ਜਵਾਨੀ ਚ ਵਿਕਣ ਵਾਲੀ ਦੁਕਾਨ ਮਾਨਸਿਕਤਾ (ਟਿੱਪਣੀ)

ਜਵਾਨੀ ਚ ਵਿਕਣ ਵਾਲੀ ਦੁਕਾਨ ਮਾਨਸਿਕਤਾ (ਟਿੱਪਣੀ)

ਰਾਜ ਕਪੂਰ ਨੇ ਫਿਲਮ ਬਣਾਈ "ਮੇਰਾ ਨਾਮ ਜੋਕਰ"। ਗਹਿਰੀ, ਜੀਵਨ ਤੇ ਸਮਾਜ ਨੂੰ ਫਿਲੋਸੋਫੀਕਲ ਨਜ਼ਰੀਏ ਤੋਂ ਸਮਝਣ ਵਾਲੀ ਫਿਲਮ। ਫਿਲਮ ਬਣੀ ਵੀ ਲੰਮੀ। ਪੈਸਾ ਵੀ ਬਹੁਤ ਖਰਚ ਹੋਇਆ। ਪਰ ਬਹੁਗਿਣਤੀ ਦੇ ਉੱਤੋਂ ਲੰਘ ਗਈ। ਸੁਪਰ ਫਲਾਪ ਹੋ ਗਈ। ਰਾਜ ਕਪੂਰ ਕਰਜ਼ਈ ਹੋ ਗਿਆ। ਉਹ ਸਮਝ ਗਿਆ ਕਿ ਬਹੁਗਿਣਤੀ ਦਾ ਹਾਲ ਕੀ ਹੈ ਤੇ ਸਵਾਦ ਕੀ ਹੈ।

ਉਸਨੇ ਫਿਰ ਬਣਾਈ "ਬੌਬੀ"। ਸਿੱਧੀ ਜਿਹੀ ਮੁੰਡੇ ਕੁੜੀ ਦੀ ਕਹਾਣੀ। ਰੋਮਾਂਸ ਦੇ ਨਾਮ ਤੇ ਸਮੇਂ ਨਾਲੋਂ ਅਡਵਾਂਸ ਸੀਨ। ਹੀਰੋਇਨ ਨੂੰ ਪਵਾਏ ਛੋਟੇ ਕਪੜੇ। ਮੁੰਡੇ ਕੁੜੀ ਨੂੰ ਵਿਖਾਇਆ ਬਾਗੀ। ਕਾਮੁਕ ਇਸ਼ਾਰਿਆਂ ਨਾਲ ਭਰਪੂਰ ਗੀਤ ਤੇ ਕੋਰੀਆਂ ਕਲਪਨਾਵਾਂ। ਨਾ ਕੋਈ ਗਹਿਰੀ ਗੱਲ ਤੇ ਨਾ ਕੋਈ ਸ਼ਰੀਰ ਤੋਂ ਪਾਰ ਦੀ ਬਾਤ। ਤੇ ਬੌਬੀ ਫਿਲਮ ਹੋ ਗਈ ਸੁਪਰ ਡੁਪਰ ਹਿੱਟ। ਬਹੁਤ ਪੈਸਾ ਕਮਾਇਆ। ਚਾਰੇ ਪਾਸੇ ਬੱਲੇ ਬੱਲੇ ਹੋ ਗਈ।

ਇਹ ਤਰਕ ਹੈ ਮਾਸ ਲੈਵਲ ਤੇ ਬਹੁਗਿਣਤੀ ਚ ਸੌਦਾ ਵੇਚਣ ਦਾ। ਇਹੀ ਤਰਕ ਮਨਕਿਰਤ ਔਲਖ ਤੋਂ ਲੈ ਕੇ ਹਨੀ ਸਿੰਘ ਵਰਗੇ ਦਿੰਦੇ ਨੇ। ਇਸੇ ਤਰਕ ਤੇ ਹੀ ਅਰਬਾਂ ਦੀ ਨੀਲੀਆਂ ਫ਼ਿਲਮਾਂ ਦੀ ਇੰਡਸਟਰੀ ਖੜ੍ਹੀ ਹੈ। ਤੇ ਉਹ ਤਰਕ ਹੈ ਕਿ ਲੋਕ ਖਾਸ ਕਰਕੇ ਜਵਾਨੀ ਇਹ ਚੀਜ਼ਾਂ ਦੇਖਣਾ ਤੇ ਸੁਣਨਾ ਚਾਹੁੰਦੀ ਹੈ।

ਤੇ ਇਹੀ ਤਰਕ ਅੱਜ ਧਰਮ ਦੇ ਪ੍ਰਚਾਰ ਚ ਵੜ ਆਇਆ ਹੈ। ਇਹ ਉਹੀ ਤਰਕ ਹੈ ਜੋ ਕਹਿੰਦਾ ਹੈ ਕਿ ਨੌਜਵਾਨਾਂ ਨੂੰ ਉਹ ਸੁਣਾਓ ਜੋ ਉਹ ਸੁਣਨਾ ਚਾਉਂਦੇ ਨੇ। ਅਥਰੀ ਤੇ ਭਟਕੀ ਜਵਾਨੀ ਨੂੰ ਉੱਪਰ ਚੁੱਕਣ ਦੀ ਮਿਹਨਤ ਨਾ ਕਰੋ ਸਗੋਂ ਉਸਦੇ ਪੱਧਰ ਤੇ ਹੀ ਆਪਣੀ ਵਿਆਖਿਆ , ਸਮਝ ਤੇ ਪ੍ਰਚਾਰ ਲੈ ਜਾਓ। ਬੱਸ ਇਹ ਇਕ ਦੁਕਾਨ ਹੈ ਜਿਸ ਪਿੱਛੇ ਮਸ਼ਹੂਰ, ਹਿੱਟ ਤੇ ਅਮੀਰ ਹੋਣ ਦੀ ਭੁੱਖ ਕੰਮ ਕਰਦੀ ਹੈ। ਇਹ ਹੰਕਾਰੀ ਭੁੱਖ ਦੀ ਮਾਇਆ ਨੇ ਅਨੇਕਾਂ ਹੀ ਭਰਮਾਏ ਜੋ ਭੁੱਖੇ ਆਏ ਤੇ ਭੁੱਖੜ ਹੀ ਮਰ ਮੁੱਕ ਗਏ। ਕਦੇ ਟਿਕਾਅ ਮਾਣ ਹੀ ਨਾ ਸਕੇ ਵਿਚਾਰੇ।

ਹਰਮੀਤ ਸਿੰਘ ਫਤਿਹ