ਦਿੱਲੀ ਗੁਰਦੁਆਰਾ ਕਮੇਟੀ ਨੇ ਨਾਂਦੇੜ ਸਾਹਿਬ ਦੇ ਗੈਰ ਸਿੱਖ ਕਲੈਕਟਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਲਾਉਣ ਦਾ ਕੀਤਾ ਵਿਰੋਧ

ਦਿੱਲੀ ਗੁਰਦੁਆਰਾ ਕਮੇਟੀ ਨੇ ਨਾਂਦੇੜ ਸਾਹਿਬ ਦੇ ਗੈਰ ਸਿੱਖ ਕਲੈਕਟਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਲਾਉਣ ਦਾ ਕੀਤਾ ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 7 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਨਾਂਦੇੜ ਸਾਹਿਬ ਦੇ ਗੈਰ ਸਿੱਖ ਕਲੈਕਟਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਲਾਉਣ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਰਫ ਗੁਰਸਿੱਖ ਵਿਅਕਤੀ ਹੀ ਗੁਰਧਾਮਾਂ ਦਾ ਪ੍ਰਬੰਧਕ ਲੱਗ ਸਕਦਾ ਹੈ ਤੇ ਇਸ ਮੁਤਾਬਕ ਫੈਸਲੇ ਵਿਚ ਸੋਧ ਕੀਤੀ ਜਾਵੇ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਿਵੇਂ ਮਹਾਰਾਸ਼ਟਰ ਸਰਕਾਰ ਨੇ ਇਕ ਗੈਰ ਸਿੱਖ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖ ਗੁਰਧਾਮਾਂ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਮਰਿਆਦਾ ਬਾਰੇ ਸਿਰਫ ਇਕ ਗੁਰਸਿੱਖ ਹੀ ਜਾਣਕਾਰੀ ਰੱਖਦਾ ਹੈ ਜੋ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਸਥਾਪਿਤ ਗੁਰ ਮਰਿਆਦਾ ਮੁਤਾਬਕ ਗੁਰਧਾਮਾਂ ਦੀ ਸੇਵਾ ਸੰਭਾਲ ਯਕੀਨੀ ਬਣਾ ਸਕਦਾ ਹੈ।

ਉਹਨਾਂ ਕਿਹਾ ਕਿ ਪਹਿਲੇ ਪ੍ਰਬੰਧਕ ਡਾ. ਪੀ ਐਸ ਪਸਰੀਚਾ ਨੇ ਪਿਛਲੇ ਸਮੇਂ ਦੌਰਾਨ ਬਤੌਰ ਪ੍ਰਬੰਧਕ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਹਨ। ਉਹਨਾਂ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਿਰਫ ਇਕ ਗੁਰਸਿੱਖ ਨੂੰ ਹੀ ਪ੍ਰਬੰਧਕ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਗੈਰ ਸਿੱਖ ਨੂੰ ਪ੍ਰਬੰਧਕ ਨਿਯੁਕਤ ਕੀਤੇ ਜਾਣ ਕਾਰਨ ਸਿੱਖ ਸੰਗਤ ਦੇ ਹਿਰਦੇ ਨੂੰ ਡੂੰਘੀ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਉਹ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਿਰਫ ਇਕ ਗੁਰਸਿੱਖ ਹੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਣ ਵਾਸਤੇ ਨਿਯੁਕਤ ਕਰਨਾ ਚਾਹੀਦਾ ਹੈ ਤਾਂ ਜੋ ਗੁਰਧਾਮਾਂ ਵਿਖੇ ਮਰਿਆਦਾ ਦੀ ਪੂਰਨ ਪਾਲਣਾ ਹੋ ਸਕੇ ਤੇ ਸਿੱਖ ਸੰਗਤ ਵਿਚ ਕਿਸੇ ਵੀ ਤਰੀਕੇ ਦਾ ਰੋਸ ਪੈਦਾ ਨਾ ਹੋਵੇ।

ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਮਹਾਰਾਸ਼ਟਰ ਸਰਕਾਰ ਨੂੰ ਤਾੜਨਾ ਕਰੇ ਕਿ ਇਸ ਤਰੀਕੇ ਗੈਰ ਸਿੱਖਾਂ ਦੀ ਨਿਯੁਕਤੀ ਪ੍ਰਬੰਧਕ ਵਜੋਂ ਕਰ ਕੇ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਤੋਂ ਗੁਰੇਜ਼ ਕਰੇ ਤੇ ਸਿੱਖ ਮਾਮਲਿਆਂ ਨਾਲ ਸਬੰਧਤ ਫੈਸਲੇ ਲੈਣ ਤੋਂ ਪਹਿਲਾਂ ਸਿੱਖ ਭਾਈਚਾਰੇ ਖਾਸ ਤੌਰ ’ਤੇ ਸਿੱਖਾਂ ਦੀਆਂ ਪ੍ਰਤੀਨਿਧਤ ਸੰਸਥਾਵਾਂ ਨਾਲ ਰਾਇ ਮਸ਼ਵਰਾ ਕਰ ਲਿਆ ਕਰੇ।