ਸਰਨਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਯੂਨਿਟਾਂ ਦੀ ਸਥਾਪਿਤੀ ਲਈ ਯੂਪੀ ਦੇ ਆਗਰਾ ਵਿਖੇ ਸਿੱਖ ਸੰਗਤਾਂ ਨਾਲ ਮਿਲਣੀ

ਸਰਨਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਯੂਨਿਟਾਂ ਦੀ ਸਥਾਪਿਤੀ ਲਈ  ਯੂਪੀ ਦੇ ਆਗਰਾ ਵਿਖੇ ਸਿੱਖ ਸੰਗਤਾਂ ਨਾਲ ਮਿਲਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 15 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਗਰਾ ਦੀ ਫੇਰੀ ਦੌਰਾਨ ਉੱਥੇ ਰਹਿਣ ਵਾਲੀ ਸਿੱਖ ਸੰਗਤਾਂ ਨਾਲ ਮੁਲਾਕਾਤ ਕੀਤੀ । ਮੀਡੀਆ ਨੂੰ ਜਾਰੀ ਕੀਤੇ ਬਿਆਨ ਰਾਹੀਂ ਦਸਿਆ ਕਿ ਉਨ੍ਹਾਂ ਦਾ ਆਗਰੇ ਆਉਣ ਦਾ ਮੁੱਖ ਮਕਸਦ ਇਹੋ ਹੈ ਕਿ ਇੱਥੋਂ ਦੀ ਸਿੱਖ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਿਆ ਜਾਵੇ । ਤੇ ਦੂਸਰੀ ਗੱਲ ਕਿ ਇਹ ਅਕਸਰ ਹੀ ਹੁੰਦਾ ਹੈ ਕਿ ਜਿੱਥੇ ਕੋਈ ਧਿਰ ਘੱਟ ਗਿਣਤੀ ਵਿੱਚ ਹੋਵੇ ਉੱਥੇ ਉਹਨਾਂ ਦੇ ਮਨ ਦੇ ਵਿੱਚ ਇੱਕ ਭੈਅ ਸਰਕਾਰਾਂ ਬਾਰੇ ਬਣਿਆ ਰਹਿੰਦਾ ਹੈ ਉਸ ਡਰ ਨੂੰ ਅਸੀ ਸੰਗਤ ਦੇ ਮਨਾਂ ਦੇ ਵਿੱਚੋਂ ਕੱਢਣਾ ਚਾਹੁੰਦਾ ਹਾਂ । ਉਨ੍ਹਾਂ ਕਿਹਾ ਕਿ ਸਾਡਾ ਇਹ ਦ੍ਰਿੜ ਇਰਾਦਾ ਹੈ ਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਜਿੱਥੇ ਜਿੱਥੇ ਵੀ ਸਿੱਖਾਂ ਦੀ ਭਰਵੀਂ ਵੱਸੋਂ ਹੈ । ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਸਥਾਪਿਤ ਕੀਤੇ ਜਾਣ ਤਾਂ ਕਿ ਜਿਹੜੀ ਸਿਆਸੀ ਪਾਰਟੀਆਂ ਸਿੱਖ ਹਿੱਤਾਂ ਨੂੰ ਦਰਕਿਨਾਰ ਕਰਦੀਆਂ ਹਨ ਤੇ ਜਾਂ ਆਪਣੀਆਂ ਜੇਬ ਵਿੱਚ ਸਮਝਦੀਆਂ ਹਨ । ਉਹਨਾਂ ਨੂੰ ਇਹ ਸਮਝ ਲੱਗੇ ਕਿ ਸਿੱਖ ਦੇਸ਼ ਦੇ ਹੋਰ ਕੋਨੇ ਵਿੱਚ ਇੱਕ ਵੱਡੀ ਤਾਕਤ ਹਨ । ਤੇ ਜੋ ਸਰਕਾਰਾਂ ਤੇ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਸਿਆਸੀ ਤੌਰ ਤੇ ਕਮਜ਼ੋਰ ਸਮਝਦੀਆਂ ਹਨ ਅਕਾਲੀ ਦਲ ਸਿੱਖਾਂ ਨੂੰ ਦੇਸ਼ ਦੇ ਹਰ ਹਿੱਸੇ ਵਿੱਚ ਇਕਜੁਟ ਕਰ ਸਿਆਸੀ ਤੌਰ ਤੇ ਤਕੜੇ ਕਰੇਗਾ । 

ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਨਾਲ ਮੁਲਕ ਦੇ ਹਰ ਹਿੱਸੇ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਨਾਲ ਖੜ੍ਹਾ ਹੈ । ਇੱਥੋਂ ਦੇ ਸਿੱਖ ਬਹੁਤ ਹੀ ਸੱਚੇ ਸੁੱਚੇ ਤੇ ਗੁਰੂ ਨੂੰ ਪ੍ਰਣਾਏ ਹੋਏ ਹਨ ਤੇ ਅਕਾਲੀ ਦਲ ਪੰਜਾਬ ਤੇ ਦਿੱਲੀ ਵਾਂਗ ਹੀ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖਾਂ ਨੂੰ ਸਿਆਸੀ ਤੌਰ ਤੇ ਇਕਜੁਟ ਕਰਕੇ ਤਕੜੇ ਕਰੇਗਾ ਤੇ ਹਰ ਵੇਲੇ ਹਰ ਘੜ੍ਹੀ ਨਾਲ ਖੜੇਗਾ ।