ਐਸਜੀਪੀਸੀ ਦੇ ਵੱਡੇ ਅਹੁਦੇਦਾਰ, ਅਧਿਕਾਰੀ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਮੌਜੂਦਾ ਹੁਕਮਰਾਨਾਂ ਅੱਗੇ ਸਿੱਖ ਮਸਲਿਆ ਤੇ ਲਿਲਕੜੀਆ ਕੱਢਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਦੇ ਅਮਲ ਕਿਉਂ ਕਰ ਰਹੇ ਹਨ: ਮਾਨ 

ਐਸਜੀਪੀਸੀ ਦੇ ਵੱਡੇ ਅਹੁਦੇਦਾਰ, ਅਧਿਕਾਰੀ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਮੌਜੂਦਾ ਹੁਕਮਰਾਨਾਂ ਅੱਗੇ ਸਿੱਖ ਮਸਲਿਆ ਤੇ ਲਿਲਕੜੀਆ ਕੱਢਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਦੇ ਅਮਲ ਕਿਉਂ ਕਰ ਰਹੇ ਹਨ: ਮਾਨ 

 ਐਸਜੀਪੀਸੀ ਬੰਦੀ ਸਿੰਘ ਭਾਈ ਰਾਜੋਆਣਾ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਿਉਂ ਕਰ ਰਹੀ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 10 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-“ਸਾਨੂੰ ਮੀਡੀਏ ਅਤੇ ਅਖ਼ਬਾਰਾਂ ਵਿਚ ਇਹ ਸੁਣਕੇ ਅਤੇ ਜਾਣਕੇ ਕਿ ਐਸ.ਜੀ.ਪੀ.ਸੀ ਦੇ ਵੱਡੇ ਅਹੁਦੇਦਾਰ, ਅਧਿਕਾਰੀ ਅਤੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਵੱਲੋਂ ਹੁਕਮਰਾਨਾਂ ਨੂੰ ਵਾਰ-ਵਾਰ ਸਿੱਖ ਕੌਮ ਵੱਲੋ ਕੀਤੀਆ ਕੁਰਬਾਨੀਆ ਦਾ ਹਵਾਲਾ ਦੇ ਕੇ ਮੌਜੂਦਾ ਸਮੇ ਵਿਚ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਵੱਡੇ ਮਸਲਿਆ ਨੂੰ ਹੱਲ ਕਰਵਾਉਣ ਦੀ ਗੁਹਾਰ ਲਗਾਉਣ ਦੇ ਬਾਵਜੂਦ ਵੀ ਜਦੋਂ ਹੁਕਮਰਾਨਾਂ ਦੇ ਮਨ-ਆਤਮਾ ਉਤੇ ਕੋਈ ਅਸਰ ਨਹੀ ਹੁੰਦਾ, ਫਿਰ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਵਾਰ-ਵਾਰ ਦੁਹਰਾਉਣ ਦੇ ਅਮਲਾਂ ਉਤੇ ਤਾਂ ਸਾਨੂੰ ਸ਼ਰਮ ਆਉਦੀ ਹੈ ਕਿ ਅਜਿਹਾ ਕਰਕੇ ਇਹ ਆਗੂ ਉਨ੍ਹਾਂ ਹੁਕਮਰਾਨਾਂ ਅੱਗੇ ਅਜਿਹੇ ਮਸਲਿਆ ਤੇ ਲਿਲਕੜੀਆ ਕੱਢਕੇ ਸਿੱਖ ਕੌਮ ਨੂੰ ਨੀਵਾ ਦਿਖਾਉਣ ਦੇ ਅਮਲ ਕਿਉਂ ਕਰ ਰਹੇ ਹਨ ? ਇਨ੍ਹਾਂ ਨੇ ਅੱਜ ਦੇ ਬਿਆਨ ਵਿਚ ਆਪ ਪ੍ਰਵਾਨ ਕੀਤਾ ਹੈ ਕਿ ਗਵਰਨਰ ਪੰਜਾਬ ਇਨ੍ਹਾਂ ਮਸਲਿਆ ਉਤੇ ਸਾਨੂੰ ਸਮਾਂ ਹੀ ਨਹੀ ਦਿੰਦੇ । ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਤੇ ਇਨ੍ਹਾਂ ਵੱਲੋ ਦਿੱਤੇ ਗਏ ਸਿੱਖ ਮਸਲਿਆ ਸੰਬੰਧੀ ਯਾਦ ਪੱਤਰ ਉਤੇ ਕੋਈ ਅਮਲ ਨਹੀ ਹੋਇਆ ਜਿਸ ਨੂੰ ਇਨ੍ਹਾਂ ਨੇ ਅਪ੍ਰਵਾਨ ਕੀਤਾ ਹੈ । ਫਿਰ ਵਾਰ-ਵਾਰ ਹੋਰ ਜ਼ਲਾਲਤ ਕਿਉਂ ਸਹਿ ਰਹੇ ਹਨ ? ਜਦੋਕਿ ਜੋ ਬੀਤੇ ਸਮੇ ਵਿਚ ਕੁਰਬਾਨੀਆ ਦਿੱਤੀਆ ਗਈਆ ਹਨ, ਸਿੰਘ ਸਭਾ ਲਹਿਰ ਦੇ ਸੰਘਰਸ਼ ਨੂੰ ਮੱਦੇਨਜਰ ਰੱਖਦੇ ਹੋਏ ਅੰਗਰੇਜ਼ਾਂ ਨੇ ਤਾਂ ਗੁਰਦੁਆਰਾ ਐਕਟ 1925 ਬਣਾ ਦਿੱਤਾ ਸੀ ਅਤੇ ਉਨ੍ਹਾਂ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਉਜਾਗਰ ਕਰਦੇ ਹੋਏ ਆਨੰਦ ਮੈਰਿਜ ਐਕਟ 1909 ਵੀ ਹੋਦ ਵਿਚ ਲਿਆਂਦਾ ਸੀ । ਫਿਰ ਉਹ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਜਿਥੇ ਮੁਸਲਿਮ, ਸਿੱਖ, ਹਿੰਦੂ ਸਭ ਉਨ੍ਹਾਂ ਦੇ ਗੁਲਾਮ ਸਨ ਅਤੇ ਸਭ ਨੂੰ ਬਰਾਬਰਤਾ ਦਾ ਹੱਕ ਹਾਸਿਲ ਸੀ ਜਾਂ ਫਿਰ ਹੁਣ ਵਾਲਾ ਇੰਡੀਆ ਦਾ ਹਿੰਦੂ ਰਾਜ ਜਿਥੇ ਸਿੱਖ ਗੁਲਾਮ ਹਨ, ਪਾਕਿਸਤਾਨ ਜਿਥੇ ਮੁਸਲਿਮ ਹਕੂਮਤ ਹੈ ਉਥੇ ਵੀ ਸਿੱਖ ਗੁਲਾਮ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ ਦੇ ਮੌਜੂਦਾ ਅਹੁਦੇਦਾਰਾਂ ਤੇ ਅਧਿਕਾਰੀਆ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਤੇ ਸਿੱਖ ਕੌਮ ਦੀਆਂ ਕੁਰਬਾਨੀਆ ਦਾ ਹਵਾਲਾ ਦੇਣ ਦੇ ਬਾਵਜੂਦ ਵੀ ਇਸ ਗੰਭੀਰ ਵਿਸੇ ਉਤੇ ਕੋਈ ਹੱਲ ਨਾ ਹੋਣਾ ਅਤੇ ਵਾਰ-ਵਾਰ ਹੁਕਮਰਾਨਾਂ ਅੱਗੇ ਖੁਦ ਜ਼ਲੀਲ ਹੋਣ ਅਤੇ ਕੌਮ ਨੂੰ ਜਲੀਲ ਕਰਨ ਦੀਆਂ ਕਾਰਵਾਈਆ ਨੂੰ ਦਿਸ਼ਾਹੀਣ ਕਰਾਰ ਦਿੰਦੇ ਹੋਏ ਅਤੇ ਜੋ ਸਿੱਖ ਕੌਮ ਦੀ ਸੰਪੂਰਨ ਆਜਾਦੀ ਦੀ ਗੱਲ ਹੈ, ਉਸ ਤੋ ਮੂੰਹ ਮੋੜਨ ਜਾਂ ਉਸ ਵਿਰੁੱਧ ਹੁਕਮਰਾਨਾਂ ਨਾਲ ਸਾਂਠ-ਗਾਂਠ ਰੱਖਣ ਦੀਆਂ ਕਾਰਵਾਈਆ ਨੂੰ ਅਤਿ ਸਰਮਿੰਦਗੀ ਭਰੀਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਗੁਰਦੁਆਰਾ ਐਕਟ 1925 ਵਿਚ ਅੰਗਰੇਜ਼ਾਂ ਨੇ ਹੋਦ ਵਿਚ ਲਿਆਂਦਾ ਸੀ, ਉਸ ਅਨੁਸਾਰ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਦੀਆਂ ਚੋਣਾਂ ਹਰ 5 ਸਾਲ ਦੀ ਮਿਆਦ ਖਤਮ ਹੋਣ ਉਪਰੰਤ ਚੋਣਾਂ ਹੋਣੀਆ ਚਾਹੀਦੀਆ ਹਨ । ਪਰ 13 ਸਾਲਾਂ ਤੋ ਇਹ ਚੋਣਾਂ ਨਹੀ ਕਰਵਾਈਆ ਗਈਆ । ਜਿਸ ਤਾਕਤ ਅਤੇ ਜਿਨ੍ਹਾਂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕਾਨੂੰਨ ਅਨੁਸਾਰ ਮਿਲੇ ਵਿਧਾਨਿਕ ਹੱਕ ਨੂੰ ਕੁੱਚਲਿਆ ਹੋਵੇ, ਅੱਜ ਸੁਪਰੀਮ ਕੋਰਟ ਦੇ ਨਵੇ ਜੱਜਾਂ ਦੀ ਨਿਯੁਕਤੀ ਕੀਤੀ ਹੈ ਜਿਨ੍ਹਾਂ ਵਿਚ ਕੋਈ ਵੀ ਸਿੱਖ ਜੱਜ ਨਹੀ, ਫਿਰ ਬਰਗਾੜੀ ਕਤਲ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸੰਬੰਧੀ ਕੋਈ ਇਨਸਾਫ਼ ਨਹੀ ਦਿੱਤਾ ਗਿਆ ਅਤੇ ਜੋ ਮੌਜੂਦਾ ਸਿੱਖ ਕੌਮ ਦੇ ਮਸਲਿਆ, ਬੰਦੀ ਸਿੰਘਾਂ ਦੀ ਰਿਹਾਈ, ਐਸ.ਜੀ.ਪੀ.ਸੀ ਸੰਸਥਾਂ ਦੀ ਸਹੀ ਸਮੇ ਤੇ ਚੋਣ ਕਰਵਾਉਣ, ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ 33% ਕੋਟੇ ਨੂੰ ਬਹਾਲ ਕਰਵਾਉਣ, ਪੰਜਾਬ ਦੇ ਪਾਣੀਆ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਵਿਧਾਨਿਕ ਹੱਕ ਨੂੰ ਪ੍ਰਦਾਨ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਅਤੇ ਪੰਜਾਬ ਦੇ ਹੈੱਡਵਰਕਸ ਤੋਂ ਪੈਦਾ ਹੋਣ ਵਾਲੀ ਬਿਜਲੀ ਉਤੇ ਪੰਜਾਬ ਦਾ ਕਾਨੂੰਨੀ ਹੱਕ ਨੂੰ ਪ੍ਰਵਾਨ ਕਰਨ ਆਦਿ ਗੰਭੀਰ ਮਸਲਿਆ ਨੂੰ ਲੰਮੇ ਸਮੇ ਤੋ ਹੱਲ ਹੀ ਨਹੀ ਕਰ ਰਹੇ, ਉਨ੍ਹਾਂ ਅੱਗੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੇ ਨੁਮਾਇੰਦੇ ਲਿਲਕੜੀਆ ਕੱਢਣ, ਇਹ ਤਾਂ ਸਿੱਖ ਕੌਮ ਦੀ ਜ਼ਲਾਲਤ ਕਰਨ ਵਾਲੀ ਕਾਰਵਾਈ ਹੈ । ਜਦੋ ਇਨ੍ਹਾਂ ਨੂੰ ਜਾਣਕਾਰੀ ਹੈ ਕਿ ਇਹ ਇਨ੍ਹਾਂ ਨੇ ਮਸਲੇ ਹੱਲ ਨਹੀ ਕਰਨੇ ਫਿਰ ਸਿੱਖ ਕੌਮ ਦੀਆਂ ਕੁਰਬਾਨੀਆਂ ਆਦਿ ਨੂੰ ਵਾਰ-ਵਾਰ ਉਚਾਰਕੇ ਇਹ ਸਿੱਖ ਆਗੂ ਸਿੱਖ ਕੌਮ ਦੇ ਅਕਸ ਨੂੰ ਅਤੇ ਸੰਸਾਰ ਪੱਧਰ ਦੇ ਸਤਿਕਾਰ-ਮਾਣ ਨੂੰ ਠੇਸ ਕਿਉਂ ਪਹੁੰਚਾ ਰਹੇ ਹਨ ? ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾਹੀਣ ਆਗੂਆਂ ਦੀ ਹੁਕਮਰਾਨਾਂ ਅੱਗੇ ਇਸ ਲਈ ਕੋਈ ਨਹੀ ਚੱਲ ਰਹੀ ਕਿਉਂਕਿ ਇਨ੍ਹਾਂ ਵੱਲੋ ਕੈਨੇਡਾ ਵਿਚ ਇੰਡੀਅਨ ਏਜੰਸੀਆ ਅਤੇ ਹੁਕਮਰਾਨਾਂ ਵੱਲੋ ਕਤਲ ਕੀਤੇ ਗਏ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਆਦਿ ਦੇ ਹੋਏ ਸਾਜਸੀ ਕਤਲਾਂ ਸੰਬੰਧੀ ਕੋਈ ਆਵਾਜ ਨਹੀ ਉਠਾਈ ਜਾ ਰਹੀ । ਬਲਕਿ ਬੁਜਦਿੱਲਾਂ ਦੀ ਤਰ੍ਹਾਂ ਅਮਲ ਕਰ ਰਹੇ ਹਨ । ਹੁਕਮਰਾਨਾਂ ਨੂੰ ਇਨ੍ਹਾਂ ਦੇ ਇਖਲਾਕ ਦਾ ਗਿਆਨ ਹੈ, ਇਹੀ ਵਜਹ ਹੈ ਕਿ ਇਨ੍ਹਾਂ ਦੀ ਕੋਈ ਗੱਲ ਉਹ ਨਹੀ ਸੁਣਦੇ ਅਤੇ ਨਾ ਹੀ ਅਮਲ ਕਰਦੇ ਹਨ । ਜੋ ਐਸ.ਜੀ.ਪੀ.ਸੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਸਜ਼ਾ ਮੁਆਫ਼ੀ ਕਰਨ ਦੀ ਅਪੀਲ ਕੀਤੀ ਹੋਈ ਹੈ, ਜਦੋ ਸ੍ਰੀ ਰਾਜੋਆਣਾ ਵੱਲੋ ਉਸ ਅਪੀਲ ਨੂੰ ਰੱਦ ਕਰਨ ਜਾਂ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਫਿਰ ਐਸ.ਜੀ.ਪੀ.ਸੀ. ਉਨ੍ਹਾਂ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਿਉਂ ਕਰ ਰਹੀ ਹੈ ?

