ਡੇਰਾ ਬਾਬਾ ਗਾਂਧਾ ਸਿੰਘ ਵਾਲੀ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਸ੍ਰੋਮਣੀ ਕਮੇਟੀ ਪ੍ਰਬੰਧਕਾਂ ਦਾ ਪੰਥ ਅਤੇ ਆਪਾ ਵਿਰੋਧੀ ਫੈਸਲਾ
*200 ਏਕੜ ਜਮੀਨ,60 ਦੁਕਾਨਾਂ ਸਮੇਤ ਵੱਡੇ ਵਿਦਿਅਕ ਅਦਾਰੇ “ਚੋਰੀ ਦਾ ਮਾਲ ਡਾਂਗਾਂ ਦੇ ਗਜ” ਬਣਾਕੇ ਲੁਟਾਏ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾ ਵਿਰੋਧੀ ਭਾਵ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਭਾਵੇਂ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਹੈ,ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸ੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਨੇ ਸਿੱਖਾਂ ਦੇ ਰੋਹ ਦੀ ਕਦੇ ਵੀ ਕੋਈ ਪ੍ਰਵਾਹ ਨਹੀ ਕੀਤੀ।ਉਹ ਰੋਹ ਭਾਵੇਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਗਾਇਬ ਹੋਏ 328 ਸਰੂਪਾਂ ਦੇ ਸਬੰਧ ਵਿੱਚ ਹੋਵੇ ਜਾਂ ਪੁਰਾਤਨ ਨਿਸ਼ਾਨੀਆਂ ਨੂੰ ਮਲ਼ੀਆਮੇਟ ਕਰਨ ਦੇ ਗੁਨਾਹ ਬਾਬਤ ਹੋਵੇ,ਜਾਂ ਫਿਰ ਕੌਡੀਆਂ ਦੇ ਭਾਅ ਲੁਟਾਈ ਜਾ ਰਹੀ ਸ੍ਰੋਮਣੀ ਕਮੇਟੀ ਦੀ ਜਾਇਦਾਦ ਦੇ ਸਬੰਧ ਵਿੱਚ ਹੋਵੇ। ਸਿੱਖਾਂ ਦੀ ਇਸ ਵਾਹਿਦ ਸੰਸਥਾ ਦੇ ਕੋਲ ਆਪਣੀ ਹਜ਼ਾਰਾਂਰਾ ਏਕੜ ਜ਼ਮੀਨ ਸੀ ਜਿਸ ਵਿੱਚੋਂ ਬੇਹੱਦ ਮਹਿੰਗੇ ਭਾਅ ਦਾ ਵੱਡਾ ਹਿੱਸਾ ਪਹਿਲਾਂ ਹੀ ਕਾਬਜ ਧਿਰ ਨੇ ਆਪਣੇ ਜਾਂ ਆਪਣੇ ਚਹੇਤਿਆਂ ਨੂੰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੇ ਦਿੱਤਾ ਹੋਇਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਮਾਲਵੇ।ਵਿਚ ਵੱਡਾ ਅਧਾਰ ਰੱਖਣ ਵਾਲੇ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮਹੰਤ ਬਾਬਾ ਗੁਰਬਚਨ ਸਿੰਘ ਨੇ ਸਰੋਮਣੀ ਕਮੇਟੀ ਨੂੰ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ ਸੀ,ਪਰੰਤੂ ਜਥੇਦਾਰ ਟੌਹੜਾ ਨੇ ਮਹੰਤ ਬਾਬਾ ਗੁਰਬਚਨ ਸਿੰਘ ਦੇ ਗੁਜਾਰੇ ਲਈ ਤਕਰੀਬਨ 100 ਏਕੜ ਜਮੀਨ ਉਨ੍ਹਾਂ ਨੂੰ ਛੱਡ ਦਿੱਤੀ ਸੀ। ਇਸ ਜਮੀਨ ਵਿੱਚੋਂ ਬਹੁਤੀ ਜਾਇਦਾਦ ਬਰਨਾਲਾ ਜਾਂ ਇਸ ਦੇ ਆਸਪਾਸ ਹੈ। ਤਕਰੀਬਨ 1500 ਏਕੜ ਵਾਹੀ ਯੋਗ ਜ਼ਮੀਨ ਤੋਂ ਇਲਾਵਾ ਬਰਨਾਲਾ ਸ਼ਹਿਰ ਦੇ ਅੰਦਰ ਵੀ ਵੇਸ ਕੀਮਤੀ ਕਮੱਰਸ਼ੀਅਲ ਜਾਇਦਾਦ ਨੂੰ ਸ੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀ ਆਪਣੀ ਮਿਲੀ ਭੁਗਤ ਨਾਲ ਭਾਰੀ ਰਿਸ਼ਵਤਾਂ ਲੈਕੇ ਲੁਟਾਈ ਜਾ ਰਹੇ ਹਨ। ਪਾਠਕਾਂ ਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਸ ਜਾਇਦਾਦ ਵਿੱਚੋਂ ਸਹਿਰ ਦੇ ਵਿਚਕਾਰ ਪਈ ਕਰੋੜਾਂ ਰੁਪਏ ਦੀ ਜ਼ਮੀਨ ਸਿੱਖ ਵਿਰੋਧੀ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲ ਨੂੰ ਕੌਡੀਆਂ ਤੋ ਵੀ ਸਸਤੇ ਮੁੱਲ ਵਿੱਚ ਦਿੱਤੀ ਹੋਈ ਹੈ। ਸ੍ਰੋਮਣੀ ਕਮੇਟੀ ਉਕਤ ਸੰਸਥਾ ਤੋਂ ਹੁਣ ਕੋਈ ਕਿਰਾਇਆ ਵੀ ਨਹੀ ਵਸੂਲਿਆ ।ਸਮੇਂ ਸਮੇਂ ਇਸ ਜਾਇਦਾਦ ਨੂੰ ਲੈ ਕੇ ਵਿਵਾਦ ਵੀ ਉੱਠਦੇ ਰਹੇ ਹਨ,ਪਰ ਜਿਹਾ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ/ਸਕੱਤਰ ਸਮੇਤ ਮੈਬਰਾਂ ਅਤੇ ਸਬੰਧਤ ਅਧਿਕਾਰੀਆਂ ਦੇ ਕੰਨ ਉਪਰ ਕਦੇ ਵੀ ਜੂੰ ਨਹੀ ਸਰਕਦੀ। ਇਹੋ ਕਾਰਨ ਹੈ ਕਿ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੀ ਮੈਨੇਜਰੀ ਲੈਣ ਲਈ ਅਕਸਰ ਹੀ ਖਿੱਚੋਤਾਣ ਚੱਲਦੀ ਰਹਿੰਦੀ ਹੈ ਅਤੇ ਜਿਸ ਮੈਨੇਜਰ ਤੇ ਕਮੇਟੀ ਮੈਂਬਰਾਂ ਦੀ ਸਵੱਲੀ ਨਜ਼ਰ ਟਿਕ ਜਾਂਦੀ ਹੈ,ਉਹ ਇਸ ਗੁਰਦੁਆਰਾ ਸਾਹਿਬ ਦਾ ਮੈਨੇਜਰ ਬਣ ਕੇ ਕਮੇਟੀ ਮੈਬਰਾਂ ਅਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਸ ਜਾਇਦਾਦ ਨੂੰ “ਚੋਰੀ ਦਾ ਮਾਲ ਡਾਂਗਾਂ ਦੇ ਗਜ” ਬਣਾ ਕੇ ਖੂਬ ਹੱਥ ਰੰਗਦਾ ਹੈ।
ਅਨੇਕਾਂ ਵਿਵਾਦਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਹੁਣ ਗੁਰਦੁਆਰਾ ਬਾਬਾ ਗਾਂਧਾ ਸਿੰਘ ਨਾਲ ਜੁੜੀ ਇੱਕ ਹੋਰ ਵੱਡੀ ਧਾਂਦਲੀ ਸਾਹਮਣੇ ਆਈ ਹੈ। ਆਰ ਟੀ ਆਈ ਅਤੇ ਕੁੱਝ ਬੇਹੱਦ ਭਰੋਸ਼ੇਯੋਗ ਸੂਤਰਾਂ ਤੋ ਮਿਲੇ ਪੁਖਤਾਂ ਸਬੂਤਾਂ (ਮਤਿਆਂ ਦੀਆਂ ਨਕਲਾਂ) ਅਨੁਸਾਰ ਸ੍ਰੋਮਣੀ ਕਮੇਟੀ ਨੇ ਆਪਣ ਮਤਾ ਨੰਬਰ 474 ਮਿਤੀ 5 ਜੁਲਾਈ 1975 ਰਾਹੀ ਕੀਤੇ ਸਮਝੌਤੇ ਨੂੰ ਦਰਕਿਨਾਰ ਕਰਦਿਆਂ ਆਪਣੇ ਚਹੇਤੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਲੁਟਾਉਣ ਲਈ ਨਿਯਮਾਂ ਅਤੇ ਕਨੂੰਨ ਨੂੰ ਛਿੱਕੇ ਟੰਗ ਕੇ ਇੱਕ ਟਰਸਟ ਬਣਾ ਕੇ ਉਸ ਟਰੱਸਟ ਦੇ ਨਾਮ 200 ਏਕੜ ਦੇ ਲੱਗਭੱਗ ਜਮੀਨ, 60 ਦੇ ਕਰੀਬ ਦੁਕਾਨਾਂ ਉਕਤ ਟਰੱਸਟ ਦੇ ਸਪੁੱਰਦ ਕਰ ਦਿੱਤੀਆਂ ਹਨ।ਹੈਰਾਨੀ ਦੀ ਗੱਲ ਹੈ ਕਿ ਡੇਰਾ ਬਾਬਾ ਗਾਂਧਾ ਸਿਘ ਨਿਰਮਲ ਭੇਖ ਟਰੱਸਟ ਦੇ ਨਾਲ ਸਮਝੌਤਾ 20/9/22 ਨੂੰ ਹੋ ਰਿਹਾ ਹੈ ਅਤੇ ਉਸ ਦਿਨ ਹੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਨੂੰ ਮਤਾ ਨੰਬਰ 703 ਮਿਤੀ 20/9/2022 ਰਾਹੀ ਪ੍ਰਵਾਨ ਕਰ ਲਿਆ ਜਾਂਦਾ ਹੈ,ਜਦੋਂਕਿ ਇਹ ਟਰੱਸਟ ਰਜਿਸਟਰ 24/5/2023 ਨੂੰ ਹੁੰਦਾ ਹੈ। ਜਿੱਥੋ ਸਾਰੇ ਘਾਲੇ ਮਾਲੇ ਦੀ ਪੋਲ ਖੁੱਲਦੀ ਹੈ,ਕਿਉਂਕਿ ਟਰਸੱਟ 9 ਮਹੀਨੇ ਬਾਅਦ ਰਜਿਸਟਰ ਹੁੰਦਾ ਹੈ,ਜਦੋਕਿ ਸ੍ਰੋਮਣੀ ਕਮੇਟੀ ਟਰੱਸਟ ਦੇ ਕਨੂੰਨੀ ਤੌਰ ਤੇ ਹੋਂਦ ਵਿੱਚ ਆਉਣ ਤੋ ਨੌ ਮਹੀਨੇ ਪਹਿਲਾਂ ਹੀ ਉਕਤ ਟਰੱਸਟ ਨਾਲ ਸਮਝੌਤਾ ਕਰ ਲੈਂਦੀ ਹੈ। ਵਰਨਣਯੋਗ ਹੈ ਕਿ ਜਿਸ ਸਮੇ 1975 ਵਿੱਚ ਮਹੰਤ ਗੁਰਬਚਨ ਸਿੰਘ ਨੇ ਸ੍ਰੋਮਣੀ ਕਮੇਟੀ ਨੂੰ ਜ਼ਮੀਨ ਜਾਇਦਾਦ ਦੇਣ ਦਾ ਇਹ ਸਮਝੌਤਾ ਕੀਤਾ ਸੀ,ਤਾਂ ਇਸ ਇਲਾਕੇ ਲਈ ਉਹਨਾਂ ਨੇ ਸ੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਟੌਹੜਾ ਸਾਹਿਬ ਪਾਸੋਂ ਬਰਨਾਲਾ ਇਲਾਕੇ ਲਈ ਇੱਕ ਵੱਡਾ ਸਕੂਲ ਬਨਾਉਣ ਦੀ ਇਹ ਵੱਡੀ ਮੰਗ ਰੱਖੀ ਸੀ ਅਤੇ ਮਹੰਤ ਗੁਰਬਚਨ ਸਿੰਘ ਨੇ ਸਕੂਲ ਬਨਾਉਣ ਲਈ ਜਾਇਦਾਾਦ ਤੋਂ ਇਲਾਵਾ ਦੋ ਲੱਖ ਰੁਪਏ ਨਗਦ ਵੀ ਦਿੱਤੇ ਸਨ।ਜਿਸ ਦੇ ਸੰਦਰਭ ਵਿੱਚ ਹੀ ਇਹ ਵੱਡਾ ਸਕੂਲ ਹੋਂਦ ਵਿੱਚ ਆਇਆ।ਮਤਾ ਨੰਬਰ 474 ਮਿਤੀ 5/7/1975 ਦੇ ਪਹਿਰਾ ਨੰਬਰ 5 ਅਨੁਸਾਰ :- “ਸ੍ਰੋਮਣੀ ਕਮੇਟੀ ਦਾ ਇਹ ਫਰਜ ਹੋਵੇਗਾ ਕਿ ਬਰਨਾਲਾ ਸਹਿਰ ਵਿਖੇ ਇੱਕ ਹਾਇਰ ਸਕੰਡਰੀ ਪਬਲਿਕ ਸਕੂਲ ਨਵੀਨ ਵਿਦਿਅਕ ਢੰਗ ਦਾ ਖੋਲੇਗੀ ਅਤੇ ਸਦੀਵੀ ਤੌਰ ਉਪਰ ਸਕੂਲ ਨੂੰ ਉੱਨਤ ਅਤੇ ਕਾਇਮ ਰੱਖੇਗੀ।ਇਸ ਸਕੂਲ ਦੀ ਕਮੇਟੀ ਬਨਾਉਣ ਦਾ ਹੱਕ ਕੇਵਲ ਸ੍ਰੋਮਣੀ ਕਮੇਟੀ ਨੂੰ ਹੋਵੇਗਾ,ਉਹ ਜਿਤਨੇ ਮੈਂਬਰਾਂ ਦੀ ਕਮੇਟੀ ਚਾਹੇ ਬਣਾ ਸਕਦੀ ਹੈ। ਇਸ ਸਕੂਲ ਦੇ ਪ੍ਰਬੰਧ ਲਈ ਜੋ ਕਮੇਟੀ ਬਣਾਈ ਜਾਵੇਗੀ,ਉਸ ਵਿੱਚ ਮਹੰਤ ਗੁਰਬਚਨ ਸਿੰਘ ਲਾਈਫ ਮੈਂਬਰ ਹੋਣਗੇ ਅਤੇ ਇੱਕ ਹੋਰ ਮੈਂਬਰ ਨਾਮਜਦ ਕਰਨ ਦਾ ਇਹਨਾਂ ਨੂੰ ਅਧਿਕਾਰ ਹੋਵੇਗਾ। ਇਸ ਸਕੂਲ ਵਿੱਚ ਸਿੱਖ ਮੱਤ ਦੇ ਪ੍ਰਚਾਰ ਵਜੋਂ ਸਿੱਖ ਧਾਰਮਿਕ ਵਿੱਦਿਆ ਦੇਣੀ ਲਾਜਮੀ ਹੋਵੇਗੀ।