੂੰ 20 ਜੁਲਾਈ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਇਸੇ ਦੌਰਾਨ ਅੱਜ ਡੇਰਾ ਪ੍ਰੇਮੀਆਂ ਦੀ ਅਦਾਲਤ ’ਚ ਪੇਸ਼ੀ ਮੌਕੇ ਸਿੱਖ ਜਥੇਬੰਦੀਆਂ ਦੇ ਕੁਝ ਆਗੂਆਂ ਨੇ ਅਦਾਲਤ ਦੇ ਬਾਹਰ ਡੇਰਾ ਪ੍ਰੇਮੀਆਂ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪੁਲੀਸ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਦਾਲਤੀ ਕੰਪਲੈਕਸ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।