ਸ. ਮਾਨ ਨੇ ਕਿਹਾ ਕਿ ਐਸ.ਜੀ.ਪੀ.ਸੀ. ਜਿਸ ਕੋਲ ਅਸੀਮਤ ਸਾਧਨ ਹਨ ਉਨ੍ਹਾਂ ਵੱਲੋ ਗੁਰੂਘਰਾਂ ਦੀ ਦਿੱਖ ਨੂੰ ਅਧਿਆਤਮਕ ਪੱਖੀ ਬਣਾਉਣ ਹਿੱਤ ਅਤੇ ਇਨ੍ਹਾਂ ਗੁਰੂਘਰਾਂ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਕਿਸੇ ਤਰ੍ਹਾਂ ਦੀ ਲੈਡ ਸਕੇਪਿੰਗ ਨਹੀ ਕੀਤੀ ਜਾ ਰਹੀ । ਜਦੋਕਿ ਚਾਹੀਦਾ ਇਹ ਹੈ ਕਿ ਸਮੁੱਚੇ ਗੁਰੂਘਰਾਂ ਵਿਚ ਉਸ ਸਥਾਂਨ ਨੂੰ ਅਕਰਸਿਕ ਬਣਾਉਣ ਹਿੱਤ ਹਰ ਤਰ੍ਹਾਂ ਦੇ ਬੂਟੇ, ਫੁੱਲ, ਫਲ ਆਦਿ ਲਗਾਏ ਜਾਣੇ ਚਾਹੀਦੇ ਹਨ ਜਿਸ ਨਾਲ ਇਨ੍ਹਾਂ ਧਾਰਮਿਕ ਸਥਾਨਾਂ ਦਾ ਮਾਹੌਲ ਰੁਹਾਨੀਅਤ ਵਿਚ ਵਾਧਾ ਕਰ ਸਕੇ, ਉਥੇ ਆਉਣ ਵਾਲੇ ਹਰ ਵਰਗ ਦੇ ਸਰਧਾਲੂ ਬਾਣੀ ਦੇ ਆਨੰਦ ਦੇ ਨਾਲ-ਨਾਲ ਉਥੋ ਦੀ ਆਬੋਹਵਾ ਅਤੇ ਮਨਮੋਹਕ ਮਾਹੌਲ ਵਿਚੋ ਹੋਰ ਵੀ ਸੰਤੁਸਟੀ ਤੇ ਖੁਸ਼ੀ ਪ੍ਰਾਪਤ ਕਰ ਸਕਣ । ਇਥੋ ਤੱਕ ਕਿ ਗੁਰੂਘਰਾਂ ਵਿਚ ਇਨ੍ਹਾਂ ਵੱਲੋ ਬਣਾਵਟੀ ਕਾਗਜ ਦੇ ਫੁੱਲਾਂ ਨੂੰ ਲਗਾਇਆ ਜਾਂਦਾ ਹੈ ਜੇਕਰ ਲੈਡ ਸਕੇਪਿੰਗ ਤੇ ਫੁੱਲ-ਫਲ ਬੂਟਿਆ ਨਾਲ ਭਰਪੂਰ ਹੋਣਗੇ, ਤਾਂ ਨਿੱਤ ਗੁਰੂਘਰਾਂ ਵਿਚ ਗੁਰੂ ਸਾਹਿਬ ਜੀ ਦੀ ਹਾਜਰੀ ਵਿਚ ਤਾਜੇ ਫੁੱਲਾਂ ਦੀ ਖੁਸਬੋ ਉਸ ਮਾਹੌਲ ਨੂੰ ਹੋਰ ਰੁਹਾਨੀਅਤ ਭਰਿਆ ਬਣਾਉਣ ਵਿਚ ਸਹਿਯੋਗ ਕਰੇਗੀ ।