ਮਹੰਤ ਗੁਰਬਚਨ ਸਿੰਘ ਜੀ ਅਤੇ ਉਹਨਾਂ ਦੇ ਜਾਨਸ਼ੀਨ ਨੂੰ ਇਹ ਹੱਕ ਹੋਵੇਗਾ ਕਿ ਉਹ ਪੰਜ ਵਿਦਿਆਰਥੀ ਸਕੂਲ ਵਿੱਚ ਜਿਸ ਕਲਾਸ ਦੇ ਉਹ ਚਾਹੁਣ ਮੁਫਤ ਵਿੱਦਿਆ ਪ੍ਰਾਪਤ ਕਰਨ ਲਈ ਦਾਖਲ ਕਰਵਾ ਸਕਣਗੇ।ਇਸ ਸਕੂਲ ਦੀ ਇਮਾਰਤ ਦੇ ਬਨਾਉਣ ਵਾਸਤੇ ਮਹੰਤ ਗੁਰਬਚਨ ਸਿੰਘ ਜੀ ਦੋ ਲੱਖ ਰੁਪਏ ਅਤੇ ਸ੍ਰੋਮਣੀ ਕਮੇਟੀ ਤਿੰਨ ਲੱਖ ਆਪਣੇ ਵੱਲੋਂ ਖਰਚ ਕਰੇਗੀ”।ਪਰੰਤੂ ਅੱਜ ਇਹ ਸਕੂਲ ਡੇਰਾ ਬਾਬਾ ਗਾਂਧਾ ਸਿੰਘ ਜਾਂ ਸ੍ਰੋਮਣੀ ਕਮੇਟੀ ਦੀ ਮਲਕੀਅਤ ਨਾ ਹੋਕੇ ਇੱਕ ਨਿੱਜੀ ਟਰੱਸਟ ਦੀ ਮਲਕੀਅਤ ਬਣ ਕੇ ਰਹਿ ਗਈ ਹੈ। ਇਕੱਤਰ ਕੀਤੇ ਤੱਥਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 566 ਅਨੁਸਾਰ:- “ਮਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੀ ਪੱਤਰਿਕਾ ਨੰਬਰ 358 ਮਿਤੀ 15/03/2023, ਰਾਹੀਂ ਕੀਤੀ ਮੰਗ ਤੇ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਨਾਲ ਮਿਤੀ 20/09/2022 ਮੁਤਾਬਿਕ ਹੋਏ ਸਮਝੌਤੇ ਤੇ ਵੰਡ ਅਨੁਸਾਰ ਗੁਰਦੁਆਰਾ ਸਾਹਿਬ ਦੇ ਕਬਜੇ ਵਾਲੀ ਸਰਕੜਾ ਫਾਰਮ ਜਮੀਨ ਰਕਬਾ 113 ਏਕੜ 04 ਕਨਾਲ 15 ਮਰਲੇ ਦੀ 40,000/ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ 45,43,750/ ਰੁਪਏ, ਖੁੱਡੀ ਫਾਰਮ ਵਾਲੀ ਰਕਬਾ 43 ਏਕੜ 02 ਕਨਾਲ 14 ਮਰਲੇ ਦੀ 55,000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ 23,83,562/- ਰੁਪਏ ਅਤੇ ਬਰਨਾਲਾ ਫਾਰਮ ਦੀ ਠੇਕੇ ਪੁਰ ਦਿੱਤੀ ਜਮੀਨ ਵਿੱਚ ਜਮਾਂ ਹੋਈ ਅੱਧੀ ਰਕਮ 9,35,967/- ਰੁਪਏ ਜੋ ਗੁਰਦੁਆਰਾ ਸਾਹਿਬ ਦੇ ਫੰਡਾਂ ਵਿੱਚ ਜਮਾਂ ਹਨ ਇਹਨਾਂ ਰਕਮਾਂ ਨੂੰ ਡੇਰਾ ਬਾਬਾ ਗਾਂਧਾ ਸਿੰਘ (ਨਿਰਮਲ ਭੇਖ ਪ੍ਰਬੰਧਕ ਕਮੇਟੀ) ਨੂੰ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਅਦਾ ਕਰਨ ਦੀ ਕੀਤੀ ਆਗਿਆ ਤੇ ਦਫਤਰ ਵੱਲੋਂ ਜਾਰੀ ਪੱਤਰਿਕਾ ਨੰਬਰ 2191 ਮਿਤੀ 31/05/2023, ਮਾਣਯੋਗ ਪ੍ਰਧਾਨ ਸਾਹਿਬ ਦੀ ਆਗਿਆ ਅਤੇ ਇਕੱਤਰਤਾ ਵਿੱਚ ਹਾਜਰ ਮੈਂਬਰ ਸਾਹਿਬਾਨ ਦੀ ਸੰਮਤੀ ਨਾਲ ਪੇਸ਼ ਹੋਣ ‘ਤੇ ਪ੍ਰਵਾਨ ਹੋਇਆ ਕਿ ਹਵਾਲੇ ਵਾਲੀ ਭੇਜੀ ਪੱਤਰਿਕਾ ਦੀ ਪੁਸ਼ਟੀ ਕੀਤੀ ਜਾਂਦੀ ਹੈ। ਰਿਕਾਰਡ ਅਨੁਸਾ੍ਰ ਜਮੀਨ ਦੇ ਰਕਬੇ ਦਾ ਅਤੇ ਦਿੱਤੀ ਰਕਮ ਦੇ ਮਿਲਾਨ ਕਰਨ ਦੀ ਜਿੰਮੇਵਾਰੀ ਮੈਨੇਜਰ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ, ਬਰਨਾਲਾ ਦੀ ਹੋਵੇਗੀ”।
ਜਿਕਰਯੋਗ ਇਹ ਵੀ ਹੈ ਕਿ ਉਪਰੋਕਤ ਡੇਰਿਆਂ ਵਿੱਚ ਮਹੰਤੀ ਦੀ ਪ੍ਰਥਾ ਹੈ ਓਥੇ ਕੋਈ ਪ੍ਰਬੰਧਕ ਕਮੇਟੀ ਦੀ ਪ੍ਰਥਾ ਨਹੀ ਹੈ,ਇਸ ਲਈ ਇਹ ਸਮਝੌਤਾ ਕਿਸੇ ਭੇਖ ਦੀ ਅਜਿਹੀ ਅਣਅਧਿਕਾਰਿਤ ਪ੍ਰਬੰਧਕ ਕਮੇਟੀ ਨਾਲ ਕਰਨਾ,ਡੇਰੇ ਦੀ ਪ੍ਰਥਾ ਅਤੇ ਸਰੋਮਣੀ ਕਮੇਟੀ ਦੇ ਪਹਿਲਾਂ ਹੀ ਮਹੰਤ ਗੁਰਬਚਨ ਸਿੰਘ ਨਾਲ ਹੋਏ ਫੈਸਲਿਆਂ ਦੀ ਰੌਸ਼ਨੀ ਵਿੱਚ ਸਰਕਾਰੀ ਨਿਯਮਾਂ ਦੇ ਵੀ ਖਿਲਾਫ ਹੈ।ਏਸੇਤਰਾਂ ਡੇਰੇ ਦੀ ਮਹੰਤੀ ਨੂੰ ਲੈ ਕੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਜਿਉਂ ਦਾ ਤਿਉਂ (ਸਟੇਟਸ ਕੋਅ) ਰੱਖਿਆ ਹੋਇਆ ਹੈ,ਇਸ ਵਰਤਾਰੇ ਦੇ ਮੱਦੇਨਜ਼ਰ ਸਵਾਲ ਉੱਠਦਾ ਹੈ ਕਿ ਸ੍ਰੋਮਣੀ ਕਮੇਟੀ ਦੀ ਅਜਿਹੀ ਕੀ ਮਜਬੂਰੀ ਰਹੀ ਹੋਵੇਗੀ,ਜਿਹੜਾ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਬਗੈਰ ਪ੍ਰਵਾਹ ਕੀਤਿਆਂ ਅਤੇ ਨਿਰਮਲ ਭੇਖ ਪਰਬੰਧਕ ਕਮੇਟੀ ਦੇ ਰਜਿਸਟਰ ਹੋਣ ਤੋ ਪਹਿਲਾਂ ਹੀ ਐਨੀ ਕਾਹਲ ਵਿੱਚ ਅਜਿਹੇ ਪੰਥਕ ਘਾਟੇ ਵਾਲੇ ਸਮਝੌਤੇ ਕਰਨ ਲਈ ਮਜਬੂਰ ਹੋਣਾ ਪਿਆ ?
ਉਪਰੋਕਤ ਸਾਰੇ ਵਰਤਾਰੇ ਲਈ ਭਾਵੇਂਂ ਹੁਣ ਸਮੀਕਰਣ ਕੁੱਝ ਹੋਰ ਹਨ,ਪਰ ਇਹ ਸਚਾਈ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਇਹ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਪਹਿਲ ਸਭ ਤੋ ਪਹਿਲਾਂ ਸੁਖਦੇਵ ਸਿੰਘ ਢੀਡਸਾ ਵੱਲੋਂ ਕੀਤੀ ਗਈ,ਜਿਸ ਨੇ ਅਕਾਲੀ ਦਲ ਦੀ ਸਰਕਾਰ ਸਮੇ ਆਪਣੇ ਰਾਜਨੀਤਕ ਪ੍ਰਭਾਵ ਦੀ ਦੁਰਵਰਤੋਂ ਕਰਦਿਆਂ ਨਿੱਜੀ ਲੋਭ ਲਾਲਚ ਵੱਸ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਤੇ ਕਬਜਾ ਕਰਨ ਦੀ ਪਿਰਤ ਪਾਈ ਅਤੇ ਇਹ ਕਬਜ਼ਾ ਆਪਣੇ ਹਿਤਾਂ ਦੇ ਅਨੁਕੂਲ ਵਾਰ ਵਾਰ ਖੋਹ ਕੇ ਬਦਲਿਆ ਵੀ ਜਾਂਦਾ ਰਿਹਾ। ਸੋ ਉਪਰੋਕਤ ਸਾਰੇ ਵਰਤਾਰੇ ਨੇ ਅਕਾਲੀ ਲੀਡਰਸ਼ਿੱਪ,ਸਮੁੱਚੇ ਸਰੋਮਣੀ ਕਮੇਟੀ ਮੈਂਬਰਾਂ ਅਤੇ ਕਮੇਟੀ ਦੇ ਅਧਿਕਾਰੀਆਂ ਦੇ ਗੁਰਸਿੱਖੀ ਜੀਵਨ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਅਫਸੋਸ ! ਕਿ ਅੱਜਕੱਲ ਜਿੰਨਾਂ ਨੇ ਸਿੱਖੀ ਨੂੰ,ਸਿੱਖੀ ਸਿਧਾਂਤਾਂ ਨੂੰ,ਸਿੱਖ ਵਿਰਸੇ ਨੂੰ ਅਤੇ ਪੰਥਕ ਜਾਇਦਾਦ ‘ਤੇ ਉਸਰੇ ਵਿਦਿਅਕ ਅਦਾਰਿਆਂ ਰਾਹੀ ਗੁਰ ਸਿੱਖੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੌਮ ਦੇ ਭਵਿੱਖ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨੀ ਸੀ,ਉਹ ਰਾਖੇ ਹੀ ਵਾੜ ਦੇ ਵੈਰੀ ਬਣ ਕੇ ਸਿੱਖੀ ਦੀ ਭਰੀ ਫਸਲ ਉਜਾੜਨ ਦੇ ਗੁਨਾਹਗਾਰ ਬਣ ਰਹੇ ਹਨ। ਪੰਥਕ ਅਖਵਾਉਣ ਵਾਲੀਆਂ ਵੱਖ ਵੱਖ ਧਿਰਾਂ ਦੀ ਚੁੱਪੀ ਵੀ ਸ਼ੰਕਿਆਂ ਨੂੰ ਜਨਮ ਦਿੰਦੀ ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਪੰਥ ਅਜਿਹੇ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਕਿੰਨਾ ਕੁ ਸੰਜੀਦਾ ਹੋਵੇਗਾ।
ਬਘੇਲ ਸਿੰਘ ਧਾਲੀਵਾਲ
99142-58142
Comments (0)